ਭਾਰੀ ਬਾਰਸ਼ ਕਰਕੇ ਭਾਖੜਾ ਡੈਮ ਦੇ ਖੋਲ੍ਹੇ ਚਾਰ ਫਲੱਡ ਗੇਟ, ਅਲਰਟ ਜਾਰੀ

ਭਾਖੜਾ ਤੋਂ ਪਾਣੀ ਛੱਡਣ ਪਿੱਛੋਂ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ

ਫਿਰੋਜ਼ਪੁਰ 17 ਅਗਸਤ (ਵਰਿਆਮ ਹੁਸੈਨੀਵਾਲਾ) : ਸ਼ਨਿਚਰਵਾਰ ਸਵੇਰ ਤੋਂ ਹੀ ਪੰਜਾਬ ਦੇ ਸਾਰੇ ਜ਼ਿਲਿ?ਆਂ ਵਿਚ ਬਾਰਿਸ਼ ਜਾਰੀ ਹੈ। ਭਾਖੜਾ ਦੇ ਫਲੱਡ ਗੇਟ ਦੂਜੇ ਦਿਨ ਵੀ ਖੋਲ੍ਹਣੇ ਪਏ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤਕ ਪੰਜਾਬ ਦੇ ਕਈ ਸ਼ਹਿਰਾਂ ਵਿਚ ਭਾਰਤੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ। ਸੂਬੇ ਵਿਚ ਹੜ੍ਹ ਦਾ ਖ਼ਤਰਾ ਹੈ। ਮੌਸਮ ਵਿਭਾਗ ਅਨੁਸਾਰ ਸ਼ਨਿਚਰਵਾਰ ਤੋਂ ਲੈ ਕੇ ਐਤਵਾਰ ਤਕ ਉੱਤਰੀ ਪੰਜਾਬ 'ਚ ਬਹੁਤ ਤੇਜ਼ ਬਾਰਿਸ਼ ਹੋ ਸਕਦੀ ਹੈ। ਪੇਸ਼ੀਨਗੋਈ ਦੇ ਮੱਦੇਨਜ਼ਰ ਕਿਸਾਨਾਂ ਨੂੰ ਪਹਿਲਾਂ ਹੀ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ 'ਚ 20 ਅਗਸਤ ਤੋਂ ਬਾਅਦ ਮੌਸਮ ਸਾਫ਼ ਹੋਣ ਦਾ ਅਨੁਮਾਨ ਹੈ। ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੁਖ਼ਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਭਾਖੜਾ ਬੰਨ੍ਹ ਦੇ ਬੀਤੇ ਦਿਨ ਸ਼ੁੱਕਰਵਾਰ ਦੁਪਹਿਰ ਤਿੰਨ ਵਜੇ ਖੋਲ੍ਹੇ ਗਏ ਫਲੱਡ ਕੰਟਰੋਲ ਗੇਟਾਂ ਨੂੰ ਇਕ ਫੁੱਟ ਤੋਂ ਵਧਾ ਕੇ ਸ਼ਨਿਚਰਵਾਰ ਸਵੇਰੇ ਨੌ ਵਜੇ ਚਾਰ ਫੁੱਟ ਤਕ ਖੋਲ੍ਹ ਦਿੱਤਾ ਗਿਆ। ਇਸ ਕਾਰਨ ਪਾਣੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਲੋਧੀਪੁਰ, ਲੋਧੀਪੁਰ ਬਰੋਟੂ ਬਾਸ ਤੋਂ ਅੱਗੇ ਪਿੰਡ ਮਟੋਰ, ਨਿੱਕੂਵਾਲ, ਮੇਹੰਦਲੀ ਕਲਾਂ, ਗੱਜਪੁਰ, ਚੰਦਪੁਰ, ਮਿਢਵਾਂ ਲੋਅਰ, ਕੋਲਟਾ ਲੋਅਰ, ਸ਼ਾਹਪੁਰ ਬੇਲਾ, ਬਲੋਵਾਲਾ ਆਦਿ ਵਿਚ ਤਿੰਨ ਤੋਂ ਚਾਰ ਫੁੱਟ ਤਕ ਪਾਣੀ ਭਰ ਗਿਆ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਬਾਰਿਸ਼ ਕਾਰਨ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ। ਦਰਿਆ ਨਾਲ ਲੱਗਦੇ ਮਕੌੜਾ ਪੱਤਣ ਦੀ ਸੜਕ 'ਤੇ ਚਾਰ ਫੁੱਟ ਤਕ ਪਾਣੀ ਭਰ ਗਿਆ ਹੈ।

