ਸਿੱਖਾਂ ਦਾ ਇਤਿਹਾਸ ਤੇ ਵਿਰਸਾ ਖ਼ਤਮ ਕਰਨ ਦੀ ਕੋਸ਼ਿਸ਼ਾਂ....

ਜਸਪਾਲ ਸਿੰਘ ਹੇਰਾਂ
ਪਹਿਰੇਦਾਰ ਕੌਮ ਨੂੰ ਜਗਾਉਣ ਲਈ ਨਿਰੰਤਰ ਹੋਕਾ ਦਿੰਦਾ ਆ ਰਿਹਾ ਹੈ, ਸਿੱਖ ਦੁਸ਼ਮਣ ਤਾਕਤਾਂ ਸਿੱਖਾਂ ਤੋਂ ਉਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਤੇ ਸਮਰਪਿਤ ਭਾਵਨਾ, ਗੁਰਬਾਣੀ, ਸਿੱਖ ਸਿਧਾਂਤਾਂ, ਪ੍ਰੰਪਰਾਵਾਂ, ਮਰਿਆਦਾ, ਵਿਰਸਾ, ਬੋਲੀ ਤੇ ਮਾਤ-ਭੂਮੀ ਖੋਹਣਾ ਚਾਹੁੰਦੀਆਂ ਹਨ। ਉਨ੍ਹਾਂ ਨੇ 2070 ਤੱਕ ਸਿੱਖੀ ਦੇ ਖ਼ਾਤਮੇ ਦੇ ਆਪਣੇ ਏਜੰਡੇ ਤੇ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਹੋਇਆ ਹੈ। ਬੇਅਦਬੀ ਕਾਂਡ ਨਾਲ ਗੁਰੂ ਤੇ ਸਿੱਖ 'ਚ ਜਿਹੜਾ ਸ਼ਰਧਾ ਤੇ ਗੁਰੂ ਨੂੰ ਸਰਬ ਸਮਰੱਥ ਮੰਨਣ ਦਾ ਸਿੱਖ ਦਾ ਪੱਕਾ ਭਰੋਸਾ ਹੈ। ਉਸਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰਬਾਣੀ, ਸਿੱਖ ਇਤਿਹਾਸ, ਸਿੱਖ ਵਿਰਸੇ 'ਚ ਮਿਲਾਵਟ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ। ਸਿੱਖੀ ਸਰੂਪ ਵਾਲੇ ਹਿੰਦੂਤਵੀਆਂ ਦੀ ਸਿੱਖੀ 'ਚ ਘੁਸਪੈਠ ਕਰਵਾ ਕੇ, ਉਨ੍ਹਾਂ ਤੋਂ ਸਿੱਖ ਸਿਧਾਂਤਾਂ ਦੇ ਐਨ ਉਲਟ ਕਰਮਕਾਂਡ ਕਰਵਾਏ ਜਾ ਰਹੇ ਹਨ। ਹਿੰਦੂਤਵ ਦੀ ਜੈ-ਜੈ ਕਾਰ ਕਰਵਾਈ ਜਾ ਰਹੀ ਹੈ। ਹਾਲੇਂ ਦੋ ਦਿਨ ਪਹਿਲਾ ਗਣਪੱਤੀ ਭੱਪਾ ਮੋਰੀਆ ਦੇ ਨਾਅਰੇ ਲਾਉਂਦੇ ਤਿਲਕਧਾਰੀ ਸਿੱਖਾਂ ਨੂੰ ਟੀ.ਵੀ ਚੈਨਲਾਂ ਤੇ ਖੂਬ ਲਿਸ਼ਕਾਇਆ ਗਿਆ ਹੈ। ਕਿਸੇ ਕੌਮ ਦੇ ਖ਼ਾਤਮੇ ਲਈ ਉਸਦੇ ਸਿਧਾਂਤ ਤੇ ਇਤਿਹਾਸ ਨਾਲ ਖਿਲਵਾੜ ਕਰਨਾ ਹੁੰਦਾ ਹੈ, ਉਹ ਅੱਜ ਸਿੱਖ ਕੌਮ ਨਾਲ ਵਾਪਰ ਰਿਹਾ ਹੈ।

ਖੈਰ! ਅੱਜ ਅਸੀਂ ਹਿੰਦੂਤਵ ਵੱਲੋਂ ਸਿੱਖੀ ਦੀਆਂ ਉਹ ਯਾਦਗਾਰਾਂ ਜਿਹੜੀਆਂ ਜਗਤ ਬਾਬਾ ਗੁਰੂ ਨਾਨਕ ਪਾਤਸ਼ਾਹ ਦੀ ਇਨਕਲਾਬੀ ਸੋਚ ਦਾ ਸੁਨੇਹਾ ਦਿੰਦੀਆਂ ਹਨ, ਹਿੰਦੂਤਵ ਦੇ ਆਡੰਬਰ ਦਾ ਭਾਂਡਾ ਚੌਰਾਹੇ 'ਚ ਭੰਨਦੀਆਂ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਖ਼ਤਮ  ਕਰਨ ਦੇ ਕੀਤੇ ਜਾ ਰਹੇ ਕੋਝੇ ਯਤਨਾਂ  ਦਾ ਜਿਕਰ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਹਿੰਦੂਆਂ ਦੇ ਕੇਂਦਰੀ ਧਾਰਮਿਕ ਅਸਥਾਨ ਹਰਿਦੁਆਰ 'ਚ ਲੱਗਦੇ ਕੁੰਭ ਦੇ ਮੇਲੇ ਸਮੇਂ ਉਥੇ ਜਾ ਕੇ ਹਿੰਦੂਆਂ ਦੀ ਪਿਤਰ ਪੂਜਣ ਦੀ ਪਰੰਪਰਾ ਦਾ ਖੰਡਨ ਕੀਤਾ ਸੀ ਅਤੇ ਮਾਖੌਲ ਵੀ ਉਡਾਇਆ ਸੀ। ਆਪਣੀ ਇਸ ਪ੍ਰੰਪਰਾ ਦੇ ਖੰਡਨ ਨੂੰ ਹਿੰਦੂਤਵੀ ਹਜ਼ਮ ਨਹੀਂ ਕਰ ਰਹੇ ਸਨ। ਉਨ੍ਹਾਂ ਨੇ ਇਸ ਖੰਡਨ ਦੀ ਯਾਦ ਕਰਵਾਉਂਦੀ, ਗੰਗਾ ਕਿਨਾਰੇ ਗੁਰੂ ਨਾਨਕ ਸਾਹਿਬ ਦੀ ਹਰਿਦੁਆਰ ਫੇਰੀ ਨੂੰ ਸਮਰਪਿਤ ਯਾਦਗਾਰ, ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਰੂਪ 'ਚ ਸਥਾਪਿਤ ਕੀਤੀ। ਧਰੋਹਰ ਨੂੰ, ਆਲੋਪ ਕਰਵਾ ਦਿੱਤਾ।

ਸਿੱਖਾਂ ਵੱਲੋਂ ਮਾੜਾ-ਮੋਟਾ ਵਿਰੋਧ ਕਰਨ ਤੇ ਹਿੰਦੂਤਵੀ ਤਾਕਤਾਂ ਤੇ ਸਰਕਾਰਾਂ ਇਸ ਪਵਿੱਤਰ ਯਾਦਗਾਰ ਨੂੰ ਕਿਸੇ ਬਦਲਵੇਂ ਸਥਾਨ ਤੇ ਸਥਾਪਿਤ ਕਰਨ ਦੀ ਹਾਮੀ ਤਾਂ ਭਰਦੇ ਹਨ, ਪ੍ਰੰਤੂ ਮੂਲ ਥਾਂ ਤੇ ਕਿਸੇ ਵੀ ਕੀਮਤ ਤੇ ਉਸਾਰਨ ਲਈ ਤਿਆਰ ਨਹੀਂ ਹਨ। ਹੁਣ ਹਿੰਦੂ ਧਰਮ ਦੇ ਇਕ ਹੋਰ ਧਾਰਮਿਕ ਕੇਂਦਰ ਜਗਨਨਾਥਪੁਰੀ, ਜਿਥੇ ਪੁੱਜ ਕੇ ਗੁਰੂ ਨਾਨਕ ਸਾਹਿਬ ਨੇ ਹਿੰਦੂਆਂ ਦੀ ਇੱਕ ਹੋਰ ਧਾਰਮਿਕ ਰੀਤ, ਆਰਤੀ ਦਾ ਖੰਡਨ ਕੀਤਾ ਸੀ, ਉਥੇ ਸਥਿਤ ਗੁਰੂ ਨਾਨਕ ਸਾਹਿਬ ਦੀ ਯਾਦ ਕਰਵਾਉਂਦੇ  ''ਮੰਗੂ ਮੱਠ'' ਨੂੰ ਢਾਹੁੰਣ ਦੀਆਂ ਤਿਆਰੀਆਂ ਕਰ ਲਈਆਂ ਹਨ। ਭਾਵੇਂ ਕਿ ਸਿੱਖਾਂ ਨੇ ਜਗਨਨਾਥ ਪੁਰੀ 'ਚ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਆਲੀਸ਼ਾਨ ਗੁਰਦੁਆਰਾ ਸਾਹਿਬ ਸਥਾਪਿਤ ਕਰ ਲਏ ਹਨ, ਪ੍ਰੰਤੂ ਇਹ ਪ੍ਰਾਚੀਨ ਮੱਠ ਜਿਹੜਾ ਮੁੱਖ ਮੰਦਰ ਦੇ ਨਾਲ ਹੈ, ਉਸਨੂੰ ਢਾਹੁੰਣ ਦੀ ਤਿਆਰੀ ਹੈ।

ਗੁਰਦੁਆਰਾ ਡਾਂਗਮਾਰ ਸਾਹਿਬ,ਸਿੱਕਮ ਅਤੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਲੇਹ-ਲਦਾਖ  'ਚ ਸਥਿਤ ਗੁਰਦੁਆਰਾ ਸਾਹਿਬ ਦੀ ਹੋਂਦ ਮਿਟਾਈ ਜਾ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਦੁਨੀਆ ਦੇ ਇਕੋ-ਇਕ ਰਹਿਬਰ ਹਨ, ਜਿਨ੍ਹਾਂ ਨੇ ਦੇਸ਼-ਵਿਦੇਸ਼ 'ਚ ਹਜ਼ਾਰਾਂ ਮੀਲਾਂ ਦਾ ਪੈਂਡਾ ਮਾਰ ਕੇ , ਦੁੱਖੀ ਮਾਨਵਤਾ ਦੀ ਸਾਰ ਲਈ ਅਤੇ ਉਨ੍ਹਾਂ ਨੂੰ ਉਸ ਸਮੇਂ ਹੁੰਦੀ ਧਾਰਮਿਕ ਲੁੱਟ ਤੋਂ ਬਚਾਉਣ ਦਾ ਉਪਰਾਲਾ ਕੀਤਾ। ਪਰ ਧਾਰਮਿਕ ਲੁਟੇਰੇ ਅੱਜ ਵੀ ਹਨ। ਹੁਣ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲੇ  ਪੰਥ 'ਚ ਘੁਸਪੈਠ ਵੀ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੀ ਸੱਚ ਦੀ ਬਾਣੀ ਹਜ਼ਮ ਨਹੀਂ ਹੁੰਦੀ, ਬਰਦਾਸ਼ਤ ਨਹੀਂ ਹੁੰਦੀ। ਭਾਵੇਂ ਕਿ ਸਿੱਖ ਲਈ ਸ਼ਬਦ ਗੁਰੂ ਹੈ, ਪ੍ਰੰਤੂ ਕੌਮੀ ਸਭਿਅਤਾ ਦੀ ਕਾਇਮੀ ਲਈ ਵਿਰਾਸਤ ਤੇ ਇਤਿਹਾਸ ਨੂੰ ਸੰਭਾਲਣਾ ਬੇਹੱਦ ਜ਼ਰੂਰੀ ਹੈ। ਜੇ ਅਸੀਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਸੰਭਾਲ ਨਾ ਸਕੇ ਤਾਂ ਬਤੌਰ ਕੌਮ ਜਿਊਂਦੇ ਰਹਿਣਾ ਸੰਭਵ ਨਹੀਂ ਹੈ।

