ਧਰਮ ਲਈ ਕੁਰਬਾਨੀ ਕਰਨ ਵਾਲੇ ਕਿਉਂ ਵਿਸਰੇ...?

ਜਸਪਾਲ ਸਿੰਘ ਹੇਰਾਂ
ਬਾਦਲਕਿਆਂ ਨੂੰ ਸ਼ਾਇਦ ਅੱਜ ਦਾ ਦਿਨ ਯਾਦ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਤਾਂ 8 ਜੂਨ 1984 ਦਾ ਉਹ ਦਿਨ ਵੀ ਭੁੱਲ ਚੁੱਕਾ ਹੈ, ਜਿਸ ਦਿਨ ਬਾਦਲ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਖ਼ੁਦ ਭਾਰਤੀ ਫੌਜ 'ਚ ਸ਼ਾਮਲ ਸਿੱਖ ਫੌਜੀਆਂ ਨੂੰ ਭਾਰਤ ਸਰਕਾਰ ਵੱਲੋਂ ਭਗਤੀ ਤੇ ਸ਼ਕਤੀ ਦੇ ਕੇਂਦਰ, ਸਿੱਖਾਂ ਦੀ ਜਿੰਦ-ਜਾਨ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹੱਲੇ ਵਿਰੁੱਧ ਬਗਾਵਤ ਕਰਨ ਦਾ ਸੱਦਾ ਦਿੱਤਾ ਸੀ। ਅਸੀਂ ਇਹ ਨਹੀਂ ਕਹਿੰਦੇ ਕਿ ਉਨ੍ਹਾਂ ਧਰਮੀ ਫੌਜੀਆਂ ਨੇ, ਜਿਨ੍ਹਾਂ ਨੇ ਉਸ ਸਮੇਂ ਬਗਾਵਤ ਕੀਤੀ ਸੀ, ਸਿਰਫ਼ ਬਾਦਲ ਦੇ ਸੱਦੇ ਕਰਕੇ ਕੀਤੀ ਸੀ, ਉਨ੍ਹਾਂ ਦੀ ਬਗਾਵਤ, ਦੇਸ਼ ਦੀ ਜਾਬਰ-ਜ਼ਾਲਮ ਹਕੂਮਤ ਦੇ ਸਿੱਖਾਂ ਤੇ ਕੀਤੇ ਦੁਸ਼ਮਣਾਂ ਵਾਲੇ ਹਮਲੇ ਵਿਰੁੱਧ ਸੀ, ਕਿਉਂਕਿ ਕੋਈ ਵੀ ਸੱਚਾ ਸਿੱਖ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਅੱਜ ਦੇ ਦਿਨ ਭਾਵ 28 ਨਵੰਬਰ 1985 ਨੂੰ ਭਾਰਤ ਸਰਕਾਰ ਨੇ 2239 ਉਨ੍ਹਾਂ ਸਿੱਖ ਧਰਮੀ ਫੌਜੀਆਂ ਦਾ ਜਿਨ੍ਹਾਂ ਨੇ ਬਗਾਵਤ ਕੀਤੀ ਸੀ, ਕੋਰਟ ਮਾਰਸ਼ਲ ਕਰ ਦਿੱਤਾ ਸੀ ਅਤੇ 98 ਧਰਮੀ ਫੌਜੀਆਂ ਨੂੰ ਬਗਾਵਤ ਦੇ ਦੋਸ਼ 'ਚ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਐਲਾਨ ਕਰ ਦਿੱਤਾ। ਅਸੀਂ ਅੱਜ ਦੇ ਦਿਨ ਨੂੰ ਇਸੇ ਕਾਰਣ ਚੇਤੇ ਕਰ ਰਹੇ ਹਾਂ ਕਿ ਉਨ੍ਹਾਂ ਧਰਮੀ ਫੌਜੀਆਂ, ਜਿਨ੍ਹਾਂ ਨੇ ਆਪਣੇ ਧਰਮ ਦੀ ਆਨ-ਸ਼ਾਨ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਦਾ ਹੌਸਲਾ ਕੀਤਾ ਸੀ, ਕੌਮ ਤੇ ਕੌਮ ਦੇ ਕਰਤੇ ਧਰਤਿਆਂ ਨੇ ਉਨ੍ਹਾਂ ਦੀ ਕਿੰਨੀ ਕੁ ਬਾਂਹ ਫੜ੍ਹੀ ਅਤੇ ਕਿੰਨੀ ਕੁ ਸਾਰ ਲਈ? ਸ਼੍ਰੋਮਣੀ ਕਮੇਟੀ ਨੇ ਆਪਣੀ ਟਾਸਕ ਫੋਰਸ ਖੜ੍ਹੀ ਕਰਕੇ ਉਸ 'ਚ ਕੁਝ ਕੁ ਨੂੰ ਨੌਕਰੀਆਂ ਦੇ ਕੇ ਆਪਣਾ ਫਰਜ਼ ਪੂਰਾ ਹੋਇਆ ਸਮਝ ਲਿਆ।

ਸਿੱਖ ਫੌਜੀਆਂ ਨੂੰ ਬਗਾਵਤ ਦਾ ਹੋਕਾ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ੩ ਵਾਰ ਸੂਬੇ ਦੇ ਮੁੱਖ ਮੰਤਰੀ ਬਣ ਚੁੱਕੇ ਹਨ, ਉਨ੍ਹਾਂ ਨੇ ਕਦੇ ਵੀ ਕਿਸੇ ਧਰਮੀ ਫੌਜੀ ਦੀ ਸਾਰ ਲੈਣ, ਉਨ੍ਹਾਂ ਦੇ ਜੀਵਨ ਨਿਰਬਾਹ ਬਾਰੇ ਜਾਣਨ ਦੀ ਲੋੜ ਹੀ ਨਹੀਂ ਸਮਝੀ। ਭਾਵੇਂ ਕਿ ਉਨ੍ਹਾਂ ਧਰਮੀ ਫੌਜੀਆਂ ਨੇ ਕਿਸੇ ਮੁਵਆਜ਼ੇ ਦੀ ਝਾਕ 'ਚ ਬਗਾਵਤ ਨਹੀਂ ਸੀ ਕੀਤੀ, ਉਹ ਤਾਂ ਆਪਣੀ ਜਾਨ ਹਥੇਲੀ ਤੇ ਲੈ ਕੇ ਉਸ ਸਮੇਂ ਦੀ ਜਾਬਰ ਸਰਕਾਰ ਵਿਰੁੱਧ ਜੂਝਣ ਲਈ ਰਣਤੱਤੇ 'ਚ ਨਿਤਰੇ ਸਨ ਅਤੇ ਕਈਆਂ ਨੇ ਸ਼ਹੀਦੀ ਵੀ ਪ੍ਰਾਪਤ ਕੀਤੀ। ਪ੍ਰੰਤੂ ਧਰਮ ਦੀ ਰਾਖ਼ੀ ਲਈ ਕੁਰਬਾਨੀ ਦੇਣ ਵਾਲਿਆਂ ਦਾ ਸਤਿਕਾਰ ਕਰਨਾ, ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣਾ ਹਰ ਕੌਮ ਦੇ ਮੁੱਢਲੇ ਫਰਜ਼ 'ਚ ਸ਼ਾਮਲ ਹੁੰਦਾ ਹੈ। ਆਖ਼ਰ 2337 ਧਰਮੀ ਫੌਜੀਆਂ ਜਿਨ੍ਹਾਂ ਨੂੰ ਅੱਜ ਦੇ ਦਿਨ ਦੇਸ਼ ਦੀ ਸਰਕਾਰ ਨੇ ਆਪਣੇ ਧਰਮ ਦੀ ਰਾਖ਼ੀ ਦੇ ਫਰਜ਼ ਦੇ ਪੂਰਤੀ ਦੀ ਸਜ਼ਾ ਦਿੰਦਿਆਂ ਨੌਕਰੀਆਂ ਤੋਂ ਕੱਢ ਦਿੱਤਾ ਸੀ, ਅੱਜ ਉਹ ਕਿਸ ਹਾਲਤ 'ਚ ਹਨ, ਇਸ ਬਾਰੇ ਕੌਮ ਦੇ ਆਗੂਆਂ ਨੇ ਆਖ਼ਰ ਕਦੇ ਸੋਚਿਆ ਵਿਚਾਰਿਆ ਕਿਉਂ ਨਹੀਂ? ਅਸੀਂ ਇਸ ਸੁਆਲ ਨੂੰ ਸਮੁੱਚੀ ਕੌਮ ਅੱਗੇ ਰੱਖਣ ਲਈ ਹੀ ਅੱਜ ਦੇ ਦਿਨ ਨੂੰ ਚੇਤੇ ਕਰ ਰਹੇ ਹਾਂ। ਕੀ ਧਰਮ ਦੇ ਨਾਮ ਤੇ ਵੋਟਾਂ ਲੈ ਕੇ ਰਾਜ ਸੱਤਾ ਦਾ ਸੁੱਖ ਮਾਣਨ ਵਾਲਿਆਂ ਦਾ ਇਹ ਫਰਜ਼ ਨਹੀਂ ਕਿ ਉਹ ਧਰਮ ਦੇ ਨਾਮ ਤੇ ਕੁਰਬਾਨੀਆਂ ਕਰਨ ਵਾਲਿਆਂ ਦੀ ਸਾਰ ਲੈਣ। ਪ੍ਰੰਤੂ ਨਾ ਤਾਂ ਆਗੂਆਂ ਨੇ ਅਤੇ ਨਾ  ਹੀ ਕੌਮ ਨੇ ਉਨ੍ਹਾਂ ਨੌਜਵਾਨ ਦੀ ਜਿਨ੍ਹਾਂ ਦੀ ਜੁਆਨੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ 'ਚ ਹੀ ਬੁਢਾਪੇ 'ਚ ਬਦਲ ਗਈ ਹੈ, ਸਾਰ ਲੈਣ ਦੀ ਲੋੜ ਸਮਝੀ। ਨਾ ਹੀ ਕੌਮ ਨੇ ਕਦੇ ਉਨ੍ਹਾਂ ਬਜ਼ੁਰਗ ਮਾਪਿਆਂ ਦੀ ਜਿਨ੍ਹਾਂ ਨੂੰ ਆਪਣੇ ਪੁੱਤਰਾਂ ਦਾ, ਜਿਹੜੇ ਕਾਲੀ ਹਨੇਰੀ 'ਚ ਪੁਲਿਸ ਨੇ ਉਨ੍ਹਾਂ ਦੇ ਘਰੋਂ ਮਾਪਿਆਂ ਸਾਹਮਣੇ ਹੀ ਚੁੱਕੇ ਸਨ, ਪ੍ਰੰਤੂ ਅੱਜ ਤੱਕ ਉਨ੍ਹਾਂ ਦਾ ਕੋਈ ਖੁਰਾ-ਖੋਜ ਨਾ ਲੱਭਣ ਕਾਰਨ, ਰੋ-ਰੋ ਕੇ ਅੱਖਾਂ ਦੀ ਰੋਸ਼ਨੀ ਤੱਕ ਗੁਆ ਚੁੱਕੇ ਹਨ, ਸਾਰ ਲੈਣ ਦੀ ਲੋੜ ਨਹੀਂ ਸਮਝੀ ਹੈ।

ਵੋਟਾਂ ਲਈ 1984 ਦੇ ਸਿੱਖ ਕਤਲੇਆਮ ਦਾ ਲਾਹਾ ਲਣ ਵਾਲੇ, ਉਸ ਲਹਿਰ 'ਚ ਕੁਰਬਾਨੀਆਂ ਕਰਨ ਵਾਲਿਆਂ ਨੂੰ, ਸ਼ਹਾਦਤਾਂ ਦੇਣ ਵਾਲਿਆਂ ਨੂੰ ਅਤੇ ਤਸ਼ੱਦਦ ਝੱਲਣ ਵਾਲਿਆਂ ਨੂੰ ਆਖ਼ਰ ਭੁੱਲ ਕਿਉਂ ਗਏ ਹਨ? ਇਕ ਪਾਸੇ ਧਰਮ ਦੇ ਨਾਮ ਤੇ ਵੋਟਾਂ ਲਈਆਂ ਜਾਂਦੀਆਂ ਹਨ, ਰਾਜਨੀਤੀ ਕੀਤੀ ਜਾਂਦੀ ਹੈ, ਦੂਜੇ ਪਾਸੇ ਧਰਮ ਦੀ ਰਾਖ਼ੀ ਲਈ ਕੁਰਬਾਨੀਆਂ ਕਰਨ ਵਾਲਿਆਂ ਦਾ ਨਾਮ ਲੈਣ ਤੋਂ ਵੀ ਡਰਿਆ ਜਾ ਰਿਹਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ। ਧਰਮੀ ਫੌਜੀਆਂ ਨੂੰ ਆਪਣੇ ਵੱਲ ਧਿਆਨ ਦਿਵਾਉਣ ਲਈ ਜੇ ਸੰਘਰਸ਼ ਕਰਨਾ ਪਵੇ ਤਾਂ ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ? ਅੱਜ ਜੇ ਕੌਮ 'ਚ ਨਿਘਾਰ ਦੀ ਗੱਲ ਕੀਤੀ ਜਾਂਦੀ ਹੈ, ਨਵੀਂ ਪੀੜ੍ਹੀ ਦੇ ਧਰਮ ਤੋਂ ਬੇਮੁੱਖ ਹੋਣ ਦੀ ਚਿੰਤਾ ਖੜ੍ਹੀ ਹੁੰਦੀ ਹੈ ਤਾਂ ਉਸ ਲਈ ਵੀ ਸਾਡੇ ਉਹ ਆਗੂ ਜੁੰਮੇਵਾਰ ਹਨ, ਜਿਹੜੇ ਆਪਣੇ ਲਾਹੇ ਲਈ ਤਾਂ ਕੌਮ ਦੀ ਵਰਤੋਂ ਕਰਦੇ ਹਨ, ਪ੍ਰੰਤੂ ਆਪਣੀ ਲਾਲਸਾ ਦੀ ਪ੍ਰਾਪਤੀ ਤੋਂ ਬਾਅਦ, ਕੌਮ ਜਾਵੇ ਢੱਠੇ ਖੂਹ 'ਚ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਰਹਿੰਦੀ। ਅੱਜ ਜਿਸ ਤਰ੍ਹਾਂ ਟਕਸਾਲੀ ਅਕਾਲੀਆਂ ਦਾ ਭੋਗ ਪਾ ਦਿੱਤਾ ਗਿਆ ਹੈ, ਕੁਰਬਾਨੀਆਂ ਵਾਲਿਆਂ ਨੂੰ ਵਿਸਾਰ ਦਿੱਤਾ ਗਿਆ ਹੈ, ਸਿਰਫ਼ ਸੱਤਾ ਲਾਲਸੀਆਂ ਤੇ ਧਨ ਦੌਲਤ ਦੇ ਲਾਲਸੀਆਂ ਦੀ ਹਰ ਪਾਸੇ ਬੱਲੇ-ਬੱਲੇ ਹੈ, ਉਹ ਸਿੱਖ ਕੌਮ ਦੇ ਨਾ ਤਾਂ ਸਿਧਾਂਤਾਂ ਨਾਲ ਮੇਲ ਖਾਂਦਾ ਹੈ ਅਤੇ ਨਾ ਹੀ ਇਸ ਨਿਆਰੀ-ਨਿਰਾਲੀ ਕੌਮ ਦੀ ਇਹ ਫ਼ਿਤਰਤ ਹੈ। ਅਸੀਂ ਚਾਹੁੰਦੇ ਹਾਂ ਕਿ ਸੱਤਾ ਲੋਭੀ ਆਗੂਆਂ ਨੂੰ ਦਰ ਕਿਨਾਰ ਕਰਕੇ, ਕੌਮ ਖ਼ੁਦ ਆਪਣੇ ਕੌਮੀ ਪ੍ਰਵਾਨਿਆਂ ਦੀ ਸਾਰ ਲਵੇ, ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇ ਤਾਂ ਕਿ ਘੱਟੋ-ਘੱਟ ਉਨ੍ਹਾਂ ਕੌਮੀ ਹੀਰਿਆਂ ਦੇ ਮਨ 'ਚ ਕਦੇ ਵੀ ਨਿਰਾਸਤਾ ਪੈਦਾ ਨਾ ਹੋਵੇ।

Editorial
Jaspal Singh Heran

International