ਅਧਿਆਪਕਾਂ ਦੇ ਆਤਮ ਚਿੰਤਨ ਦਾ ਦਿਨ...

ਜਸਪਾਲ ਸਿੰਘ ਹੇਰਾਂ
ਸਾਡੇ ਦੇਸ਼ 'ਚ ਅਧਿਆਪਕ ਦਾ ਦਰਜਾ ਬੇਹੱਦ ਉੱਚਾ ਹੈ, ਉਸਨੂੰ ਗੁਰੂ ਮੰਨ ਕੇ ਮੱਥਾ ਟੇਕਣ ਦੀ ਪੁਰਾਤਨ ਰਵਾਇਤ ਹੈ, ਪ੍ਰੰਤੂ ਅੱਜ ਜਦੋਂ ਵਿੱਦਿਆ ਵਿਚਾਰੀ ਜਿਹੜੀ ਪਰਉਪਕਾਰੀ ਆਖੀ ਗਈ ਸੀ, ਉਹ ਲਾਭਦਾਇਕ ਧੰਦਾ ਬਣ ਗਈ ਹੈ ਅਤੇ ਗੁਰੂ ਵੀ ਦਿਹਾੜੀਦਾਰ, ਠੇਕੇ ਵਾਲੇ, ਕੱਚੇ, ਪੱਕੇ ਵਰਗਾਂ 'ਚ ਵੰਡੇ ਗਏ ਹਨ, ਫ਼ਿਰ ਅਜਿਹੀਆਂ ਹਾਲਾਤਾਂ 'ਚ ਅਧਿਆਪਕ ਦਾ 'ਗੁਰੂ' ਬਣੇ ਰਹਿਣਾ ਸੰਭਵ ਨਹੀਂ ਸੀ ਅਤੇ ਉਸਨੇ ਇਹ ਦਰਜਾ ਲਗਭਗ ਗੁਆ ਲਿਆ ਹੈ ਅਤੇ ਉਹ ਵੀ ਗੁਰੂ ਦੀ ਥਾਂ ਪੇਸ਼ੇਵਰ ਵਿਦਿਆ ਦਾ ਵਪਾਰੀ ਬਣ ਗਿਆ ਹੈ। ਇਸ ਦੇ ਕਾਰਣ ਭਾਵੇਂ ਕਈ ਹਨ, ਪ੍ਰੰਤੂ ਮੁੱਖ ਰੂਪ ਅੱਜ ਦੇ ਸਾਡੇ ਅਧਿਆਪਕ 'ਚ ਪੁਰਾਤਨ ਗੁਰੂਆਂ ਵਾਲੀ ਨਾਂ ਤਾਂ ਵਿਦਵਤਾ ਹੈ, ਨਾ ਸਮਰਪਿਤ ਭਾਵਨਾ, ਨਾ ਲਗਨ, ਨਾ ਦਲੇਰੀ, ਨਾ ਇਮਾਨਦਾਰੀ ਅਤੇ ਨਾ ਹੀ ਸੱਚ, ਸੰਜਮ ਤੇ ਸਾਦਗੀ ਹੈ। ਅਧਿਆਪਕ ਵਰਗ 'ਚ ਇੱਥੋਂ ਤੱਕ ਨਿਘਾਰ ਆ ਗਿਆ ਹੈ ਕਿ ਉਸਦੇ ਇੱਕ ਹਿੱਸੇ ਤੇ ਆਪਣੀਆਂ ਵਿਦਿਆਰਥਣਾਂ ਨਾਲ ਅਸ਼ਲੀਲ ਹਰਕਤਾਂ ਦੇ ਦੋਸ਼ ਲੱਗਣ ਲੱਗ ਪਏ ਹਨ, ਜਿਸ ਅਧਿਆਪਕ ਨੇ ਵਿੱਦਿਆ ਦਾ ਚਾਨਣ ਵੰਡਣਾ ਸੀ, ਉਹ ਹਨੇਰਾ ਢੋਹਣ ਲੱਗ ਪਿਆ ਹੈ, ਭ੍ਰਿਸ਼ਟਾਚਾਰ ਤੇ ਘਪਲਿਆਂ ਦੇ ਦੋਸ਼ਾਂ ਨੇ ਵੀ ਇਸ ਸੱਚੇ-ਸੁੱਚੇ ਕਿੱਤੇ ਨੂੰ ਕਲੰਕਿਤ ਕਰ ਛੱਡਿਆ ਹੈ।

ਸਕੂਲਾਂ 'ਚ ਮੀਟ-ਸ਼ਰਾਬ ਦੇ ਦੌਰ ਦੀਆਂ ਖਬਰਾਂ ਆਉਣ ਲੱਗ ਪਈਆਂ ਹਨ, ਬੱਚਿਆਂ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਣ ਵਾਲੇ ਅਧਿਆਪਕ ਖੁਦ ਜਾਤ-ਪਾਤ ਦੀਆਂ ਵੰਡੀਆਂ 'ਚ ਵੰਡੇ ਪਏ ਹਨ, ਸਕੂਲਾਂ/ ਕਾਲਜਾਂ 'ਚ ਅਧਿਆਪਕਾਂ ਦੀਆਂ ਧੜੇਬੰਦੀਆਂ ਤੇ ਲੜਾਈਆਂ ਵਿਦਿਆਰਥੀਆਂ ਤੇ ਕੀ ਪ੍ਰਭਾਵ ਪਾਉਂਦੀਆਂ ਹਨ, ਇਸਦੀ ਚਿੰਤਾ ਸਾਡੇ ਅੱਜ ਦੇ ਅਧਿਆਪਕ ਨੂੰ ਨਹੀਂ ਹੈ। ਪੁਰਾਤਨ ਅਧਿਆਪਕ ਦਾ ਜੇ ਸਤਿਕਾਰ ਸੀ ਅਤੇ ਵਿਦਿਆਰਥੀਆਂ 'ਚ ਉਸ ਪ੍ਰਤੀ ਸ਼ਰਧਾ ਹੁੰਦੀ ਸੀ ਤਾਂ ਉਸ ਲਈ ਉਨ੍ਹਾਂ ਅਧਿਆਪਕਾਂ ਦਾ ਉੱਚਾ-ਸੁੱਚਾ ਚਰਿੱਤਰ ਮੁੱਖ ਕਾਰਣ ਹੁੰਦਾ ਸੀ। ਅਸਲ 'ਚ ਜਦੋਂ ਤੋਂ ਵਿੱਦਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ ਅਤੇ ਅਮੀਰ ਘਰਾਣਿਆਂ ਨੂੰ ਇਹ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਵਜੋਂ ਵਿਖਾਈ ਦਿੱਤੀ ਹੈ, ਉਸ ਤੋਂ ਬਾਅਦ ਵਿਦਿਅਕ ਖੇਤਰ 'ਚੋਂ ਉੱਚੀ-ਸੁੱਚੀ ਨੈਤਿਕਤਾ ਉੱਡ ਗਈ ਹੈ ਤੇ ਸਿਰਫ ਲਾਭ-ਹਾਣ ਦਾ ਜਮ੍ਹਾ ਘਟਾਓ ਹੀ ਬਾਕੀ ਰਹਿ ਗਿਆ ਹੈ।

