ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਸ਼ਤਾਬਦੀ ਦੇ ਸਮਾਗਮ...

ਜਸਪਾਲ ਸਿੰਘ ਹੇਰਾਂ
ਕੁਦਰਤ ਮਨੁਖ ਦਾ ਸਭ ਤੋਂ ਵੱਡਾ ਅਧਿਆਪਕ ਹੈ। ਇਹ ਉਸਨੂੰ ਬਹੁਤ ਕੁਝ ਸਿਖਾਉਂਦੀ ਵੀ ਹੈ ਅਤੇ ਕਈ ਵਾਰ ਗ਼ਲਤੀ ਕਰਨ ਤੇ ਸਜ਼ਾ ਵੀ ਦਿੰਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੀ ਸਾਢੇ ਪੰਜਵੀਂ ਸ਼ਤਾਬਦੀ ਮਨਾਈ ਜਾ ਰਹੀ ਹੈ। ਬਾਬਾ ਨਾਨਕ ਜਿਸਨੇ ਦੁਨੀਆਂ ਨੂੰ ਕਰਮਕਾਂਡਾ ਤੇ ਆਡੰਬਰਾਂ ਤੋਂ ਆਜ਼ਾਦ ਕਰਵਾਇਆ, ਹੱਥੀ ਕਿਰਤ ਕੀਤੀ, ਸੱਚ ਤੇ ਸਾਦਗੀ  ਨੂੰ ਪਹਿਲ ਦਿੱਤੀ, ਨਿਮਰ ਬਣਨ ਤੇ ਪ੍ਰਮਾਤਮਾ ਦੀ ਬਖ਼ਸੀਸ ਲੈਣ ਦੀ ਗੱਲ ਕੀਤੀ, ਸਮਾਜ ਵੱਲੋਂ ਲਤਾੜੇ ਤੇ ਨਕਾਰਿਆਂ ਨੂੰ ਆਪਣੇ ਯਾਰ ਬਣਾਉਣ ਵਾਲੇ, ਉਸ ਜਗਤ ਬਾਬੇ ਦੀ ਸਾਢੇ ਪੰਜਵੀਂ ਸ਼ਤਾਬਦੀ  ਦੇ ਸਮਾਗਮਾਂ ਨੂੰ ਸਮੇਂ ਦੀਆਂ ਸਰਕਾਰਾਂ ਅਤੇ ਸਿੱਖ ਧਰਮ ਦੇ ਠੇਕੇਦਾਰ ਅਖ਼ਵਾਉਂਦੇ ਲੋਕ, ਸ਼੍ਰੋਮਣੀ ਕਮੇਟੀ ਦੇ ਸਹਾਰੇ, ਚਕਾਚੌਂਧ ਵਾਲੇ ਸਮਾਗਮ 'ਚ ਬਦਲ ਰਹੇ ਹਨ। ਜਿਸ ਮੁਕਦਸ ਥਾਂ, ਤੋਂ 'ਧੰਨ ਗੁਰ ਨਾਨਕ ਤੇਰੀ ਵੱਡੀ ਕਮਾਈ' ਦੀ ਧੁੰਨ ਗੂੰਜਣੀ ਸੀ ਉਥੇ ਪਕਵਾਨਾਂ ਤੇ ਚਕਾਚੌਂਧ ਦਾ ਮੇਲੇ ਵਾਲਾ ਸ਼ੋਰ ਹੈ। ਸਿੱਖ ਕੌਮ ਕੋਲ ਮੌਕਾ ਸੀ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਚੁੱਕੇ ਕਦਮਾਂ ਅਤੇ ਦਿੱਤੇ ਸੁਨੇਹਿਆਂ ਦਾ ਪ੍ਰਚਾਰ, ਪੂਰੀ ਦੁਨੀਆ 'ਚ ਕੀਤਾ ਜਾਂਦਾ।

