ਸੁਪਰੀਮ ਕੋਰਟ ਨੇ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਦੀ ਸੁਣਵਾਈ ਤੇ ਕਿਹਾ

ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਲੈ ਕੇ ਜਾਓ

ਮਾਮਲਾ ਜਲਦੀ ਹੀ ਹਾਈਕੋਰਟ ਵਿਚ ਲੈਕੇ ਜਾਵਾਂਗੇ : ਸਤਨਾਮ ਸਿੰਘ ਬੈਂਸ

ਨਵੀਂ ਦਿੱਲੀ 2 ਸਤੰਬਰ (ਮਨਪ੍ਰੀਤ ਸਿੰਘ ਖਾਲਸਾ): ਪੰਜਾਬ ਅੰਦਰ ਹੋਏ ਬੇਗੁਨਾਹਾਂ ਦੇ ਝੂਠੇ ਕਤਲ ਅਤੇ ਮੁਕਾਬਲੇਆਂ ਵਿਚ ਮਾਰੇ ਗਏ ਨੌਜੁਆਨਾਂ ਦੇ ਮਾਮਲੇਆਂ ਬਾਰੇ ਅਜ ਸੁਪਰੀਮ ਕੋਰਟ ਦੇ ਦੋਹਰੀ ਬੈਂਚ ਦੇ ਜੱਜ ਅਰੁਣ ਮਿਸ਼ਰਾ ਅਤੇ ਐਮਆਰ ਸ਼ਾਹ ਵਲੋਂ ਸੁਣਵਾਈ ਕਰਦਿਆਂ ਕਿਹਾ ਕਿ ਇਹ ਮਾਮਲਾ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅੰਦਰ ਲੈਕੇ ਜਾਓ । ਜਿਕਰਯੋਗ ਹੈ ਕਿ ਸਾਲ 1984 ਤੋਂ ਬਾਅਦ ਪੰਜਾਬ ਵਿੱਚ ਅੱਤਵਾਦ ਵਿਰੋਧੀ ਕਾਰਵਾਈਆਂ ਦੇ ਨਾਂਅ ’ਤੇ ਗੁੰਮ ਹੋਏ ਹਜ਼ਾਰਾਂ ਨੌਜੁਆਨ, ਪੁਲਿਸ ਵੱਲੋ ਕਥਿਤ ਤੌਰ ’ਤੇ ਕੀਤੇ ਗਏ ਕਤਲਾਂ, ਕਥਿਤ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਮੁਕਾਏ ਗਏ ਸਨ ਜਿਨਾਂ ਦੀ ਪਟੀਸ਼ਨਕਰਤਾ “ਪੰਜਾਬ ਡਾਕੂਮੈਂਟੇਸ਼ਨ ਅਤੇ ਐਡਵੇਕੇਸੀ ਪ੍ਰੋਜੇਕਟ” ਵਲੋਂ ਇਹ ਪਟੀਸ਼ਨ ਕੁਝ ਨਵੇਂ ਮਿਲੇ ਸਬੂਤਾਂ ਦੇ ਆਧਾਰ ਉੱਤੇ ਦਾਇਰ ਕੀਤੀ ਗਈ ਹੈ। ਅਦਾਲਤ ਨੂੰ ਦਸਿਆ ਗਿਆ ਕਿ ਇਹ ਮਾਮਲਾ ਮੁੱਖ ਤੌਰ ਤੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਨਾਲ ਜੁੜਿਆ ਹੋਇਆ ਹੈ ਜਿਨਾਂ ਨੇ ਪੰਜਾਬ ਅੰਦਰ ਵਿਚਰ ਕੇ ਉੱਥੇ ਕੀਤੇ ਗਏ ਗੈਰਕਨੂੰਨੀ ਕਤਲ ਅਤੇ ਝੂਠੇ ਮੁਕਾਬਲੇਆਂ ਬਾਰੇ ਸਚ ਉਜਾਗਰ ਕੀਤਾ ਸੀ ਜਿਸਦਾ ਖਮਿਆਜਾ ਉਨਾਂ ਨੂੰ ਅਪਣੀ ਜਾਨ ਦੇਕੇ ਭੁਗਤਣਾਂ ਪਿਆ ਸੀ ਤੇ ਇਹ ਮਾਮਲਾ ਪਹਿਲਾਂ ਹੀ ਸੁਪਰੀਮ ਕੋਰਟ ਅੰਦਰ ਵਿਚਾਰਅਧੀਨ ਹੈ ।

