ਅਵਾਰਾ ਪਸ਼ੂਆਂ ਦੀ ਸਮੱਸਿਆ ਕਹਿਰ ਬਣੀ...

ਜਸਪਾਲ ਸਿੰਘ ਹੇਰਾਂ

ਪੰਜਾਬ ਤੇ ਕਹਿਰਾਂ ਦੇ ਬੱਦਲ ਚਾਰੇ ਪਾਸਿਓ ਤੋਂ ਚੜਕੇ ਆਏ ਹੋਏ ਹਨ, ਜਿੰਨਾਂ ਦੀ ਗੜਗੜਾਹਟ ਬੇਹੱਦ ਭਿਆਨਕ ਹੈ, ਪ੍ਰੰਤੂ ਪੰਜਾਬੀ ਫ਼ਿਰ ਵੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ। ਇਸ ਲਈ ਇਹ ਕੁੰਭਕਰਨੀ ਨੀਂਦ ਉਨਾਂ ਦਾ ਅੰਤ ਵੀ ਬਣ ਸਕਦੀ ਹੈ। ਸਿੱਖ ਦੁਸ਼ਮਣ ਤਾਕਤਾਂ ਵੱਲੋਂ ਪੰਜਾਬ ਤੇ ਸਿੱਖਾਂ ਨੂੰ ਖ਼ਤਮ ਕਰਨ ਦੀ ਗਹਿਰੀ ਜਾਨੂੰਨੀ ਸਾਜਿਸ਼ ਦਾ ਕਹਿਰ, ਜੁਆਨੀ ਦੇ ਖ਼ਾਤਮੇ ਲਈ ਨਸ਼ਿਆਂ ਦਾ ਕਹਿਰ, ਜੁਆਨੀ ਨੂੰ ਪੰਜਾਬ ‘ਚ ਭਜਾਉਣ ਲਈ ਬੇਰੁਜ਼ਗਾਰੀ ਦਾ ਕਹਿਰ, ਬੀਮਾਰੀ ਦਾ ਕਹਿਰ, ਖ਼ੁਦਕੁਸ਼ੀਆਂ ਦਾ ਕਹਿਰ, ਲਫੰਗਪੁਣੇ ਦਾ ਕਹਿਰ, ਪੌਣਾ-ਪਾਣੀ ਤੇ ਖ਼ਾਦ ਪਦਾਰਥਾਂ ਦਾ ਕਹਿਰ, ਅਵਾਰਾ ਪਸ਼ੂਆਂ ਦਾ ਕਹਿਰ। ਅਵਾਰਾ ਪਸ਼ੂਆਂ ਦੇ ਕਹਿਰ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਆ ਰਿਹਾ ਸੀ। ਅਵਾਰਾ ਪਸ਼ੂਆਂ ਕਾਰਣ ਉਨਾਂ ਦੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਖੋਹਿਆ ਜਾ ਚੁੱਕਾ ਹੈ। ਹੁਣ ਇਹ ਕਹਿਰ, ਕਾਲ ਦਾ ਰੂਪ ਵੀ ਧਾਰਨ ਕਰ ਚੁੱਕਾ ਹੈ। ਆਏ ਦਿਨ ਪੰਜਾਬ ਦੀਆਂ 5-4 ਕੀਮਤੀ ਜ਼ਿੰਦਗੀਆਂ ਜਾਣ ਤੇ ਵੀ ਸਰਕਾਰ ਦੀ ਕੁੰਭਕਰਨੀ ਨੀਂਦ ਨਹੀ ਟੁੱਟੀ। ਇੱਥੋਂ ਤੱਕ ਕਿ ਖ਼ਾਕੀ ਵਰਦੀ ਵਾਲੇ ਥਾਣੇਦਾਰ ਨੂੰ ਵੀ ਇਕ ਸਾਨ ਨੇ ਮੌਤ ਦੇ ਮੂੰਹ ਤੋਰ ਦਿੱਤਾ ਸੀ। ਮਾੜੀ ਮੋਟੀ ਹਿੱਲਜੁਲ ਤੋਂ ਬਾਅਦ ਸਭ ਕੁਝ ਪਹਿਲਾ ਵਾਗੂੰ ਹੀ ਰਿਹਾ।

