ਬਾਦਲ ਸਾਬ! ਹੁਣ ਤਾਂ ਚਿੜੀਆ ਨੇ ਖੇਤ ਚੁੱਗ ਲਿਆ ਹੈ...

ਜਸਪਾਲ ਸਿੰਘ ਹੇਰਾਂ

ਜਿਸ ਦਿਨ ਗੁਰੂ ਨਗਰੀ ਸੁਲਤਾਨਪੁਰ ਲੋਧੀ ਨੂੰ ਬਾਦਲ ਦਲ ਵੱਲੋਂ ਚਿੱਟਾ ਕਰਨ ਦੀ ਮੁਹਿੰਮ ਵਿੱਢੀ ਗਈ ਸੀ, ਉਸ ਦਿਨ ਬਜ਼ੁਰਗ ਬਾਦਲ ਨੇ ਆਪਣੇ ਮਨ ਦੀਆਂ ਭਾਵਨਾਵਾਂ ਸੰਗਤਾਂ ਨਾਲ ਸਾਂਝੀਆ ਕੀਤੀ। ਭਾਵੇਂ ਕਿ ਬਾਦਲ ਦੇ ਢਿੱਡ ਦੀਆਂ ਹੋਰ ਕੋਈ ਨਹੀਂ ਜਾਣ ਸਕਦਾ, ਇਸ ਕਾਰਣ ਨਹੀਂ ਆਖਿਆ ਜਾ ਸਕਦਾ  ਕਿ ਮਨੋ ਸੀ ਜਾਂ ਫਿਰ ਸਿਆਸੀ ਡਰਾਮੇਬਾਜ਼ੀ ਦਾ ਹਿੱਸਾ। ਬਾਦਲ ਦਾ ਇਹ ਭਾਸ਼ਣ ਸ਼ੋਸਲ ਮੀਡੀਏ ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਭਾਸ਼ਣ ‘ਚ ਬਾਦਲ ਸਾਬ, ਬਾਣੀ ਕੰਠ ਕਰਨ ਤੇ ਜ਼ੋਰ ਦਿੰਦੇ ਹਨ। ਉਨਾਂ ਅਨੁਸਾਰ ਹਰ ਵਿਦਿਆਰਥੀ ਨੂੰ ਉਸਦੀ ਉਮਰ ਅਨੁਸਾਰ ਐਨੀ ਬਾਣੀ ਜ਼ਰੂਰ ਕੰਠ ਚਾਹੀਦੀ ਹੈ। ਅਸੀਂ ਸਮਝਦੇ ਹਾਂ ਕਿ ਹਰ ਸਿੱਖ ਨੂੰ ਬਾਣੀ ਜ਼ਰੂਰ ਕੰਠ ਹੋਣੀ ਚਾਹੀਦੀ ਹੈ। ਨਿੱਤਨੇਮ ਉਸ ਦੇ ਜੀਵਨ ਦਾ ਜ਼ਰੂਰੀ ਹਿੱਸਾ ਹੋਣਾ ਚਾਹੀਦਾ ਹੈ। ਅੱਜ ਕੌਮ ‘ਚ ਨਿਘਾਰ ਇਸ ਕਾਰਣ ਹੀ ਆਇਆ ਹੋਇਆ ਹੈ ਕਿ ਅਸੀਂ ਗੁਰਬਾਣੀ ਤੋਂ ਟੁੱਟ ਗਏ ਹਾਂ। ਬਾਣੀ ਨਾਲ ਜੁੜ ਕੇ ਹੀ ਮਨੁੱਖ ਗੁਰਸਿੱਖ ਬਣਦਾ ਹੈ ਅਤੇ ਗੁਰਸਿੱਖ ਮਨੁੱਖ ਹੀ ਸੱਚਾ ਸਿੱਖ ਹੁੰਦਾ ਹੈ। ਪ੍ਰੰਤੂ ਬਾਦਲ ਸਾਬ ਵੱਲੋਂ ਸਿੱਖਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੱਦਾ ਦੇਣਾ ਅਜੀਬ  ਤੇ ਹਾਸੋਹੀਣਾ ਹੈ। ਕੀ ਇਹ ਉਮਰ ਦਾ ਪ੍ਰਭਾਵ ਹੈ ਜਾਂ ਅੱਗਾ ਵਿਖਾਈ ਦੇਣ ਦਾ ਅਸਰ ਹੈ। ਜਿਸ ਬਾਦਲ ਦੇ ਰਾਜ ‘ਚ ਸਿੱਖੀ ਸਿਧਾਂਤਾਂ ਨੂੰ ਵੱਡਾ ਖੋਰਾ ਲੱਗਿਆ ਸੀ, ਸਿੱਖੀ ਤੇ ਬ੍ਰਹਾਮਣੀ ਕਰਮਕਾਂਡ ਦੀ ਅਮਰ ਵੇਲ ਚੜਾਈ ਗਈ, ਗੁਰੂ ਸਾਹਿਬ ਦੀ ਨਿਰੰਤਰ ਬੇਅਦਬੀ ਹੋਈ, ਉਸ ਬਾਦਲ ਦੇ ਮੂੰਹੋ ਗੁਰਬਾਣੀ ਨਾਲ ਜੁੜਨ ਦੀ ਸਿਖਿਆ, ਇਉਂ ਲੱਗਦੀ ਹੈ ਜਿਵੇਂ ਠੱਗ, ਠੱਗੀ ਨਾ ਮਾਰਨ ਦੀ ਸਿਖਿਆ ਦੇ ਰਿਹਾ ਹੋਵੇ।