ਅਦਾਲਤ ਨੂੰ ਦਸਿਆ ਗਿਆ ਕਿ ਇਹ ਮਾਮਲਾ ਵੱਡੇ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਹੈ । 1984 ਤੋਂ ਬਾਅਦ ਪੰਜਾਬ ਵਿੱਚ ਹਜ਼ਾਰਾਂ ਨੌਜਵਾਨ ਅਚਾਨਕ ਗੁੰਮ ਹੋਣੇ ਸ਼ੁਰੂ ਹੋ ਗਏ ਸਨ ਜਿਨਾਂ ਬਾਰੇ ਪਿੰਡ-ਪਿੰਡ ਅਤੇ ਸ਼ਮਸਾਨਘਾਟਾਂ ਵਿਚ ਜਾ ਕੇ ਇਸ ਬਾਰੇ ਤੱਥ ਤੇ ਅੰਕੜੇ ਇਕੱਠੇ ਕੀਤੇ ਗਏ ਹਨ ।

ਪਟੀਸ਼ਨਰਾਂ ਦੀ ਤਰਫ਼ੋਂ ਸੀਨੀਅਰ ਵਕੀਲ ਕੌਲਿਨ ਗੌਨਜ਼ਾਲਵੇਸ ਤੇ ਸਤਨਾਮ ਸਿੰਘ ਬੈਂਸ ਪੇਸ਼ ਹੋਏ ਸਨ । ਸਤਨਾਮ ਸਿੰਘ ਬੈਂਸ ਨੇ ਪ੍ਰੈਸ ਨਾਲ ਗਲਬਾਤ ਕਰਦਿਆਂ ਕਿਹਾ ਕਿ ਅਸੀ ਚਾਹੁੰਦੇ ਹਾਂ ਕਿ ਇਸ ਮਾਮਲੇ ਤੇ ਇਕ ਕਮਿਸ਼ਨ ਬਣਾਇਆ ਜਾਏ ਤੇ ਉਹ ਘਰ ਘਰ ਜਾ ਕੇ ਇੱਕਠੇ ਕੀਤੇ ਗਏ ਤੱਥਾਂ ਬਾਰੇ ਪਤਾ ਕਰੇ । ਉਨਾਂ ਕਿਹਾ ਕਿ ਅਜ ਦੋ ਦਹਾਕੇ ਬੀਤ ਗਏ ਹਨ ਪਰ ਇੰਸਾਫ ਨਹੀ ਮਿਲ ਪਾਇਆ ਹੈ ਤੇ ਅਜ ਸੁਪਰੀਮ ਕੋਰਟ ਨੇ ਸਾਨੂੰ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਵਿਚ ਲੈਕੇ ਜਾਣ ਲਈ ਕਿਹਾ ਹੈ ਤੇ ਅਸੀ ਹੁਣ ਜਲਦੀ ਹੀ ਇਸ ਨੂੰ ਹਾਈਕੋਰਟ ਅੰਦਰ ਸੁਪਰੀਮ ਕੋਰਟ ਦੇ ਨਿਰਦੇਸ਼ ਅਨੁਸਾਰ ਫਾਈਲ ਕਰਾਂਗੇ । ਪਟੀਸ਼ਨਰਾਂ ਨੇ ਇਨਾਂ ਵੱਡੇ ਪੱਧਰ ਉੱਤੇ ਹੋਏ ਕਤਲੇਆਮਾਂ ਲਈ ਦੀ ਵਿਆਪਕ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨਾਂ ਇਸ ਲਈ ਇੱਕ ਵਿਸ਼ੇਸ਼ ਜਾਂਚ ਟੀਮ (ਸੀਟ) ਜਾਂ ਕੋਈ ਸੱਚਾਈ ਕਮਿਸ਼ਨ ਕਾਇਮ ਕਰਨ ਦਾ ਸੁਝਾਅ ਵੀ ਰੱਖਿਆ ਹੈ।

Unusual
Supreme Court
High Court
PUNJAB
Punjab Police

International