ਸ਼ਤਾਬਦੀ ਸਮਾਗਮਾਂ ਦਾ ਲਾਹਾ ਕੀ...

ਜਸਪਾਲ ਸਿੰਘ ਹੇਰਾਂ
ਜਿਹੜੇ ਮਲਕ ਭਾਗੋਆਂ ਦਾ ਬਾਬੇ ਨਾਨਕ ਨੇ ਖ਼ਾਤਮਾ ਕੀਤਾ ਸੀ, ਅੱਜ ਉਨ੍ਹਾ ਮਲਕ ਭਾਗੋਆਂ ਨੇ ਬਾਬੇ ਨਾਨਕ ਨੂੰ ਘੇਰਾ ਪਾ ਲਿਆ ਹੈ ਅਤੇ ਭਾਈ ਲਾਲੋ, ਬੇਵੱਸ ਹੋਇਆ ਖੂੰਜੇ ਲੱਗਾ, ਅੱਖਾਂ 'ਚ ਅੱਥਰੂ ਭਰੀ ਖੜ੍ਹਾ ਹੈ। ਗੁਰੂ ਨਾਨਕ ਪਾਤਸ਼ਾਹ ਦੇ 550 ਵੇਂ ਆਗਮਨ ਪੁਰਬ ਤੇ ਜਿਸ ਤਰ੍ਹਾਂ ਬਾਬੇ ਨਾਨਕ ਦੀ ਫ਼ਕੀਰੀ, ਦਰਵੇਸੀ, ਸਾਦਗੀ ਤੇ ਨੀਚਾ ਅੰਦਰ ਨੀਚ ਹੋਣ ਦੀ ਚਾਹਤ ਦਾ ਕਤਲੇਆਮ ਹੋ ਰਿਹਾ ਹੈ, ਕੋਈ ਸੱਚਾ ਸਿੱਖ ਉਸ ਵਰਤਾਰੇ ਨੂੰ ਵੇਖ ਕੇ ਖੁਸ਼ ਨਹੀਂ ਹੋ ਸਕਦਾ। ਖੈਰ, ਬਾਬੇ ਦੀ ਦਰਵੇਸ਼ੀ, ਸਾਦਗੀ, ਫ਼ਕੀਰੀ ਤੇ ਵਰਤਮਾਨ ਚਕਾਚੌਂਧ ਬਾਰੇ ਅਸੀਂ ਕੱਲ੍ਹ ਲਿਖਾਂਗੇ। ਅੱਜ ਅਸੀਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੋਏ ਪਾਕਿਸਤਾਨ ਵਿਰੋਧੀ ਫੋਬੀਏ ਦੀ ਗੱਲ ਕਰਨੀ ਜ਼ਰੂਰੀ ਸਮਝਦੇ ਹਾਂ। ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਿਨ੍ਹਾਂ ਸ਼ੱਕ ਸਿਖਾਂ ਦੀਆਂ 70 ਵਰ੍ਹਿਆਂ ਦੀਆਂ ਅਰਦਾਸਾਂ ਦੀ ਕਰਾਮਾਤ ਹੈ। ਪ੍ਰੰਤੂ ਇਸ ਕਰਾਮਾਤ ਨੂੰ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਪਾਕਿਸਤਾਨ ਦੀ ਬਦਨੀਤੀ ਵਜੋਂ ਵੇਖਦਾ ਹੈ। ਉਸਨੂੰ ਲੱਗਦਾ ਹੈ ਕਿ ਪਾਕਿਸਤਾਨ ਵੱਲੋਂ ਸਿੱਖਾਂ ਨੂੰ ਖੁਸ਼ ਕਰਨਾ, ਪਾਕਿਸਤਾਨ ਦੀ ਮਕਾਰ ਚਾਲ ਹੈ। ਉਹ ਸਿੱਖਾਂ ਨੂੰ ਗੁੰਮਰਾਹ ਕਰਕੇ, ਪੰਜਾਬ ਦੇ ਮਾਹੌਲ ਨੂੰ ਮੁੜ ਲਾਂਬੂ ਲਾਉਣ ਦੇ ਚੱਕਰਾਂ ਚ ਹੈ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਕੈਪਟਨ ਨੂੰ ਸਿੱਖ ਹਮਦਰਦਾਂ ਵਿਰੁੱਧ ਫੋਬੀਆ ਹੋ ਗਿਆ ਹੈ। ਕਨੇਡਾ 'ਚ  ਸਿੱਖਾਂ ਨੂੰ ਉਥੋਂ ਦੀ ਟਰੂਡੋ ਸਰਕਾਰ ਨੇ ਮਾਣ-ਸਨਮਾਨ ਦਿਤਾ।

