ਰਾਧਾ ਸਵਾਮੀ ਮੁਖੀ ਦੇ ਰੈਨਬੈਕਸੀ ਵਾਲੇ ਰਿਸ਼ਤੇਦਾਰਾਂ ਨੂੰ ਸੁਪਰੀਮ ਕੋਰਟ ਨੇ ਦੋਸ਼ੀ ਮੰਨਿਆ

ਚੰਡੀਗੜ੍ਹ, 15 ਨਵੰਬਰ (ਮਨਜੀਤ ਸਿੰਘ ਚਾਨਾ) : ਸੁਪਰੀਮ ਕੋਰਟ ਨੇ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਇਕ ਮਾਮਲੇ ਵਿਚ ਰੈਨਬੈਕਸੀ ਦੇ ਸਾਬਕਾ ਪ੍ਰੋਮੋਟਰ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਦੋਸ਼ੀ ਮੰਨਿਆ ਹੈ। ਦਵਾਈਆਂ ਬਣਾਉਣ ਵਾਲੀ ਜਾਪਾਨੀ ਕੰਪਨੀ ਦਾਈਚੀ ਸੈਂਕਿਓ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਅੱਜ ਇਹ ਫ਼ੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਇਸ ਵਰ੍ਹੇ ਮਾਰਚ ਮਹੀਨੇ ਦਾਈਚੀ ਵੱਲੋਂ ਸੁਪਰੀਮ ਕੋਰਟ 'ਚ ਦੋਵੇਂ ਭਰਾਵਾਂ ਵਿਰੁੱਧ 3,500 ਕਰੋੜ ਰੁਪਏ ਦੇ ਆਰਬਿਟ੍ਰੇਸ਼ਨ ਐਵਾਰਡ ਦੇ ਇਕ ਮਾਮਲੇ ਵਿਚ ਉਲੰਘਣਾ ਦੀ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ। ਕੰਪਨੀ ਦਾਈਚੀ ਨੇ ਕਿਹਾ ਸੀ ਕਿ ਮਾਲਵਿੰਦਰ-ਸ਼ਿਵਇੰਦਰ ਨੇ ਇਸ ਰਕਮ ਦਾ ਭੁਗਤਾਨ ਨਹੀਂ ਕੀਤਾ।  

ਇਥੇ ਦੱਸਣਯੋਗ ਹੈ ਕਿ ਜਾਪਾਨੀ ਕੰਪਨੀ ਦਾਈਚੀ ਵੱਲੋਂ ਸਾਲ 2008 'ਚ ਰੈਨਬੈਕਸੀ ਨੂੰ ਖ਼ਰੀਦਿਆ ਗਿਆ ਸੀ। ਕੰਪਨੀ ਦਾ ਮੰਨਣਾ ਸੀ ਕਿ ਦੋਵੇਂ ਭਰਾ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਕੇ ਆਪਣੀਆਂ ਜਾਇਦਾਦਾਂ ਨੂੰ ਟਿਕਾਣੇ ਲਾ ਰਹੇ ਹਨ। ਬਾਅਦ ਵਿਚ ਕਿਹਾ ਗਿਆ ਕਿ ਮਾਲਵਿੰਦਰ-ਸ਼ਿਵਇੰਦਰ ਨੇ ਰੈਨਬੈਕਸੀ ਬਾਰੇ ਰੈਗੂਲੇਟਰੀ ਖ਼ਾਮੀਆਂ ਜਿਹੀਆਂ ਅਹਿਮ ਜਾਣਕਾਰੀਆਂ ਲੁਕਾਈਆਂ। ਇਸ ਦਲੀਲ ਨਾਲ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਵਿੱਚ ਸ਼ਿਕਾਇਤ ਕੀਤੀ ਸੀ। ਟ੍ਰਿਬਿਊਨਲ ਨੇ ਦਾਈਚੀ ਦੇ ਹੱਕ ਵਿੱਚ ਫ਼ੈਸਲਾ ਸੁਣਾਉਂਦਿਆਂ ਮਾਲਵਿੰਦਰ-ਸ਼ਿਵਇੰਦਰ ਨੂੰ ਭੁਗਤਾਨ ਕਰਨ ਦੇ ਹੁਕਮ ਜਾਰੀ ਕੀਤੇ ਸਨ। ਦੋਵੇਂ ਭਰਾਵਾਂ ਨੇ ਟ੍ਰਿਬਿਊਨਲ ਦੇ ਇਸ ਫ਼ੈਸਲੇ ਨੂੰ ਭਾਰਤ ਤੇ ਸਿੰਗਾਪੁਰ ਦੀਆਂ ਅਦਾਲਤਾਂ 'ਚ ਚੁਣੌਤੀ ਦਿੱਤੀ ਸੀ ਪਰ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ।

ਇਸੇ ਦੌਰਾਨ ਦਿੱਲੀ ਹਾਈ ਕੋਰਟ ਨੇ ਜਨਵਰੀ 2018 ਵਿਚ ਆਰਬਿਟ੍ਰੇਸ਼ਨ ਐਵਾਰਡ ਦਾ ਫ਼ੈਸਲਾ ਕਾਇਮ ਰੱਖਿਆ ਸੀ। ਦੋਵੇਂ ਭਰਾ ਮਾਲਵਿੰਦਰ ਤੇ ਸ਼ਿਵਇੰਦਰ ਰੈਲੀਗੇਅਰ ਫ਼ਿਨਵੈਸਟ ਕੰਪਨੀ ਵਿੱਚ 2,397 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ ਹੇਠ ਜੇਲ੍ਹ ਵਿਚ ਬੰਦ ਹਨ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਬੀਤੇ ਅਕਤੂਬਰ ਮਹੀਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਲਵਿੰਦਰ ਸਿੰਘ ਨੂੰ ਵੀਰਵਾਰ ਨੂੰ ਜੇਲ੍ਹ 'ਚ ਹੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੀ ਗ੍ਰਿਫ਼ਤਾਰ ਕਰ ਲਿਆ ਸੀ। ਰੈਲੀਗੇਅਰ ਫ਼ਿਨਵੈਸਟ ਮਾਮਲੇ ਵਿਚ ਈ.ਡੀ. ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ।

Unusual
Radha Soami Satsang Beas
Supreme Court

International