ਕਰਤਾਰਪੁਰ ਸਾਹਿਬ ਲਾਂਘੇ ਨੂੰ ਅੱਤਵਾਦ ਨਾਲ ਜੋੜ੍ਹਨ ਦੀ ਸਾਜਿਸ਼...

ਜਸਪਾਲ ਸਿੰਘ ਹੇਰਾਂ
ਅੱਜ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਜੀਵਨ ਦੇ ਅਖ਼ਰੀਲੇ ਵਰ੍ਹਿਆਂ ਦੀ ਕਰਮ-ਭੂਮੀ ਕਰਤਾਰਪੁਰ, ਜਿਹੜੀ ਸਮੁੱਚੀ, ਮਾਨਵਤਾ ਨੂੰ ਕਿਰਤ  ਕਰੋ ਦਾ ਸੰਦੇਸ਼ ਦਿੰਦੀ ਹੈ, ਉਸ ਪਵਿੱਤਰ ਧਰਤੀ ਦੇ ਖੁੱਲ੍ਹੇ ਦਰਸ਼ਨ ਲਈ, ਕਰਤਾਰਪੁਰ ਲਾਂਘਾ ਖੋਲ੍ਹਿਆ ਜਾ ਰਿਹਾ ਹੈ। ਉਸ ਸਮੇਂ ਇਸ ਧਰਤੀ ਦੀ ਮਹਾਨਤਾ ਦਾ ਪੰਨਾ ਖੋਲ੍ਹਣ ਦੀ ਥਾਂ, ਕਰਤਾਰਪੁਰ ਲਾਂਘੇ ਨੂੰ ਅੱਤਵਾਦ ਨਾਲ ਜੋੜਨ ਦੀ ਗਹਿਰੀ ਸਾਜਿਸ਼ ਹੋ ਰਹੀ ਹੈ। ਪਾਕਿਸਤਾਨ ਸਰਕਾਰ ਵੱਲੋਂ ਗੁਰੂ ਨਾਨਕ ਸਾਹਿਬ ਤੇ ਕਰਤਾਰਪੁਰ ਸਾਹਿਬ ਲਾਂਘੇ ਨਾਲ ਸਬੰਧਿਧਤ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ। ਇਸ ਵੀਡਿਓ 'ਚ ਇੱਕ ਪੋਸਟਰ ਵਿਖਾਇਆ ਗਿਆ ਹੈ। ਜਿਸ ਤੇ ਵੀਹਵੀਂ ਸਦੀ ਦੀ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ, ਸ਼ਹੀਦ ਭਾਈ ਅਮਰੀਕ ਸਿੰਘ ਤੇ ਸ਼ਹੀਦ ਜਰਨਲ ਸੁਬੇਗ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਨੇ ਇਸ ਦੇਸ਼ ਦੇ ਹਿੰਦੂਤਵ ਦੇ ਢਿੱਡਾਂ 'ਚ ਪੀੜ੍ਹ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਤਸਵੀਰਾਂ ਸਿਰਫ਼ ਤੇ ਸਿਰਫ਼ ਅੱਤਵਾਦ ਫੈਲਾਉਣ ਵਾਲੀਆਂ ਹਨ। ਇਸ ਲਈ ਇਨ੍ਹਾਂ ਤਸਵੀਰਾਂ ਨੂੰ ਵੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਜੋੜ ਦਿੱਤਾ ਗਿਆ। ਸਾਡੇ ਮੁੱਖ ਮੰਤਰੀ ਕੈਪਟਨ ਨੇ ਵੀ ਝੱਟ ਹਾਮੀ ਭਰ ਦਿੱਤੀ। ਸਿੱਖ ਕੌਮ ਇਸ ਸਮੇਂ ਗਲੋਬਲ ਕੌਮ ਹੈ। ਗੁਰੂ ਨਾਨਕ ਪਾਤਸ਼ਾਹ ਪੂਰੀ ਲੋਕਾਈ ਦੇ ਗੁਰੂ ਹਨ। ਅੱਜ ਇਸ ਸੱਚ ਦੇ ਪੂਰੇ ਸਬੂਤ ਸਾਡੇ ਸਾਹਮਣੇ ਆ ਚੁੱਕੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਉਸ ਸਮੇਂ ਪ੍ਰਚਲਿਤ ਸਾਰੇ ਧਰਮਾਂ ਦੇ ਪ੍ਰਮੁਖ ਧਾਰਮਿਕ ਕੇਂਦਰਾਂ ਤੇ ਗਏ ਸਨ। ਉਸ ਸਮੇਂ ਦੇ ਸਾਰੇ ਧਰਮਾਂ 'ਚ ਆ ਚੁੱਕੀਆਂ  ਬੁਰਿਆਈਆਂ ਦਾ ਡੱਟਵਾਂ ਖੰਡਨ ਕੀਤਾ ਸੀ। ਜਿਸਨੂੰ ਉਸ ਸਮੇਂ ਦੇ ਸਾਰੇ ਸੱਚੇ ਮਨੁੱਖਾਂ ਨੇ ਸਵੀਕਾਰ ਕੀਤਾ ਸੀ। ਗੁਰੂ ਨਾਨਕ ਨੂੰ ਸੱਚੀ-ਮੁੱਚੀ ਜਗਤ ਗੁਰੂ ਹੋਣ ਦਾ ਰੁਤਬਾ ਹਾਸਲ ਹੈ। ਫਿਰ ਅਜਿਹੇ ਮਹਾਨ ਗੁਰੂ, ਜਿਸਨੂੰ ਅੱਜ ਤੋਂ 550 ਸਾਲ ਪਹਿਲਾ 3 ਕਰੋੜ ਲੋਕਾਂ ਨੇ ਆਪਣਾ ਗੁਰੂ ਪ੍ਰਵਾਨ ਕਰ ਲਿਆ ਸੀ, ਅੱਜ ਉਸ ਗੁਰੂ ਦੀ ਕਰਮ ਭੂਮੀ ਕਿਰਤ ਕਰੋ, ਦਾ ਪ੍ਰਤੀਕ ਪਾਵਨ ਧਰਤੀ ਦੇ ਦਰਸ਼ਨਾਂ ਦੀ ਜੇ ਸਿੱਖਾਂ ਨੂੰ ਮਾੜੀ-ਮੋਟੀ ਖੁੱਲ ਮਿਲੀ ਹੈ ਤਾਂ ਹਿੰਦੂਤਵੀਆਂ ਨੂੰ ਹਜ਼ਮ ਕਿਉਂ ਨਹੀਂ ਹੋ ਰਹੀ? ਇਹ ਫਿਰਕੂ ਜਾਨੂੰਨੀ ਕਰਤਾਰਪੁਰ ਲਾਂਘੇ ਨੂੰ ਵੀ ਫਿਰਕੂ ਜਾਨੂੰਨ ਦੀ ਚਾਸ਼ਨੀ ਚਾੜ੍ਹ ਰਹੇ ਹਨ।

ਕਰਤਾਰਪੁਰ ਲਾਂਘੇ ਦੇ ਖੁੱਲਣ ਦਾ ਵਿਰੋਧ ਅਜਿਹੇ ਜ਼ਹਿਰੀਲੇ ਅੰਦਾਜ਼ 'ਚ ਕੀਤਾ ਜਾ ਰਿਹਾ ਹੈ ਕਿ ਕੱਟੜ ਹਿੰਦੂ ਇਸ ਦਾ ਵਿਰੋਧ ਕਰਨ ਲੱਗ ਪਿਆ ਹੈ, ਹਾਲਕਿ ਲੱਖ ਬੰਦਿਸ਼ਾਂ 'ਚ ਇਸ ਲਾਂਘੇ ਦੀ ਵਰਤੋਂ ਹੋਣੀ ਹੈ, ਪ੍ਰੰਤੂ ਇਉਂ ਦਰਸਾਇਆ  ਜਾ ਰਿਹਾ ਹੈ, ਜਿਵੇਂ ਪਾਕਿਸਤਾਨ ਤੋਂ ਅੱਤਵਾਦੀ, ਸਿੱਖਾਂ ਦਾ ਭੇਸ ਬਣਾ ਕੇ ਖੁੱਲੇ ਰੂਪ 'ਚ ਇਸ ਦੇਸ਼ 'ਚ ਆ ਵੜਿਆ ਕਰਨਗੇ ਅਤੇ ਤਬਾਹੀ ਮਚਾ ਕੇ ਵਾਪਸ ਮੁੜ ਜਾਇਆ ਕਰਨਗੇ। ਇੱਕ ਪਾਸੇ ਹਿੰਦੂਤਵੀ ਮੋਦੀ ਤੇ ਅਮਿਤ ਸ਼ਾਹ ਇਸ ਲਾਂਘੇ ਦੇ ਖੁੱਲਣ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹ ਕੇ, ਸਿੱਖਾਂ ਨੂੰ ਖੁਸ਼ ਕਰਨ 'ਚ ਲੱਗੇ ਹੋਏ ਹਨ। ਪ੍ਰੰਤੂ ਨਾਲ ਦੀ ਨਾਲ ਉਨ੍ਹਾਂ ਨੂੰ ਇਸ ਸੱਚ ਤੋਂ ਵੀ ਡਰ ਲੱਗ ਰਿਹਾ ਹੈ ਕਿ ਸਿੱਖ ਤਾਂ ਇਸ ਲਾਂਘੇ ਦਾ ਸਿਹਰਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿਰ ਬੰਨ੍ਹਦੇ ਹਨ। ਇਸ ਕਾਰਣ ਜੇ ਲੋੜ ਪਈ ਤਾਂ ਅੱਤਵਾਦ ਦਾ ਬਹਾਨਾ ਘੜ ਕੇ ਲਾਂਘੇ ਨੂੰ ਬੰਦ ਕਰ ਦਿੱਤਾ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਸਰਬੱਤ ਦੇ ਭਲੇ ਦਾ ਸੁਨੇਹਾ ਦੇਣ ਵਾਲੇ ਮਹਾਨ ਰਹਿਬਰ ਹਨ। ਉਨ੍ਹਾਂ ਦੱਬੇ-ਕੁਚੱਲੇ ਲੋਕਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਿਕ ਸ਼ੋਸ਼ਣ ਦੇ ਜ਼ਾਲਮ ਪੰਜੇ ਤੋਂ ਆਜ਼ਾਦ ਕਰਵਾਇਆ। ਫਿਰ ਉਨ੍ਹਾਂ ਦੇ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਈ ਤੱਕ ਲੈਣ ਕੇ ਜਾਣ ਦੀ ਵੱਡੀ ਲੋੜ ਹੈ। ਪ੍ਰੰਤੂ ਸਮੇਂ ਦੇ ਹਾਕਮ ਚਾਹੇ ਉਹ ਕਿਸੇ ਰੰਗ, ਭੇਸ ਜਾਂ ਨਸਲ ਦੇ ਹਨ।

