ਸਿੱਖਾਂ ਲਈ ਮਾਣ ਵਾਲੀ ਗੱਲ, ਪ੍ਰੰਤੂ ਵੰਗਾਰ ਵੀ...

ਜਸਪਾਲ ਸਿੰਘ ਹੇਰਾਂ
ਸਿੱਖ ਕੌਮ ਲਈ ਵੱਡੇ ਮਾਣ ਤੇ ਸਨਮਾਨ ਵਾਲੀ ਖ਼ਬਰ ਆਈ ਹੈ। ਅਮਰੀਕਾ ਦੀ ਇੱਕ ਨਾਮੀ ਸੰਸਥਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆਂ 'ਚ ਪੰਜ ਸਦੀਆਂ ਦੇ ਸੱਭ ਤੋਂ ਵਧੀਆਂ ਮਹਾਰਾਜਾ ਹੋਣ ਦਾ ਖਿਤਾਬ ਦਿੱਤਾ ਹੈ। ਇਸ ਦੇ ਨਾਲ ਹੀ ਅੱਜ ਦੀ ਖ਼ਬਰ ਇਹ ਵੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਵੱਲੋਂ ਉਚਾਰੀਆਂ ਗੁਰਬਾਣੀ ਦੀਆਂ ਤਿੰਨ ਪਾਵਨ ਤੁਕਾਂ ਨੂੰ ਯੂ. ਐਨ. ਓ ਦੀ ਵਿਸ਼ਵ ਮਨੁੱਖੀ ਅਧਿਕਾਰ ਸੰਸਥਾ ਨੇ ਆਪਣੇ ਨਾਅਰਿਆਂ 'ਚ ਸ਼ਾਮਲ ਕਰ ਲਿਆ ਹੈ।  ਇਸ  ਤੋਂ ਪਹਿਲਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਹਰੀ ਸਿੰਘ ਨਲੂਆਂ ਨੂੰ ਦੁਨੀਆਂ ਦੇ 10 ਸਭ ਤੋਂ ਮਹਾਨ ਤੇ ਅਜੇਤੂ ਜਰਨੈਲਾਂ 'ਚ ਵੀ ਪਹਿਲੇ ਸਥਾਨ ਤੇ ਰੱਖਿਆ ਗਿਆ ਸੀ। ਇਹ ਪ੍ਰਾਪਤੀਆਂ ਬਹੁਤ ਵੱਡੀਆਂ ਹਨ। ਇੰਨ੍ਹਾਂ ਤੇ ਸਿੱਖ ਕੌਮ ਜਿਨ੍ਹਾਂ ਮਾਣ ਕਰ ਸਕਦੀ ਹੈ, ਥੋੜਾ ਹੈ। ਪ੍ਰੰਤੂ ਇੰਨ੍ਹਾਂ ਪ੍ਰਾਪਤੀਆਂ ਤੇ ਮਾਣ ਕਰਦਿਆ ਮਨ 'ਚ ਕਿਧਰੇ ਨਾ ਕਿਧਰੇ ਨਿਰਾਸ਼ਾ ਵੀ ਪੈਦਾ ਹੁੰਦੀ ਹੈ। ਜਿਸ ਕੌਮ ਦੇ ਗੁਰੂ ਸਾਹਿਬਾਨ ਦੇ ਨਾਅਰੇ ਨੂੰ ਦੁਨੀਆਂ 'ਚ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਬੁਨਿਆਦ ਮੰਨਿਆ ਜਾ ਰਿਹਾ ਹੈ। ਜਿਸ ਕੌਮ ਦੇ ਮਹਾਰਾਜੇ ਨੂੰ ਪੰਜ ਸਦੀਆਂ ਦਾ ਪੂਰੀ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਚੰਗਾ ਮਹਾਰਾਜਾ ਪ੍ਰਵਾਨ ਕੀਤਾ ਗਿਆ ਹੈ ਅਤੇ ਜਿਸ ਕੌਮ ਦਾ ਜਰਨੈਲ, ਦੁਨੀਆਂ ਦਾ ਅਜੇਤੂ ਜਰਨੈਲ ਪ੍ਰਵਾਨਿਆ ਗਿਆ ਹੈ, ਉਸ ਕੌਮ ਦਾ ਅੱਜ ਆਪਣਾ ਕੋਈ ਦੇਸ਼ ਨਹੀਂ।