ਅਧਿਆਪਕ ਨੂੰ ਆਪਣੀ ਟਿਊਸ਼ਨ ਦਾ ਫ਼ਿਕਰ ਵਧੇਰੇ ਹੋ ਗਿਆ ਤੇ ਉਹ ਆਪਣੇ ਪਵਿੱਤਰ ਕਿੱਤੇ ਨਾਲ ਹੀ ਬੇਈਮਾਨੀ ਕਰਨ ਲੱਗ ਪਿਆ ਹੈ। ਬਿਨਾਂ ਸ਼ੱਕ ਅਧਿਆਪਕ ਹੀ ਚੰਗੇ ਸਮਾਜ ਦਾ ਉਸਰੀਆ ਹੈ, ਉਹ ਹੀ ਦੇਸ਼ ਦੇ ਚਰਿੱਤਰ ਦਾ ਨਿਰਮਾਤਾ ਹੈ। ਅੱਜ ਜੇ ਅਸੀਂ ਦੇਸ਼ ਵਾਸੀਆਂ 'ਚ ਕੌਮੀ ਚਰਿੱਤਰ ਦੀ ਉਸਾਰੀ ਨਹੀਂ ਕਰ ਸਕੇ ਤਾਂ ਇਸ ਲਈ ਅਧਿਆਪਕ ਵਰਗ ਅਤੇ ਸਾਡੇ ਸਿਆਸੀ ਆਗੂਆਂ 'ਚ ਆਈਆਂ ਕੰਮਜ਼ੋਰੀਆਂ ਹੀ ਜ਼ੁੰਮੇਵਾਰ ਹਨ। ਅਸਲ 'ਚ ਅੱਜ ਦਾ ਅਧਿਆਪਕ ਆਪਣੇ ਆਪ ਨੂੰ ਸਿਖਾਂਦਰੂ ਮੰਨਣ ਤੋਂ ਹੱਟ ਗਿਆ ਹੈ, ਜਿਸ ਕਾਰਣ ਉਸ 'ਚ ਹੋਰ ਪੜਨ ਤੇ ਸਿੱਖਣ ਦੀ ਰੁਚੀ ਖ਼ਤਮ ਹੋ ਗਈ ਹੈ ਅਤੇ ਉਹ ਇਹ ਵੀ ਭੁੱਲ ਗਿਆ ਹੈ ਕਿ ''ਇਕ ਜਗਦਾ ਦੀਵਾ ਹੀ, ਹੋਰ ਦੀਵਿਆ ਨੂੰ ਜਗਾ ਸਕਦਾ ਹੈ, ਬੁੱਝਿਆ ਦੀਵਾ ਚਾਨਣ ਨਹੀਂ ਵੰਡ ਸਕਦਾ।'' ਅਧਿਆਪਕ ਵਰਗ ਸਮਾਜ ਦਾ ਚੇਤੰਨ ਵਰਗ ਹੁੰਦਾ ਹੈ, ਇਸ ਲਈ ਉਸਨੂੰ ਸਮੇਂ ਦੀਆਂ ਸਰਕਾਰਾਂ ਦੀਆਂ ਕੁਟਲ ਚਾਲਾਂ ਦੀ ਸਮਝ ਹੋਣੀ ਚਾਹੀਦੀ ਹੈ, ਪ੍ਰੰਤੂ ਉਹ ਜਾਣੇ ਜਾਂ ਅਨਜਾਣੇ ਸਰਕਾਰ ਦੀ ਫਰੇਬੀ ਚਾਲ ਦਾ ਸ਼ਿਕਾਰ ਹੋ ਕੇ, ਖੁਦ ਹੀ ਉਸਦਾ ਮੋਹਰਾ ਬਣ ਗਿਆ ਹੈ।

ਉਹ ਸ਼ਾਇਦ ਇਹ ਸਮਝ ਹੀ ਨਹੀਂ ਸਕਿਆ ਕਿ ਸਰਕਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇੜੀ ਤੇ ਉੱਜੜ ਰੱਖਣਾ ਚਾਹੁੰਦੀਆਂ ਹਨ, ਇਸ ਲਈ ਸਮੁੱਚੇ ਵਿਦਿਅਕ ਢਾਂਚੇ ਦਾ ਬੇੜਾ ਗਰਕ ਕਰਨ ਦੇ ਰਾਹ ਤੁਰੀਆਂ ਹੋਈਆਂ ਹਨ। ਇਸ ਲਈ ਉਨ੍ਹਾਂ ਦੇ ਨਿਸ਼ਾਨੇ ਤੇ ਜਿੱਥੇ ਸਮੁੱਚਾ ਵਿਦਿਅਕ ਢਾਂਚਾ ਹੈ, Àੁੱਥੇ ਮੁੱਖ ਰੂਪ 'ਚ ਅਧਿਆਪਕ ਵੀ ਹਨ, ਜਿਨ੍ਹਾਂ ਨੂੰ ਉਹ ਹਤਾਸ਼, ਨਿਰਾਸ਼ ਤੇ ਨਿਕੰਮੇ ਕਰਕੇ ਬੁੱਝੇ ਹੋਏ ਦੀਵੇ ਬਣਾ ਕੇ ਹੀ ਰੱਖਣਾ ਚਾਹੁੰਦੀਆਂ ਹਨ। ਸੱਚੀ-ਮੁੱਚੀ ਦਾ 'ਗੁਰੂ' ਆਪਣੇ ਚੇਲਿਆਂ ਨੂੰ ਚੰਗੇ, ਯੋਗ ਤੇ ਸਿਆਣੇ ਮਨੁੱਖ ਬਣਾਊਗਾ ਤੇ ਜੇ ਸਿਆਣੇ, ਸੁਲਝੇ ਅਣਖੀਲੇ ਵਿਦਿਆਰਥੀ ਪੜ੍ਹ-ਲਿਖ ਕੇ ਬੇਰੁਜ਼ਗਾਰ ਘੁੰਮਣਗੇ ਤਾਂ ਉਹ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਤੁਰਨਗੇ, ਪ੍ਰੰਤੂ ਨਿਕੰਮੇ, ਆਲਸੀ, ਬੇਗੈਰਤ, ਨਸ਼ੇੜੀ ਤੇ ਅਧਪੱੜ ਕਿਹੜਾ ਰੁਜ਼ਗਾਰ ਮੰਗਣਗੇ ਅਤੇ ਕੀ ਸੰਘਰਸ਼ ਕਰਨਗੇ? ਇਸ ਲਈ ਅੱਜ ਦੇ ਅਧਿਆਪਕ ਵਰਗ ਨੂੰ ਸਰਕਾਰ ਦੀ ਇਸ ਸੋਚ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ। ਜੇ ਸਰਕਾਰ, ਸਕੂਲਾਂ ਨੂੰ ਸਹੂਲਤਾਂ ਤੋਂ ਸੱਖਣਾ ਰੱਖਦੀ ਹੈ, ਅਧਿਆਪਕ ਨੂੰ ਪੜ੍ਹਾਈ ਦੀ ਥਾਂ ਹੋਰ ਕੰਮਾਂ 'ਚ ਉਲਝਾਈ ਰੱਖਦੀ ਹੈ ਅਤੇ ਸਰਕਾਰੀ ਸਕੂਲਾਂ ਦਾ ਭੱਠਾ ਬਿਠਾਉਣ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ ਤਾਂ ਉਸਦੀ ਅਸਲੀ ਮਨਸ਼ਾ ਆਮ ਬੱਚਿਆਂ ਨੂੰ ਵਿੱਦਿਆ ਤੋਂ ਕੋਰੇ ਰੱਖਣਾ ਹੈ।