ਇਸ ਸਮੇਂ ਪੰਜਾਬ ਨੂੰ ਨਸ਼ਿਆਂ ਵਾਗੂੰ ਅਵਾਰਾ ਪਸ਼ੂਆਂ ਨੇ ਬੁਰੀ ਤਰਾਂ ਘੇਰਿਆ ਹੋਇਆ ਹੈ। ਖੇਤਾਂ ਤੋਂ ਬਾਅਦ ਸੜਕਾਂ ਤੇ ਹੁਣ ਗਲੀਆਂ-ਮੁਹੱਲਿਆਂ ‘ਚ ਅਵਾਰਾ ਪਸ਼ੂ, ਜਿੰਨਾਂ ‘ਚ ਗਾਵਾਂ ਅਤੇ ਸਾਨ ਸ਼ਾਮਲ ਹਨ। ਖੁੱਲੇਆਮ ਘੁੰਮ ਰਹੇ ਹਨ। ਅਵਾਰਾ ਸਾਨ, ਭੁੱਖ-ਦੁੱਖ ਨਾਲ ਭੂਤਰੇ, ਬੰਦਿਆਂ ਤੇ ਹਮਲੇ ਕਰਨ ਲੱਗ ਪਏ ਹਨ। ਸੜਕਾਂ ਤੇ ਘੰੁਮਦੀਆਂ ਅਵਾਰਾਂ ਗੳੂਆਂ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਣ ਬਣ ਜਾਂਦੀਆਂ ਹਨ। ਖ਼ੁਦ ਵੀ ਜਾਨ ਗੁਆਉਂਦੀਆਂ ਹਨ ਤੇ ਨਾਲ ਪਤਾ ਨਹੀਂ ਕਿੰਨੀਆਂ ਮਨੁੱਖੀ ਜਾਨਾਂ ਜਾਂਦੀਆਂ ਹਨ। ਅਵਾਰਾਂ ਪਸ਼ੂਆਂ ਦੀ ਸਮੱਸਿਆ ਕਿਉਂਕਿ ਮੁੱਖ ਰੂਪ ‘ਚ ਗਾਵਾਂ ਨਾਲ ਜੁੜੀ ਹੋਈ ਹੈ, ਇਸ ਸਮੇਂ ਇਸ ਦੇਸ਼ ’ਚ ਜਾਨੂੰਨੀ ਹਿੰਦੂਤਵੀਆਂ ਦੀ ਤੂਤੀ ਬੋਲਦੀ ਹੈ। ਇਸ ਕਾਰਣ ਅਵਾਰਾਂ ਗਾਵਾਂ ਤੋਂ ਪੀੜਤ ਵਿਅਕਤੀ ਇਸ ਸਮੱਸਿਆਂ ਦੇ ਸਹੀ ਹੱਲ ਬਾਰੇ ਜ਼ੁਬਾਨ ਵੀ ਨਹੀਂ ਖੋਲ ਸਕਦਾ। ਸਰਕਾਰ ਨੇ ਇਸ ਸਮੱਸਿਆ ਦੇ ਹੱਲ ਲਈ ਆਮ ਆਦਮੀ ਦੀ ਜੇਬ ਤੋ ਗੳੂ ਸੈਸ ਦਾ ਬੋਝ ਪਾ ਦਿੱਤਾ।