ਦੁਨੀਆਂ ਦੀ ਸਭ ਤੋਂ ਅਮੀਰ ਵਿਰਸੇ ਵਾਲੀ ਕੌਮ, ਆਖ਼ਰ ਕੰਗਾਲੀ ਤੱਕ ਕਿਵੇਂ ਪਹੁੰਚ ਗਈ? ਪ੍ਰਾਪਤੀਆਂ ਵਾਲੀ ਖ਼ਬਰ ਨੇ ਜਿਥੇ ਸਾਨੂੰ ਅਥਾਹ ਖੁਸ਼ੀ ਦਿੱਤੀ ਹੈ, ਮਾਣ ਨਾਲ ਸਿਰ ਉੱਚਾ ਕਰਕੇ ਚੱਲਣ ਦਾ ਮੌਕਾ ਪ੍ਰਦਾਨ ਕੀਤਾ ਹੈ, ਉਥੇ ਨਿਰਾਸ਼ ਵੀ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਖ਼ੁਦ ਮੁਖਤਿਆਰ ਵਾਲਾ ਰਾਜ ਕੀਤਾ। ਸਦੀਆਂ ਤੋਂ ਇਸ ਦੇਸ਼ ਤੇ ਭਾਰੂ ਮੁਗਲ ਹਕੂਮਤ ਦੇ ਦੰਦ ਖੱਟੇ ਕੀਤੇ। ਸਾਰੇ ਦੇਸ਼ ਨੂੰ ਗੁਲਾਮ ਬਣਾ ਚੁੱਕੇ ਅੰਗਰੇਜਾਂ ਨੂੰ ਪੰਜਾਬ ਵੱਲ ਮਾੜੀ ਨੀਅਤ ਨਾਲ ਨਾ ਵੇਖਣ ਦੀ ਚਿਤਾਵਨੀ ਦਿੱਤੀ। ਉਥੇ ਸਿੱਖ ਰਾਜ 'ਚ ''ਸਭੈ ਸਾਂਝੀਵਾਲ ਸਦਾਇਨ '' ਵਾਲਾ ਮਾਹੌਲ ਸਿਰਜ ਕੇ ਵਿਖਾਇਆ। 40 ਸਾਲਾਂ 'ਚ ਇੱਕ ਵੀ ਅਜਿਹਾ ਸੰਗੀਨ ਅਪਰਾਧ ਨਹੀਂ ਹੋਇਆ, ਜਿਸ ਕਾਰਣ ਦੋਸ਼ੀ ਨੂੰ ਫਾਂਸੀ ਦੇਣੀ ਪਈ ਹੋਵੇ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜ ਸਦੀਆਂ ਦੇ ਸਰਵੋਤਮ ਮਹਾਰਾਜੇ ਦਾ ਖ਼ਿਤਾਬ ਉਨ੍ਹਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ, ਜਿਹੜੇ ਸਿੱਖਾਂ ਬਾਰੇ ਇਹ ਬਕਵਾਸ ਕਰਦੇ ਰਹਿੰਦੇ ਹਨ ਕਿ ਸਿੱਖਾਂ ਨੂੰ ਰਾਜ ਨਹੀਂ ਕਰਨਾ ਆਉਦਾ। ਸਾਡਾ ਇਹ ਵੀ ਦਾਅਵਾ ਹੈ ਕਿ ਜਦੋਂ ਕਦੇ ਦੱਬੇ ਕੁਚੱਲੇ ਲੋਕਾਂ ਦੇ ਹੱਕ ਤੇ ਬਰਾਬਰੀ ਵਾਲੇ ਰਾਜ ਬਾਰੇ ਸਰਵੇ ਰਿਪੋਰਟ ਆਊਗੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਪਲੇਠੇ ਖ਼ਾਲਸਾ ਰਾਜ ਨੂੰ ਵੀ ਪੰਜ ਸਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਵਾਲੇ ਰਾਜ ਵਜੋਂ ਖਿਤਾਬ ਦਿੱਤਾ ਜਾਵੇਗਾ।

