ਜਥੇਦਾਰ ਧਿਆਨ ਸਿੰਘ ਮੰਡ ਨੂੰ ਨਹੀਂ ਹੋਣ ਦਿੱਤਾ ਗਿਆ ਦਰਬਾਰ ਸਾਹਿਬ ਕੰਪਲੈਕਸ ਵਿਚ ਦਾਖ਼ਲ

ਅੰਮ੍ਰਿਤਸਰ 28 ਅਕਤੂਬਰ (ਚਰਨਜੀਤ ਸਿੰਘ) ਦੀਵਾਲੀ ਮੌਕੇ ਤੇ ਸੰਗਤ ਦੇ ਨਾਮ ਸੰਦੇਸ਼ ਦੇਣ ਲਈ ਪੁੱਜੇ ਸਰਬਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਦਰਬਾਰ ਸਾਹਿਬ ਸਮੂੰਹ ਦੀ ਸੁਰਖਿਆ ਲਈ ਤੈਨਾਤ ਸੁਰਖਿਆ ਬਲਾਂ ਨੇ  ਸ੍ਰੀ ਦਰਬਾਰ ਸਾਹਿਬ ਸਮੂੰਹ ਅੰਦਰ ਦਾਖਲ ਨਹੀ ਹੋਣ ਦਿੱਤਾ ਜਿਸ ਤੋ ਬਾਅਦ ਉਨਾਂ ਸ੍ਰੀ ਦਰਬਾਰ ਸਾਹਿਬ ਪਲਾਜਾ ਤੇ ਹੀ ਸੰਗਤ ਦੇ ਨਾਮ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਭਾਈ ਮੰਡ ਨੇ ਕਿਹਾ ਕਿ ਇਹ ਇਤਿਹਾਸ ਵਿਚ ਦੂਜੀ ਵਾਰ ਵਾਕਿਆ ਵਾਪਰਿਆ ਹੈ। ਇਸ ਤੋ ਪਹਿਲਾਂ ਵੀ ਨੋਵੇ ਪਾਤਸ਼ਾਹ ਸ੍ਰੀ ਗੁਰੂ ਤੇਗਬਹਾਦਰ ਜੀ ਨੂੰ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਤੋ ਰੋਕਿਆ ਗਿਆ ਸੀ। ਗੁਰਦਵਾਰਾ ਪ੍ਰਬੰਧ ਤੇ ਕਾਬਜ ਮਸੰਦਾਂ ਨੂੰ ਹਟਾਉਂਣ ਦਾ ਸਮਾਂ ਆ ਗਿਆ ਹੈ। ਉਨਾ ਨਾਲ ਹੀ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਕੇਂਦਰੀ ਕਮੇਟੀ ਹੈ ਤੇ ਅਸੀ ਉਸ ਦਾ ਸਤਿਕਾਰ ਕਰਦੇ ਹਾਂ।