ਦੂਜੇ ਧਰਮ ਵਾਲਿਆਂ ਨੇ ਇਹ ਨਹੀਂ ਆਖਿਆ ਕਿ ਗੳੂ ਦੀ ਸਾਂਭ ਸੰਭਾਲ ਲਈ ਟੈਕਸ ਕਿਉਂ ਦੇਣ? ਜਿਹੜੇ ਗੳੂ ਨੂੰ ਮਾਤਾ ਕਹਿੰਦੇ ਹਨ, ਉਹ ਸੇਵਾ ਸੰਭਾਲ ਕਰਨ। ਦੂਜੇ ਧਰਮ ਵਾਲਿਆਂ ਲਈ ਤਾਂ ਗਾਂ ਤੇ ਮੱਝ ‘ਚ ਕੋਈ ਅੰਤਰ ਨਹੀਂ। ਦੋਵੇਂ ਦੁੱਧ ਦਿੰਦੀਆਂ ਹਨ। ਚਲੋ! ਗੳੂ ਸੈੱਸ ਲਾ ਵੀ ਲਿਆ ਗੳੂਸ਼ਾਲਾਵਾਂ ਨੂੰ ਗ੍ਰਾਂਟਾਂ ਵੀ ਦਿੱਤੀਆਂ ਜਾਣ ਲੱਗ ਪਈਆਂ, ਫ਼ਿਰ ਗੳੂਆਂ ਦੀ ਸੰਭਾਲ ਕਿਉਂ ਨਹੀਂ ਹੋ ਰਹੀ। ਗੳੂਸ਼ਲਾਵਾਂ ਨੂੰ ਮਿਲਦੀ ਗ੍ਰਾਂਟ ਦਾ ਕੋਈ ਲੇਖਾ-ਜੋਖਾ ਕਿਉਂ ਨਹੀਂ ਹੰੁਦਾ ਹੈ? ਕੀ ਕਿਸੇ ਸਰਕਾਰੀ ਅਧਿਕਾਰੀ ਨੇ ਕਦੇ ਆ ਚੈਕ ਕੀਤਾ ਹੈ ਕਿ ਗੳੂਸ਼ਾਲਾਂ ‘ਚ ਕਿੰਨੀਆਂ ਦੁੱਧ ਦੇਣ ਵਾਲੀਆਂ ਤੇ ਕਿੰਨੀਆਂ ਬਿਨਾਂ ਦੁੱਧ ਦੇਣ ਵਾਲੀਆਂ ਗਾਵਾਂ ਹਨ? ਗੳੂਸ਼ਾਲਾ ਵਾਲੇ ਵੀ ਬਿਨਾਂ ਦੁੱਧ ਦੇਣ ਵਾਲੀਆਂ ਗਾਂਵਾਂ ਨੂੰ ਡੰਡੇ ਮਾਰ ਕੇ ਭਜਾ ਦਿੰਦੇ ਹਨ। ਧਰਮ-ਕਰਮ ਦੇ ਨਾਮ ਤੇ ਇਹ ਵੀ ਗੋਰਖਧੰਦਾ ਬਣ ਗਿਆ ਹੈ। ਸਰਕਾਰ ਨੂੰ ਅਵਾਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ। ਇੱਕ ਪਾਸੇ ਟੋਲ ਟੈਕਸ ਵਾਲੀਆਂ ਵਧੀਆਂ ਸੜਕਾਂ ਬਣ ਰਹੀਆਂ ਹਨ ਅਤੇ ਦੂਜੇ ਪਾਸੇ ਉਨਾਂ ਤੇ ਅਵਾਰਾ ਪਸ਼ੂ ਘੁੰਮ ਰਹੇ ਹਨ। ਤੇਜ਼ ਰਫ਼ਤਾਰ ਗੱਡੀ ਦੇ ਸਾਹਮਣੇ ਕਦੋ ਕਿਸੇ ਅਵਾਰਾ ਪਸ਼ੂ ਨੇ ਆ ਜਾਣਾ ਹੈ ਅਤੇ ਗੱਡੀ ਵਾਲੇ ਨੇ ਅਵਾਰਾ ਪਸ਼ੂ ਕਾਰਨ ਆਪਣੀ ਜਾਨ ਗੁਆ ਬੈਠਣੀ ਹੈ। ਕਿਸੇ ਨੂੰ ਨਹੀਂ ਪਤਾ। ਸਰਕਾਰ ਟੋਲ ਵਾਲੀਆਂ ਸੜਕਾਂ ਦੇ ਟੈਂਡਰ ਲਾਉਣ ਸਮੇਂ ਹੁਣ ਇਸ ਮਦ ਨੂੰ ਸ਼ਾਮਲ ਕਰੇ ਕਿ ਸੜਕਾਂ ਤੇ ਅਵਾਰਾ ਪਸ਼ੂ ਚੜਨੋ ਰੋਕਣਾ ਦਾ ਪ੍ਰਬੰਧ ਵੀ ਸੜਕ ਬਣਾਉਣ ਵਾਲੀ ਕੰਪਨੀ ਕਰੇਗੀ।