ਕੈਪਟਨ ਦੇ ਰੜਕ ਪੈਣ ਲੱਗ ਪਈ। ਉਸਦੇ ਢਿੱਡ 'ਚ ਪੀੜ ਸ਼ੁਰੂ ਹੋ ਗਈ ਤੇ ਉਸਨੇ ਟਰੂਡੋ ਸਰਕਾਰ ਤੇ ਵੀ ਪੰਜਾਬ ਦਾ ਮਾਹੌਲ ਵਿਗਾੜਨ ਦਾ ਦੋਸ਼ ਲਾ ਦਿਤਾ। ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ। ਆਖ਼ਰ ਕੈਪਟਨ ਸਿੱਖਾਂ ਦੀਆਂ ਹਮਦਰਦ ਸਰਕਾਰ ਵਿਰੁੱਧ ਜ਼ਹਿਰ ਉੱਗਲ ਕੇ ਸਾਬਤ ਕੀ ਕਰਨਾ ਚਾਹੁੰਦਾ ਹੈ? ਉਸ ਤੋਂ ਵੱਡਾ ਹੋਰ ਕੋਈ ਦੇਸ਼ ਭਗਤ ਨਹੀਂ। ਇਹੋ ਕੁਝ ਮੋਦੀ ਤੇ ਅਮਿਤ ਸ਼ਾਹ ਕਰ ਰਹੇ ਹਨ। ਫਿਰ ਕੀ ਇਹ ਮੰਨਿਆ ਜਾਵੇ ਕਿ ਕੈਪਟਨ ਅਸਲ 'ਚ ਮੋਦੀਕਿਆ ਨੂੰ ਖੁਸ਼ ਕਰਨ 'ਚ ਲੱਗਾ ਹੋਇਆ ਹੈ। ਇਸ ਲਈ ਉਹ ਬਾਦਲਾਂ ਤੋਂ ਵੱਡਾ ਸਿੱਖ ਦੁਸ਼ਮਣ ਬਣ ਕੇ ਦਿਖਾਉਣਾ ਚਾਹੁੰਦਾ ਹੈ। ਕੈਪਟਨ ਸਰਕਾਰ ਸ਼ਤਾਬਦੀ ਸਮਾਗਮ ਲਈ ਪੱਬਾਂ ਭਾਰ ਹੋ ਕੇ ਵਿਖਾ ਰਹੀ ਹੈ ਅਤੇ ਦੂਜੇ ਪਾਸੇ ਕੈਪਟਨ ਲਗਾਤਾਰ ਕਰਤਾਰਪੁਰ ਸਾਹਿਬ ਲਾਂਘੇ ਦਾ ਸਖ਼ਤ ਵਿਰੋਧ ਕਰ ਰਿਹਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਸਰਬੱਤ ਦੇ ਭਲੇ ਦਾ ਸੁਨੇਹਾ ਸਿੱਖ ਕੌਮ ਨੂੰ ਦਿੱਤਾ ਸੀ ਤੇ ਕੈਪਟਨ ਉਨ੍ਹਾਂ ਦੇ ਸ਼ਤਾਬਦੀ ਸਮਾਗਮ 'ਤੇ ਸਿੱਖਾਂ ਉਤੇ ਸ਼ੱਕ ਦੀ ਉਂਗਲ ਚੁੱਕ ਰਿਹਾ ਹੈ। ਇਸ ਦੋਗਲੀ ਨੀਤੀ ਦਾ ਆਖ਼ਰ ਮੰਤਵ ਕੀ ਹੈ? ਕੈਪਟਨ ਇਸ ਦੋਗਲੀ ਨੀਤੀ ਨਾਲ ਕਿਸ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਇਹ ਸ਼ਤਾਬਦੀ ਸਮਾਗਮ ਮਲਕ ਭਾਗੋਆਂ ਦੇ ਕਬਜ਼ੇ ਵਿਚ ਹਨ। ਇਸ ਕਾਰਨ ਹਰ ਕੋਈ ਆਪੋ ਆਪਣੀ ਡਫ਼ਲੀ ਵਜਾ ਰਿਹਾ ਹੈ।