ਭਾਈ ਜਗਤਾਰ ਸਿੰਘ ਹਵਾਰਾ ਦਾ ਅਤੇ ਉਨਾਂ ਦਾ ਸੰਦੇਸ਼ ਵਖਰਾ ਵਖਰਾ ਹੋਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਭਾਈ ਮੰਡ ਨੇ ਕਿਹਾ ਕਿ ਭਾਈ ਹਵਾਰਾ ਸਾਡੇ ਜਥੇਦਾਰ ਹਨ, ਪਰ ਮੈਨੂੰ ਨਹੀ ਪਤਾ ਕਿ ਉਨਾਂ ਦਾ ਕੋਈ ਸੰਦੇਸ਼ ਜਾਰੀ ਹੋਇਆ ਹੈ। ਉਨਾ ਕਿਹਾ ਕਿ ਸਾਡੇ ਆਪਸੀ ਤਾਲਮੇਲ ਵਿਚ ਵਡਾ ਅੜਿਕਾ ਆਪਸ ਵਿਚ  ਮੁਲਾਕਾਤ ਨਾ ਹੋਣਾ ਹੈ। ਭਾਈ ਹਵਾਰਾ ਸਾਰੀ ਕੌਮ ਦੇ ਜਥੇਦਾਰ ਹਨ। ਉਨਾਂ ਕਿਹਾ ਕਿ ਮੇਰੇ ਕੋਲ ਭਾਈ ਹਵਾਰਾ ਦਾ ਕੋਈ ਸੰਦੇਸ਼ ਨਹੀ ਹੈ ਜੇ ਹੁੰਦਾਂ ਤਾਂ ਮੈ ਉਹ ਵੀ ਪੜ ਦੇਣਾ ਸੀ। ਉਨਾਂ ਭਾਈ ਹਵਾਰਾ ਦੀ 21 ਮੈਬਰੀ ਕਮੇਟੀ ਤੇ ਗਲ ਕਰਦਿਆਂ ਭਾਈ ਮੰਡ ਨੇ  ਕਿਹਾ ਕਿ ਕਮੇਟੀਆਂ ਬਣਦੀਆਂ ਤੇ ਟੁਟਦੀਆਂ ਰਹਿੰਦੀਆਂ ਹਨ। ਭਾਈ ਮੰਡ ਨੇ ਦਾਅਵਾ ਕੀਤਾ ਕਿ 22 ਸਿੰਘਾਂ ਦੀ ਰਿਹਾਈ ਲਈ ਬਰਗਾੜੀ ਮੌਰਚਾ ਦੀ ਮੁੱਖ ਭੁਮਿਕਾ ਹੈ। ਇਹ ਸੂਚੀ ਅਸੀ ਹੀ ਬਰਗਾੜੀ ਮੋਰਚੇ ਦੌਰਾਨ ਸਰਕਾਰ ਨੂੰ ਦਿੱਤੀ ਸੀ। ਜੇਲਾਂ ਵਿਚ ਨਜਰਬੰਦ ਸਿੰਘਾਂ ਦੀ ਰਿਹਾਈ ਲਈ ਅਸੀ ਵੀ ਇਕ 21 ਮੈਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਅਗਲੇ ਦਿਨਾਂ ਵਿਚ ਰਾਸ਼ਟਰਪਤੀ ਅਤੇ ਗਵਰਨਰ ਨੂੰ ਮਿਲੇਗੀ।

 ਗੁਰੂ ਨਾਨਕ ਸਾਹਿਬ ਦੇ  ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਬਾਰੇ ਗਲ ਕਰਦਿਆਂ ਭਾਈ ਮੰਡ ਨੇ ਕਿਹਾ ਕਿ  ਅਸੀ ਸੁਲਤਾਨਪੁਰ ਲੋਧੀ ਵਿਖੇ ਵਖਰੀ ਸਟੇਜ ਲਗਾਵਾਂਗੇ ਤੇ ਉਸ ਸਟੇਜ ਤੋ ਅਸੀ ਸਾਰੀਆ ਧਿਰਾਂ ਨੂੰ ਬੋਲਣ ਦਾ ਮੌਕਾ ਦਿਆਗੇ। ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋ ਲਗਾਈ ਜਾ ਰਹੀ ਸਾਂਝੀ ਸਟੇਜ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਵੀ ਬੈਠਣਗੇ ਜੋ ਸੰਗਤਾਂ ਨੂੰ ਮਨਜੂਰ ਨਹੀ ਹੋਵੇਗਾ। ਉਨਾ ਕਿਹਾ ਕਿ ਸਾਡਾ ਧਰਮ ਤੇ ਰਾਜਨੀਤੀ ਸਾਂਝੀ ਹੈ ਤੇ ਸਾਡੀ ਸਟੇਜ ਤੋ ਹੀ ਗੁਰੂ ਨਾਨਕ ਦੀ ਗਲ ਹੋਵੇਗੀ।  

