ਮਾਘੀ ਮੇਲਾ ਨਹੀਂ, ਟੁੱਟੀ ਗੰਢਣ ਦਾ ਦਿਹਾੜਾ...

ਜਸਪਾਲ ਸਿੰਘ ਹੇਰਾਂ
ਭਾਵੇਂ ਸਿੱਖ ਪੰਥ ਦੇ ਕਈ ਗੰਭੀਰ ਮਾਮਲੇ ਜਿਹੜੇ ਕੌਮ ਦੀ ਹੋਦ ਨਾਲ ਜੁੜੇ ਹੋਏ ਹਨ, ਉਹ ਮਾਮਲੇ ਵੀ ਲੰਬੇ ਸਮੇਂ ਤੋਂ ਲਟਕੇ ਹੋਏ ਹਨ, ਪ੍ਰੰਤੂ ਕੌਮ ਦੇ ਆਗੂ ਉਨ੍ਹਾਂ ਦੇ ਹੱਲ ਲਈ ਗੰਭੀਰ ਨਹੀਂ, ਇਕ ਮੱਤ ਨਹੀਂ, ਇਸ ਕਾਰਣ ਇਕਜੁੱਟ ਵੀ ਨਹੀਂ ਹਨ। ਜਿਸ ਕਾਰਣ ਕੌਮ 'ਚ ਦੁਬਿਧਾ ਤੇ ਧੜੇਬੰਦੀ ਵੱਧਣ ਦੇ ਨਾਲ-ਨਾਲ ਸਿੱਖੀ ਸਿਧਾਂਤਾਂ, ਪ੍ਰੰਪਰਾਵਾਂ ਤੇ ਮਰਿਆਦਾ ਨਾਲ ਖਿਲਵਾੜ ਨਿਰੰਤਰ ਜਾਰੀ ਹੈ। ਇਹ ਵੀ ਸਾਫ਼ ਹੈ ਕਿ ਰਾਜਨੀਤੀ ਦੇ ਧਰਮ ਤੇ ਭਾਰੂ ਹੋਣ ਕਾਰਣ ਹੀ ਧਰਮ 'ਚ ਨਿਘਾਰ ਆਇਆ ਹੈ ਅਤੇ ਰਾਜਨੀਤਕ ਆਗੂ ਐਨੇ ਸ਼ਕਤੀਸ਼ਾਲੀ ਹੋ ਗਏ ਹਨ ਕਿ ਧਾਰਮਿਕ ਆਗੂ ਉਨ੍ਹਾਂ ਅੱਗੇ ਨਿਮਾਣੇ ਤੇ ਨਿਤਾਣੇ ਬਣ ਚੁੱਕੇ ਹਨ। ਜਿਸ ਸਦਕਾ ਕੌਮ ਨੂੰ ਦਰਪੇਸ਼ ਸਮੱਸਿਆਵਾਂ ਨੂੰ ਰਾਜਨੀਤੀ ਦੀ ਐਨਕ 'ਚੋਂ ਵੇਖਿਆ ਜਾਣ ਲੱਗ ਪਿਆ ਹੈ ਅਤੇ ਰਾਜਨੀਤਕ ਆਗੂਆਂ ਦੀ ਸੱਤਾ ਲਾਲਸਾ ਕਾਰਣ, ਸਿੱਖੀ ਦੇ ਨਿਆਰੇਪਣ ਨੂੰ ਜੰਗਾਲ ਲੱਗਦਾ ਜਾ ਰਿਹਾ ਹੈ। ਅਸੀਂ ਵਾਰ-ਵਾਰ ਹੋਕਾ ਦਿੱਤਾ ਹੈ ਕਿ ਕੌਮ ਦੇ ਕੌਮੀ ਮੁੱਦਿਆਂ ਬਾਰੇ ਸਮੁੱਚੀ ਕੌਮ ਇਕਜੁੱਟ ਹੋ ਕੇ ਫੈਸਲੇ ਕਰੇ ਅਤੇ ਕੌਮ ਦਾ ਬੁੱਧੀਜੀਵੀ ਵਰਗ, ਇਸ ਤਰ੍ਹਾਂ ਦੇ ਫੈਸਲਿਆਂ ਲਈ ਮੈਦਾਨ ਤਿਆਰ ਕਰੇ। ਆਏ ਦਿਨ ਖੜ੍ਹੇ ਹੁੰਦੇ ਵਿਵਾਦ ਨਾਲ ਕੌਮ ਦਾ ਤੇਜ਼ ਮੱਧਮ ਪੈ ਗਿਆ ਅਤੇ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਨੂੰ ਲਗਭਗ ਬਰੇਕਾਂ ਲੱਗ ਗਈਆਂ ਹਨ।