ਅਸੀਂ ਪਹਿਰੇਦਾਰ ਦੀ ਆਰੰਭਤਾ ਸਮੇਂ ਦਾਅਵਾ ਕੀਤਾ ਸੀ ਕਿ ਪਹਿਰੇਦਾਰ ਦਾ ਮਿਸ਼ਨ ਮੰਤਵ ਤੇ ਉਦੇਸ਼ ਗੁਰੂ ਗ੍ਰੰਥ ਸਾਹਿਬ ਨੂੰ ਦੁਨੀਆਂ ਦੇ ਧਾਰਮਿਕ ਗ੍ਰੰਥ ਵਜੋਂ ਪ੍ਰਵਾਨ ਕਰਵਾਉਣਾ ਹੈ। ਗੁਰੂ ਨਾਨਕ ਪਾਤਸ਼ਾਹ ਦੀਆਂ ਉਚਾਰੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਲਈ ਵਿਸ਼ਵ 'ਚ ਨਾਅਰੇ ਵਜੋਂ ਪ੍ਰਵਾਨ ਕਰ ਲੈਣ ਨੇ ਸਾਡੇ ਇਸ ਦਾਅਵੇ ਨੂੰ ਮਜ਼ਬੂਤੀ ਬਖ਼ਸੀ ਹੈ। ਸਮਾਜਿਕ ਕ੍ਰਾਂਤੀ ਦੇ ਖੇਤਰ 'ਚ ਕਿਸੇ ਧਾਰਮਿਕ ਰਹਿਬਰ ਦੀ ਅਗਵਾਈ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਈ ਹੈ। ਸਾਨੂੰ ਲੱਗਦਾ ਹੈ ਕਿ ਦੁਨੀਆਂ, ਉਸ ਪਾਸੇ ਤੁਰ ਪਈ ਹੈ। ਪ੍ਰੰਤੂ ਅਫਸ਼ੋਸ ਹੈ ਕਿ ਸਾਡੀ ਕੌਮ, ਕੌਮੀ ਪ੍ਰਾਪਤੀਆਂ ਦੇ ਰਾਹ ਤੁਰਨ ਦੀ ਥਾਂ ਆਪੋ 'ਚ ਲੜਾਈ 'ਚ ਰੁਝ ਗਈ ਹੈ।  ਹਰ ਚੜ੍ਹਦੇ ਸੂਰਜ ਨਵਾਂ ਵਿਵਾਦ ਪੈਦਾ ਕਰਨਾ, ਸਾਡੀ ਗੰਦੀ ਆਦਤ 'ਚ ਸ਼ਾਮਲ ਹੋ ਗਿਆ ਹੈ।