ਭਾਈ ਬਲਜੀਤ ਸਿੰਘ ਦਾਦੂਵਾਲ ਦੇ ਜੇਲ ਵਿਚ ਨਜਰਬੰਦ ਕੀਤੇ ਜਾਣ ਤੇ ਬੋਲਦਿਆਂ ਭਾਈ ਮੰਡ ਨੇ ਕਿਹਾ ਕਿ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਦੇ ਨਕਸ਼ ਏ ਕਦਮ ਤੇ ਚਲ ਰਹੀ ਹੈ। ਉਨਾ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਜਲਦ ਤੋ ਜਲਦ ਬਾਬਾ ਦਾਦੂਵਾਲ ਨੂੰ ਰਿਹਾਅ ਕਰੇ ਨਹੀ ਤਾਂ ਅਸੀ ਸ਼ਘੰਰਸ਼ ਦਾ ਰਾਹ ਅਖਿਤਆਰ ਕਰਨ ਲਈ ਮਜਬੂਰ ਹੋਵਾਂਗੇ।  ਇਸ ਮੌਕੇ ਤੇ ਭਾਈ ਮੋਹਕਮ ਸਿੰਘ, ਸਰਬਤ ਖਾਲਸਾ ਦੇ ਮੁਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਅਤੇ ਭਾਈ ਸਤਨਾਮ ਸਿੰਘ ਮਨਾਵਾ ਦੇ ਨਾਲ ਨਾਲ ਭਾਈ ਮੰਡ ਦੇ ਸਮਰਥਕ ਵੀ ਹਾਜਰ ਸਨ।

     ਖੁਦ ਦੀ ਤੁਲਣਾ ਗੁਰੂ ਤੇਗ ਬਹਾਦਰ ਸਾਹਿਬ ਨਾਲ

ਖੁਦ ਨੂੰ ਮਰਿਯਾਦਾ ਦਾ ਅਲੰਮਬਰਦਾਰ ਦਸਣ ਵਾਲੇ ਭਾਈ ਧਿਆਨ ਸਿੰਘ ਮੰਡ ਉਸ ਸਮੇ ਕਸੂਤੀ ਸਥਿਤੀ ਵਿਚ ਫਸ ਗਏ ਜਦ ਉਨਾਂ ਖੁਦ ਨੂੰ ਰੋਕੇ ਜਾਣ ਦੀ ਤੁਲਣਾ ਗੁਰ ਤੇਗ ਬਹਾਦਰ ਸਾਹਿਬ ਨਾਲ ਕਰ ਦਿੱਤੀ। ਬੰਦੀ ਛੋੜ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਦੇ ਨਾਮ ਸੰਦੇਸ਼ ਜਾਰੀ ਕਰਨ ਲਈ ਪੁੱਜੇ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਇਹ ਇਤਿਹਾਸ ਵਿਚ ਦੂਜੀ ਵਾਰ ਵਾਪਰਿਆ ਹੈ ਕਿ ਮੰਸਦਾਂ ਨੇ ਸ੍ਰੀ ਦਰਬਾਰ ਸਾਹਿਬ ਜਾਣ ਤੋ ਕਿਸੇ ਨੂੰ ਰੋਕਿਆ ਹੋਵੇ। ਪਹਿਲਾਂ ਮੰਸਦਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਦਰਬਾਰ ਸਾਹਿਬ ਜਾਣ ਤੋ ਰੋਕਿਆ ਸੀ ਤੇ ਹੁਣ ਆਧੁਨਿਕ ਮੰਸਦਾ ਨੇ ਸਾਨੂੰ ਰੋਕਿਆ ਹੈ। ਭਾਈ ਮੰਡ ਦੇ ਮੂੰਹੋ ਵਾਰ ਵਾਰ ਇਹ ਗਲ ਸੁਣ ਕੇ ਸੰਗਤਾਂ ਵੀ ਸ਼ਸੋਪੰਜ ਵਿਚ ਸਨ ਕਿ ਖੁਦ ਨੂੰ ਮਰਿਯਾਦਾ ਪ੍ਰਸ਼ੋਤਮ ਦਸਣ ਵਾਲੇ ਮੰਡ ਕੀ ਕਹਿ ਰਹੇ ਹਨ। ਭਾਈ ਮੰਡ ਜਿਵੇ ਹੀ ਸ੍ਰੀ ਦਰਬਾਰ ਸਾਹਿਬ ਪਲਾਜਾ ਵਿਖੇ ਪੁੱਜੇ ਤਾਂ ਸੁਰਖਿਆ ਬਲਾਂ ਨੇ ਉਨਾਂ ਨੂੰ ਰੋਕ ਲਿਆ। ਜਿਸ ਤੇ ਥੋੜੀ ਬਹਿਸ ਹੋਈ ਤੇ ਉਸ ਤੋ ਬਾਅਦ ਸੁਰਖਿਆ ਬਲਾਂ ਨੇ ਪਲਾਜਾ ਵਿਚ ਖੜ ਕੇ ਸੰਦੇਸ਼ ਜਾਰੀ ਕਰਨ ਲਈ ਸਮਾਂ ਦੇ ਦਿੱਤਾ। ਆਪਣੇ ਸੰਦੇਸ਼ ਤੋ ਪਹਿਲਾਂ ਬੋਲਦਿਆਂ ਭਾਈ ਮੰਡ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਰੋਕਿਆ ਗਿਆ ਸੀ।  