ਸ੍ਰੀ ਅਕਾਲ ਤਖ਼ਤ ਸਾਹਿਬ ਕੌਮ ਨੂੰ ਧਾਰਮਿਕ ਖੇਤਰ 'ਚ ਅਗਵਾਈ ਦੇਣ ਅਤੇ ਸਿੱਖੀ ਸਿਧਾਂਤਾਂ ਦੇ 'ਪਹਿਰੇਦਾਰ' ਵਜੋਂ ਮੀਰੀ-ਪੀਰੀ ਦੇ ਮਾਲਕ ਨੇ ਸਥਾਪਿਤ ਕੀਤਾ ਸੀ, ਪ੍ਰੰਤੂ ਸਿਆਸਤ ਦੇ ਇਸ ਮਹਾਨ ਸੰਸਥਾ ਤੇ ਵੀ ਭਾਰੂ ਹੋਣ ਕਾਰਣ, ਇਸ ਮਹਾਨ ਸੰਸਥਾ ਦੀ ਅਗਵਾਈ ਤੋਂ ਕੌਮ ਬਾਂਝੀ ਹੋ ਗਈ ਅਤੇ ਕੌਮ 'ਚ ਹਊਮੈ ਦੇ ਬੋਲ-ਬਾਲੇ ਕਾਰਣ ਆਪਾ-ਧਾਪੀ ਪੈਦਾ ਹੋ ਗਈ ਹੈ। ਅਸੀਂ ਵਾਰ-ਵਾਰ ਲਿਖਿਆ ਹੈ ਅਤੇ ਕੌਮ ਨੂੰ ਜਗਾਉਣ ਲਈ ਹੋਕਾ ਦਿੱਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਕੌਮ ਦੀ ਹੋਂਦ ਤੇ ਆਨ-ਸ਼ਾਨ ਲਈ ਬੇਹੱਦ ਜ਼ਰੂਰੀ ਹੈ। ਹੁਣ 'ਟੁੱਟੀ ਗੰਢਣ' ਮੌਕੇ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਮਾਘੀ ਦਾ ਦਿਹਾੜਾ ਆ ਗਿਆ ਹੈ। ਭਾਵੇਂ ਕਿ ਇਸ ਦਿਹਾੜੇ ਨੂੰ ਅਸੀਂ ਅਗਿਆਨਤਾ ਜਾਂ ਆਪਣੀ ਸੌੜੀ ਮਾਨਸਿਕਤਾ ਕਾਰਣ 'ਮਾਘੀ ਮੇਲਾ' ਹੀ ਆਖੀ ਜਾਂਦੇ ਹਾਂ, ਪ੍ਰੰਤੂ ਕਿਉਂਕਿ ਇਹ ਦਿਹਾੜਾ 'ਟੁੱਟੀ ਗੰਢਾਉਣ' ਤੇ ਬੇਦਾਵਾ ਪੜ੍ਹਵਾਉਣ' ਦਾ ਦਿਹਾੜਾ ਹੈ। ਇਹ ਦਿਹਾੜਾ 'ਮੁਕਤ ਹੋਣ ਦੀ ਯੁਗਤ' ਸਿੱਖਣ ਦਾ ਦਿਹਾੜਾ ਹੈ, ਇਸ ਲਈ ਇਸ ਦਿਹਾੜੇ ਦੀ ਪਵਿੱਤਰਤਾ, ਮਹਾਨਤਾ ਬੌਧਿਕ ਵੰਗਾਰ ਦੀ ਅਣਦੇਖੀ ਕਰਕੇ, ਇਸ ਨੂੰ 'ਮਾਘੀ ਮੇਲਾ' ਬਣਾਉਣਾ, ਕੌਮ 'ਚ ਆਏ ਨਿਘਾਰ ਦੇ ਬੁਨਿਆਦੀ ਕਾਰਣਾਂ 'ਚੋਂ ਇਕ ਹੈ। ਇਸ ਦਿਹਾੜੇ ਨੂੰ ਗੁਰੂ ਪ੍ਰਤੀ ਸਮਰਪਿਤ ਹੋਣ ਦੇ ਦਿਹਾੜੇ ਵਜੋਂ ਮਨਾਉਣਾ ਚਾਹੀਦਾ ਹੈ ਅਤੇ ਲੋੜ ਹੈ ਕਿ ਇਸ ਦਿਨ ਹਰ ਸਿੱਖ ਆਪਣੇ ਮਨ 'ਚ ਝਾਤੀ ਮਾਰੇ ਕਿ ਉਹ ਸੱਚੀ ਮੁੱਚੀ ਗੁਰੂ ਪ੍ਰਤੀ ਕਿਨਾ ਕੁ ਸਮਰਪਿਤ ਹੈ, ਉਹ ਗੁਰੂ ਦੀ ਕਿੰਨੀ ਕੁ ਮੰਨਦਾ ਹੈ?

