ਅਜਨਾਲਾ 'ਚ ਪੁਲਿਸ ਦੇ ਕੁਟਾਪੇ ਬਾਰੇ ਕੈਪਟਨ ਦਾ ਵੱਡਾ ਐਕਸ਼ਨ

ਏ ਐਸ ਆਈ ਸਣੇ 5 ਪੁਲਿਸ ਮੁਲਾਜ਼ਮ ਬਰਖ਼ਾਸਤ

ਅੰਮ੍ਰਿਤਸਰ 14 ਸਤੰਬਰ (ਚਰਨਜੀਤ ਸਿੰਘ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਏ ਐਸ ਆਈ ਸਮੇਤ ਪੁਲਿਸ ਦੇ 5 ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਦਰਅਸਲ ਬੀਤੇ ਦਿਨ ਤਹਿਸੀਲ ਅਜਨਾਲਾ ਦੀ ਪੁਲਿਸ ਨਸ਼ੇ ਨਾਲ ਸਬੰਧਤ ਕੇਸ ਤਹਿਤ ਪਿੰਡ ਚੋਗਾਵਾਂ ਦੇ ਇੱਕ ਘਰ ਵਿੱਚ ਛਾਪਾ ਮਾਰਨ ਗਈ ਸੀ ਜਿੱਥੇ ਪਰਿਵਾਰ ਨੇ ਥਾਣੇਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੌਰਾਨ ਮੌਕੇ 'ਤੇ ਮੌਜੂਦ ਬਾਕੀ ਪੁਲਿਸ ਮੁਲਾਜ਼ਮ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਰਹੇ ਪਰ ਕੋਈ ਕਾਰਵਾਈ ਨਹੀਂ ਕੀਤੀ। ਇਸੇ ਕਰਕੇ ਕੈਪਟਨ ਨੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ, ਜਿਨ੍ਹਾਂ ਵਿੱਚ ਇੱਕ ਏ ਐਸ ਆਈ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਥਾਣੇਦਾਰ 'ਤੇ ਹਮਲਾ ਕਰਨ ਵਾਲੇ ਲੋਕਾਂ ਨੂੰ ਵੀ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਆਪਣੀ ਸੀਨੀਅਰ ਅਫ਼ਸਰ ਨੂੰ ਛੁਡਾਉਣ ਦੀ ਬਜਾਏ ਮੌਕੇ 'ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਦਾ ਮੂਕ ਦਰਸ਼ਕ ਬਣਨਾ ਮੰਦਭਾਗਾ ਹੈ। ਇਸ ਲਈ ਮੁਲਜ਼ਮ ਡਿਸਮਿਸ ਕੀਤੇ ਜਾਂਦੇ ਹਨ। ਕੈਪਟਨ ਨੇ ਕਿਹਾ ਕਿ ਅਜਿਹਾ ਵਤੀਰਾ ਬਿਲਕੁਲ ਬਰਦਾਸ਼ਤ ਨਹੀਂ। ਦੱਸ ਦੇਈਏ ਛਾਪਾ ਮਾਰਨ ਗਏ ਇੰਸਪੈਕਟਰ ਝਿਲਮਿਲ ਸਿੰਘ ਤੇ ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਪਰਿਵਾਰ ਨੇ ਫੜ ਲਿਆ ਉਨ੍ਹਾਂ ਨੂੰ ਖੂਬ ਕੁਟਾਪਾ ਚਾੜ੍ਹਿਆ। ਲੱਤਾਂ-ਮੁੱਕਿਆਂ ਨਾਲ ਕੁੱਟਮਾਰ ਕਰਨ ਤੋਂ ਬਾਅਦ ਪਰਿਵਾਰ ਨੇ ਸਬ ਇੰਸਪੈਕਟਰ ਨੂੰ ਬੰਧਕ ਬਣਾ ਲਿਆ। ਪੁਲਿਸ ਇੰਸਪੈਕਟਰ ਝਿਲਮਿਲ ਸਿੰਘ ਮੁਤਾਬਕ ਉਨ੍ਹਾਂ ਨੂੰ ਨਸ਼ੇ ਸਬੰਧੀ ਸੂਚਨਾ ਮਿਲੀ ਸੀ। ਇਸ ਪਿੱਛੋਂ ਉਹ ਤੁਰੰਤ ਉੱਥੇ ਪਹੁੰਚੇ ਪਰ ਉਲਟਾ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ। ਪੁਲਿਸ ਨੂੰ ਜਾਨ ਬਚਾਉਣ ਲਈ ਭੱਜਣਾ ਪਿਆ।

ਉੱਧਰ ਪਰਿਵਾਰ ਨੇ ਕਿਹਾ ਹੈ ਕਿ ਪੁਲਿਸ ਉਨ੍ਹਾਂ 'ਤੇ ਕਾਂਗਰਸ ਪਾਰਟੀ ਦਾ ਹੱਥ ਫੜਨ ਲਈ ਦਬਾਅ ਪਾ ਰਹੀ ਹੈ ਤੇ ਵਾਰ-ਵਾਰ ਉਨ੍ਹਾਂ ਘਰ ਰੇਡ ਕੀਤੀ ਜਾ ਰਹੀ ਹੈ। ਉਹ ਇਸ ਤੋਂ ਪ੍ਰੇਸ਼ਾਨ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਉਨ੍ਹਾਂ 'ਤੇ ਨਸ਼ਾ ਵੇਚਣ ਦਾ ਝੂਠਾ ਇਲਜ਼ਾਮ ਲਾ ਰਹੀ ਹੈ। ਇਸ ਬਾਰੇ ਪਿੰਡ ਵਾਲਿਆਂ ਦਾ ਵੀ ਇਹੀ ਕਹਿਣਾ ਹੈ ਕਿ ਪੁਲਿਸ ਸਿਆਸੀ ਰੰਜ਼ਿਸ਼ ਦੇ ਤਹਿਤ ਪਰਿਵਾਰ ਨਾਲ ਧੱਕੇਸ਼ਾਹੀ ਕਰ ਰਹੀ ਹੈ ਜਿਸ ਦੀ ਜਾਂਚ ਹੋਣੀ ਲਾਜ਼ਮੀ ਹੈ।

Unusual
Punjab Police
Capt Amarinder Singh
PUNJAB
Punjab Government

International