ਉਹ ਗੁਰੂ ਨਾਨਕ ਪਾਤਸ਼ਾਹ ਦੇ ਸੁਨੇਹੇ ਨੂੰ ਆਡੰਬਰਾਂ ਤੇ ਫਿਰਕੂ ਨਫ਼ਰਤ ਦੇ ਢੇਰ ਥੱਲੇ ਦੱਬ ਦੇਣਾ ਚਾਹੁੰਦੇ ਹਨ ਤਾਂ ਕਿ ਸੱਚੇ ਲੋਕ ਜਾਗ ਨਾਂਹ ਜਾਣ। ਅੱਜ ਜਦੋਂ ਹਿੰਦੂਤਵੀ ਤਾਕਤਾਂ ਦਾ ਜੋਰ ਬਾਬੇ ਨਾਨਕ ਦੇ ਜਗਤ ਗੁਰੂ ਦੇ ਰੁਤਬੇ ਨੂੰ ਢਾਹ ਲਾਕੇ, ਉਨ੍ਹਾਂ ਦੇ ਸ਼ਤਾਬਦੀ ਸਮਾਗਮਾਂ ਨੂੰ ਫਿਰਕੂ ਜਾਨੂੰਨ ਦੀ ਭੇਂਟ ਚੜਾਉਣ ਦਾ ਹੈ, ਤਾਂ ਸਿੱਖ ਕੌਮ ਨੂੰ ਪਕਵਾਨਾਂ ਦੀ ਘੂਕੀ 'ਚੋਂ ਜਾਗ ਕੇ, ਇਨ੍ਹਾਂ ਤਾਕਤਾਂ ਦਾ, ਵਿਚਾਰਾਂ ਦੇ ਹਥਿਆਰ ਨਾਲ ਡੱਟਵਾ ਮੁਕਾਬਲਾ ਕਰਨਾ ਪਵੇਗਾ। ਸਿੱਖ ਕੌਮ ਦੀ ਇਹ ਖਾਸਤੀਅਤ ਤੇ ਉਸਦਾ ਵਿਰਸਾਤੀ ਗੁਣ ਹੈ ਕਿ ਜਿਹੜਾ ਕੋਈ ਇਕ ਵਾਰ ਇਨ੍ਹਾਂ ਦੇ ਹੱਕ 'ਚ ਭਾਵੇਂ ਹਾਅ ਦਾ ਨਾਅਰਾ ਹੀ ਮਾਰ ਦੇਵੇ, ਉਸਦੇ ਉਪਕਾਰ ਨੂੰ ਉਹ ਰਹਿੰਦੀ ਦੁਨੀਆ ਤੱਕ ਨਹੀਂ ਭੁੱਲਦੀ। ਜੇ ਦੋਵੇਂ ਸਰਕਾਰਾਂ ਸੱਚੇ ਮਨੋਂ ਸਿੱਖ ਨੂੰ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਦੀ ਆਗਿਆ ਦੇ ਦਿੰਦੀਆਂ ਹਨ ਤਾਂ ਸਿੱਖ ਕੌਮ ਉਨ੍ਹਾਂ ਦੀ ਹਮੇਸ਼ਾ ਰਿਣੀ ਰਹੇਗੀ ਤੇ ਹਰ ਦੁੱਖ ਦੀ ਘੜੀ ਨਾਲ ਵੀ ਖੜ੍ਹੀ ਹੋਵੇਗੀ। ਪ੍ਰੰਤੂ ਜਦੋਂ ਲਾਂਘੇ ਨੂੰ ਸਿੱਖਾਂ ਦੇ ਅਕਸ ਨੂੰ ਵਿਗਾੜਨ ਦਾ ਹਥਿਆਰ ਬਣਾਇਆ ਜਾ ਰਿਹਾ ਹੈ, ਤਾਂ ਉਹ ਇਸ ਅਕ੍ਰਿਤਘਣਾ ਨੂੰ ਵੀ ਕਦੇ ਨਹੀਂ ਭੁੱਲੇਗੀ। ਬਾਕੀ 72 ਸਾਲ ਤੋਂ ਹੋ ਰਹੀ ਅਰਦਾਸ ਦੀ ਪੂਰਤੀ ਰੱਬੀ ਕੌਤਕ ਹੈ। ਇਸ ਨੂੰ ਕੋਈ ਵੀ ਤਾਕਤ ਟਾਲ ਨਹੀਂ ਸਕਦੀ।

 
  
Editorial
Jaspal Singh Heran

International