ਬੁੱਢੀ ਉਮਰ ਦੀ ਸਿਖਿਆ ਤਾਂ ਹੀ ਅਸਰ ਕਰਦੀ ਹੈ, ਜੇ ਤੁਹਾਡਾ ਪਹਿਲਾ ਜੀਵਨ ਉੱਚਾ-ਸੁੱਚਾ ਰਿਹਾ ਹੋਵੇ। ਜੇ ਤੁਸੀਂ ਪਹਿਲੇ ਜੀਵਨ ‘ਚ ਧਰਮ ਦਾ ਨਾਸ਼ ਕੀਤਾ ਹੋਵੇ, ਫਿਰ ਤੁਹਾਡੀ ਸਿਖਿਆ, ਸਿਰਫ਼ ਹਾਸੇ-ਠੱਠੇ ਦਾ ਸਬੱਬ ਬਣਦੀ ਹੈ। ਜਿਵੇਂ ਬਾਦਲ ਦੀ ਧਾਰਮਿਕ ਭਾਸ਼ਣ ਵਾਲੀ ਵੀਡੀਓ ਦੇ ਵਾਇਰਲ ਹੋਣ ਤੇ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਸਾਬਤ ਹੋ ਰਿਹਾ ਹੈ। ਹੁਣ ਸਮਾਂ ਬਦਲ ਚੁੱਕਾ ਹੈ, ਲੋਕ  ਅੱਖਾਂ ਤੇ ਕੰਨ ਖੋਲ ਕੇ ਰੱਖਦੇ ਹਨ। ਇਸ ਲਈ ਉਹ ਬਾਦਲ ਵੱਲੋਂ ਧਾਰਮਿਕ ਨਕਾਬ ਪਾ ਲੈਣ ਨੂੰ ਬਾਖੂਬੀ ਸਮਝ ਗਏ ਹਨ ਤੇ ਕਿਵੇਂ ਵੀ ਮੰਨਣ ਲਈ ਤਿਆਰ ਨਹੀਂ। ਅਸੀਂ ਸਮਝਦੇ ਹਾਂ ਕਿ ਬਾਦਲ ਦੇ ਇਸ ਧਾਰਮਿਕ ਭਾਸ਼ਣ ਤੇ ਲੋਕਾਂ ਦੀਆਂ ਨਾਂਹ ਪੱਖੀਆਂ ਟਿੱਪਣੀਆਂ, ਬਾਦਲ ਵਰਗਿਆਂ ਲਈ ਚਿਤਾਵਨੀ ਹਨ ਕਿ ਜੇ ਲੋਕਾਂ ਦੇ ਮਨ, ਜਿੱਤ ਕੇ ਰੱਖਣੇ ਹਨ, ਤਾਂ ਜਿੰਦਗੀ ’ਚ ਸੱਚਾ-ਸੁੱਚਾ ਵਿਵਹਾਰ ਕਰਦੇ ਰਹੋ। ਹੁਣ ਬਾਦਲ ਮੰਨ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਵੀ ਸ਼ਾਇਦ ਬਾਣੀ ਕੰਠ ਨਾ ਹੋਵੇ, ਪਰ ਆਪਣੇ ਬਾਰੇ ਕੁਝ ਨਹੀਂ ਬੋਲ ਰਿਹਾ। ਸਿੱਖਾਂ ਦੀ ਚੁਣੀ ਹੋਈ ਧਾਰਮਿਕ ਸੰਸਥਾ ਦਾ ਪੂਰਨ ਰੂਪ ‘ਚ ਰਾਜਨੀਤੀਕਰਨ ਤਾ ਦੋਸ਼ੀ ਖੁਦ ਬਾਦਲ ਹੈ, ਉਸਦੇ ਲਿਫਾਫੇ ‘ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਕਲ ਰਹੇ ਹਨ ਅਤੇ ਗੁਰੂ ਦੀ ਗੋਲਕ, ਉਸਦੀ ਨਿੱਜੀ ਜਗੀਰ ਬਣੀ ਹੋਈ ਹੈ। ਖੁਦ ਸ਼੍ਰੋਮਣੀ ਕਮੇਟੀ ਦੀ ਧਾਰਮਿਕਤਾ ਦਾ ਭੋਗ ਪਾਕੇ , ਹੁਣ ਉਸਨੂੰ ਧਾਰਮਿਕ ਹੋਣ ਦੀ ਸਿਖਿਆ ਦੇਣਾ ਨੌ ਸੋ ਚੂਹੇ ਖਾਕੇ, ਬਿੱਲੀ ਹੱਜ ਨੂੰ ਚੱਲੀ‘‘ ਵਾਲੀ ਗੱਲ ਤੋਂ ਵੱਧ ਕੁਝ ਨਹੀਂ।

