ਜਿੱਥੇਂ ਮੰਤਰੀਆਂ ਦੀ ਵੀ ਪੁੱਛ ਨਹੀਂ...

ਜਸਪਾਲ ਸਿੰਘ ਹੇਰਾਂ
ਅਸੀਂ ਪਹਿਲਾ ਵੀ ਕਈ ਵਾਰ ਲਿਖਿਆ ਹੈ ਕਿ ਇਸ ਵਾਰੀ 'ਚ ਉਹ ਕੈਪਟਨ ਅਮਰਿੰਦਰ ਸਿੰਘ , ਜਿਹੜਾ 2002 ਤੋਂ 2007 ਤੱਕ ਪੰਜਾਬ ਦੇ ਲੋਕਾਂ ਨੂੰ ਬਤੌਰ ਮੁੱਖ ਮੰਤਰੀ ਵਜੋਂ ਮਿਲਿਆ ਸੀ। ਜਿਸਤੇ ਪੰਜਾਬੀ ਮਾਣ ਕਰਦੇ ਸੀ, ਇਸ ਵਾਰ ਕਿਧਰੇ ਗੁੰਮ ਹੋ ਗਿਆ ਹੈ। ਕਾਂਗਰਸ ਸਰਕਾਰ ਦੀ ਅੱਧੀ ਪਾਰੀ ਲੰਘ ਜਾਣ ਦੇ ਬਾਵਜੂਦ, ਪੰਜਾਬ ਦਾ ਮੁੱਖ ਮੰਤਰੀ ਕਿਧਰੇ ਵਿਖਾਈ ਨਹੀਂ ਦਿੱਤਾ। ਸਿਰਫ਼ ਅਫ਼ਸਰਸ਼ਾਹੀ ਦਾ ਬੋਲ-ਬਾਲਾ ਹੈ। ਥੱਲੇ ਤੋਂ ਲੈ ਕੇ ਮੰਤਰੀ ਤੱਕ ਦੇ ਕਾਂਗਰਸੀ ਆਪਣੀ ਸਰਕਾਰ ਨੂੰ ਲੱਭਦੇ ਫ਼ਿਰ ਰਹੇ ਹਨ।  ਪ੍ਰੰਤੂ ਉਹ ਲੱਭਦੇ-ਲੱਭਦੇ ਥੱਕ ਗਏ, ਸਰਕਾਰ ਕਿਧਰੇ ਲੱਭੀ ਹੀ ਨਹੀਂ। ਬੀਤੇ ਦਿਨ ਜਦੋਂ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਜਲਾਲਾਬਾਦ ਜਾ ਰਹੇ ਸਨ, ਉਸ ਸਮੇਂ ਉਨ੍ਹਾਂ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੇ ਜੋ ਕੁਝ ਕੈਪਟਨ ਸਰਕਾਰ ਦੇ ਇੱਕ ਪ੍ਰਭਾਵਸ਼ਾਲੀ ਮੰਤਰੀ ਰਾਣਾ ਸੋਢੀ ਨਾਲ ਕੀਤਾ, ਉਸਤੋਂ ਸੂਬੇ ਦੀ ਜਨਤਾ ਹੱਕੀ-ਬੱਕੀ ਹੈ। ਇੱਕ ਨੌਕਰਸ਼ਾਹ ਦੇ ਅੱਗੇ ਕੈਪਟਨ ਦੇ ਮੰਤਰੀ ਦੀ ਇੱਕ ਨਹੀਂ ਚੱਲਦੀ। ਮਾਮਲਾ ਵੀ ਮਾਮੂਲੀ ਸੀ, ਮੰਤਰੀ ਸੋਢੀ ਕੈਪਟਨ ਦੇ ਕਾਫ਼ਲੇ ਵਾਲੀ ਗੱਡੀ 'ਚ ਬੈਠ ਗਏ ਸਨ ਤੇ ਇਸ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਜਬਰੀ ਇਹ ਆਖ਼ ਕੇ ਕਿ ਇਹ ਸਰਕਾਰੀ ਗੱਡੀ ਹੈ, ਗੱਡੀ 'ਚ ਉਤਾਰ ਦਿੱਤਾ। ਕੀ ਇੱਕ ਮੰਤਰੀ ਸਰਕਾਰ ਦਾ ਹਿੱਸਾ ਨਹੀਂ ਹੁੰਦਾ? ਕੀ ਕੈਪਟਨ ਦਾ ਸੁਰੱਖਿਆ ਸਲਾਹਕਾਰ ਕੈਪਟਨ ਦੇ ਮੰਤਰੀ ਤੇ ਹੀ ਭਰੋਸਾ ਨਹੀ ਕਰਦੇ? ਜੇ ਕੈਪਟਨ, ਰਾਣਾ ਸੋਢੀ ਨਾਲ ਨਰਾਜ਼ ਹਨ ਕਿ ਉਹ ਜਲਾਲਾਬਾਦ 'ਚ ਕਾਂਗਰਸੀ ਉਮੀਦਵਾਰ ਦੀ ਮੱਦਦ ਨਹੀਂ ਕਰ ਰਹੇ, ਫ਼ਿਰ ਉਨ੍ਹਾਂ ਨੂੰ ਸੋਢੀ ਦੀ ਖ਼ੁਦ ਕਲਾਸ ਲਾਉਣੀ ਚਾਹੀਦੀ ਸੀ, ਇੱਕ ਪੁਲਿਸ ਅਫ਼ਸਰ ਤੋਂ ਉਸਨੂੰ ਜਨਤਕ ਰੂਪ 'ਚ ਬੇਇੱਜ਼ਤ ਕਰਵਾ ਕੇ ਮੁੱਖ ਮੰਤਰੀ ਆਖ਼ਰ ਸੁਨੇਹਾ ਕੀ ਦੇਣਾ ਚਾਹੁੰਦਾ ਹਨ?  

ਇਸ ਨਾਲ ਪਹਿਲਾ ਹੀ ਅਫ਼ਸਰਸ਼ਾਹੀ ਦੀ ਖੁੱਲੀਆਂ ਲਗਾਮਾਂ ਹੋਰ ਢਿੱਲੀਆਂ ਹੋ ਜਾਣਗੀਆਂ। ਜੇ ਅਫ਼ਸਰ ਕਿਸੇ ਮੰਤਰੀ ਨੂੰ ਕੁਝ ਨਹੀਂ ਸਮਝਦੇ ਫ਼ਿਰ ਉਹ ਆਮ ਜਨਤਾ ਨਾਲ ਕੀ ਵਤੀਰਾ ਕਰਦੇ ਹੋਣਗੇ? ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।  ਸਾਨੂੰ ਕਿਸੇ ਕਾਂਗਰਸੀ ਮੰਤਰੀ ਜਾਂ ਵਿਧਾਇਕ ਨਾਲ ਕੋਈ ਵਿਸ਼ੇਸ ਲਗਾਉਂ ਨਹੀਂ। ਅਸੀਂ ਤਾਂ ਇਸ ਗੱਲ੍ਹ ਦਾ ਢੰਡੋਰਾ ਦੇ ਰਹੇ ਹਾਂ ਕਿ ਜਿਸ ਸਰਕਾਰ ਸਮੇਂ ਅਫ਼ਸਰਸ਼ਾਹੀ ਬੇਲਗਾਮ ਹੋ ਜਾਵੇ ਜਾਂ ਸਿਰਫ਼ ਮੁੱਖ ਮੰਤਰੀ ਦੇ ਇਸ਼ਾਰੇ ਤੇ ਹੀ ਨੱਚਦੀ ਹੋਵੇ, ਉਸ ਸਮੇਂ ਸੂਬੇ 'ਚ ਜਿੱਥੇ ਵਿਕਾਸ ਰੁੱਕ ਜਾਂਦਾ ਹੈ, ਭ੍ਰਿਸ਼ਟਾਚਾਰ ਵੱਧ ਜਾਂਦਾ ਹੈ, ਉਥੇ ਹਫੜਾ-ਦਫ਼ੜੀ ਦਾ ਮਾਹੌਲ ਵੀ ਬਣ ਜਾਂਦਾ ਹੈ। ਸਿਆਸੀ ਆਗੂ ਤਾਂ ਕਿਤੇ ਨਾ ਕਿਤੇ ਲੋਕਾਂ ਪ੍ਰਤੀ ਜਵਾਬਦੇਹ ਹੁੰਦੇ ਹਨ। ਅਫ਼ਸਰਸ਼ਾਹੀ ਸਰਕਾਰ ਤੋਂ ਬਿਨ੍ਹਾਂ ਕਿਸੇ ਅੱਗੇ ਜਵਾਬਦੇਹ ਨਹੀਂ ਹੁੰਦੀ। ਇਸ ਕਾਰਣ ਉਹ ਆਪਣੀਆਂ ਮਨਮਰਜ਼ੀਆਂ ਤੇ ਉੱਤਰ ਆਉਂਦੀ ਹੈ। ਅੱਜ ਪੰਜਾਬ ਮਰਨ ਕਿਨਾਰੇ ਹੈ। ਪੰਜਾਬ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋ ਚੁੱਕਾ ਹੈ। ਆਰਥਿਕ ਪੱਖੋਂ ਦੀਵਾਲੀਆਪਣ ਕੰਢੇ ਖੜ੍ਹਾ ਹੈ, ਬੇਰੁਜਗਾਰੀ ਸਿਖ਼ਰਾਂ ਤੇ ਹੈ, ਕਿਸਾਨ ਤੇ ਖੇਤ ਮਜ਼ਦੂਰ, ਖ਼ੁਦਕੁਸ਼ੀਆਂ ਦੇ ਰਾਹ ਹਨ। ਨਸ਼ਿਆਂ ਦਾ ਦਰਿਆਂ ਲਗਾਤਾਰ ਸ਼ੂਕਦਾ ਵੱਗ ਰਿਹਾ ਹੈ, ਪਾਣੀਆਂ ਤੇ ਡਾਕਾ ਪੈ ਰਿਹਾ ਹੈ, ਪੌਣਪਾਣੀ, ਪੁੱਤ ਤੇ ਸੱਭਿਆਚਾਰ ਜ਼ਹਿਰੀਲਾ ਹੋ ਗਿਆ ਹੈ, ਪੰਜਾਬ ਖ਼ਾਲੀ ਹੋ ਰਿਹਾ ਹੈ, ਉਸ ਸਮੇਂ ਪੰਜਾਬ ਨੂੰ ਮਾਹਿਰ ਡਾਕਟਰ ਸਰਜਨ ਦੀ ਲੋੜ ਹੈ। ਪ੍ਰੰਤੂ ਜੇ ਡਾਕਟਰ ਨੇ ਮਰੀਜ਼ ਦੀ ਆਕੇ ਨਬਜ਼ ਹੀ ਨਹੀਂ ਵੇਖਣੀ, ਫ਼ਿਰ ਉਹ ਉਸਦਾ ਇਲਾਜ਼ ਕਿਵੇਂ ਕਰ ਦੇਵੇਗਾ?