ਇਸ ਨਾਲ ਨੇੜੇ ਹੀ ਸਥਿਤ ਗੁੱਜਰਾਂ ਦੇ 20 ਘਰ ਵਿਚ ਪਾਣੀ ਵਿਚ ਡੁੱਬ ਗਏ। ਪਾਣੀ ਵਿਚ ਫਸੇ ਗੁੱਜਰ ਪਰਿਵਾਰਾਂ ਨੂੰ ਥਾਣਾ ਬਹਿਰਾਮਪੁਰ ਦੀ ਪੁਲਿਸ ਨੇ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ। ਭਾਰਤ-ਪਾਕਿ ਸਰਹੱਦ 'ਤੇ ਕਈ ਥਾਈਂ ਕੰਡਿਆਲੀ ਤਾਰ ਪਾਣੀ ਵਿਚ ਡੁੱਬ ਗਈ।ਪਠਾਨਕੋਟ 'ਚ ਧਾਰ, ਦੁਨੇਰਾ, ਡਲਸਹੌਜ਼ੀ ਮਾਰਗ 'ਤੇ ਚੱਟਾਨਾਂ ਡਿੱਗ ਪਈਆਂ ਹਨ। ਇਸ ਨਾਲ ਮਣੀਮਹੇਸ਼ ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਤਕ ਮਾਰਗ 'ਤੇ ਟਰੈਫਿਕ ਬਹਾਲ ਹੋ ਸਕੇਗਾ।ਫ਼ਰੀਦਕੋਟ ਰੋਡ 'ਤੇ ਪਿੰਡ ਮਚਾਕੀ ਕਲਾਂ ਨੇੜੇ ਸ਼ਨਿਚਰਵਾਰ ਦੁਪਹਿਰ ਤੇਜ਼ ਹਵਾ ਤੇ ਬਾਰਿਸ਼ ਦਰਮਿਆਨ ਸੜਕ ਕਿਨਾਰੇ ਸਫੈਦੇ ਦਾ ਦਰੱਖ਼ਤ ਸਕਾਰਪੀਓ 'ਤੇ ਡਿੱਗ ਗਿਆ ਜਿਸ ਕਾਰਨ ਗੱਡੀ ਵਿਚ ਸਵਾਰ ਚਾਰ ਸਕੂਲ ਅਧਿਆਪਕਾਂ ਤੋਂ ਇਲਾਵਾ ਗੱਡੀ ਦਾ ਡਰਾਈਵਰ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।

ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਦੀਆ ਚਿੰਤਾਵਾਂ ਵੱਧਣ ਲੱਗੀਆਂ ਹਨ। ਜਿਵੇਂ-ਜਿਵੇਂ ਪਿੱਛੋਂ ਤੇਜ਼ੀ ਨਾਲ ਪਾਣੀ ਛੱਡਿਆ ਜਾ ਰਿਹਾ ਹੈ, ਉਵੇਂ ਉਵੇਂ ਦਰਿਆ ਦੇ ਨਾਲ ਲੱਗਦੇ ਸਰਹੱਦੀ ਕਈ ਪਿੰਡਾਂ ਵਿਚ ਪਾਣੀ ਦਾਖਲ ਹੋਣ ਦੀਆਂ ਅਸ਼ੰਕਾਵਾਂ ਵੱਧਦੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਵਿਚ 48 ਤੋਂ 72 ਘੰਟੇ ਤੱਕ ਤੇਜ਼ ਬਾਰਿਸ਼ ਹੋਣ ਦੀ ਦਿੱਤੀ ਚਿਤਾਵਨੀ ਤੋਂ ਬਾਅਦ ਦਰਿਆ ਦੇ ਕੋਲ ਰਹਿ ਰਹੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ। ਇਸ ਇਲਾਕੇ ਦੇ ਕਿਸਾਨ ਜਸਬੀਰ ਸਿੰਘ, ਮਲਕੀਤ ਸਿੰਘ, ਦਰਸ਼ਨ ਸਿੰਘ ਅਤੇ ਕਾਬੁਲ ਸਿੰਘ ਨੇ ਕਿਹਾ ਕਿ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਨੂੰ ਅਜਿਹੇ ਹਲਾਤ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਪਿੱਛੇ ਤੋਂ ਤੇਜ਼ ਆ ਰਿਹਾ ਪਾਣੀ ਨਾਲ ਦੀ ਨਾਲ ਪਾਕਿਸਤਾਨ ਵੱਲ ਛੱਡਣਾ ਚਾਹੀਦਾ ਹੈ ਕਿਉਂਕਿ ਜੇਕਰ ਪਾਣੀ ਪੂਰੇ ਬਹਾਅ ਨਾਲ ਅੱਗੇ ਨਹੀਂ ਛੱਡਿਆ ਗਿਆ ਤਾਂ ਦਰਿਆ ਦੇ ਨਾਲ ਲੱਗਦੇ ਪਿੰਡ ਪਾਣੀ ਵਿਚ ਡੁੱਬ ਸਕਦੇ ਹਨ ਅਤੇ ਕਿਸਾਨਾ ਦੇ ਖੇਤਾ ਵਿਚ ਖੜੀ ਫਸਲ ਤਬਾਅ ਹੋ ਸਕਦੀ ਹੈ।

