ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ

ਜਸਪਾਲ ਸਿੰਘ ਹੇਰਾਂ
ਕਈ ਦਹਾਕਿਆਂ ਬਾਅਦ ਪੰਜਾਬ ਵਿਧਾਨ ਸਭਾ 'ਚ ਸਦਭਾਵਨਾ ਵਾਲਾ ਸਾਂਝਾ ਇਜਲਾਸ ਹੋਇਆ। ਇਸ ਵਿਸ਼ੇਸ਼ ਇਜਲਾਸ ਨੂੰ ਸੱਦਣ ਦਾ ਮੁੱਖ ਕਾਰਨ ਗੁਰੂ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਦੇਸ਼ ਦੇ ਉਪਰਾਸ਼ਟਰੀ ਤੇ ਸਾਬਕਾ ਪ੍ਰਧਾਨ ਮੰਤਰੀ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਰਾਜਪਾਲ ਤੇ ਮੁੱਖ ਮੰਤਰੀ ਵੀ ਸ਼ਾਮਿਲ ਹੋਏ। ਇਹ ਸਮਾਗਮ ਗੁਰੂ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣਾ ਚਾਹੀਦਾ ਸੀ। ਇਸ ਇਜਲਾਸ 'ਚ ਸਾਰੇ ਆਗੂਆਂ ਦੇ ਮਨ ਦੀ ਤਾਰ ਬਾਬਾ ਨਾਨਕ ਨਾਲ ਜੁੜੀ ਹੋਣੀ ਚਾਹੀਦੀ ਸੀ। ਪ੍ਰੰਤੂ ਦੁੱਖ ਦੀ ਗੱਲ ਇਹੋ ਹੈ ਕਿ ਇਸ ਸਮਾਗਮ ਦੀ ਆਰੰਭਤਾ ਬਾਬੇ ਨਾਨਕ ਦੀ ਬਾਣੀ ਜਾਂ ''ਕਲਿ ਤਾਰਨ ਗੁਰੂ ਨਾਨਕ ਆਇਆ'' ਨਾਲ ਨਹੀਂ ਹੋਈ। ਇਹ ਠੀਕ ਹੈ ਕਿ ਵਿਧਾਨ ਸਭਾ ਦਾ ਇਜਲਾਸ ਜਨ ਗਨ ਮਨ ਗੀਤ ਨਾਲ ਸ਼ੁਰੂ ਹੁੰਦਾ ਹੈ। ਪ੍ਰੰਤੂ ਇਹ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੀ ਇਸ ਲਈ ਇਸ ਇਜਲਾਸ ਵਿਚ ਵਿਸ਼ੇਸ਼ ਮਰਿਆਦਾ ਵੀ ਅਪਨਾਈ ਜਾ ਸਕਦੀ ਸੀ। ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਦੁਨੀਆਂ ਦਾ ਇਕੋ ਇਕ ਰਹਿਬਰ ਹੈ ਜਿਸ ਨੂੰ ਮੰਨਣ ਵਾਲੇ ਸਾਰੀ ਦੁਨੀਆਂ ਦੇ ਲਗਭਗ ਹਰ ਕੋਨੇ ਵਿਚ ਮਿਲ ਜਾਂਦੇ ਹਨ।

