ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਹੀ ਅਯੁੱਧਿਆ ਛਾਉਣੀ 'ਚ ਤਬਦੀਲ

ਅਯੁੱਧਿਆ 16 ਅਕਤੂਬਰ  (ਏਜੰਸੀਆਂ) ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਆਉਣ ਵਾਲੇ ਫ਼ੈਸਲੇ ਨੂੰ ਵੇਖਦਿਆਂ ਪੁਲਿਸ ਵਿਭਾਗ ਨੇ ਅਯੁੱਧਿਆ ਸ਼ਹਿਰ ਦੀ ਸੁਰੱਖਿਆ ਵਿਵਸਥਾ ਵਧਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਲੇ ਹੁਕਮਾਂ ਤੱਕ ਅਯੁੱਧਿਆ 'ਚ ਪੁਲਿਸ ਸੁਪਰਇੰਟੈਂਡੈਂਟ ਤੋਂ ਲੈ ਕੇ ਸਿਪਾਹੀ ਤੱਕ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਡੀਜੀਪੀ ਹੈੰਡਕੁਆਰਟਰਜ਼ ਵੱਲੋਂ ਸੀ ਬੀ ਸੀ ਆਈ ਡੀ, ਭ੍ਰਿਸ਼ਟਾਚਾਰ ਵਿਰੋਧੀ ਸੰਗਠਨ, ਈ ਓ ਡਬਲਿਊ ਤੇ ਪੀਏਸੀ ਦੇ ਮੁਖੀ ਦੇ ਨਾਲ ਹੀ ਪ੍ਰਯਾਗਰਾਜ, ਗੋਰਖਪੁਰ ਤੇ ਵਾਰਾਨਸੀ ਜ਼ੋਨ ਦੇ ਏਡੀਜੀ ਨੂੰ ਚਿੱਠੀ ਭੇਜ ਕੇ ਪੁਲਿਸ ਸੁਪਰਇੰਟੈਂਡੈਂਟ ਤੋਂ ਲੈ ਕੇ ਸਿਪਾਹੀ ਤੱਕ ਦੀ ਮੰਗ ਕੀਤੀ ਗਈ ਹੈ।

ਪੀਏਸੀ ਤੋਂ ਇੱਕ ਐੱਸਪੀ, ਚਾਰ ਅਪਰ ਪੁਲਿਸ ਸੁਪਰਇੰਟੈਂਡੈਂਟ ਤੇ ਪੁਲਿਸ ਡਿਪਟੀ ਸੁਪਰਇੰਟੈਂਡੈਂਟ ਨੂੰ ਮੰਗਲਵਾਰ ਨੂੰ ਹੀ ਅਯੁੱਧਿਆ 'ਚ ਉਪਲਬਧ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 30 ਇੰਸਪੈਕਟਰ, 50 ਸਬ–ਇੰਸਪੈਕਟਰ, 10 ਮਹਿਲਾ ਸਬ–ਇੰਸਪੈਕਟਰ, 50 ਮੁੱਖ ਸਕਿਓਰਟੀ ਅਫ਼ਸਰ ਤੇ 200 ਸਕਿਓਰਟੀ ਅਫ਼ਸਰਾਂ ਨੂੰ ਮੰਗਲਵਾਰ ਨੂੰ ਹੀ ਅਯੁੱਧਿਆ ਪੁੱਜਣ ਦੀ ਹਦਾਇਤ ਜਾਰੀ ਕੀਤੀ ਗਈ ਸੀ। ਗੋਰਖਪੁਰ ਜ਼ੋਨ ਨੂੰ 20 ਸਬ–ਇੰਸਪੈਕਟਰ, 2 ਮਹਿਲਾ ਸਬ–ਇੰਸਪੈਕਟਰ, 20 ਮੁੱਖ ਸਕਿਓਰਟੀ ਅਫ਼ਸਰ, 70 ਸਕਿਓਰਿਟੀ ਅਫ਼ਸਰ ਤੇ 20 ਮਹਿਲਾ ਸਕਿਓਰਿਟੀ ਅਫ਼ਸਰ ਉਪਲਬਧ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।

