ਬਗਾਨਿਆਂ ਦੇ ਘਨੇੜੇ ਚੜ੍ਹਨ ਵਾਲ੍ਹਿਆਂ ਦਾ ਇਹੋ ਹਸ਼ਰ ਹੁੰਦਾ ਹੈ...

ਜਸਪਾਲ ਸਿੰਘ ਹੇਰਾਂ
ਕਹਿੰਦੇ ਹੁੰਦੇ ਹਨ ਕਿ ਬਿਗਾਨਿਆਂ ਨਾਲੋ ਆਪਣਿਆਂ ਦੀ ਦੁਸ਼ਮਣੀ ਵੀ ਚੰਗੀ ਹੁੰਦੀ ਹੈ ਕਿਉਂਕਿ ਜੇ ਆਪਣਾ ਮਾਰੂੰਗਾ ਵੀ ਤਾਂ ਘੱਟੋ ਘੱਟ ਛਾਵੇਂ ਸੁੱਟੇਗਾ। ਪ੍ਰੰਤੂ ਦੁਸ਼ਮਣ, ਤਰਸ ਨਹੀ ਕਰਦਾ। ਪਤਾ ਨਹੀਂ, ਬਾਦਲਕਿਆਂ ਨੂੰ ਇਹ ਅਹਿਸਾਸ ਹੋ ਰਿਹਾ ਹੈ ਜਾਂ ਨਹੀਂ। ਹੁਣ ਜਦੋਂ ਲਗਭਗ ਇਹ ਸਾਫ਼ ਹੋ ਚੁੱਕਾ ਹੈ ਕਿ ਭਾਜਪਾ ਦੀ ਨਜ਼ਰ ਪੰਜਾਬ ਤੇ ਹੈ, ਉਹ 2022 'ਚ ਪੰਜਾਬ 'ਚ ਵੀ ਭਗਵਾਂ ਝੰਡਾ ਲਹਿਰਾਉਣ ਚਾਹੁੰਦੀ ਹੈ ਅਤੇ ਉਸਦਾ ਝੰਡਾ ਫੜ੍ਹਨ ਵਾਲੇ ਸਿੱਖੀ ਸਰੂਪ ਵਾਲੇ ਭੇਖੀ ਸਿੱਖ ਆਗੂਆਂ ਦੀ ਕੋਈ ਘਾਟ ਨਹੀਂ। ਫ਼ਿਰ ਉਹ ਰਾਜਸੀ ਤੌਰ ਤੇ ਸਿੱਖ ਪੰਥ 'ਚੋ ਖਾਰਜ ਕੀਤੇ ਜਾ ਚੁੱਕੇ, ਬਾਦਲਕਿਆਂ ਦੀ ਰਾਜਸੀ ਲਾਸ਼ ਨੂੰ ਆਪਣੇ ਮੋਢਿਆਂ ਤੇ ਕਿਉਂ ਚੁੱਕੀ ਰੱਖੂਗੀ? ਬਾਦਲਕਿਆਂ ਦੀ ਵਰਤੋਂ ਸਿੱਖੀ ਤੇ ਸਿੱਖ ਸਿਧਾਤਾਂ ਦੇ ਘਾਣ ਲਈ ਕੀਤੀ ਗਈ ਤੇ ਹੁਣ ਭਾਜਪਾ ਨੂੰ ਬਾਦਲਕੇ ਬਹੁਤੇ ਲੋੜੀਦੇ ਨਹੀਂ ਰਹੇ। ਇਸ ਲਈ ਭਾਜਪਾ ਨੇ ਪੰਜਾਬ ਨੂੰ ਸਿੱਧੇ ਰੂਪ 'ਚ ਆਪਣੇ ਕਬਜ਼ੇ 'ਚ ਕਰ ਲੈਣ ਦਾ ਫੈਸਲਾ ਲਗਭਗ ਕਰ ਲਿਆ ਹੈ। ਪਹਿਲਾ ਭਾਜਪਾ ਨੇ ਬਾਦਲ  ਦਲ ਨੂੰ ਦਿੱਲੀ 'ਚ ਬਾਦਲਕਿਆਂ ਦੇ ਚੋਣ ਨਿਸ਼ਾਨ ਤੇ ਚੋਣ ਲੜ੍ਹਨ ਦੀ ਆਗਿਆ ਨਹੀਂ ਦਿੱਤੀ ਤੇ ਹੁਣ ਹਰਿਆਣਾ 'ਚ ਕੋਈ ਵੀ ਸੀਟ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ। ਭਾਵੇਂ ਕਿ ਅਸੀਂ ਹਾਲੇ ਵੀ ਹਰਿਆਣੇ 'ਚ ਭਾਜਪਾ ਤੇ ਬਾਦਲ ਦਲ ਦੇ ਤੋੜ-ਵਿਛੋੜ ਪਿੱਛੇ ਕਿਸੇ ਰਾਜਸੀ ਡਰਾਮੇ ਦੀ ਕੰਨਸ਼ੋਅ ਮਹਿਸੂਸ ਕਰ ਰਹੇ ਹਾਂ। ਪ੍ਰੰਤੂ ਜਿਸ ਤਰ੍ਹਾਂ ਸੁਖਬੀਰ ਬਾਦਲ ਤਾਂਬੜਤੋੜ ਪ੍ਰਤੀਕ੍ਰਿਆ ਪ੍ਰਗਟਾ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਬਾਦਲ ਦਲ ਨੂੰ ਭਾਜਪਾ ਦੀ ਬੇਰੁੱਖੀ ਪਿੱਛੇ ਅਸਲ ਕਹਾਣੀ ਸਮਝ ਆ ਗਈ ਹੈ।

ਦੂਜੇ ਪਾਸੇ ਭਾਜਪਾ ਨੇ ਪੰਜਾਬ 'ਚ ਆਪਣੇ ਆਪ ਨੂੰ ਛੋਟੇ ਭਰਾ ਦੀ ਥਾਂ ਬਾਦਲ ਦਲ ਦਾ ਵੱਡਾ ਹੋਣ ਦਾ ਦਾਅਵਾ ਠੋਕ ਕੇ ਸਾਫ਼ ਕਰ ਦਿੱਤਾ ਹੈ ਕਿ ਉਸਨੇ ਤੋੜ ਵਿਛੋੜੇ ਦਾ ਰਾਹ ਡੂੰਘੀ ਸੋਚ ਵਿਚਾਰ ਤੋਂ ਬਾਅਦ ਅਪਨਾਇਆ ਹੈ।  ਹਰਿਆਣੇ 'ਚ ਫੁੱਟ ਦਾ ਸ਼ਿਕਾਰ ਹੋ ਚੁੱਕੀ ਚੌਟਾਲਿਆਂ ਦੀ ਪਾਰਟੀ 'ਚੋ ਬਾਦਲ ਨੇ ਇਨੈਲੋਂ ਨਾਲ ਚੋਣ ਗਠਜੋੜ ਕਰ ਲਿਆ ਹੈ। ਇਨੈਲੋਂ ਖ਼ੁਦ ਹੀ ਹਰਿਆਣੇ 'ਚ ਆਪਣੀ ਹੋਂਦ ਬਚਾਉਣ ਦੀ ਲੜ੍ਹਾਈ ਲੜ੍ਹ ਰਹੀ ਹੈ। ਫ਼ਿਰ ਡੁੱਬਦੀ ਬੇੜੀ ਬਾਦਲਾਂ ਨੂੰ ਭਲਾ ਕਿਵੇਂ ਪਰ ਲਾ ਸਕੇਗੀ। ਸੱਤਾ ਦੀ ਭੁੱਖ ਨੇ ਬਾਦਲਾਂ ਤੋਂ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਵਾਇਆ ਹੈ। ਕੌਮ ਨਾਲ ਕੀਤੀ ਇਸ ਗ਼ੱਦਾਰੀ ਕਾਰਣ, ਉਹ ਅੱਜ ਕੌਮ ਨਾਲੋ ਅਲੱਗ-ਥਲੱਗ ਹੋ ਚੁੱਕੇ ਹਨ ਅਤੇ ਭਾਜਪਾ ਵੀ ਸ਼ਾਇਦ ਇਹ ਮਹਿਸੂਸ ਕਰਨ ਲੱਗ ਪਈ ਹੈ ਕਿ ਬਾਦਲ ਹੁਣ ਚੂਪੇ ਹੋਏ ਅੰਬ ਵਰਗੇ ਹੋ ਗਏ ਹਨ, ਇਸ ਕਾਰਣ ਇੰਨ੍ਹਾਂ ਨੂੰ ਕੂੜੇਦਾਨ 'ਚ ਸੁੱਟਣ ਦਾ ਸਮਾਂ ਆ ਗਿਆ ਹੈ। ਭਾਵੇਂ ਭਾਜਪਾ ਹਾਲੇਂ ਪਿਛਲੱਗੂ ਭੇਖੀ ਸਿੱਖਾਂ ਦੀ ਭਾਲ ਨੂੰ ਪੂਰੀ ਹੋਣ ਤੱਕ ਬਾਦਲਕਿਆਂ ਨਾਲੋ ਪੱਕਾ ਤੋੜ-ਵਿਛੋੜਾ ਨਹੀਂ ਕਰੇਗੀ, ਪ੍ਰੰਤੂ ਉਹ ਤਿਆਰੀ 'ਚ ਜ਼ਰੂਰ ਲੱਗੀ ਹੋਈ ਹੈ। ਹੁਣ ਜਦੋਂ ਬਾਦਲਾਂ ਦਾ ਭਾਜਪਾ ਨਾਲੋ ਤੋੜ-ਵਿਛੋੜਾ ਹੋਵੇਗਾ, ਫ਼ਿਰ ਜਿਸ ਸੱਤਾਂ ਲਈ ਉਨ੍ਹਾਂ ਨੇ ਕੌਮ ਨਾਲ ਧੋਖਾ ਤੇ ਗ਼ੱਦਾਰੀ ਕੀਤੀ ਹੈ, ਉਸ ਸਮੇਂ ਕੌਮ ਤੋਂ ਬਿਨ੍ਹਾਂ ਬਾਦਲਾਂ ਦਾ ਸਹਾਰਾ ਕੌਣ ਬਣੇਗਾ? ਬਿਗਾਨਿਆਂ ਦੇ ਘਨੇੜੇ ਚੜ੍ਹਕੇ ਆਪਣਿਆਂ ਤੇ ਗੋਲੀ ਚਲਾਉਣ ਵਾਲ੍ਹਿਆਂ ਨੂੰ ਇਹ ਅਹਿਸਾਸ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਉਹ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਤਾਂ ਸਮਰੱਥ ਨਹੀਂ, ਫ਼ਿਰ ਆਪਣਿਆਂ ਨੂੰ ਮਾਰਕੇ ਪੂਰੀ ਤਰ੍ਹਾਂ ਬਿਗਨਿਆਂ ਦੇ ਰਹਿਮੋ-ਕਰਮ ਤੇ ਹੋ ਜਾਣਗੇ ਤੇ ਉਹ ਜਦੋਂ ਮਰਜ਼ੀ ਭੂੰਜੇ ਪਟਕਾ ਕੇ ਮਾਰ ਦੇਣ।

ਭਾਵੇਂ ਕਿ ਬਾਦਲ ਦਲ ਤੇ ਭਾਜਪਾ ਦੀ ਪੰਜਾਬ ਤਾਲਮੇਲ ਕਮੇਟੀ ਨੇ ਗੂੰਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਹੈ, ਪ੍ਰੰਤੂ ਇਸ ਨਾਲ ਦੋਵਾਂ ਧਿਰਾਂ 'ਚ ਪੈ ਚੁੱਕੀ ਤਰੇੜ੍ਹ ਸ਼ਾਇਦ ਮਟਾਈ ਨਹੀਂ ਜਾਂ ਸਕੇਗੀ। ਪੰਜਾਬ ਦੀ ਧਰਤੀ ਤੇ ਜਨਮ ਲੈਣ ਵਾਲੇ ਹਰ ਸਿੱਖ ਨੂੰ ਤਾਂ ਘੱਟੋ-ਘੱਟ ਇਸ ਸੋਚ ਦਾ ਪੱਕਾ ਧਾਰਨੀ ਹੋਣਾ ਚਾਹੀਦਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਇਹ ਗੁਰੂਆਂ ਦੇ ਨਾਮ ਵੱਸਦਾ ਹੈ, ਇਸ ਲਈ ਜਿਹੜਾ ਪੰਜਾਬ ਦੀ ਤਬਾਹੀ ਦਾ ਯਤਨ ਕਰੇਗਾ, ਉਸਦਾ ਆਪਣਾ ਕੱਖ ਨਹੀਂ ਰਹਿਣਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਿਸ ਜਰਵਾਣੇ ਨੇ ਪੰਜਾਬ ਨੂੰ ਮਿਟਾਉਣ ਦਾ ਯਤਨ ਕੀਤਾ ਉਸਦਾ ਨਾਮੋ ਨਿਸ਼ਾਨ ਇਸ ਧਰਤੀ ਤੋਂ ਮਿਟ ਗਿਆ। ਕੌਮ 'ਚ ਗ਼ਦਾਰ ਵੀ ਪੈਦਾ ਹੁੰਦੇ ਰਹੇ ਹਨ, ਪ੍ਰੰਤੂ ਗ਼ੱਦਾਰਾਂ ਦਾ ਹਸ਼ਰ ਹਮੇਸ਼ਾ ਮਾੜਾ ਰਿਹਾ ਹੈ, ਸੱਤਾ ਦੀ ਲਾਲਸਾ 'ਚ ਅੰਨ੍ਹੇ ਇਤਿਹਾਸ ਦੇ ਇੰਨਾਂ ਪੰਨਿਆਂ ਨੂੰ ਅਣਗੋਲਿਆਂ ਕਰ ਦਿੰਦੇ ਹਾਂ। ਅਸੀਂ ਸਮਝਦੇ ਹਾਂ ਕਿ ਕੁਦਰਤ ਨੇ ਬਾਦਲਾਂ ਨੂੰ ਸੱਚ ਦਾ ਸ਼ੀਸਾ ਵਿਖਾ ਦਿੱਤਾ ਹੈ। ਆਪਣਿਆਂ ਨਾਲ ਧੋਖਾ ਜਾਂ ਗ਼ੱਦਾਰੀ ਕਰਨ ਵਾਲੇ ਨੂੰ ਕੋਈ ਵੀ ਆਪਣਾ ਪੱਕਾ ਮਿੱਤਰ ਨਹੀਂ ਮੰਨਦਾ। ਭਾਜਪਾ ਦੇ ਇਸ ਝਟਕੇ ਤੋਂ ਬਾਦਲਕਿਆਂ ਨੂੰ ਕਿੰਨ੍ਹੀ ਕੁ ਹੋਸ਼ ਆਉਂਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਪ੍ਰੰਤੂ ਬਾਦਲਕੇ ਚਾਹ ਕੇ ਵੀ ਕੌਮ ਦੇ ਵਿਹੜੇ ਵਾਪਸੀ ਕਰ ਸਕਣਗੇ ਜਾਂ ਨਹੀਂ? ਇਹ ਵੀ ਸਮਾਂ ਹੀ ਦੱਸੇਗਾ। ਬਿਗਾਨਿਆਂ ਦੀ ਸ਼ਹਿ ਤੇ ਮੁੱਛਾਂ ਮੁੰਨਾਉਣ ਵਾਲ੍ਹਿਆਂ ਨੂੰ ਨਹੁੰ-ਮਾਸ ਤੇ ਪਤੀ-ਪਤਨੀ ਦੇ ਇਸ ਰਿਸ਼ਤੇ ਦੇ ਤੜੱਕ ਕਰਕੇ ਟੁੱਟਣ ਤੋਂ ਵੱਡਾ ਸਬਕ ਜ਼ਰੂਰ ਲੈਣਾ ਚਾਹੀਦਾ ਹੈ। ਇਹ ਆਪਣੀ ਕੌਮ ਹੀ ਹੁੰਦੀ ਹੈ ਜਿਹੜੀ ਘੋੜੇ ਦੀ ਲਿੱਦ ਚੁੱਕਣ ਵਾਲੇ ਨੂੰ ਨਵਾਬ ਦੀ ਸਦੀਵੀਂ ਪਦਵੀ ਦੇ ਸਕਦੀ ਹੈ, ਜਿਹੜੀ ਇਤਿਹਾਸ ਦੇ ਪੰਨਿਆਂ 'ਚ ਵੀ ਅਮਰ ਹੋ ਜਾਂਦੀ ਹੈ। ਆਪਣਿਆਂ ਦੇ ਵਿਰੋਧ 'ਚ ਦੁਸ਼ਮਣ ਦਾ ਸਾਥ, ਕਦੇ ਵੀ ਇਮਾਨਦਾਰ ਤੇ ਸਦੀਵੀ ਨਹੀਂ ਹੁੰਦਾ। ਇਹ ਸੱਚ ਹੈ, ਪ੍ਰੰਤੂ ਲੋਭੀ-ਲਾਲਸੀ ਤੇ ਸੱਤਾਂ ਦੇ ਭੁੱਖੇ, ਇਸ ਸੱਚ ਨੂੰ ਅਕਸਰ ਭੁੱਲ ਜਾਂਦੇ ਹਨ। ''ਆਪ ਫਾਥੜੀਏ, ਤੈਨੂੰ ਕੌਣ ਛੁਡਾਵੈ'' ਬਾਦਲਾਂ ਨੂੰ ਇਸ ਬਿਪਤਾ ਦਾ ਸਿਰਫ਼ ਇਕੱਲੇ ਸਾਹਮਣਾ ਕਰਨਾ ਪਵੇਗਾ। ਇਸ ਵਾ-ਵਰੋਲੇ 'ਚ ਉਹ ਕਿਵੇਂ ਨਿਕਲਦੇ ਹਨ। ਇਹ ਉਨ੍ਹਾਂ ਤੇ ਨਿਰਭਰ ਕਰੇਗਾ। 

Editorial
Jaspal Singh Heran

International