ਅਸੀਂ ਸਮਝਦੇ ਹਾਂ ਕਿ ਬਾਦਲ ਦੀਆਂ ਇਹਨਾਂ ਸਿਖਿਆਵਾਂ ਦਾ ਕਿਧਰੇ ਕੋਈ ਅਸਰ ਹੋਣ ਵਾਲਾ ਨਹੀਂ, ਕਿਉਂਕਿ ਹੁਣ ਉਸਦੇ ਆਪਣੇ ਹੱਥ, ਬੱਸ ਹੀ ਕੁਝ ਨਹੀਂ, ਕਰਤਾ ਧਰਤਾ ਤਾਂ ਸੁਖਬੀਰ ਹੈ। ਸੁਲਤਾਨਪੁਰ ਲੋਧੀ ਨੂੰ ਚਿੱਟਾ ਕਰਕੇ, ਬਾਦਲ ਦਲ ਦੇ ਮੱਥੇ ‘ਤੇ ਲੱਗਿਆ ਬੇਅਦਬੀ ਦਾ ਕਾਲਾ ਧੱਬਾ ਇਸ ਕਰਕੇ ਚਿੱਟਾ ਨਹੀਂ ਹੋਣਾ। ਪਾਪ ਬਖ਼ਸ਼ਿਆ ਜਾ ਸਕਦਾ ਹੈ, ਪ੍ਰੰਤੂ ਪਾਪ ਨੂੰ ਲਕੌਣ ਲਈ ਕੌਮ ਨੂੰ ਗੁੰਮਰਾਹ ਕਰਨਾ, ਕੌਮ ਨੂੰ ਦਬਾਉਣਾ, ਬਖ਼ਸ਼ਣਯੋਗ ਨਹੀਂ। ਸਵੇਰ ਦਾ ਭੁੱਲਿਆ, ਸ਼ਾਮ ਨੂੰ ਘਰ ਪਰਤ ਆਵੇ ਤਾਂ ਬਖ਼ਸ਼ ਦਿੱਤਾ ਜਾਂਦਾ ਹੈ, ਪ੍ਰੰਤੂ ਜੇ ਰਾਤ ਦੇ ਕਾਲੇ ਹਨੇਰੇ ਤੋਂ ਬਾਅਦ ਪਰਤਦਾ ਹੈ ਤਾਂ ਇਹ ਸ਼ੰਕਾ ਬਣੀ ਰਹਿੰਦੀ ਹੈ ਕਿ ਰਾਤ ਦੇ ਕਾਲੇ ਹਨੇਰੇ ‘ਚ  ਉਸਨੇ ਕੋਈ ਗੁਨਾਹ ਜ਼ਰੂਰ ਕੀਤਾ ਹੋਵੇਗਾ। ਪ੍ਰੰਤੂ ਇਥੇ ਤਾਂ ਬਾਦਲਾਂ ਦਾ ਗੁਨਾਹ, ਬਾਦਲਾਂ ਦਾ ਪਾਪ ਦਿਨ ਦੇ ਚਿੱਟੇ ਚਾਨਣ ਵਾਗੂੰ ਸਾਫ਼ ਹੈ। ਫਿਰ ਬਖ਼ਸ਼ਣ ਦੀ ਸੋਚ ਕਿਥੋ ਪੈਦਾ ਹੋ ਗਈ?