ਗੁਰੂ ਨਾਨਕ ਪਾਤਸ਼ਾਹ  ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਪੂਰੀ ਲੋਕਾਈ ਨੂੰ ਦਿੱਤਾ ਸੀ। ਬਲਿਹਾਰੀ ਕੁਦਰਤ ਵੱਸਿਆ, ਦੇ ਨਾਅਰੇ ਨਾਲ ਮਨੁੱਖ ਨੂੰ ਕੁਦਰਤ ਨਾਲ ਪ੍ਰੇਮ ਕਰਨਾ ਸਿਖਾਇਆ ਸੀ, ਗਿਆਨ ਦੀ ਪ੍ਰਾਪਤੀ ਨੂੰ ਸਭ ਤੋਂ ਅਹਿਮ ਆਖਿਆ ਸੀ, ਜਿਸ ਬਾਬੇ ਨੇ ਕੁਦਰਤ ਦੀ ਮਹਾਨਤਾ ਅੱਗੇ ਸਿਰ ਝੁਕਾ ਕੇ ਉਸਨੂੰ ਪ੍ਰੇਮ ਕਰਨ ਦਾ ਸੰਦੇਸ਼ ਦਿੱਤਾ ਸੀ। ਅੱਜ ਉਸ ਬਾਬੇ ਦੇ ਸਾਰੇ ਸਿਧਾਂਤਾਂ ਦੀ ਅਣਦੇਖੀ ਕਰਕੇ, ਸ਼ਤਾਬਦੀ ਸਮਾਗਮ ਨੂੰ ਆਡੰਬਰ 'ਚ ਬਦਲ ਦਿੱਤਾ ਗਿਆ ਹੈ। ਮਨੁੱਖ ਦੀ ਸੁਆਰਥੀ ਤੇ ਪਦਾਰਥੀ ਸੋਚ, ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਢੱਕ ਕੇ  ਬੈਠ ਗਈ ਹੈ, ਜਦੋਂ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦਾ ਘਾਣ ਹੋਵੇਗਾ ਤਾਂ ਕੁਦਰਤ ਦਾ ਸਾਡੇ ਤੋਂ ਨਰਾਜ਼ ਹੋਣਾ ਸੁਭਾਵਿਕ ਹੈ। ਬਹੁਤਿਆਂ ਨੂੰ ਸਾਡੀ ਇਸ ਸੋਚ ਤੇ ਔਖ ਮਹਿਸੂਸ ਵੀ ਹੋਵੇਗੀ, ਪ੍ਰੰਤੂ ਇਤਿਹਾਸਕ ਘਟਨਾਵਾਂ ਇਸ ਗੱਲ੍ਹ ਦੀ ਗਵਾਹੀ ਭਰਦੀਆਂ ਹਨ ਕਿ ਮਨੁੱਖਾਂ ਨੇ ਜਦੋਂ ਵੀ ਕੁਦਰਤ ਦਾ ਸ਼ਰੀਕ ਬਣਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸਨੂੰ ਬਹੁਤ ਵੱਡਾ ਨੁਕਸਾਨ ਵੀ ਉਠਾਉਣਾ ਪਿਆ ਹੈ ਅਤੇ ਬਰਬਾਦੀ ਵੀ ਸਹਿਣੀ ਪਈ ਹੈ। ਜਿਵੇਂ ਅਸੀਂ ਲਿਖਿਆ ਹੈ ਕਿ ਸਾਰੇ ਸ਼ਤਾਬਦੀ ਸਮਾਗਮ ਬਾਬੇ ਨਾਨਕ ਦੀ ਸੋਚ ਤੋਂ ਉਲਟ ਹਨ। ਬਾਬੇ ਦੇ ਸਾਰੇ ਸਿਧਾਂਤਾਂ ਦਾ ਘਾਣ ਕਰਕੇ, ਸਿਰਫ਼ ਤੇ ਸਿਰਫ਼ ਤੇ ਆਡੰਬਰ ਨੂੰ ਪਹਿਲੀ ਦਿੱਤੀ ਗਈ ਹੈ ਤਾਂ ਕੁਰਦਤ ਦਾ ਕਰੋਪ ਹੋਣਾ ਵੀ ਸੁਭਾਵਿਕ ਹੈ।