ਅਸਲ 'ਚ ਅੱਜ ਧੜੇਬੰਦੀਆਂ  ਤੇ ਸਿਆਸੀ ਪਾਰਟੀਬਾਜ਼ਜੀ ਤੋਂ ਉਪਰ ਉੱਠਕੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ। ਜੇ ਪੰਜਾਬ ਜਿਊਂਦਾ ਰਿਹਾ ਤਾਂ ਸਰਕਾਰਾਂ ਵੀ ਆਉਦੀਆਂ ਰਹਿਣਗੀਆਂ। ਜੇ ਪੰਜਾਬ ਹੀ ਨਾ ਤਾਂ ਰਿਹਾ ਤਾਂ ਰਾਜ ਕਿਸ ਤੇ ਹੋਊਗਾ? ਅਸਲ 'ਚ ਜਦੋਂ ਤੱਕ ਸੂਬੇ ਦੀ ਅਗਵਾਈ ਕਰਨ ਵਾਲੇ, ਲੋਕ ਸੇਵਕ ਬਣਕੇ, ਅਗਵਾਈ ਨਹੀਂ ਕਰਦੇ, ਉਦੋਂ ਤੱਕ ਪੰਜਾਬ ਦੀ ਬੀਮਾਰੀਲਨਾਇਲਜਜ਼ ਬਣੀ ਰਹੇਗੀ। ਪੰਜਾਬ ਇਸ ਸਮੇਂ ਅੰਦਰੂਨੀ ਤੇ ਬਾਹਰੀ ਦੋਵਾਂ ਤਰ੍ਹਾਂ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ। ਜੇ ਇਸ ਸਮੇਂ ਪੰਜਾਬ ਦੀ ਕੈਬਨਿਟ ਹੀ ਇੱਕ ਟੀਮ ਹੋ ਕੇ ਕੰਮ ਨਹੀਂ ਕਰਦੀ, ਵਿਧਾਇਕ ਨੂੰ ਜ਼ਿੰਮੇਵਾਰੀ 'ਚ ਹਿੱਸੇਦੀ ਨਹੀਂ ਬਣਾਇਆ ਜਾਂਦਾ, ਉਦੋ ਤੱਕ ਗੱਡੀ ਦਾ ਲੀਹ ਤੇ ਚੜ੍ਹਨ ਅਸੰਭਵ ਹੈ। ਕੈਪਟਨ ਸਾਬ੍ਹ ਨੂੰ ਇੱਕ ਯਾਦਗਾਰੀ ਇਤਿਹਾਸ ਸਿਰਜਣ ਵੱਲ ਤੁਰਨਾ ਚਾਹੀਦਾ ਸੀ, ਪ੍ਰੰਤੂ ਉਹ ਤਾਂ ਆਪਣਾ ਬੁਢਾਪਾ ਤੇ ਆਪਣੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰਨ ਵੱਲ ਤੁਰ ਪਏ ਹਨ। ਜਿਸ ਕਾਰਣ ਉਹ ਆਪਣੇ ਸੁਭਾਅ ਤੋਂ ਐਨ ਉਲਟ ਜਾਕੇ ਵੀ ਸਮਝੌਤੇ ਕਰ ਰਹੇ ਹਨ, ਤੇ ਇੰਨ੍ਹਾਂ ਸਮਝੌਤਿਆਂ ਦੀਆਂ ਜ਼ਜੀਰਾਂ 'ਚ ਜਕੜੇ ਹੋਣ ਕਾਰਣ, ਆਪਣੀ ਸਹੁੰ ਤੱਕ ਨੂੰ ਵੀ ਪੂਰਾ ਨਹੀਂ ਕਰ ਸਕੇ। ਚੋਣ ਵਾਅਦੇ ਤਾਂ ਬਹੁਤ ਦੂਰ ਦੀ ਗੱਲ੍ਹ ਹਨ। ਘੜੀ ਦੀਆਂ ਸੂਈਆਂ, ਨਿਰੰਤਰ ਚੱਲ ਰਹੀਆਂ , ਵਕਤ ਦਾ ਪਹੀਆਂ ਘੁੰਮ ਰਿਹਾ ਹੈ, ਪੰਜ ਸਾਲ ਪੂਰੇ ਹੁੰਦਿਆਂ ਪਤਾ ਨਹੀ ਲੱਗਣਾ। ਜ ਕੈਪਟਨ ਦੇ ਰਿਪੋਰਟ ਕਾਡਣ ਨੂੰ ਖ਼ੁਦ ਹੀ ਮੂੰਹ ਲਕੌਣਾ ਪੈ ਗਿਆ ਤਾਂ ਇਹੋ ਜਿਹੀ ਸਰਕਾਰ ਦੀ ਅਗਵਾਈ ਦਾ ਕੀ ਲਾਹਾ ?

Editorial
Jaspal Singh Heran

International