ਬੇਲੋੜੇ ਮੁੱਦਿਆਂ 'ਤੇ ਆਪਸੀ ਟਕਰਾਅ ਛੱਡ ਕੇ ਇਕਜੁਟਤਾ ਨਾਲ ਸਿੱਖੀ ਦੇ ਦੁਸ਼ਮਣਾਂ ਦਾ ਮੁਕਾਬਲਾ ਕਰੇ ਸਿੱਖ ਕੌਮ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ, 28 ਅਕਤੂਬਰ (ਚਰਨਜੀਤ ਸਿੰਘ) ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਬੰਦੀ ਛੋੜ ਦਿਵਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸਿੱਖ ਕੌਮ ਨਾਂ ਸੰਦੇਸ਼ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਬੇਲੋੜੇ ਮੁੱਦਿਆਂ 'ਤੇ ਆਪਸੀ ਟਕਰਾਅ ਤੇ ਭਰਾ ਮਾਰੂ ਜੰਗ ਛੱਡ ਕੇ ਇਕਜੁਟਤਾ ਨਾਲ ਸਿੱਖੀ ਦੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਕਿਹਾ। ਇਸ ਤੋਂ ਇਲਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਬੰਦੀ ਛੋੜ ਦਿਵਸ ਦੀ ਮੁਬਾਰਕਬਾਦ ਦਿੱਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਦੇਸ਼ ਵਿਚ ਸਮੁੱਚੀ ਕੌਮ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਗੁਰਬਾਣੀ ਦੀ ਸਿੱਖਿਆ ਮੁਤਾਬਕ ਮਿਲ ਬੈਠ ਕੇ ਸਿਰ ਜੋੜਨ ਅਤੇ ਆਪਾ ਪੜਚੋਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਪੰਥਕ ਸ਼ਕਤੀ ਨੂੰ ਖੇਰੂ ਖੇਰੂ ਕਰਨ ਲਈ ਸਿੱਖ ਧਰਮ ਅੰਦਰ ਆਪਣੇ ਪ੍ਰਮੁੱਖ ਇਤਿਹਾਸਕ ਸਰੋਤਾਂ, ਸਿਧਾਂਤਾਂ ਅਤੇ ਰਹਿਤ ਮਰਯਾਦਾ ਸਬੰਧੀ ਵਿਵਾਦਾਂ ਨੂੰ ਤੂਲ ਦਿੱਤਾ ਜਾ ਰਿਹਾ ਹੈ। ਪੰਥਕ ਸੰਸਥਾਵਾਂ ਅਤੇ ਇਨ੍ਹਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਖਿਲਾਫ਼ ਵਰਤੀ ਜਾ ਰਹੀ ਸ਼ਬਦਾਵਲੀ ਕੌਮੀ ਸੰਸਥਾਵਾਂ ਦੀ ਤਬਾਹੀ ਦਾ ਅਧਾਰ ਬਣ ਰਹੀ ਹੈ। ਸਿੱਖਾਂ ਨੂੰ ਧਾਰਮਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਖ਼ਾਸ ਤੌਰ 'ਤੇ ਨੌਜੁਆਨੀ ਨੂੰ ਬੌਧਿਕ ਤੌਰ 'ਤੇ ਕੰਗਾਲ ਬਣਾਉਣ ਦਾ ਕੋਝਾ ਯਤਨ ਹੋ ਰਿਹਾ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਭ ਪੰਥ ਵਿਰੋਧੀ ਤਾਕਤਾਂ ਦੀ ਸੋਚੀ ਸਮਝੀ ਗਹਿਰੀ ਸਾਜ਼ਿਸ਼ ਦਾ ਹਿੱਸਾ ਲੱਗਦਾ ਹੈ।