ਗੁਰਬਾਣੀ ਸਾਨੂੰ ਇਹ ਸਿਖਿਆ ਵੀ ਦਿੰਦੀ ਹੈ ਕਿ ਮਨੁੱਖ ਦੀ ਸੋਚ, ਉਮਰ ਦੇ ਕਿਸੇ ਪੜਾਅ ਤੇ ਬਦਲ ਸਕਦੀ ਹੈ। ਪ੍ਰੰਤੂ ਉਸਦੀ ਬਦਲੀ ਸੋਚ ਦਾ ਮਨੁੱਖਤਾ ਨੂੰ ਸਬੂਤ ਮਿਲਣਾ ਚਾਹੀਦਾ ਹੈ, ਗੁਰੂ ਤੇ ਸੰਗਤ ਦੋਵੇ ਬਖ਼ਸ਼ਣਹਾਰ ਹਨ। ਪ੍ਰੰਤੂ ਗੁਨਾਹ ਪ੍ਰਤੀ ਸੱਚੇ ਮਨੋ ਪਛਤਾਵਾ ਹੋਵੇ ਤੇ ਭੁੱਲ ਦੇ ਸੁਧਾਰ ਵੱਲ ਤੁਰਿਆ ਜਾਵੇ। ਜਿਸ ਆਰ.ਐਸ.ਐਸ. ਦੀ ਗੁਲਾਮੀ ਕਾਰਣ ਬਾਦਲਾਂ ਨੇ ਕੌਮ ਨਾਲ ਗ਼ਦਾਰੀ ਕੀਤੀ ਹੈ, ਉਸ ਨਾਲ ਗੱਠਜੋੜ ਦਾ ਢੰਡੋਰਾ ਬਾਦਲ ਇਹ ਉਪਰੋਕਤ ਸਿਖਿਆ ਦੇਣ ਦੇ ਅਗਲੇ ਦਿਨ ਹੀ ਦਿੰਦਾ ਹੈ। ਜਿਸ ਤੋਂ ਸਾਫ਼ ਹੈ ਕਿ ਕੌਮ ਪ੍ਰਤੀ ਗ਼ਦਾਰੀ ਬਾਦਲਾਂ ਦੇ ਖੂਨ ‘ਚ ਰੱਚ ਚੁੱਕੀ ਹੈ, ਜਿਸਨੂੰ  ਹੁਣ ਵੱਖ ਨਹੀਂ ਕੀਤਾ ਜਾ ਸਕਦਾ। ਜਿਸ ਕਾਰਣ ਬਾਦਲ ਸਾਬ, ਦੇ ਇਹ ਧਾਰਮਿਕ ਭਾਸ਼ਣ ਡਰਾਮੇਬਾਜ਼ੀ ਤੋਂ ਵੱਧ ਕੁਝ ਨਹੀਂ ਜਾਪਦੇ।

Editorial
Jaspal Singh Heran

International