ਉਨ੍ਹਾਂ ਨੇ ਸਿਰਫ਼ ਮਨੁੱਖਤਾ ਦੀ ਭਲਾਈ ਦਾ ਹੋਕਾ ਦਿੱਤਾ ਅਤੇ ਸਰਬੱਤ ਦੇ ਭਲੇ ਦੇ ਨਾਅਰੇ ਨੂੰ ਬੁਲੰਦ ਕੀਤਾ। ਉਹ ਹਰ ਕਰਮ ਕਾਂਡ ਦੇ ਵਿਰੁੱਧ ਸਨ ਤੇ ਦੁਨੀਆਂ ਦੇ ਹਰ ਪਾਖੰਡ ਨੂੰ ਉਨ੍ਹਾਂ ਨੇ ਸ਼ਰੇਆਮ ਖੰਡਿਤ ਹੀ ਨਹੀਂ ਕੀਤਾ ਸਗੋਂ ਕਰਮਕਾਂਡ ਦੀਆਂ ਧੱਜੀਆਂ ਤੱਕ ਉਡਾਈਆਂ। ਉਨ੍ਹਾਂ ਸੱਚ ਦੇ ਮਜ਼ਬੂਤ ਹਥਿਆਰ ਨਾਲ ਪਾਖੰਡੀ ਤਾਕਤਾਂ ਨੂੰ ਹਰ ਥਾਂ ਹਰਾਇਆ। ਗੁਰੂ ਨਾਨਕ ਪਾਤਸ਼ਹ ਨੇ ਸੱਚ ਦੇ ਝੰਡੇ ਨੂੰ ਥਾਂ ਥਾਂ ਬੁਲੰਦ ਕੀਤਾ। ਦੁਨੀਆਂ ਵਿਚ ਕੋਈ ਕੋਨਾ ਤੇ ਧਰਮ ਅਜਿਹਾ ਨਹੀਂ ਹੋਣਾ। ਜਿਥੇ ਗੁਰੂ ਸਾਹਿਬ ਨੇ ਪਹੁੰਚ ਨਾ ਕੀਤੀ ਹੋਵੇ। ਅਜਿਹੇ ਮਹਾਨ ਕ੍ਰਾਂਤੀਕਾਰੀ ਰਹਿਬਰ ਨੂੰ ਜਦੋਂ ਅਸੀਂ ਉਸਦੇ 550 ਸਾਲਾਂ ਆਗਮਨਪੁਰਬ ਦੇ ਬਹਾਨੇ ਯਾਦ ਕਰਨ ਲਈ ਪਾਖੰਡ ਤੇ ਝੂਠ ਦਾ ਸਹਾਰਾ ਲੈਣ ਲੱਗ ਪਏ ਹਾਂ। ਜਿਸ ਕਾਰਨ ਜਿਸ ਸਿੱਖ ਕੌਮ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਨਿਰਮਲੇ ਪੰਥ ਦੀ ਉਪਾਧੀ ਦਿੱਤੀ ਹੈ ਅਤੇ ਉਹ ਵੀ ਉਨ੍ਹਾਂ ਦੀ ਸਖ਼ਸ਼ੀਅਤ ਦੀ ਗੱਲ ਕਰਨ ਲੱਗਿਆ ਝੂਠ ਦਾ ਸਹਾਰਾ ਲੈਣ ਲੱਗ ਪਈ ਹੈ।

ਖੈਰ ਅਸੀਂ ਅੱਜ ਦੇ ਵਿਸ਼ੇਸ਼ ਇਜਲਾਸ 'ਚ ਗੁਰੂ ਸਾਹਿਬ ਜੀ ਦੀ ਗੱਲ ਤੁਰਨ ਦੀ ਉਮੀਦ ਕਰਦੇ ਸੀ। ਪ੍ਰੰਤੂ ਜਿਸ ਸਮਾਗਮ ਦੀ ਪ੍ਰਧਾਨਗੀ ਆਰ ਐਸ ਐਸ ਦਾ ਚੇਲਾ ਭਾਵੇਂ ਕਿ ਉਹ ਉਪਰਾਸ਼ਟਰਪਤੀ ਹੈ ਕਰੇ, ਉਸ ਤੋਂ ਕਿਵੇਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ''ਕਾਜੀ ਬਾਹਮਣਾ ਦੀ ਗਲ ਥਕੀ'' ਦੀ ਤੁਕ ਦਾ ਉਚਾਰਨ ਕਰੂੰਗਾ ਅਤੇ ਗੁਰੂ ਨਾਨਕ ਸਾਹਿਬ ਵਲੋਂ ਭ੍ਰਿਸ਼ਟ ਰਾਜਿਆਂ ਅਤੇ ਅਫ਼ਸਰਸ਼ਾਹੀ ਦੀ ਕੀਤੀ ਨਿਖੇਧੀ ਦੀ ਚਰਚਾ ਕਰੂੰਗਾ। ਗੁਰੂ ਨਾਨਕ ਪਾਤਸ਼ਾਹ ਵਲੋਂ ਕੀਤੇ ਪਾਖੰਡ ਤੇ ਕਰਮਕਾਂਡ ਦੇ ਵਿਰੋਧ ਦੀ ਗੱਲ ਤੋਰੇਗਾ। ਪੰਜਾਬ ਵਿਧਾਨ ਸਭਾ ਵਿਚ ਭਾਂਵੇ ਬਾਬੇ ਨਾਨਕ ਦੇ ਸਿਧਾਂਤ ਤੇ ਉਨ੍ਹਾਂ ਦੀ ਮਹਾਨਤਾ ਬਾਰੇ ਸਰਵਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ। ਅਸੀਂ ਉਸਦੀ ਸ਼ਲਾਘਾ ਕਰਦੇ ਹਾਂ। ਪ੍ਰੰਤੂ ਇਸ ਮਤੇ ਵਿਚ ਕਰਮਕਾਂਡਾ, ਪਾਖੰਡਾਂ ਦੇ ਆਡੰਬਰਾਂ ਦੇ ਵਿਰੋਧ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਭਾਵੇਂ ਕਿ ਸਿਆਸੀ ਆਗੂਆਂ ਵਲੋਂ ਅਜਿਹੇ ਮਹਾਨ ਇਤਿਹਾਸਿਕ ਦਿਹਾੜਿਆਂ ਦਾ ਵੀ ਸਿਆਸੀਕਰਨ ਕਰਕੇ ਉਨ੍ਹਾਂ ਦੇ ਲਾਹਾ ਲੈਣ ਦਾ ਯਤਨ ਕੀਤਾ ਜਾਂਦਾ ਹੈ। ਪ੍ਰੰਤੂ ਅਸੀਂ ਸਮਝਦੇ ਹਾਂ ਕਿ ਇਸ ਵਿਸ਼ੇਸ਼ ਇਜਲਾਸ ਦੀ ਆਰੰਭਤਾ ਬਾਬੇ ਨਾਨਕ ਦੀ ਬਾਣੀ ਨਾਲ ਹੁੰਦੀ ਤਾਂ ਇਹ ਇਤਿਹਾਸਿਕ ਮੀਲ ਪੱਥਰ ਸਾਬਿਤ ਹੋਣਾ ਸੀ। ਪ੍ਰੰਤੂ ਜਨ ਗਨ ਮਨ ਦੇ ਭਗਤ ਕਦੇ ਵੀ ਬਾਬੇ ਨਾਨਕ ਦੇ ਭਗਤ ਨਹੀਂ ਹੋ ਸਕਦੇ ਇਹ ਸਾਡਾ ਪੱਕਾ ਵਾਅਦਾ ਹੈ।

ਬਾਬੇ ਨਾਨਕ ਦਾ ਸੱਚ ਨਾ ਉਦੋਂ ਕਿਸੇ ਹਾਕਮ ਨੂੰ ਹਜ਼ਮ ਹੋਇਆ ਸੀ ਤੇ ਨਾ ਹੀ ਅੱਜ ਦੇ ਹਾਕਮਾਂ ਨੂੰ ਹੋ ਸਕਦਾ ਹੈ। ਗੁਰੂ ਪਾਤਸ਼ਾਹ ਦੇ 550 ਸਾਲਾ ਆਗਮਨ, ਸਾਡੇ ਲਈ ਵਰਦਾਨ ਸਾਬਿਤ ਹੋ ਸਕਦੇ ਹਨ। ਪ੍ਰੰਤੂ ਸਮੇਂ ਦੇ ਹਾਕਮ ਇਸ ਵਰਦਾਨ ਨੂੰ ਕੌਮੀ ਸਰਾਪ ਵਿਚ ਬਦਲਣਾ ਚਾਹੁੰਦੇ ਹਨ। ਜਦੋਂ ਗਿਆਨ ਵੰਡਣ ਵਾਲੀ ਕੌਮ, ਖੁਦ ਹਨੇਰਾ ਢੋਣ ਲੱਗ ਪਵੇ ਫਿਰ ਉਸਨੂੰ ਕੌਣ ਬਚਾ ਸਕਦਾ ਹੈ।

Editorial
Jaspal Singh Heran

International