ਦੂਜਾ ਜੇ ਸਰਕਾਰ ਨੇ ਹਿੰਦੂਤਵੀਆਂ ਦੇ ਦਬਾਅ ਥੱਲੇ ਬੁੱਚੜਖਾਨੇ ਨਹੀਂ ਖੋਲਣੇ ਤਾਂ ਉਸਨੂੰ 5-10 ਪਿੰਡਾਂ ਬਾਅਦ ਇੱਕ ਵੱਡਾ ਵਾੜ ਅਵਾਰਾ ਪਸ਼ੂਆਂ ਲਈ ਬਣਾਉਣਾ ਜ਼ਰੂਰੀ ਹੋਵੇਗਾ ਤੇ ਉਸ ਵਾੜੇ ਦੇ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਉਸ ਇਲਾਕੇ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਰੱਖਣ ਦੀ ਹੋਵੇਗੀ। ਪੰਜਾਬ ‘ਚ ਪੰਜਾਬੀਆਂ ਨਾਲੋ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਵੱਧ ਰਹੀ ਹੈ। ਇਸੇ ਤਰਾਂ ਪਾਲਤੂ ਡੰਗਰਾਂ ਨਾਲੋ ਅਵਾਰਾ ਡੰਗਰਾਂ ਦੀ ਗਿਣਤੀ ਵੱਧ ਰਹੀ ਹੈ। ਸੜਕ ਹਾਦਸਿਆਂ ਨੂੰ ਵੱਧਦੇ ਦੇਖ ਸਰਕਾਰ ਨੇ ਟੈ੍ਰਫ਼ਿਕ ਨਿਯਮਾਂ ‘ਚ ਸੋਧ ਕਰਕੇ, ਜੁਰਮਾਨਾਂ ਰਾਸ਼ੀ ਤਾਂ 10 ਗੁਣਾਂ ਕਰ ਦਿੱਤੀ ਹੈ, ਪ੍ਰੰਤੂ ਅਵਾਰਾ ਪਸ਼ੂਆਂ ਕਾਰਣ  ਹੁੰਦੇ ਸੜਕ ਹਾਦਸਿਆਂ ਲਈ ਕੌਣ ਜ਼ਿੰਮੇਵਾਰ? ਇਹ ਜ਼ਿੰਮੇਵਾਰੀ ਕਦੋ ਆਇਦ ਕੀਤੀ ਜਾਵੇਗੀ। ਅਸੀਂ ਸਮਝਦੇ ਹਾਂ ਕਿ ਪੰਜਾਬ ‘ਚ ਇਸ ਸਮੇਂ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਸਮੱਸਿਆਵਾਂ ‘ਚੋਂ ਇੱਕ ਬਣ ਚੁੱਕੀ ਹੈ। ਇਸ ਲਈ ਇਸ ਦਾ ਤੁਰੰਤ ਤੇ ਠੋਸ ਹੱਲ ਜ਼ਰੂਰ ਲੱਭਿਆ ਜਾਣਾ ਬਣਦਾ ਹੈ। ਹਿੰਦੂ ਤੇ ਗਾਂ ਦਾ  ਨਾਮ ਆਉਣ ਕਾਰਣ, ਇਸ ਤੋਂ ਅੱਖਾਂ ਨਹੀਂ ਮੀਚੀਆਂ ਜਾ ਸਕਦੀਆਂ। ਕਹਿਰ ਕੋਈ ਵੀ ਅਸਹਿ ਹੁੰਦਾ ਹੈ। ਇਸ ਲਈ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਬਚਾਉਣ ਲਈ ਕਹਿਰਾਂ ਵਿਰੁੱਧ ਡੱਟਣਾ ਹੀ ਪੈਣਾ ਹੈ।

Editorial
Jaspal Singh Heran

International