ਆਖ਼ਰ ਅੰਤ ਕੀ ਹੈ...?

ਜਸਪਾਲ ਸਿੰਘ ਹੇਰਾਂ
ਕੁਦਰਤ ਮਨੁੱਖ ਲਈ ਰਾਹ ਦਸੇਰੀ ਵੀ ਹੈ, ਉਸਦੀ ਸਭ ਤੋਂ ਵੱਡੀ ਅਧਿਆਪਕ ਵੀ ਹੈ, ਜਿਹੜੀ ਹਰ ਪਲ ਉਸਨੂੰ ਸਬਕ ਪੜ੍ਹਾਉਂਦੀ ਵੀ ਹੈ, ਸਿਖਾਉਂਦੀ ਵੀ ਹੈ ਅਤੇ ਹਕੀਕੀ ਰੂਪ 'ਚ ਵਿਖਾਉਂਦੀ ਵੀ ਹੈ। ਪ੍ਰੰਤੂ ਇਸਦੇ ਬਾਵਜੂਦ ਮਨੁੱਖ ਲੋਭ, ਮੋਹ, ਹੰਕਾਰ ਦੀ ਅੰਨ੍ਹੀ ਦੌੜ 'ਚ ਐਨਾ ਅੰਨ੍ਹਾ-ਬੋਲਾ ਹੋ ਚੁੱਕਾ ਹੈ ਕਿ ਉਹ ਕੁਦਰਤ ਵੱਲੋਂ ਪੜ੍ਹਾਏ ਜਾ ਰਹੇ ਪਾਠ ਨੂੰ ਸੁਣਨ, ਵੇਖਣ ਲਈ ਤਿਆਰ ਹੀ ਨਹੀਂ। ਪਦਾਰਥਵਾਦ ਦੀ ਦੌੜ 'ਚ ਉਸ ਪਾਸ ਇਧਰ, ਧਿਆਨ ਦੇਣ ਦੀ ਫੁਰਸਤ ਹੀ ਨਹੀਂ ਹੈ, ਆਏ ਦਿਨ ਮਨੁੱਖ ਦੇ ਚਿੱਟਾ ਹੁੰਦੇ ਲਹੂ ਕਾਰਣ, ਵਾਪਰਦੀਆਂ ਭਿਆਨਕ ਘਟਨਾਵਾਂ ਸਾਡੇ ਸਾਹਮਣੇ ਵਾਪਰ ਰਹੀਆਂ ਹਨ, ਪ੍ਰੰਤੂ ਅਸੀਂ ਇਕ-ਦੋ ਪਲ ਥੋੜ੍ਹੀ ਚਿੰਤਾ ਪ੍ਰਗਟਾਉਣ ਤੋਂ ਬਾਅਦ, ਆਪਣੇ ਮਨ 'ਚ ਝਾਤੀ ਮਾਰਨ ਲਈ ਤਿਆਰ ਹੀ ਨਹੀਂ ਹੁੰਦੇ। ਵਾਪਰਦੀਆਂ ਘਟਨਾਵਾਂ ਲਈ ਅਸੀਂ ਘਟਨਾਵਾਂ ਦੇ ਸ਼ਿਕਾਰ ਹੋਏ ਲੋਕਾਂ ਦੇ ਚਰਿੱਤਰ ਬਾਰੇ ਮੀਨ-ਮੇਖ ਕੱਢ ਕੇ ਅਜਿਹੀਆਂ ਸਬਕ ਸਿਖਾਊ ਘਟਨਾਵਾਂ ਤੋਂ ਪੱਲਾ ਝਾੜ੍ਹਨ ਦਾ ਯਤਨ ਕਰਦੇ ਹਾਂ, ਪ੍ਰੰਤੂ ਇਨ੍ਹਾਂ ਘਟਨਾਵਾਂ ਪਿੱਛੇ ਅਸਲ ਕਾਰਣ ਕੀ ਖੜ੍ਹਾ ਹੈ ਅਤੇ ਉਹ ਕਿਉਂ ਭਾਰੂ ਹੋ ਰਿਹਾ ਹੈ, ਇਸ ਬਾਰੇ ਵਿਚਾਰ ਕਰਨ ਦੀ ਲੋੜ ਹੀ ਨਹੀਂ ਸਮਝਦੇ। ਪਿੱਛੇ ਜਿਹੇ ਵਾਪਰੀਆਂ ਕਈ ਘਟਨਾਵਾਂ  ਜਿਥੇ ਮਨੁੱਖ ਦੇ ਚਿੱਟੇ ਹੋਏ ਲਹੂ ਨੂੰ ਲਾਹਨਤਾਂ ਪਾਉਣ ਵਾਲੀਆਂ ਹਨ, ਉਥੇ ''ਮੰਦੇ ਕੰਮੀ ਨਾਨਕ, ਜਦ ਕਦ ਮੰਦਾ ਹੋਇ'' ਦੀ ਅਟਲ ਸੱਚਾਈ ਨੂੰ ਵੀ ਸਾਨੂੰ ਵਾਰ-ਵਾਰ ਯਾਦ ਕਰਵਾਉਂਦੀਆਂ ਹਨ।

ਅੰਨ੍ਹੀ ਲਾਲਸਾ, ਉਹ ਭਾਵੇਂ ਸੱਤਾ ਦੀ ਹੋਵੇ, ਦੌਲਤ ਦੀ ਹੋਵੇ, ਸ਼ੋਹਰਤ ਦੀ ਹੋਵੇ, ਹਮੇਸ਼ਾ ਖਤਰਨਾਕ ਹੁੰਦੀ ਹੈ, ਪ੍ਰੰਤੂ ਜਦੋਂ ਕੋਈ ਵਿਅਕਤੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸਨੂੰ ਹੋਰ ਕੁਝ ਵਿਖਾਈ ਨਹੀਂ ਦਿੰਦਾ, ਉਸ ਲਈ ਰਿਸ਼ਤੇ-ਨਾਤੇ ਯਾਰੀ ਦੋਸਤੀ, ਮਨੁੱਖਤਾ ਸਭ ਕੁਝ ਬੇ-ਮਾਅਨੇ ਹੋ ਜਾਂਦੇ ਹਨ ਅਤੇ ਉਸ ਦਾ ਇਕੋ-ਇਕ ਨਿਸ਼ਾਨਾ ਆਪਣੀ 'ਲਾਲਸਾ' ਦੀ ਹਰ ਹੀਲੇ ਪੂਰਤੀ ਕਰਨਾ ਰਹਿ ਜਾਂਦਾ ਹੈ। ਮਾਇਆ ਸਿਰਫ਼ ਗੁਜ਼ਰਾਨ ਹੈ, ਮਨੁੱਖ ਖ਼ਾਲੀ ਹੱਥ ਆਉਂਦਾ ਹੈ ਅਤੇ ਖ਼ਾਲੀ ਹੱਥ ਚਲਾ ਜਾਂਦਾ ਹੈ, ਸਿਰਫ਼ ਉਹ ਮਨੁੱਖ ਹੀ ਸਦੀਵੀ ਰੂਪ 'ਚ ਇਸ ਦੁਨੀਆ ਤੇ ਯਾਦ ਛੱਡ ਜਾਂਦੇ ਹਨ, ਜਿਹੜੇ ਮਾਨਵਤਾ ਲਈ ਆਪਣੀ ਜ਼ਿੰਦਗੀ ਵਾਰ ਜਾਂਦੇ ਹਨ, ਪ੍ਰੰਤੂ ਇਸ ਅਟੱਲ ਸਚਾਈ ਨੂੰ ਹਰ ਮਨੁੱਖ ਜਾਣਦਾ ਹੋਇਆ ਵੀ, ਕਦੇ ਯਾਦ ਨਹੀਂ ਰੱਖਦਾ। ਇਹੋ ਮਨੁੱਖ ਦੀ ਤ੍ਰਾਸਦੀ ਹੈ, ਜਿਸਦਾ ਸ਼ਿਕਾਰ ਵੀ ਉਹ ਇਕ ਦਿਨ ਹੋ ਕੇ ਰਹਿੰਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ਦੇ ਜਿਸ ਤਰ੍ਹਾਂ ਰਿਸ਼ਤੇ ਤਿੜਕ ਰਹੇ ਹਨ, ਮਨੁੱਖ ਨਿੱਜਵਾਦੀ ਹੁੰਦਾ ਜਾ ਰਿਹਾ ਹੈ, ਜੇ ਇਹ ਦੌੜ ਇਸੇ ਤਰ੍ਹਾਂ ਜਾਰੀ ਰਹੀ ਤਾਂ ਲੱਖਾਂ ਸਹੂਲਤਾਂ ਪੈਦਾ ਕਰ ਲੈਣ ਦੇ ਬਾਵਜੂਦ, ਇਸ ਧਰਤੀ ਤੇ ਮਨੁੱਖੀ ਜੀਵਨ ਨਰਕ ਬਣ ਕੇ ਰਹਿ ਜਾਵੇਗਾ। ਤਿੜਕਦੇ ਮਨੁੱਖੀ ਰਿਸ਼ਤਿਆਂ ਦੀ ਅਤੇ ਚਿੱਟੇ ਹੋਏ ਲਹੂ ਦੀ ਦਿਲ ਕੰਬਾਊ ਕਹਾਣੀ ਆਏ ਦਿਨ ਅਖ਼ਬਾਰਾਂ ਦੀ ਸੁਰਖੀ ਬਣਦੀ ਹੈ।

ਬਰਨਾਲੇ ਨੇੜੇ ਪਿੰਡ ਠੀਕਰੀਵਾਲ 'ਚ ਇਕ ਪੁੱਤਰ ਨੇ ਆਪਣੇ ਪਿਓ ਦਾ ਕਤਲ ਮਹਿਜ਼ ਸੋ ਰੁਪਏ ਲਈ ਹੀ ਕਰ ਦਿੱਤਾ। ਜਲੰਧਰ ਨੇੜੇ ਇਕ ਬੁੱਢੀ ਮਾਂ ਨੂੰ ਉਸਦੇ ਪੁੱਤਰ ਠੰਡ 'ਚ ਸੜਕ ਕਿਨਾਰੇ ਲਵਾਰਸ ਛੱਡ ਗਏ, ਕਿਉਂਕਿ ਉਹ ਉਸਦੀ ਸੇਵਾ ਨਹੀਂ ਕਰਨਾ ਚਾਹੁੰਦੇ ਸਨ। ਅੱਜ ਜੇ ਮਾਂ-ਬਾਪ ਨੂੰ ਹੀ ਉਨ੍ਹਾਂ ਦੀ ਢਿੱਡੋਂ ਜਾਈ ਔਲਾਦ, ਬੋਝ ਸਮਝਣ ਲੱਗ ਪਵੇ ਅਤੇ ਕਤਲ ਕਰਨ ਲੱਗ ਪਵੇ ਤਾਂ ਇਸ 'ਰੰਗਲੀ ਦੁਨੀਆ' ਦਾ ਕਿਹੜਾ 'ਰੰਗ' ਮਨੁੱਖ ਨੂੰ ਲੁਭਾਉਣਾ ਲੱਗੇਗਾ? ਪਦਾਰਥਵਾਦ ਦੀ ਦੌੜ ਨੇ ਸਾਡੇ ਸਮਾਜ ਦੀਆਂ ਸਾਰੀਆਂ ਕਦਰਾਂ-ਕੀਮਤਾਂ ਨੂੰ ਤਾਂ ਖੋਰਾ ਲਾਇਆ ਹੀ ਹੈ, ਉਸਨੇ ਸਾਡੇ ਖੂਨ 'ਚੋਂ 'ਆਪਣਾ-ਪਣ' ਵੀ ਖ਼ਤਮ ਕਰ ਦਿੱਤਾ ਹੈ, ਜਿਹੜਾ ਲਹੂ, ਲਹੂ ਨੂੰ ਪੁਕਾਰਦਾ ਸੀ, ਅੱਜ ਓਹੋ ਲਹੂ, ਲਹੂ ਦਾ ਵੈਰੀ ਹੋ ਗਿਆ ਹੈ। ਸਿਰਫ਼ ਸੁਆਰਥ ਪੂਰਤੀ ਹੀ ਸਾਡੇ ਜੀਵਨ ਦਾ ਮਨੋਰਥ ਰਹਿ ਗਈ ਹੈ, ਮਨੁੱਖ ਐਨਾ ਲੋਭੀ-ਲਾਲਚੀ ਬਣ ਗਿਆ ਹੈ ਕਿ ਆਪਣੇ ਲੋਭ ਦੀ ਪੂਰਤੀ ਲਈ ਕਿਸੇ ਰਿਸ਼ਤੇ ਨੂੰ ਵੀ ਦਾਅ ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਆਖ਼ਰ ਜਿਸ ਪੰਜਾਬ 'ਚ ਗੁਰੂ ਸਾਹਿਬਾਨ ਨੇ ਦੂਜਿਆਂ ਦੇ ਦੁੱਖ-ਦਰਦ ਦੂਰ ਕਰਨ ਦਾ ਪਾਠ ਪੜ੍ਹਾਇਆ ਸੀ ਅਤੇ ਨੌਵੇਂ ਪਾਤਸ਼ਾਹ ਨੇ ਦੂਜੇ ਧਰਮ ਲਈ ਆਪਣਾ ਜੀਵਨ  ਦੇ ਕੇ, ਇਸ ਪਾਠ ਨੂੰ ਪਕੇਰਾ ਕੀਤਾ ਸੀ, ਅੱਜ ਉਸ ਪੰਜਾਬ 'ਚ ਦੂਜਿਆਂ ਦੇ ਦੁੱਖ ਦੂਰ ਕਰਨ ਦੀ ਥਾਂ, ਆਪਣੇ ਹੀ ਆਪਣਿਆਂ ਦੇ ਖੂਨ ਦੇ ਪਿਆਸੇ ਕਿਉਂ ਹੋ ਗਏ ਹਨ?

ਸਾਡੀ ਸੋਚ ਤੇ ਸਾਡੇ ਸਮਾਜ 'ਚ ਆ ਰਹੀ ਇਸ ਲੋਭੀ, ਲਾਲਚੀ ਤੇ ਨਿੱਜਵਾਦੀ ਤਬਦੀਲੀ ਨੂੰ ਅਸੀਂ ਫ਼ਿਲਹਾਲ ਬਹੁਤੀ ਗੰਭੀਰਤਾ ਨਾਲ ਨਹੀਂ ਵੇਖ ਰਹੇ, ਪ੍ਰੰਤੂ ਇਹ ਸੱਚ ਹੈ ਕਿ ਇਹ ਆਉਣ ਵਾਲੇ ਭਵਿੱਖ ਦੀ ਘਿਨਾਉਣੀ ਤਸਵੀਰ ਹੈ, ਜਿਸਦਾ ਸਾਹਮਣਾ ਸਾਡੇ ਸਮੁੱਚੇ ਸਮਾਜ ਨੂੰ ਹੀ ਕਰਨਾ ਪੈਣਾ ਹੈ ਅਤੇ ਉਦੋਂ ਤੱਕ ਇਸ ਫੋੜ੍ਹੇ ਨੇ ਨਾਸੂਰ ਬਣ ਜਾਣਾ ਹੈ, ਜਿਸਦਾ ਫਿਰ ਕੋਈ ਇਲਾਜ ਸੰਭਵ ਨਹੀਂ ਹੋਣਾ। ਸਮਾਜੀ ਢਾਂਚੇ 'ਚ ਆਈਆਂ ਤਬਦੀਲੀਆਂ ਨੇ ਸਾਡੇ ਸਾਂਝੇ ਘਰ ਤੋੜ੍ਹੇ, ਸਾਂਝੇ ਚੁੱਲ੍ਹੇ ਖ਼ਤਮ ਕੀਤੇ, ਪਦਾਰਥਵਾਦ ਨੇ ਸਾਡੇ 'ਚੋਂ ਮਨੁੱਖਤਾ ਦਾ ਦਰਦ ਹੀ ਭਜਾ ਦਿੱਤਾ, ਜਿਸ ਕਾਰਣ ਮਨੁੱਖ ਸਮਾਜਕ ਪ੍ਰਾਣੀ ਦੀ ਥਾਂ 'ਮੈਂ' ਤੱਕ ਹੀ ਸੀਮਤ ਹੋ ਕੇ ਰਹਿ ਗਿਆ। ਸਾਨੂੰ ਇਨ੍ਹਾਂ ਕਾਰਣਾਂ ਦੀ ਡੂੰਘੀ ਘੋਖ ਪੜਤਾਲ ਕਰਨੀ ਹੋਵੇਗੀ ਅਤੇ ਜਿਹੜੀਆਂ ਬਾਕੀ ਬਚਦੀਆਂ ਕੜ੍ਹੀਆਂ ਬਚਾਈਆਂ ਜਾ ਸਕਦੀਆਂ ਹਨ, ਉਨ੍ਹਾਂ ਨੂੰ ਹਰ ਹੀਲੇ ਬਚਾਉਣਾ ਹੋਵੇਗਾ। ਸਾਡੇ ਸਮਾਜਕ ਢਾਂਚੇ ਦੇ ਬਦਲਾਅ ਤੇ ਸਿੱਖਿਆ ਪ੍ਰਣਾਲੀਆਂ 'ਚ ਆਈਆਂ ਤੇਜ਼ ਤਬਦੀਲੀਆਂ ਨੇ ਮਨੁੱਖ ਤੋਂ ਉਸਦੇ ਬਚਪਨ ਦਾ ਉਹ 'ਪੰਘੂੜਾ' ਹੀ ਖੋਹ ਲਿਆ, ਜਿਹੜਾ ਉਸਨੂੰ ਨੈਤਿਕ ਕਦਰਾਂ-ਕੀਮਤਾਂ ਤੇ ਪਿਆਰ ਦਾ ਪਾਠ ਪੜ੍ਹਾਉਂਦਾ, ਸਿਖਾਉਂਦਾ ਅਤੇ ਉਸਦੇ ਖੂਨ 'ਚ ਰਚਾਉਂਦਾ ਸੀ।

ਸਿੱਖਿਆ ਵੀ ਅੱਜ ਵਪਾਰਕ ਬਣ ਗਈ ਹੈ, ਜਿਹੜੀ ਸਿਰਫ਼ 'ਲਾਭ-ਹਾਣ' ਹੀ ਸਿਖਾਉਂਦੀ ਹੈ। ਦੂਜੇ ਨੂੰ ਕੁਝ ਦੇ ਕੇ ਆਪਣੀ ਮਾਨਸਿਕ ਸੰਤੁਸ਼ਟੀ ਅਤੇ ਮਨ ਦੀ ਖੁਸ਼ੀ ਨੂੰ ਇਹ ਗੁਣਾਂ-ਤਕਸੀਮਾਂ ਬੇਵਕੂਫੀ ਦੱਸਣ ਲੱਗ ਪਈਆਂ ਹਨ। ਕੰਪਿਊਟਰ ਯੁੱਗ ਮਨੁੱਖ ਦੀ ਪਦਾਰਥਕ ਤਰੱਕੀ ਖੁਸ਼ਹਾਲੀ ਤੇ ਵਿਕਾਸ 'ਚ ਸਹਾਈ ਹੋ ਸਕਦਾ ਹੈ ਅਤੇ ਹੋ ਰਿਹਾ ਹੈ, ਪ੍ਰੰਤੂ ਉਸਨੇ ਮਨੁੱਖ ਦੀ ਸੋਚ ਨੂੰ ਵੀ ਪੂਰਾ ਤਰ੍ਹਾਂ ਮਸ਼ੀਨੀ ਬਣਾ ਦਿੱਤਾ ਹੈ। ਮਮਤਾ, ਪਿਆਰ-ਭਾਈਚਾਰਾ, ਸ਼ਰਧਾ, ਸੇਵਾ, ਕੁਰਬਾਨੀ ਤੇ  ਤਿਆਗ ਵਰਗੇ ਸ਼ਬਦ ਤੇ ਭਾਵਨਾ ਅੱਜ ਮਨੁੱਖਤਾ 'ਚੋਂ ਗੁੰਮ ਹੈ, ਕੰਪਿਊਟਰ ਯੁੱਗ 'ਚ ਸਿਰਫ਼ ਤੇ ਸਿਰਫ਼ ਦੌੜ ਹੈ, ਪ੍ਰੰਤੂ ਹੱਡ ਮਾਸ ਦਾ ਪੁਤਲਾ ਆਖ਼ਰ ਕਦੋਂ ਤੱਕ ਦੌੜ ਸਕਦਾ ਹੈ? ਮਨੁੱਖ ਕਦੇ ਵੀ ਮਸ਼ੀਨ ਬਣ ਕੇ ਜੀਊਂਦਾ ਨਹੀਂ ਰਹਿ ਸਕਦਾ। ਸਾਡੇ ਧਾਰਮਿਕ ਆਗੂਆਂ, ਵਿਦਿਅਕ ਸ਼ਾਸਤਰੀਆਂ, ਅਰਥ-ਸ਼ਾਸਤਰੀਆਂ ਤੇ ਸਿਆਸੀ ਆਗੂਆਂ ਨੂੰ ਇਸ ਸਮੇਂ ਅਜਿਹੀਆਂ ਦੁੱਖਦਾਈ ਤੇ ਭਿਆਨਕ ਘਟਨਾਵਾਂ ਤੋਂ ਬਾਅਦ, ਇਸ ਬਾਰੇ ਕਿ ਆਖ਼ਰ ਅੰਤ ਕੀ ਹੋਵੇਗਾ, ਉਸਦਾ ਅਹਿਸਾਸ ਖ਼ੁਦ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ।

ਸਾਡੇ ਪਾਸ ਮਨੁੱਖ ਦੇ ਇਸ ਆਪ ਸਹੇੜੇ ਦੁੱਖ ਦੀ ਕਾਰਗਾਰ 'ਦਾਰੂ' ਹੈ, ਲੋੜ ਹੈ ਕਿ ਅਸੀਂ ਮਨੁੱਖ ਨੂੰ ਉਸਦੇ ਰੋਗ ਬਾਰੇ ਜਾਗਰੂਕ ਕਰੀਏ ਅਤੇ 'ਦਾਰੂ' ਦੀ ਮਹੱਤਤਾ ਦਾ ਸੱਚਾ ਗਿਆਨ ਕਰਵਾ ਸਕੀਏ। ਮਨੁੱਖ ਨੂੰ 'ਗੁਰੂ ਤੇ ਗੁਰਬਾਣੀ' ਨਾਲ ਜੋੜ੍ਹਣਾ ਸਭ ਤੋਂ ਕਾਰਗਰ 'ਦਾਰੂ' ਹੈ। ਉਸਤੋਂ ਬਿਨਾਂ ਮਨੁੱਖ ਦੇ ਇਸ ਵਿਨਾਸ਼ਕਾਰੀ ਰੋਗ ਦਾ ਹੋਰ ਕੋਈ ਇਲਾਜ ਦੁਨੀਆ ਦੇ ਕਿਸੇ 'ਲੁਕਮਾਨ' ਪਾਸ ਨਹੀਂ। ਚੰਗਾ ਹੋਵੇ ਜੇ ਮਨੁੱਖ ਪਾਖੰਡ ਤੇ ਆਡੰਬਰ ਦੀ ਥਾਂ ਸੱਚੇ ਮਨੋਂ ਗੁਰੂ ਤੇ ਗੁਰਬਾਣੀ ਨਾਲ ਜੁੜ੍ਹਨ ਦਾ ਯਤਨ ਕਰੇ, ਤਦ ਹੀ ਉਹ ਆਪਣਾ ਇਸ ਧਰਤੀ ਤੇ ਆਉਣਾ ਸਫ਼ਲ ਕਰ ਸਕੇਗਾ, ਨਹੀਂ ਤਾਂ ਫਿਰ 'ਨਰਕ ਦੇ ਕੀੜੇ' ਬਣਕੇ ਜਿਹੜੇ ਦੁੱਖ ਅਸੀਂ ਅੱਜ ਭੋਗ ਰਹੇ ਹਾਂ, ਉਨ੍ਹਾਂ ਦੁੱਖਾਂ 'ਚ ਵਾਧੇ ਦੀ ਕੋਈ ਸੀਮਾ ਨਹੀਂ ਰਹੇਗੀ ਅਤੇ ਹਰ ਮਨੁੱਖ ਇਸ ਧਰਤੀ ਤੇ ਆਉਣਾ ਉਸਨੂੰ ਰੱਬ ਵੱਲੋਂ ਮਿਲੀ ਵੱਡੀ ਸਜ਼ਾ ਮੰਨਣ ਲੱਗ ਪਵੇਗਾ।

Editorial
Jaspal Singh Heran

International