ਇਸਦਾ ਵਿਸ਼ਲੇਸ਼ਣ ਆਪਣੀ ਆਤਮਾ ਨਾਲ ਜ਼ਰੂਰ ਕਰੇ। ਮੇਲਾ ਤਾਂ ਮਨੋਰੰਜਨ ਤੇ ਦਿਲ ਪ੍ਰਚਾਵੇ ਲਈ ਹੁੰਦਾ ਹੈ, ਇਸ ਲਈ ਇਸ ਦਿਹਾੜੇ ਨੂੰ ਮਾਘੀ ਮੇਲੇ ਦੀ ਸੋਚ ਤੋਂ ਆਜ਼ਾਦ ਕਰਵਾਉਣਾ ਹੋਵੇਗਾ ਅਤੇ ਰਾਜਨੀਤਕ ਰੰਗ ਤੋਂ ਦੂਰ ਰੱਖ ਕੇ, ਸਿੱਖ ਪੰਥ ਦੇ '40 ਮੁਕਤਿਆਂ' ਅਤੇ 'ਬੇਦਾਵੇ' ਬਾਰੇ ਕੌਮ ਦੇ ਕੌਮੀ ਅਹਿਸਾਸ ਨੂੰ ਜਗਾਉਣਾ ਚਾਹੀਦਾ ਹੈ। ਇਸ ਵਰ੍ਹੇ ਇਹ ਦਿਹਾੜਾ, ਉਨ੍ਹਾਂ ਦਿਨਾਂ 'ਚ ਆ ਰਿਹਾ, ਜਦੋਂ ਦੇਸ਼ 'ਚ 'ਔਰਤ ਸੁਰੱਖਿਆ' ਸਬੰਧੀ ਪੈਦਾ ਹੋਈ ਰੋਸ ਲਹਿਰ ਸਿਖ਼ਰਾਂ ਤੇ ਹੈ, ਇਸ ਲਈ 'ਮਾਈ ਭਾਗੋ' ਦੀ ਲਲਕਾਰ ਨੂੰ ਦੇਸ਼ ਦੀ ਹਰ ਔਰਤ ਦੇ ਕੰਨਾਂ ਤੱਕ ਪਹੁੰਚਾਉਣ ਲਈ ਇਸ ਦਿਹਾੜੇ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਅੱਜ ਜਦੋਂ ਇਸ ਦਿਹਾੜੇ 'ਚ ਸਿਰਫ਼ 4-5 ਦਿਨ ਬਾਕੀ ਹਨ ਤਾਂ ਸਾਡੇ ਧਾਰਮਿਕ ਆਗੂਆਂ ਤੇ ਸਿੱਖ ਬੁੱਧੀਜੀਵੀਆਂ ਨੂੰ ਇਸ ਦਿਹਾੜੇ ਨੂੰ ਮਨਾਉਣ ਲਈ ਇਸ ਦੀ ਉਹ ਰੂਪ-ਰੇਖਾ, ਜਿਹੜੀ ਇਸ ਦੀ ਮਹਾਨਤਾ ਅਨੁਸਾਰ ਹੋਵੇ ਬਾਰੇ ਜ਼ਰੂਰ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਅਤੇ ਮਾਘੀ ਮੇਲਾ ਨੂੰ 'ਟੁੱਟੀ ਗੰਢਣ ਦੇ ਦਿਹਾੜੇ 'ਚ ਬਦਲਣ ਵੱਲ ਇਸ ਵਾਰ ਤੋਂ ਹੀ ਆਰੰਭਤਾ ਕਰ ਦੇਣੀ ਚਾਹੀਦੀ ਹੈ। 

Editorial
Jaspal Singh Heran

International