ਦੂਸਰੇ ਪਾਸੇ ਸੰਪਰਕ ਕਰਨ 'ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਪੰਜਾਬ ਵਿਚ ਭਾਰੀ ਬਾਰਿਸ਼ ਦੀ ਸੂਚਨਾ ਤੋਂ ਬਾਅਦ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ 1-2 ਦਿਨ ਆਪਣੇ ਘਰਾਂ ਨੂੰ ਛੱਡ ਕੇ ਨਾ ਜਾਣ, ਕਿਉਂਕਿ ਭਾਖੜਾ ਤੋਂ ਬੀਤੀ ਸ਼ਾਮ ਪਾਣੀ ਛੱਡਿਆ ਗਿਆ ਹੈ ਅਤੇ ਪਾਣੀ ਦਾ ਬਹਾਅ ਵੀ ਕਾਫੀ ਤੇਜ਼ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਰਿਸ਼ ਦੇ ਅਲਰਟ ਅਤੇ ਭਾਖੜਾ ਤੋਂ ਛੱਡੇ ਜਾ ਰਹੇ ਪਾਣੀ ਨੂੰ ਦੇਖਦੇ ਲੋਕ 1-2 ਦਿਨ ਆਪਣੇ ਘਰਾਂ ਦੇ ਕੋਲ ਰਹਿਣ। ਉਨ੍ਹਾਂ ਕਿਹਾ ਕਿ ਹੜ੍ਹ ਤੋਂ ਬਚਾਅ ਲਈ ਜ਼ਿਲਾ ਫਿਰੋਜਪੁਰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। 

ਬੋਟਸ ਤੇ ਡਰਾਈਵਰਾਂ ਆਦਿ ਦੇ ਉਚਿਤ ਪ੍ਰਬੰਧ ਹਨ ਤੇ ਜ਼ਿਲਾ ਪ੍ਰਸ਼ਾਸਨ ਦੇ ਸਾਰੇ ਐੱਸ.ਡੀ.ਐਮਜ਼ ਪ੍ਰਬੰਧਾ ਦੀ ਨਿਗਰਾਨੀ ਕਰ ਰਹੇ ਹਨ। ਚੰਦਰ ਗੈਂਦ ਨੇ ਦੱਸਿਆ ਕਿ ਡੀ.ਸੀ. ਦਫਤਰ ਫਿਰੋਜ਼ਪੁਰ ਵਿਚ ਜ਼ਿਲਾ ਪੱਧਰ ਦਾ ਫਲੱਡ ਕੰਟਰੋਲ ਰੂਮ ਬਣਾਇਆ ਗਿਆ ਹੈ, ਜੋ 24 ਘੰਟੇ ਲਗਾਤਾਰ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਚਾਰਾ, ਦਵਾਹੀਆਂ, ਰਹਿਣ ਲਈ ਟੈਂਟ, ਲੋਕਾਂ ਲਈ ਐਮਰਜੈਂਸੀ ਵਿਚ ਰਾਸ਼ਨ ਆਦਿ ਦੇ ਉਚਿਤ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਲੋਕ ਅਫਵਾਹਾਂ 'ਤੇ ਵਿਸ਼ਵਾਸ ਨਾ ਕਰਨ ਅਤੇ ਝੂਠੀਆਂ ਅਫਵਾਹਾਂ ਨਾ ਫੈਲਾਉਣ। 

ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਟਵੀਟ ਕਰ ਦਿੱਤੀ ਜਾਣਕਾਰੀ

ਚੰਡੀਗੜ੍ਹ 17 ਅਗਸਤ (ਏਜੰਸੀਆਂ): ਪੰਜਾਬ 'ਚ ਆਉਣ ਵਾਲੇ 24 ਤੋਂ 48 ਘੰਟੇ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਭਾਖੜਾ ਨੰਗਲ ਡੈਮ ਦਾ ਪਾਣੀ ਚਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਜ਼ਿਲ੍ਹਿਆਂ ਨੂੰ ਹਾਈ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਅਗਲੇ 48 ਤੋਂ 72 ਘੰਟੇ ਮੀਂਹ ਦੀ ਉਮੀਦ ਜਤਾਈ ਗਈ ਹੈ। ਸੀਐਮ ਅਮਰਿੰਦਰ ਨੇ ਸਾਰੇ ਜ਼ਿਲ੍ਹਆਂ ਦੇ ਕਲੈਕਟਰਾਂ ਨੂੰ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਸੀਐਮ ਨੇ ਉਨ੍ਹਾਂ ਖ਼ਤਰੇ ਵਾਲੇ ਇਲਾਕਿਆਂ 'ਚ ਸੁਰੱਖਿਆ ਸਬੰਧੀ ਸਾਰੇ ਇਤਜ਼ਾਮ ਪੁਰੇ ਕਰਨ ਅਤੇ ਕਿਸੇ ਵੀ ਆਪਦਾ ਲਈ ਤਿਆਰ ਰਹਿਣ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਭਾਰੀ ਬਾਰਸ਼ ਤੋਂ ਪੈਦਾ ਹੋਈ ਕਿਸੇ ਵੀ ਸਥਿਤੀ 'ਚ ਲੋਕਾਂ ਦੀ ਸਰੁੱਖਿਆ ਬਾਰੇ ਚੌਕਸ ਰਹਿਣ ਨੂੰ ਕਿਹਾ ਹੈ। ਉਧਰ ਭਾਖੜਾ ਡੈਮ ਦੇ ਮੈਨੇਜਮੈਂਟ ਅਧਿਕਾਰੀਆਂ ਨੇ ਹੜ੍ਹ ਤੋਂ ਬਾਅਦ ਡੈਮ ਦੇ ਚਾਰ ਗੇਟ ਖੋਲ੍ਹ ਦਿੱਤੇ ਹਨ। ਇਹ ਡੈਮ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਬਾਰਡਰ 'ਤੇ ਹੈ। ਡੈਮ 'ਚ ਪਾਣੀ ਦਾ ਲੈਵਲ 1675 ਫੀਟ ਤਕ ਪਹੁੰਚ ਗਿਆ ਸੀ ਜੋ 6ਤਰੇ ਦੇ ਨਿਸ਼ਾਨ ਦੇ ਕਾਫੀ ਨੇੜੇ ਹੈ। ਡੈਮ ਚੋਂ ਕੁਲ 55000 ਕਿਊਸਿਕ ਪਾਣੀ ਬਾਹਰ ਕੱਢਿਆ ਗਿਆ।

ਪੰਜਾਬ ਤੋਂ ਇਲਾਵਾ ਹੋਰ ਕੁਝ ਸੂਬਿਆਂ 'ਚ ਭਾਰੀ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਿਮਾਰਚਲ ਸਣੇ ਜੰਮੂ-ਕਸ਼ਮੀਰ, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਆਂਧਰਾ ਪ੍ਰਦੇਸ਼ ਅਤੇ ਯਮਨ 'ਚ ਭਾਰੀ ਬਾਰਸ਼ ਹੋ ਸਕਦੀ ਹੈ। 17-18 ਅਗਸਤ ਦੀ ਭਾਰੀ ਬਾਰਸ਼ ਤੋਂ ਬਾਅਧ 19 ਅਗਸਤ ਨੂੰ ਮੀਂਹ 'ਚ ਕਮੀ ਦੀ ਉਮੀਦ ਜਤਾਈ ਗਈ ਹੈ।

Unusual
Flood
PUNJAB
Weather
Rain

International