ਲੋਹੜੀ ਨੂੰ ਭਰੂਣ ਹੱਤਿਆ ਵਿਰੁੱਧ ਪ੍ਰਣ ਦਿਵਸ ਵਜੋਂ ਮਨਾਇਆ ਜਾਵੇ...

ਜਸਪਾਲ ਸਿੰਘ ਹੇਰਾਂ
ਕੜਾਕੇ ਦੀ ਠੰਡ ਦੇ 'ਲੋਹੜੇ' ਤੋਂ ਰਾਹਤ ਦੀ ਉਮੀਦ ਹੈ - 'ਲੋਹੜੀ'। ਇਹ ਤਿਉਹਾਰ ਪੰਜਾਬੀ ਤਿਉਹਾਰਾਂ ਦੇ ਸੱਭਿਆਚਾਰ 'ਚ ਭਾਵੇਂ ਰੁੱਤ ਬਦਲਣ ਦੇ ਸੰਕੇਤ ਦਾ ਤਿਉਹਾਰ ਸੀ, ਪੰਜਾਬੀ ਸੱਭਿਆਚਾਰ ਨਾਲ ਜੁੜੇ ਬਹੁਤੇ ਤਿਉਹਾਰ ਮੂਲ ਰੂਪ 'ਚ ਰੁੱਤਾਂ ਦੇ ਬਦਲਣ ਦੇ ਪ੍ਰਤੀਕ ਵਜੋਂ ਹੀ ਹੋਂਦ 'ਚ ਆਏ ਸਨ, ਭਾਵੇਂ ਉਹ ਵਿਸਾਖੀ ਹੈ, ਜਾਂ ਬਸੰਤ ਪੰਚਮੀ ਜਾਂ ਫ਼ਿਰ ਹੋਲੀ ਤੇ ਲੋਹੜੀ ਆਦਿ। ਪ੍ਰੰਤੂ ਹੌਲੀ ਹੌਲੀ ਇਨ੍ਹਾਂ ਤਿਉਹਾਰਾਂ ਨਾਲ ਹੋਰ ਕਈ ਰੰਗ ਜੁੜ ਗਏ, ਜਿਹੜੇ ਬਾਅਦ 'ਚ ਭਾਰੂ ਵੀ ਹੋ ਗਏ। ਲੋਹੜੀ ਨੂੰ ਪੰਜਾਬੀ ਸੱਭਿਆਚਾਰ 'ਤੇ ਪੰਜਾਬੀ ਸੁਭਾਅ ਨਾਲ ਜੋੜਿਆ ਜਾਂਦਾ ਹੈ। ਅਸਲ 'ਚ ਸੱਭਿਆਚਾਰ ਸਾਡੀ ਬੋਲ-ਬਾਣੀ, ਪ੍ਰੰਪਰਾ, ਖਾਣਾ-ਪੀਣਾ, ਰਹਿਣਾ-ਸਹਿਣਾ, ਚਾਲ-ਢਾਲ ਤੇ ਮਿਲਵਰਤਨ ਨੂੰ ਦਰਸਾਉਂਦਾ ਹੈ। ਗਿਆਨ, ਸ਼ਕਤੀ ਅਤੇ ਮਾਇਆ ਵੀ ਸੱਭਿਆਚਾਰ ਤੇ ਭਾਰੂ ਹੁੰਦੇ ਹਨ। ਇਸ ਲਈ ਸੱਭਿਆਚਾਰ ਦੇ ਵਖਰੇਵੇਂ ਵੀ ਸਮੇਂ-ਸਮੇਂ ਪੈਦਾ ਹੁੰਦੇ ਰਹਿੰਦੇ ਹਨ।

