ਇਮਰਾਨ ਦੇ ਮੰਤਰੀ ਨੇ ਭਾਰਤ-ਪਾਕਿ ਜੰਗ ਦੀ ਐਲਾਨੀ ਤਾਰੀਖ

ਇਸਲਾਮਾਬਾਦ 28 ਅਗਸਤ (ਏਜੰਸੀਆਂ) ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਪਾਕਿਸਤਾਨ ਦੇ ਕੇਂਦਰੀ ਮੰਤਰੀ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਅਕਤੂਬਰ ਮਹੀਨੇ ਵਿੱਚ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਹੋ ਸਕਦੀ ਹੈ। ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਇਹ ਦਾਅਵਾ ਕੀਤਾ ਹੈ। ਸ਼ੇਖ ਰਾਸ਼ਿਦ ਅਹਿਮਦ ਨੇ ਸਥਾਨਕ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਿੰਦੋਸਤਾਨ ਤੇ ਪਾਕਿਸਤਾਨ ਵਿੱਚ ਅਕਤੂਬਰ ਦੇ ਅਖੀਰ ਤੇ ਨਵੰਬਰ-ਦਸੰਬਰ ਦੌਰਾਨ ਜੰਗ ਹੁੰਦੀ ਦੇਖ ਰਹੇ ਹਨ।

ਮੰਤਰੀ ਨੇ ਕਿਹਾ ਕਿ ਉਹ ਇਸ ਲਈ ਕੌਮ ਨੂੰ ਤਿਆਰ ਕਰਨ ਲਈ ਨਿੱਕਲੇ ਹਨ। ਉਨਾਂ ਕਿਹਾ ਕਿ ਭਾਰਤ ਨਾਲ 10 ਮੌਕੇ ਦੇਖੇ ਗਏ ਹਨ ਜਦੋਂ ਜੰਗ ਹੋਈ ਹੈ ਜਾਂ ਹੋਣ ਦੇ ਕਿਨਾਰੇ ਪਹੁੰਚੀ ਹੈ, ਪਰ ਇਹ ਜੰਗ ਆਖਰੀ ਹੋਵੇਗੀ। ਰਾਸ਼ਿਦ ਨੇ ਇਹ ਵੀ ਕਿਹਾ ਕਿ ਜ਼ਰੂਰੀ ਨਹੀਂ ਕਿ ਜੰਗ ਹੋਵੇ, ਪਰ ਇਹ ਮੋਦੀ (ਭਾਰਤ ਦੇ ਪ੍ਰਧਾਨ ਮੰਤਰੀ) ਨੂੰ ਸਮਝਣ ਵਿੱਚ ਬਾਕੀ ਸਿਆਸਤਦਾਨਾਂ ਨੇ ਗਲਤੀ ਕੀਤੀ ਹੈ, ਉਨਾਂ ਨਹੀਂ ਕੀਤੀ। ਉਨਾਂ ਦਾਅਵਾ ਕੀਤਾ ਕਿ ਉਹ ਕਸ਼ਮੀਰੀਆਂ ਨਾਲ ਖੜੇ ਹਨ ਤੇ ਮੋਦੀ ਸਰਕਾਰ ਨੇ ਉਨਾਂ ਨਾਲ ਬੇਇਨਸਾਫੀ ਕੀਤੀ ਹੈ। ਰੇਲਵੇ ਮੰਤਰੀ ਨੇ ਕਸ਼ਮੀਰ ਮਸਲੇ ’ਤੇ ਅਮਰੀਕਾ ਤੇ ਕਿਸੇ ਹੋਰ ਦੇਸ਼ ਦੀ ਮਦਦ ਦੀ ਲੋੜ ਨਹੀਂ ਹੈ।

ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਦਾ ਇਹ ਬਿਆਨ ਉਦੋਂ ਆਇਆ ਹੈ ਜਦ ਪਾਕਿਸਤਾਨ ਨੇ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਦੇ ਪੁਨਰਗਠਨ ਉਪਰੰਤ ਤਣਾਅ ਸਿਖਰਾਂ ’ਤੇ ਹੈ। ਇਸ ਤੋਂ ਇਲਾਵਾ ਅਜਿਹੀਆਂ ਰਿਪੋਰਟਾਂ ਆਈਆਂ ਹਨ ਕਿ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿੱਚ ਵੱਡੀ ਗਿਣਤੀ ’ਚ ਫ਼ੌਜ ਤਾਇਨਾਤ ਕਰ ਦਿੱਤੀ ਹੈ। ਅਜਿਹੇ ਵਿੱਚ ਪਾਕਿਸਤਾਨ ਦੇ ਕੇਂਦਰੀ ਮੰਤਰੀ ਦੀ ’ਭਵਿੱਖਬਾਣੀ’ ਅੱਗ ਵਿੱਚ ਘਿਓ ਦਾ ਕੰਮ ਕਰ ਸਕਦਾ ਹੈ।

ਪਾਕਿ ਨੇ ਕਰਾਚੀ ਦੇ ਤਿੰਨ ਹਵਾਈ ਰਸਤੇ ਕੀਤੇ ਬੰਦ

ਇਸਲਾਮਾਬਾਦ 28 ਅਗਸਤ (ਏਜੰਸੀਆਂ) ਪਾਕਿਸਤਾਨ ਨੇ ਕਰਾਚੀ ਹਵਾਈ ਖੇਤਰ ਦੇ ਤਿੰਨ ਮਾਰਗਾਂ ਨੂੰ 28 ਤੋਂ 31 ਅਗਸਤ ਤੱਕ ਲਈ ਬੰਦ ਕਰ ਦਿੱਤਾ ਹੈ। ਸਿਵਲ ਹਵਾਬਾਜ਼ੀ ਅਥਾਰਟੀ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ, ਪਾਕਿਸਤਾਨ ਸਰਕਾਰ ਨੇ ਕਿਹਾ ਸੀ ਕਿ ਉਹ ਭਾਰਤੀ ਉਡਾਣਾਂ ਲਈ ਦੇਸ਼ ਦੇ ਹਵਾਈ ਖੇਤਰ ਦੀ ਵਰਤੋਂ ਉੱਤੇ ਪੂਰੀ ਤਰਾਂ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਹੀ ਹੈ।

ਕਰਾਚੀ ਹਵਾਈ ਖੇਤਰ ਦੇ ਬੰਦ ਹੋਣ ਨਾਲ ਕੌਮਾਂਤਰੀ ਉਡਾਨਾਂ ਵਲੀ ਤਿੰਨ ਰਸਤਿਆਂ ਦੀ ਵਰਤੋਂ ਕਰਨ ਵਾਲੇ ਪ੍ਰਭਾਵਤ ਹੋਣਗੇ। ਪਾਇਲਟਾਂ ਨੂੰ ਕਰਾਚੀ ਨੂੰ ਪਾਰ ਕਰਨ ਲਈ ਵਿਕਲਪਿਕ ਰਸਤੇ ਦੀ ਵਰਤੋਂ ਕਰਨੀ ਪਵੇਗੀ। ਅਥਾਰਟੀ ਨੇ ‘ਨੋਟਿਸ ਟੂ ਏਅਰਮੈਨ’ ਵਿੱਚ ਕਿਹਾ ਹੈ ਕਿ ਇਹ ਚਾਰ ਦਿਨਾਂ ਦੀ ਪਾਬੰਦੀ 1 ਸਤੰਬਰ ਨੂੰ ਖ਼ਤਮ ਹੋਵੇਗੀ। ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਭਾਰਤ ਲਈ ਹਵਾਈ ਖੇਤਰ ਬੰਦ ’ਤੇ ਪੂਰਨ ਪਾਬੰਦੀ ਉੱਤੇ ਗੌਰ ਕਰ ਰਹੇ ਹਨ। 

ਪਾਕਿਸਤਾਨ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਭਾਰਤ ਨੂੰ ਉਡਾਨ ਲਈ ਪਾਕਿ ਦੇ ਹਵਾਈ ਖੇਤਰ ਨੂੰ ਬੰਦ ਅਤੇ ਅਫ਼ਗ਼ਾਨਿਸਤਾਨ ਨਾਲ ਵਪਾਰ ਲਈ ਜ਼ਮੀਨੀ ਮਾਰਗਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਵਿਚਾਰ ਚਰਚਾ ਕੀਤੀ ਸੀ। ਅੰਤਮ ਫੈਸਲਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਕਰਨਗੇ।

Unusual
pakistan
India
Kashmir

International