ਪਹਿਰੇਦਾਰ ਨੇ ਹਮੇਸ਼ਾਂ ਹੋਕਾ ਦਿਤਾ ਹੈ ਕਿ ਦੁਸ਼ਮਣ ਬੇਹੱਦ ਚਲਾਕ, ਮਕਾਰ, ਸ਼ੈਤਾਨ  ਅਤੇ ਸਾਧਨਾਂ ਵਾਲਾ ਹੈ। ਉਸਨੇ ਇਕ ਏਜੰਡਾ ਤੈਅ ਕੀਤਾ ਹੋਇਆ ਹੈ, ਪ੍ਰੰਤੂ ਦੂਜੇ ਪਾਸੇ ਸਿੱਖ ਕੌਮ ਖੱਖੜੀਆ-ਕਰੇਲੇ ਹੈ। ਕੌਮ ਤੇ ਹੋ ਰਹੇ ਹੱਲਿਆ ਸਮੇਂ ਵੀ ਕੌਮ  ਇੱਕ-ਜੁੱਟ ਨਹੀਂ ਹੁੰਦੀ। ਜਿਸ ਕਾਰਣ ਸਿੱਖ ਦੁਸ਼ਮਣ ਤਾਕਤ ਸਿੱਖ ਨੂੰ ਨਿਗਲਣ ਲੱਗੀਆਂ ਹੋਈਆਂ ਹਨ। ਹਿੰਦੂਤਵੀ ਤਾਕਤਾਂ ਵੱਲੋਂ ਕੀਤਾ ਜਾ ਰਹੇ ਇਨ੍ਹਾਂ ਕਾਰਿਆਂ ਨੂੰ ਹੁਣ ਕੌਮ ਦੀ ਜ਼ਮੀਰ ਦੀ ਜਾਂਚ ਕਰਨ ਵਾਲੇ ਟੀਕੇ ਨਹੀਂ ਸਮਝਿਆ ਜਾਣਾ ਚਾਹੀਦਾ। ਇਹ ਤਾਂ ਹਿੰਦੂਤਵੀਆਂ ਦੇ ਏਜੰਡੇ ਦੀ ਪ੍ਰਾਪਤੀ  ਦੇ ਹਥਿਆਰ ਹਨ। ਇਸ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਆਗਮਨ ਪੁਰਬ ਤੇ ਸ਼ਰਧਾ ਵਿਖਾਉਣ ਦੇ ਪਾਖੰਡ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੀਆਂ ਇਨਕਲਾਬੀ ਸੁਨੇਹੇ ਦੇਣ ਵਾਲੀਆਂ ਯਾਦਗਾਰਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

ਅਜਿਹੀਆਂ ਮਾਰੂ ਕਾਰਵਾਈਆਂ ਵਿਰੁੱਧ ਹੁਣ ਬਿਆਨ ਦੇਕੇ ਕੰਮ ਨਹੀਂ ਚੱਲਣਾ। ਲੋੜ ਹੈ ਦੁਸ਼ਮਣ ਧਿਰਾਂ ਨੂੰ ਅਹਿਸਾਸ ਕਰਵਾਉਣ ਦੀ ਕਿ ਸਿੱਖ ਕੌਮ  ਹਾਲੇ ਜਿਊਂਦੀ ਹੈ, ਜਾਗਦੀ ਹੈ, ਗੁਰੂ ਦੇ ਸਿਧਾਤਾਂ ਤੇ ਯਾਦਗਾਰਾਂ ਦੀ ਰਾਖੀ ਕਰਨ ਦੇ ਸਮਰੱਥ ਹੈ।

Editorial
Jaspal Singh Heran

International