ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਕੁਦਰਤੀ ਵਾਤਾਵਰਨ ਮਹਿਕੇਗਾ

ਅੰਮ੍ਰਿਤਸਰ 2 ਅਕਤੂਬਰ (ਚਰਨਜੀਤ ਸਿੰਘ) ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾਂ ਦੇ ਵਰਾਂਡਿਆਂ 'ਤੇ ਟੀਕੋਮਾਂ ਦੇ ਫੁੱਲਾਂ ਨੇ ਵਾਤਾਵਰਨ ਨੂੰ ਹਰਿਆਵਲ ਦੇ ਨਾਲ ਨਾਲ  ਮਨਮੋਹਕ ਵੀ ਬਣਾ ਦਿੱਤਾ ਹੈ। ਇਨ੍ਹਾਂ ਦਿਨਾਂ ਦੇ ਵਿਚ ਟੀਕੋਮਾਂ ਦੇ ਫੁੱਲਾਂ ਨੇ ਜਿਥੇ ਆਪਣੇ ਰੰਗ ਬਿਖੇਰੇ ਹਨ , ਉਥੇ ਹੀ ਆਉਣ ਵਾਲੇ ਦਿਨਾਂ ਵਿਚ ਸ੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿਚੋ ਹਰੀਆਂ ਭਰੀਆਂ ਵੇਲਾਂ ਵੀ ਦਿਖਾਈ ਦੇਣਗੀਆਂ। ਇਸ ਦੇ ਨਾਲ ਹੀ ਵਿਸ਼ੇਸ਼ ਕਿਸਮ ਦੇ ਅੰਬਾਂ ਦੇ ਬੂਟੇ ਵੀ ਪਰਕਰਮਾਂ ਵਿਚ ਸੰਗਤ ਦੀ ਨਜ਼ਰ ਪੈਣਗੇ। ਸ਼੍ਰੋਮਣੀ ਕਮੇਟੀ ਵੱਲੋਂ ਇਸ ਦੀ ਸ਼ੁਰੂਆਤ ਬੀਤੇ ਦਿਨੀਂ ਕੀਤੀ ਗਈ ਸੀ। ਇਥੇ ਇਹ ਵੀ ਦਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵੇਲਾਂ ਦੇ ਬੂਟੇ ਪਰਿਕਰਮਾਂ ਦੇ ਵਰਾਂਡਿਆਂ ਦੀ ਦੂਸਰੀ ਮੰਜ਼ਿਲ 'ਤੇ ਲਗਾਏ ਗਏ ਹਨ। ਹਰਿਆਵਲ ਭਰਪੂਰ ਫੁੱਲਦਾਰ ਵੇਲਾਂ ਦੀ ਸੇਵਾ ਆਈਐਚਏ ਫਾਊਂਡੇਸ਼ਨ ਕਲਕੱਤਾ ਦੇ ਚੇਅਰਮੈਨ ਡਾ. ਸਤਨਾਮ ਸਿੰਘ ਆਹਲੂਵਾਲੀਆ ਵੱਲੋਂ ਅੰਮ੍ਰਿਤਸਰ ਦੇ ਸ੍ਰ ਹਰਮੀਤ ਸਿੰਘ ਸਲੂਜਾ ਰਾਹੀ  ਕੀਤੀ ਗਈ ਸੀ, ਜਦਕਿ ਅੰਬਾਂ ਦੇ ਬੂਟੇ ਵਾਤਾਵਰਨ ਪ੍ਰੇਮੀ ਸਵਾਮੀ ਜੀ ਹੁਸ਼ਿਆਰਪੁਰ ਵਾਲਿਆਂ ਨੇ ਭੇਟ ਕੀਤੇ ਹਨ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਬੇਸ਼ੱਕ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਵੱਡਅਕਾਰੀ ਗਮਲਿਆਂ ਅੰਦਰ ਪਹਿਲਾਂ ਵੀ ਬੂਟੇ ਲਗਾਏ ਗਏ ਹਨ, ਇਨ੍ਹਾਂ ਵਿਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਲਕੱਤਾ ਵਾਸੀ ਡਾ. ਸਤਨਾਮ ਸਿੰਘ ਆਹਲੂਵਾਲੀਆ ਵੱਲੋਂ ਜੈਸਮੀਨ, ਚਮੇਲੀ, ਮਧੁਮਾਲਤੀ, ਕਲੋਰੋਟਨਡਨ ਅਤੇ ਟੀਕੋਮਾਂ ਕਿਸਮ ਦੀਆਂ ਵੇਲਾਂ ਦੀ ਸੇਵਾ ਕੀਤੀ ਸੀ। ਇਹ ਵੇਲਾਂ ਪਰਿਕਰਮਾ ਦੇ ਵਰਾਂਡਿਆਂ ਦੀ ਦੂਸਰੀ ਮੰਜ਼ਿਲ 'ਤੇ ਵਿਸ਼ੇਸ਼ ਗਮਲਿਆਂ ਵਿਚ ਲਗਾਈਆਂ ਗਈਆਂ ਹਨ, ਜੋ ਵੱਖ-ਵੱਖ ਮੌਸਮਾਂ ਵਿਚ ਹਰਿਆਵਲ ਦੇਣਗੀਆਂ। ਉਨ੍ਹਾਂ ਦੱਸਿਆ ਕਿ ਹਰ ਇਕ ਗਮਲੇ ਅੰਦਰ ਵੱਖ-ਵੱਖ ਕਿਸਮ ਦੀਆਂ ਚਾਰ-ਚਾਰ ਵੇਲਾਂ ਲਗਾਈਆਂ ਗਈਆਂ ਹਨ, ਤਾਂ ਜੋ ਆਪੋ-ਆਪਣੇ ਮੌਸਮ ਵਿਚ ਨਿਰੰਤਰ ਖਿੜੀਆਂ ਰਹਿਣ। ਫਿਲਹਾਲ ਵੇਲਾਂ ਦੇ 60 ਬੂਟੇ ਲਗਾਏ ਗਏ ਹਨ, ਜਿਨ੍ਹਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਰਕਰਮਾਂ ਅੰਦਰ ਅੰਬਾਂ ਦੇ ਬੂਟੇ ਵੀ ਲਗਾਏ ਗਏ ਹਨ, ਜੋ ਅਮਰਪਾਲੀ ਕਿਸਮ ਦੇ ਹਨ। ਉਨ੍ਹਾਂ ਦੱਸਿਆ ਕਿ ਅੰਬਾਂ ਦੇ ਬੂਟਿਆਂ ਦੀ ਸੇਵਾ ਹੁਸ਼ਿਆਰਪੁਰ ਵਾਸੀ ਵਾਤਾਵਰਨ ਪ੍ਰੇਮੀ ਸਵਾਮੀ ਜੀ ਕਰਵਾ ਰਹੇ ਹਨ। ਇਹ ਅੰਬਾਂ ਦੇ ਬੂਟੇ ਝਾੜੀ ਦੀ ਤਰ੍ਹਾਂ ਹੋਣਗੇ ਅਤੇ ਕੇਵਲ 5 ਤੋਂ 6 ਫੁੱਟ ਦੀ ਉਚਾਈ ਤੱਕ ਰਹਿਣਗੇ।

ਮੁੱਖ ਸਕੱਤਰ ਨੇ ਇਹ ਵੀ ਦੱਸਿਆ ਹੈ ਕਿ ਪਰਿਕਰਮਾਂ ਅੰਦਰ ਐਰੋਕੇਰੀ ਦੇ ਬੂਟੇ ਵੀ ਲਗਾਏ ਗਏ ਹਨ। ਇਹ ਹਰ ਮੌਸਮ ਵਿਚ ਹਰਿਆਵਲ ਬਿਖੇਰਨਗੇ। ਇਨ੍ਹਾਂ ਦੀ ਖਾਸੀਅਤ ਹੈ ਕਿ ਇਹ ਹਰ ਸਮੇਂ ਆਕਸੀਜਨ ਵੰਡਦੇ ਹਨ। ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਬੂਟੇ ਲਗਾਉਣ ਦਾ ਮੰਤਵ ਸੰਗਤ ਅੰਦਰ ਵਾਤਾਵਰਨ ਦੀ ਸ਼ੁਧਤਾ ਸਬੰਧੀ ਚੇਤਨਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਅੰਦਰ ਵਰਟੀਕਲ ਗਾਰਡਨ ਅਤੇ ਰੂਪ ਗਾਰਡਨ ਵੀ ਲਗਾਏ ਜਾ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਇਥੇ ਲਗਾਏ ਗਏ ਬੂਟਿਆਂ ਕਾਰਨ ਜਿਥੇ ਸੰਗਤ ਨੂੰ ਤਪਸ਼ ਅਤੇ ਲਿਸ਼ਕੋਰ ਤੋਂ ਛੁਟਕਾਰਾ ਮਿਲੇਗਾ, ਉਥੇ ਹੀ ਵਾਤਾਵਰਨ ਸਬੰਧੀ ਭਰਪੂਰ ਅਤੇ ਹਰਿਆ-ਭਰਿਆ ਬਣੇਗਾ।

Golden Temple
Sikhs

International