ਉਨ੍ਹਾਂ ਖ਼ਾਲਸਾ ਪੰਥ ਦੀ ਵਿਰਾਸਤੀ ਭੂਮੀ ਉੱਪਰ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਨੂੰ ਮਧੋਲਣ ਦੇ ਯਤਨਾਂ 'ਤੇ ਵੀ ਤਿੱਖੇ ਸਵਾਲ ਕੀਤੇ। ਜਥੇਦਾਰ ਨੇ ਕਿਹਾ ਕਿ ਸਜ਼ਾ ਭੁਗਤਣ ਦੇ ਬਾਵਜੂਦ ਸਿੱਖ ਬੰਦੀਆਂ ਨੂੰ ਭਾਰਤੀ ਜ਼ੇਲ੍ਹਾਂ ਵਿੱਚੋਂ ਰਿਹਾਅ ਨਾ ਕਰਨਾ, ਸਿੱਖ ਵਿਰਾਸਤ ਤੇ ਸਿੱਖ ਸੱਭਿਆਚਾਰ 'ਤੇ ਗੁੱਝੇ ਹਮਲੇ, ਕੁਦਰਤੀ ਵਾਤਾਵਰਣ ਦਾ ਵਿਗਾੜ, ਖਾਲਸੇ ਦੇ ਨਿਆਰੇਪਣ ਨੂੰ ਗੰਧਲਾ ਕਰਨ ਦੇ ਮਨਸੂਬੇ, ਸ਼ਖ਼ਸੀ ਪੂਜਾ ਦਾ ਉਭਾਰ ਤੇ ਗੁਰੂਡੰਮ ਦਾ ਬੋਲਬਾਲਾ ਪੰਥ ਅੱਗੇ ਕਈ ਤਰ੍ਹਾਂ ਦੀ ਚੁਣੌਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਧਰਤੀ ਹੇਠਲੇ ਪਾਣੀ ਦਾ ਦੂਸ਼ਤ ਹੋਣਾ, ਜਰਖੇਜ ਧਰਤੀ ਦਾ ਬੰਜਰ ਹੋਣਾ, ਨਸ਼ੇ, ਕਿਸਾਨ ਖੁਦਕੁਸ਼ੀਆਂ, ਭਰੂਣ ਹੱਤਿਆ, ਨੌਜੁਆਨੀ ਦਾ ਪ੍ਰਵਾਸ ਆਦਿ ਵਿਸ਼ਿਆਂ ਨੂੰ ਵੀ ਛੋਹਿਆ। ਉਨ੍ਹਾਂ ਕਿਹਾ ਕਿ ਇਸ ਸਾਰੇ ਵਰਤਾਰੇ ਵਿਰੁੱਧ ਸਿੱਖਾਂ ਨੂੰ ਲਾਮਬੰਦ ਹੋਣਾ ਪਵੇਗਾ।

ਜੇਕਰ ਸਮੂਹ ਖ਼ਾਲਸਾ ਪੰਥ ਆਪਣੀ ਕੁਦਰਤੀ ਅਤੇ ਇਤਿਹਾਸਕ ਵਿਰਾਸਤ ਵਾਲੀ ਰੂਹਾਨੀ ਜੀਵਨਧਾਰਾ ਨੂੰ ਬਚਾਉਣ ਲਈ ਇਕਜੁਟ ਨਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰਨਗੀਆਂ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਮੁੱਚੀ ਕੌਮ ਨੂੰ ਸਵੈਮੰਥਨ ਕਰਨ ਦਾ ਸੁਨੇਹਾ ਦਿੱਤਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਇਕਜੁਟਤਾ ਨਾਲ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਅਸੀਂ ਆਪਣੇ ਧਾਰਮਿਕ, ਸਮਾਜਿਕ, ਰਾਜਨੀਤਕ ਵਖਰੇਵੇਂ ਛੱਡ ਕੇ ਇਕ ਮੰਚ 'ਤੇ ਇਕੱਤਰ ਹੋਈਏ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਤੋਂ ਸੇਧ ਲੈ ਕੇ ਅੱਗੇ ਵਧੀਏ।

Unusual
Jathedar
Bhai Dhian Singh Mand
Akal Takht Sahib

International