ਇਹ ਠੀਕ ਹੈ ਕਿ ਪਦਾਰਥਵਾਦ ਦੇ ਯੁੱਗ 'ਚ ਪੈਸੇ ਦੀ ਦੌੜ ਨੂੰ ਰੋਕਿਆ ਨਹੀਂ ਜਾ ਸਕਦਾ, ਪ੍ਰੰਤੂ ਫ਼ਿਰ ਵੀ ਆਪਣੇ ਫਰਜ਼ ਦੀ ਪੂਰਤੀ ਵੱਲ ਤਾਂ ਤੁਰਿਆ ਜਾ ਸਕਦਾ ਹੈ। ਅੱਜ ਦੇ ਦਿਨ ਅਧਿਆਪਕ ਨੂੰ ਆਤਮਚਿੰਤਨ ਕਰਨ ਦੀ ਲੋੜ ਹੈ ਕਿ ਉਨ੍ਹਾਂ ਤੋਂ ਗੁਰੂ ਦਾ ਦਰਜਾ ਕਿਉਂ ਗੁਆਚ ਗਿਆ ਹੈ ਅਤੇ ਅਧਿਆਪਕ ਦਾ ਉਹ ਪੁਰਾਤਨ ਸਤਿਕਾਰ ਕਿਉਂ ਗੁੰਮ ਹੋ ਗਿਆ ਹੈ? ਸਰਕਾਰਾਂ ਤੇ ਦੋਸ਼ ਦੇਣ ਦੀ ਥਾਂ ਹੁਣ ਆਪਣੇ ਫਰਜ਼ ਵੱਲ ਕੁਰਬਾਨੀ ਤੇ ਤਿਆਗ ਦੀ ਭਾਵਨਾ ਨਾਲ ਝਾਕਣਾ ਪਵੇਗਾ। ਅਧਿਆਪਕ ਜਥੇਬੰਦੀਆਂ ਨੂੰ ਵੀ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਦੇ ਨਾਲ ਨਾਲ ਅਧਿਆਪਕਾਂ ਨੂੰ ਫਰਜ਼ਾਂ ਪ੍ਰਤੀ ਵੀ ਸੁਚੇਤ ਕਰਨਾ ਹੋਵੇਗਾ। ਭਵਿੱਖ ਦੀ ਵੱਡੀ ਜੁੰਮੇਵਾਰੀ ਅਧਿਆਪਕ ਵਰਗ ਸਿਰ ਹੈ, ਇਸ ਲਈ ਚੰਗਾ ਹੋਵੇ ਜੇ ਉਹ ਆਪਣੇ ਮਹੱਤਵ ਨੂੰ ਖੁਦ ਹੀ ਪਛਾਣਨ ਲੱਗ ਪਵੇ, ਅੱਜ ਦੇ ਦਿਨ ਇਹੋ ਆਤਮ ਚਿੰਤਨ ਇਸ ਦਿਨ ਦਾ ਮੰਤਵ ਹੋਣਾ ਚਾਹੀਦਾ ਹੈ।

Editorial
Jaspal Singh Heran

International