ਗੁਰੂ ਸਾਹਿਬਾਨ ਵੱਲੋਂ ਦਿੱਤੇ ਸੁਨਿਹਰੀ ਸਿਧਾਂਤ, ਅਸੀਂ ਭੁੱਲ ਵਿਸਰ ਗਏ ਹਾਂ। ਦੁਨੀਆਂ ਸਾਡੇ ਕੌਮੀ ਸਿਧਾਤਾਂ ਤੋਂ ਰੋਸ਼ਨੀ ਲੈਣ ਲੱਗ ਪਈ ਹੈ। ਪ੍ਰੰਤੂ ਅਸੀਂ ਉਸ ਰੋਸ਼ਨੀ ਨੂੰ ਰੋਕਣ ਲਈ ਅੱਖਾਂ ਮੀਚ ਲਈਆਂ ਹਨ। ਕਿਤੇ ਇਹ ਨਾ ਹੋਵੇ ਕਿ ਸਮੁੱਚੀ ਦੁਨੀਆਂ ਤਾਂ ਸਿੱਖ ਬਣ ਜਾਵੇ ਪ੍ਰੰਤੂ ਸਿੱਖ, ਸਿੱਖ ਨਾ ਰਹਿਣ। ਦੁਨੀਆਂ ਵਾਲ੍ਹਿਆਂ ਨੇ ਸਾਡੇ ਗੁਰੂ ਸਾਹਿਬਾਨ, ਸਾਡੇ ਮਹਾਰਾਜੇ ਤੇ  ਸਾਡੇ ਜਰਨੈਲ ਨੂੰ ਐਨੀ ਵੱਡੀ ਮਾਨਤਾ ਦੇ ਕੇ ਸਾਡੇ ਸਿਰ ਤੇ ਹੋਰ ਜ਼ਿੰਮੇਵਾਰੀ ਪਾ ਦਿੱਤੀ ਹੈ। ਸਾਨੂੰ ਉਨ੍ਹਾਂ ਸਾਰੇ ਗੁਣਾਂ ਨੂੰ ਜਿਹੜੇ ਹਰ ਸਿੱਖਾਂ 'ਚ ਹੋਣੇ ਚਾਹੀਦੇ ਹਨ, ਆਪਣੇ ਜੀਵਨ 'ਚ ਧਾਰਨ ਕਰਨਾ ਪਵੇਗਾ। ਦੁਨੀਆਂ ਨੂੰ ਇਹ ਵਿਖਾਉਣਾ ਪਵੇਗਾ ਕਿ ਜੇ ਸਿੱਖ 5 ਸਦੀਆਂ 'ਚ ਸਭ ਤੋਂ ਚੰਗਾ ਰਾਜ ਦੇ ਸਕਦੇ ਹਨ ਤਾਂ ਅੱਜ ਵੀ ਉਸ ਸਮਰੱਥ ਹਨ।

ਸਿੱਖ ਪੂਰੇ ਵਿਸ਼ਵ 'ਚ ਹਲੇਮੀ ਰਾਜ ਦੀ ਸਥਾਪਨਾ ਕਰ ਸਕਦੇ ਹਨ। ਸਿੱਖ ਵਿਰਸੇ ਤੇ ਸਿੱਖ ਪਹਿਚਾਣ ਦੀ ਮਜ਼ਬੂਤੀ ਲਈ ਇਹ ਢੁੱਕਵਾਂ ਮੌਕਾ ਪ੍ਰਾਪਤ ਹੋਇਆ ਹੈ। ਕੌਮ ਦੇ ਸਾਰੇ ਧਾਰਮਿਕ ਰਾਜਸੀ ਆਗੂਆਂ ਤੇ ਬੁੱਧੀਜੀਵੀਆਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ।  ਇੱਕ ਸਾਂਝਾ ਕੌਮੀ ਪ੍ਰੋਗਰਾਮ ਉਲੀਕ ਕੇ ਵਿਸ਼ਵ 'ਚ ਵਿਸ਼ਵ ਪੱਧਰੀ ਸੈਮੀਨਾਰ ਕਰਕੇ, ਪੂਰੀ ਦੁਨੀਆਂ ਨੂੰ ਸਿੱਖਾਂ ਦੀਆਂ ਇੰਨ੍ਹਾਂ ਮਹਾਨ ਸ਼ਾਨਾਮੱਤੀਆਂ  ਪ੍ਰਾਪਤੀਆਂ ਤੇ ਉਨ੍ਹਾਂ ਦੇ ਪਿਛੋਕੜ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਦੁਨੀਆਂ ਧੰਨ ਸਿੱਖੀ, ਧੰਨ ਸਿੱਖੀ ਦਾ ਪਾਠ ਪੜਨ ਲੱਗ ਜਾਵੇ।

Editorial
Jaspal Singh Heran

International