ਬਾਬੇ ਨਾਨਕ ਦੀ ਬਾਣੀ ਤੇ ਭਾਈ ਮਰਦਾਨੇ ਦੇ ਰਬਾਬ ਤਾਂ ਕਿਸੇ ਨੂੰ ਸੁਣਾਈ ਨਹੀਂ ਦੇ ਰਹੀ। ਜਿਵੇਂ ਅਸੀਂ ਉਪਰ ਲਿਖਿਆ ਹੈ ਕਿ ਸ਼ਤਾਬਦੀ ਸਮਾਗਮਾਂ ਨੂੰ ਦਿਸ਼ਾਹੀਣ ਕਰਨ ਲਈ ਇਕ ਵਿਉਂਤਬੰਦ ਸਾਜਿਸ਼ ਅਧੀਨ ਸਿਰਫ਼ ਤੇ ਸਿਰਫ਼ ਵਿਖਾਵੇ ਵਿਚ ਬਦਲ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਬਾਦਲਾਂ ਹੱਥੋਂ ਪੰਥਕ ਵਿਹੜੇ ਦੀ ਖੁੱਸੀ ਜ਼ਮੀਨ ਦੀ ਵਾਪਸੀ ਲਈ ਅੱਡੀ ਚੱਟੀ ਦਾ ਜੋਰ ਲਾ ਰਹੀ ਹੈ। ਕੈਪਟਨ ਆਪਣੇ ਅਗਲੇ ਪੰਜ ਸਾਲਾਂ ਲਈ ਜ਼ਮੀਨ ਤਿਆਰ ਹਿੱਤ ਭਗਵਿਆਂ ਦੀ ਹਰ ਖੁਸ਼ੀ ਦੀ ਪੂਰਤੀ ਕਰਨ ਵਿਚ ਮਸ਼ਰੂਫ਼ ਹੈ। ਬਾਦਲਕੇ ਵੀ ਮੋਦੀਕਿਆਂ ਤੇ ਭਗਵਿਆਂ ਨੂੰ ਖੁਸ਼ ਕਰਨ ਲਈ ਪੱਬਾਂ ਭਾਰ ਹੋਏ ਹਨ। ਸਾਧ-ਸੰਤ ਲੰਗਰ ਦੀਆਂ ਵੰਨਗੀਆਂ ਵਧਾ ਕੇ ਆਪਣੀ ਝੂਠੀ ਸ਼ੋਭਾ ਵਧਾਉਣ ਦੇ ਚੱਕਰਾਂ ਵਿਚ ਹਨ। ਬਾਬੇ ਦੀ ਸ਼ੋਭਾ ਦੀ, ਸਿੱਖੀ ਸਿਧਾਂਤਾ ਦੀ ਰਾਖੀ ਦੀ ਚਿੰਤਾ ਕਿਸੇ ਨੂੰ ਨਹੀਂ ਹੈ। ਸਿਆਣੀਆਂ ਕੌਮਾਂ ਅਜਿਹੇ ਇਤਿਹਾਸਿਕ ਦਿਹਾੜਿਆਂ ਦਾ ਵੱਡਾ ਲਾਹਾ ਲੈਂਦੀਆਂ ਹਨ। ਜਦੋਂ ਕਿ ਸਿੱਖ ਕੌਮ ਉਲਟਾ ਸਭ ਕੁੱਝ ਗੁਆ ਬੈਠਦੀ ਹੈ। ਅਸੀਂ ਬਾਬੇ ਨਾਨਕ ਦੇ ਸਿੱਖ ਕਦੋਂ ਬਣਾਂਗੇ?

Editorial
Jaspal Singh Heran

International