ਲੋਕ ਸਭਾ 'ਚ ਪਾਸ ਹੋਇਆ ਐਸ ਪੀ ਜੀ ਸੋਧ ਬਿੱਲ

ਨਵੀਂ ਦਿੱਲੀ 27 ਨਵੰਬਰ (ਏਜੰਸੀਆਂ) : ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਦਿੱਤੀ ਗਈ ਵਿਸ਼ੇਸ਼ ਸੁਰੱਖਿਆ ਗਰੁੱਪ (ਐਸ.ਪੀ.ਜੀ.) ਦੇ ਹਟਾਏ ਜਾਣ ਕਾਰਨ ਹੋਏ ਸਿਆਸੀ ਬਵਾਲ ਵਿਚਕਾਰ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਸ.ਪੀ.ਜੀ. ਸੋਧ ਬਿੱਲ 2019 ਨੂੰ ਲੋਕ ਸਭਾ 'ਚ ਪੇਸ਼ ਕੀਤਾ। ਐਸ.ਪੀ.ਜੀ. ਸੋਧ ਬਿੱਲ 2019 ਨੂੰ ਜ਼ੁਬਾਨੀ ਵੋਟਿੰਗ ਨਾਲ ਪਾਸ ਕਰ ਦਿੱਤਾ ਗਿਆ। ਅਮਿਤ ਸ਼ਾਹ ਨੇ ਨਵੇਂ ਕਾਨੂੰਨ ਨੂੰ ਦੱਸਦਿਆਂ ਕਿਹਾ ਕਿ ਸੋਧ ਬਿੱਲ ਮੁਤਾਬਕ ਐਸ.ਪੀ.ਜੀ. ਸੁਰੱਖਿਆ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਨੇ ਪਰਵਾਰ ਨੂੰ ਹੀ ਦਿੱਤੀ ਜਾਵੇਗੀ। ਐਸ.ਪੀ.ਜੀ. ਸੋਧ ਬਿੱਲ 2019 'ਤੇ ਬਹਿਸ ਦੌਰਾਨ ਕਾਂਗਰਸ ਨੇ ਲੋਕ ਸਭਾ 'ਚੋਂ ਵਾਕ ਆਊਟ ਕੀਤਾ।

ਸ਼ਾਹ ਨੇ ਕਿਹਾ, “ਮੈਂ ਐਸ.ਪੀ.ਜੀ. ਐਕਟ 'ਚ ਸੋਧ ਦੇ ਨਾਲ ਇੱਥੇ ਆਇਆ ਹਾਂ। ਸੋਧ ਤੋਂ ਬਾਅਦ ਇਸ ਐਕਟ ਦੇ ਅਧੀਨ ਐਸ.ਪੀ.ਜੀ. ਸੁਰੱਖਿਆ ਸਿਰਫ਼ ਮੌਜੂਦਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਦਿੱਤਾ ਜਾਵੇਗਾ, ਜੋ ਪ੍ਰਧਾਨ ਮੰਤਰੀ ਦੇ ਘਰ ਉਨ੍ਹਾਂ ਨਾਲ ਅਧਿਕਾਰਤ ਤੌਰ 'ਤੇ ਰਹਿੰਦੇ ਹਨ। ਕੋਈ ਸਾਬਕਾ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦਾ ਪਰਿਵਾਰ, ਜੋ ਸਰਕਾਰ ਵਲੋਂ ਮਿਲੇ ਘਰ 'ਚ ਰਹਿੰਦੇ ਹਨ, ਉਨ੍ਹਾਂ ਨੂੰ ਵੀ 4 ਸਾਲ ਦੀ ਮਿਆਦ ਤੱਕ ਐਸ.ਪੀ. ਜੀ. ਸੁਰੱਖਿਆ ਪ੍ਰਾਪਤ ਹੋਵੇਗੀ।“ ਅਮਿਤ ਸ਼ਾਹ ਨੇ ਕਿਹਾ ਕਿ ਸੁਰੱਖਿਆ ਦੇ ਇਸ ਕਵਰ ਲਈ 'ਸਪੈਸ਼ਲ' ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਇਹ ਆਦਰਸ਼ ਰੂਪ ਨਾਲ ਪ੍ਰਧਾਨ ਮੰਤਰੀ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਰੀਰਕ ਸੁਰੱਖਿਆ ਨਹੀਂ ਹੈ, ਸਗੋਂ ਉਨ੍ਹਾਂ ਦੇ ਵਿਭਾਗ, ਸਿਹਤ ਅਤੇ ਹੋਰ ਲੋਕਾਂ ਦਰਮਿਆਨ ਸੰਚਾਰ ਨੂੰ ਵੀ ਸੁਰੱਖਿਆ ਦੇਣਾ ਹੁੰਦਾ ਹੈ।

Unusual
Lok Sabha
Amit Shah
Law
Security

International