ਸੁਲਤਾਨਪੁਰ ਲੋਧੀ ਡੇਰਾ ਬਾਬਾ ਨਾਨਕ ਵਿਖੇ ਸ਼ਤਾਬਦੀ ਸਮਾਗਮ ਦੀਆਂ ਥਾਵਾਂ ਤੇ ਜਿਵੇਂ ਮੀਂਹ ਤੇ ਹਨੇਰੀ ਦੇ ਰੂਪ 'ਚ ਕੁਰਦਤ ਨੇ ਆਪਣਾ ਗੁੱਸਾ ਵਿਖਾਇਆ ਹੈ, ਇਹ ਗੁਰੂ ਬਾਬੇ ਦੇ ਸਿਧਾਂਤਾਂ ਦਾ ਘਾਣ ਕਰਨ ਵਾਲਿਆ ਦੇ ਮੂੰਹ 'ਤੇ  ਕਰਾਰੀ ਚਪੇੜ ਹੈ, ਕੋਈ ਸਮਝੇ ਜਾਂ ਨਾ। ਗੁਨਾਹਗਾਰ ਲੋਕ, ਬਹਾਨੇ ਬਹੁਤ ਲੱਭ ਲੈਂਦੇ ਹਨ। ਜੇ ਬਾਬੇ ਨੂੰ ਚੌਧਰ, ਦੌਲਤ, ਜਾਇਦਾਦ ਦੀ ਭੁੱਖ ਹੁੰਦੀ ਤਾਂ ਉਹ ਰਾਏ ਬੁਲਾਰ ਵੱਲੋਂ ਬਾਬੇ ਨਾਨਕ ਦੇ ਨਾਮ ਲਾਈ 19500 ਏਕੜ ਜਮੀਨੇ ਤੇ ਕਬਜ਼ਾ ਕਰਕੇ ਮੌਜਾਂ ਮਾਣਦਾ। ਪ੍ਰੰਤੂ ਉਸਨੇ ਤਾਂ ਉਸ ਜ਼ਮੀਨ 'ਤੇ ਇੱਕ ਵਾਰ ਵੀ ਗੇੜਾ ਨਹੀਂ ਮਾਰਿਆ। ਦੁਨੀਆਂ ਦੇ ਇੱਕ ਨਹੀਂ ਅਨੇਕਾਂ ਬਾਦਸ਼ਾਹ, ਗੁਰੂ ਸਾਹਿਬ ਦੇ ਖੁਦ ਚਰਨੀ ਲੱਗੇ। ਬਾਬੇ ਨੇ ਬਾਬਰ ਵਰਗੇ ਬਾਦਸ਼ਾਹ ਦੇ ਜੁਲਮ ਦਾ ਡੱਟ ਕੇ ਵਿਰੋਧ ਕੀਤਾ। ਪ੍ਰੰਤੂ ਅਸੀਂ, ਉਸੇ ਗੁਰੂ ਬਾਬੇ ਦੀ ਸ਼ਤਾਬਦੀ ਨੂੰ ਬਾਬੇ ਦੇ ਸਿਧਾਂਤਾਂ ਦੇ ਕਾਤਲ ਹਾਕਮਾਂ ਦੇ ਨਾਮ ਲਿਖਣ ਲਈ ਕਾਹਲੇ ਹਾਂ। ਅੱਜ ਇੱਕ ਵੀ ਗੁਰੂ ਬਾਬੇ ਦਾ ਅਜਿਹਾ ਪੈਰੋਕਾਰ ਨਹੀਂ, ਜਿਹੜਾ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਦੇ ਕਤਲੇਆਮ ਦਾ ਡੱਟਵਾ ਵਿਰੋਧ ਕਰ ਸਕੇ। ਪੰਜਾਬ ਵਿਧਾਨ ਸਭਾ 'ਚ ਵੀ 117 ਵਿਧਾਇਕਾਂ 'ਚੋਂ ਕਿਸੇ ਨੇ ਆਵਾਜ਼  ਬੁਲੰਦ ਨਹੀਂ ਕੀਤੀ ਕਿ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਬਾਬੇ ਨਾਨਕ ਦੀ ਪ੍ਰਕਾਸ਼ ਸ਼ਤਾਬਦੀ ਮਨਾਉਣ ਦਾ ਹੱਕ ਨਹੀਂ।ਕੀ ਗੁਰੂ ਪਾਤਸ਼ਾਹ ਦੀ ਸ਼ਤਾਬਦੀ ਸਿਆਸੀ ਰੋਟੀ ਸੇਕਣ ਦਾ ਮੌਕਾ ਬਣ ਕੇ ਰਹਿ ਜਾਊਗੀ?

ਸਤਨਾਮੀਏ, ਸਿਕਲੀਗਰ, ਵਣਜਾਰਿਆਂ ਤੋਂ ਇਲਾਵਾ ਵਿਦੇਸ਼ਾਂ ਦੀ ਧਰਤੀ ਤੇ ਉਸ ਸਮੇਂ ਦੇ 3 ਕਰੋੜ ਗੁਰੂ ਨਾਨਕ ਨਾਮ ਲੇਵਾ, ਆਖ਼ਰ ਸਿੱਖੀ ਤੋਂ ਦੂਰ ਕਿਉਂ ਹਨ? ਇਸ ਸੁਆਲ ਦਾ ਕੋਈ ਜਵਾਬ ਮੰਗੇਗਾ? ਕੀ ਅਸੀਂ ਸ਼ਤਾਬਦੀ  ਸਮਾਗਮ ਲੰਘਣ ਤੋਂ ਬਾਅਦ, ਸਿਰਫ਼ ਇਸ ਲਈ ਖੁਸ਼ ਹੋਵਾਂਗੇ ਕਿ ਇਨ੍ਹਾਂ ਸਮਾਗਮ 'ਚ ਐਨੇ ਲੱਖ ਸਿੱਖ ਸੰਗਤ ਤੋਂ ਇਲਾਵਾ ਦੇਸ਼ ਦਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਹਾਜ਼ਰੀ ਲੁਆ ਕੇ ਗਿਆ। ਕੀ ਕੌਮ ਨੇ ਸ਼ਤਾਬਦੀ ਸਮਾਗਮ ਤੋਂ ਕਿਸੇ ਇੱਕ ਠੋਸ ਪ੍ਰਾਪਤੀ ਦਾ ਟੀਚਾ ਮਿਥਿਆ? ਕੌਣ ਮਿਥਦਾ? ਇਥੇ ਤਾਂ ਕੌਮ ਖੱਖੜੀਆ ਕਰੇਲੇ ਅਤੇ ਹਰ ਕਿਸੇ ਦੇ ਸਿਰ ਹੰਕਾਰ ਚੜ੍ਹ ਕੇ ਬੋਲਦਾ ਹੈ। ਫਿਰ ਗੁਰੂ ਦੀ ਤੇ ਗੁਰੂ ਸਿਧਾਂਤਾਂ ਦੀ ਗੱਲ ਕੌਣ ਕਰੇਗਾ ਅਤੇ ਕੌਣ ਸੁਣਗੇ।

 
  
Editorial
Jaspal Singh Heran

International