ਵਾਰਾਨਸੀ ਜ਼ੋਨ ਨੂੰ 20 ਸਬ–ਇੰਸਪੈਕਟਰ, 4 ਮਹਿਲਾ ਸਬ–ਇੰਸਪੈਕਟਰ, 20 ਮੁੱਖ ਸਕਿਓਰਿਟੀ ਅਫ਼ਸਰ ਤੇ 40 ਮਹਿਲਾ ਸਕਿਓਰਿਟੀ ਅਫ਼ਸਰ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ। ਦੀਵਾਲੀ ਤੇ ਹੋਰ ਤਿਉਹਾਰਾਂ ਦੇ ਸੀਜ਼ਨ ਮੌਕੇ ਸੁਰੱਖਿਆ ਇੰਤਜ਼ਾਮਾਂ ਲਈ 7 ਅਪਰ ਪੁਲਿਸ ਸੁਪਰਇੰਟੈਂਡੈਂਟ ਤੇ 20 ਪੁਲਿਸ ਡਿਪਟੀ ਸੁਪਰਇੰਟੈਂਡੈਂਟਸ ਨਾਲ 20 ਇੰਸਪੈਕਟਰ, 70 ਸਬ–ਇੰਸਪੈਕਟਰ ਤੇ 500 ਸਿਪਾਹੀ ਅਤੇ 7 ਕੰਪਨੀ ਪੀਏਸੀ ਬਲ ਉਪਲਬਧ ਕਰਵਾਇਆ ਗਿਆ ਹੈ।

ਕਰਤਾਰਪੁਰ ਕੌਰੀਡੋਰ: ਭਾਰਤ ਵਾਲੇ ਪਾਸੇ 25 ਫੀਸਦੀ ਕੰਮ ਅਧੂਰਾ, ਹੁਣ ਸਿਰਫ਼ 15 ਦਿਨ ਬਚੇ

ਡੇਰਾ ਬਾਬਾ ਨਾਨਕ 16 ਅਕਤੂਬਰ  (ਏਜੰਸੀਆਂ) ਕੇਂਦਰ ਨੇ ਪੰਜਾਬ ਸਰਕਾਰ ਉੱਪਰ ਕਰਤਾਰਪੁਰ ਕੌਰੀਡੋਰ ਵਿੱਚ ਸਹਿਯੋਗ ਨਾ ਦੇਣ ਦੇ ਅਸਿੱਧੇ ਢੰਗ ਨਾਲ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਹਿਤ ਸਾਹਮਣੇ ਆਇਆ ਹੈ ਕਿ ਪੰਜਾਬ ਵਿੱਚ ਕਰਤਾਰਪੁਰ ਕੌਰੀਡੋਰ ਦੇ ਨਿਰਮਾਣ ਦੌਰਾਨ ਕੁਝ ਦਿਨ ਮਾਈਨਿੰਗ ਬੈਨ ਹੋਣ ਕਾਰਨ ਸਮੱਸਿਆ ਆਈ ਤੇ ਮਿੱਟੀ ਨਹੀਂ ਮਿਲੀ। ਇਸ ਕਾਰਨ ਕੰਮ ਪ੍ਰਭਾਵਿਤ ਹੋਇਆ। ਯਾਦ ਰਹੇ ਸਿਰਫ 15 ਦਿਨ ਬਾਕੀ ਹਨ ਤੇ ਅਜੇ 25 ਫੀਸਦੀ ਕੰਮ ਅਧੂਰਾ ਪਿਆ ਹੈ। ਇਹ ਗੱਲ ਕੰਸਟਰਕਸ਼ਨ ਕੰਪਨੀ ਦੇ ਉਪ ਚੇਅਰਮੈਨ ਸ਼ੈਲੇਂਦਰ ਬੱਜਰੀ ਨੇ ਚੇਅਰਮੈਨ ਲੈਂਡ ਪੋਰਟ ਅਥਰਟੀ ਆਫ ਇੰਡੀਆ ਗੋਬਿੰਦ ਮੋਹਨ ਦੀ ਹਾਜ਼ਰੀ ਵਿੱਚ ਕਹੀ। ਕੰਪਨੀ ਦੇ ਉਪ ਚੇਅਰਮੈਨ ਨੇ ਕਿਹਾ ਕਿ ਕਰਤਾਰਪੁਰ ਕੌਰੀਡੋਰ ਦਾ 18 ਮਹੀਨਿਆਂ ਵਿੱਚ ਹੋਣ ਵਾਲਾ ਕੰਮ ਉਹ ਪੰਜ ਮਹੀਨਿਆਂ ਵਿੱਚ ਕਰ ਰਹੇ ਸਨ।

ਉਨ੍ਹਾਂ ਲਈ ਹਰ ਦਿਨ ਮਹੱਤਵਪੂਰਨ ਸੀ ਕਿਉਂਕਿ ਬਾਰਸ਼ ਕਾਰਨ ਪਹਿਲਾਂ ਹੀ ਕੰਮ ਵਿੱਚ ਕਾਫੀ ਵਿਘਨ ਪਿਆ ਸੀ। ਇਸ ਬਾਰੇ ਜਦੋਂ ਚੇਅਰਮੈਨ ਲੈਂਡ ਪੋਰਟ ਅਥਾਰਟੀ ਗੋਬਿੰਦ ਮੋਹਨ ਦੀ ਪ੍ਰਤੀਕ੍ਰਿਆ ਜਾਣਨੀ ਚਾਹੀ ਕਿ ਕੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਹਿਯੋਗ ਨਹੀਂ ਕੀਤਾ ਤਾਂ ਉਨ੍ਹਾਂ ਗੱਲ ਨੂੰ ਸੰਭਾਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਹ ਕੁਝ ਦਿਨ ਦੀ ਸਮੱਸਿਆ ਸੀ ਜਿਸ ਨੂੰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਹੱਲ ਕਰ ਲਿਆ ਗਿਆ ਸੀ। ਦੂਜੇ ਪਾਸੇ ਪੰਜਾਬ ਸਰਕਾਰ ਹਮੇਸ਼ਾ ਤੋਂ ਕਹਿੰਦੀ ਆਈ ਹੈ ਕਿ ਕਰਤਾਰਪੁਰ ਕੌਰੀਡੋਰ ਦੇ ਨਿਰਮਾਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਚੇਅਰਮੈਨ ਨੇ ਕਿਹਾ ਕਿ ਬਹੁਤ ਸਾਰਾ ਮਟੀਰੀਅਲ ਦਿੱਲੀ ਤੇ ਹੋਰ ਥਾਵਾਂ ਤੋਂ ਇੱਥੇ ਲਿਆਉਣਾ ਪਿਆ ਪਰ ਫਿਰ ਵੀ ਅਸੀਂ ਆਪਣੇ ਕੰਮ ਨੂੰ ਸਮੇਂ 'ਤੇ ਪੂਰਾ ਕਰ ਲਵਾਂਗੇ। ਜੇਕਰ ਅਸੀਂ ਡੇਢ ਸਾਲ ਦਾ ਕੰਮ ਸਾਢੇ ਚਾਰ ਮਹੀਨਿਆਂ ਵਿੱਚ ਕਰ ਸਕਦੇ ਹਾਂ ਤਾਂ 15 ਦਿਨਾਂ ਵਿੱਚ ਰਹਿੰਦਾ 25 ਫ਼ੀਸਦੀ ਕੰਮ ਵੀ ਪੂਰਾ ਕਰ ਲਵਾਂਗੇ।

Unusual
Ayodhya verdict
Ram Mandir
Center Government

International