ਲੋਹੜੀ ਨੂੰ ਕਿਸੇ ਪਰਿਵਾਰ 'ਚ ਮੁੰਡੇ ਦੇ ਪੈਦਾ ਹੋਣ ਦੀ ਖੁਸ਼ੀ ਅਤੇ 'ਦੁੱਲਾ-ਭੱਟੀ' ਵਾਲੀ ਪੰਜਾਬੀ ਅਣਖ਼ ਨਾਲ ਜੋੜਿਆ ਗਿਆ, ਕੜਾਕੇ ਦੀ ਸਰਦੀ ਦੇ ਲੋਹੜੇ ਦਾ ਥਾਂ-ਥਾਂ ਅੱਗ ਬਾਲ ਕੇ, ਮੁਕਾਬਲਾ ਕਰਕੇ, ਪੰਜਾਬੀਆਂ 'ਚ ਹਰ ਸਥਿੱਤੀ ਦੇ ਮੁਕਾਬਲੇ ਦੀ ਭਾਵਨਾ ਨੂੰ ਦਰਸਾਉਣ ਦਾ ਪ੍ਰਤੀਕ ਵੀ ਬਣਾਇਆ ਗਿਆ। ਪ੍ਰੰਤੂ ਸਾਡੇ ਸਮਾਜ 'ਚ 'ਮੁੰਡੇ' ਦੀ ਲਾਲਸਾ ਇਸ ਤਿਉਹਾਰ ਤੇ ਭਾਰੂ ਹੋ ਗਈ ਅਤੇ ਲੋਹੜੀ ਸਿਰਫ਼ ਮੁੰਡੇ ਜੰਮਣ ਦੀ ਖੁਸ਼ੀ ਤੱਕ ਸੀਮਤ ਹੋ ਗਈ। ਹੁਣ ਭਾਵੇਂ ਧੀ ਦੀ ਮਹੱਤਤਾ ਨੂੰ ਉਭਾਰਨ ਲਈ ਧੀਆਂ ਦੀ ਲੋਹੜੀ ਵੀ ਮਨਾਉਣੀ ਕਿਤੇ-ਕਿਤੇ ਸ਼ੁਰੂ ਹੋ ਗਈ, ਪ੍ਰੰਤੂ ਧੀਆਂ ਦੀ ਲੋਹੜੀ ਮਨਾਉਣ ਨਾਲ ਅਸੀਂ ਉਸ ਸੋਚ ਨੂੰ ਜਿਹੜੀ 'ਮੁੰਡੇ' ਤੱਕ ਸੀਮਤ ਹੈ, ਕਿੰਨਾ ਕੁ ਬਦਲ ਸਕੇ ਹਾਂ? ਇਸਦਾ ਸਬੂਤ ਅੱਜ ਵੀ ਸਾਡੇ ਪੰਜਾਬ 'ਚ ਮੁੰਡੇ-ਕੁੜੀਆਂ ਦੀ ਅਨੁਪਾਤ 'ਚ ਹਜ਼ਾਰ ਪਿੱਛੇ 137 ਦਾ ਫ਼ਰਕ ਹੈ ਅਤੇ ਕੁੱਖਾਂ 'ਚ ਮਾਰੀਆਂ ਜਾਂਦੀਆਂ ਧੀਆਂ ਦੀ ਗਿਣਤੀ ਨੂੰ ਠੱਲ੍ਹ ਨਹੀਂ ਪੈ ਸਕੀ।

ਅੱਜ ਜਦੋਂ ਹਰ ਮਾਪਾ, ਆਪਣੇ ਮੁੰਡੇ ਤੇ ਖ਼ਾਸਕਰ ਇਕਲੌਤੇ ਮੁੰਡੇ ਦੀਆਂ ਆਪਹੁਦਰੀਆਂ, ਵਿਹਲੜਪੁਣੇ, ਫ਼ੁਕਰਪੁਣੇ ਅਤੇ ਨਸ਼ੇੜੀਪਣ ਕਾਰਣ ਗੋਡੇ-ਗੋਡੇ ਦੁੱਖੀ ਹੈ ਅਤੇ ਮੁੰਡਿਆਂ ਦੀ ਥਾਂ ਧੀਆਂ ਦੇ ਹੱਕ 'ਚ  ਭੁਗਤਦਾ ਹੈ, ਪ੍ਰੰਤੂ ਉਸਦੀ ਅੰਦਰਲੀ ਸੋਚ ਅਤੇ ਪੁੱਤਰ ਮੋਹ ਉਸ ਸਮੇਂ ਫ਼ਿਰ ਖੁੱਲ੍ਹ ਕੇ ਸਾਹਮਣੇ ਆ ਜਾਂਦਾ ਹੈ ਜਦੋਂ ਕਦੇ ਘਰ-ਪਰਿਵਾਰ 'ਚ ਕਿਸੇ ਕੰਨਿਆ ਦੀ ਆਮਦ ਬਾਰੇ ਖ਼ਬਰ ਕੰਨੀ ਪੈਂਦੀ ਹੈ, ਤੇ ਉਸਦੇ ਸਿਰ ਸੱਤ ਘੜ੍ਹੇ ਠੰਡਾ ਪਾਣੀ ਪੈ ਜਾਂਦਾ ਹੈ। ਧੀਆਂ ਨੂੰ ਬਰਾਬਰੀ ਦਾ ਹੱਕ ਦੇਣ ਦੀ ਗੱਲ, ਭਾਵੇਂ ਸਭਾ, ਪੰਚਾਇਤ 'ਚ ਹਰ ਕੋਈ ਕਰਦਾ ਹੈ, ਪ੍ਰੰਤੂ ਆਪਣੇ ਘਰ ਲਾਗੂ ਕਰਨ ਤੋਂ ਝਿਜਕਦਾ ਹੈ। ਅੱਜ ਚਿੱਟੇ ਹੁੰਦੇ ਲਹੂ ਦੇ ਚਰਚੇ ਹਰ ਪਾਸੇ ਸੁਣੇ ਜਾ ਸਕਦੇ ਹਨ, ਰਿਸ਼ਤਿਆਂ ਦੇ ਹੁੰਦੇ ਖੂਨ ਦੀਆਂ ਕਹਾਣੀਆਂ ਰੋਜ਼ ਸਾਹਮਣੇ ਆਉਂਦੀਆਂ ਹਨ, ਪ੍ਰੰਤੂ ਫ਼ਿਰ ਵੀ ਅਸੀਂ ਆਪਣੇ ਉਸ ਸੱਭਿਆਚਾਰ ਦੀ ਰਾਖੀ ਲਈ ਜਿਹੜਾ ਸਿੱਖੀ ਸਿਧਾਤਾਂ ਦੀ ਰੋਸ਼ਨੀ 'ਚ ਸਿੱਖ ਸੱਭਿਆਚਾਰ ਵਜੋਂ ਇਸ ਪੰਜ ਦਰਿਆਵਾਂ ਦੀ ਧਰਤੀ ਤੇ ਸਿਰਜਿਆ ਗਿਆ ਸੀ, ਅੱਗੇ ਆਉਣ ਲਈ ਤਿਆਰ ਨਹੀਂ ਹਾਂ। ਭਾਵੇਂ ਇਹ ਠੀਕ ਹੈ ਕਿ ਜਦੋਂ ਵੀ ਵੱਡੇ ਸਮਾਜਿਕ ਪ੍ਰੀਵਰਤਨ ਆਉਂਦੇ ਹਨ ਤਾਂ ਜੀਵਨ ਦੀ ਸਥਿਰਤਾ ਡੋਲਦੀ ਹੈ।

ਸਿਆਣੇ ਲੋਕਾਂ ਨੇ ਇਸ ਦਾ ਮੁੱਖ ਕਾਰਨ ਪੈਦਾਵਰੀ ਸਾਧਨਾਂ ਵਿੱਚ ਉੱਨਤੀ ਦੱਸਿਆ ਹੈ। ਅਸੀਂ ਵੀ ਅੱਜ ਐਟਮ, ਜੀਨਜ਼ ਦੀ ਭੋਰਾ-ਭੋਰਾ ਖੋਜ ਕਰ ਲਈ ਹੈ ਅਤੇ ਕੰਪਿਊਟਰੀ ਯੁੱਗ ਨੇ ਜੀਵਨ ਦੀ ਧਾਰਾ ਨੂੰ ਬਦਲਿਆ ਹੈ, ਜਿਸ ਕਾਰਣ ਸਮਾਜੀ ਸਥਿਰਤਾ ਨੂੰ ਝਟਕਾ ਲੱਗਣਾ ਹੀ ਹੈ। ਪ੍ਰੰਤੂ ਫ਼ਿਰ ਵੀ ਆਪਣੇ ਸੱਭਿਆਚਾਰ ਦੀ ਰਾਖੀ ਅਤੇ ਵਿਰਸੇ ਨਾਲ ਜੁੜੇ ਰਹਿਣਾ, ਕਿਸੇ ਵੀ ਕੌਮ ਦੀ ਵਿਲੱਖਣ ਹੋਂਦ ਲਈ ਜ਼ਰੂਰੀ ਹੁੰਦਾ ਹੈ। ਇੱਕ ਪਾਸੇ ਸਾਡੇ ਪੰਜਾਬ ਤੇ ਕੁੜੀਮਾਰ ਹੋਣ ਦਾ ਕਲੰਕ ਲੱਗ ਰਿਹਾ ਹੈ, ਜਿਸ ਨੂੰ ਮੁੰਡੇ ਜੰਮਣ ਦੀ ਖੁਸ਼ੀ 'ਚ ਬਾਵਰੇ ਹੋਣ ਦੀ ਸਾਡੀ ਇਸ ਤਿਉਹਾਰੀ ਪਿਰਤ ਨੇ ਹੋਰ ਗੂੜਾ ਕੀਤਾ ਹੈ। ਕਿਸੇ ਸਮੇਂ ਪਿੰਡ ਦੀ ਧੀ-ਭੈਣ ਸਾਰੇ ਪਿੰਡ ਦੀ ਸਾਂਝੀ ਧੀ-ਭੈਣ ਮੰਨਿਆ ਜਾਂਦਾ ਸੀ। ਪ੍ਰੰਤੂ ਅੱਜ ਅਖੌਤੀ ਆਜ਼ਾਦੀ ਨੇ ਪਵਿੱਤਰਤਾ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਹੈ ਅਤੇ ਅਗਾਂਹਵਧੂ ਹੋਣ ਦੇ ਝੂਠੇ ਵਿਖਾਵੇ ਦੀ ਅੰਨੀ ਦੌੜ ਨੇ ਲੱਚਰਤਾ ਦਾ ਦਾਮਨ ਫੜ੍ਹ ਲਿਆ ਹੈ। ਜਿਸ ਕਾਰਣ ਸ਼ਰਮ ਦਾ ਪਰਦਾ ਪੂਰੀ ਤਰ੍ਹਾਂ ਹਟ ਗਿਆ ਹੈ।

ਤਿਉਹਾਰ, ਜਿਹੜੇ ਸਾਡੇ ਸੱਭਿਆਚਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਤਿਉਹਾਰਾਂ ਨੂੰ ਮਨਾਉਂਦੇ ਸਮੇਂ ਸਾਨੂੰ ਇਹ ਲੇਖਾ-ਜੋਖਾ ਤਾਂ ਕਰ ਹੀ ਲੈਣਾ ਚਾਹੀਦਾ ਹੈ ਕਿ ਆਖ਼ਰ ਅਸੀਂ ਕਿੱਥੇ ਖੜ੍ਹੇ ਹਾਂ? ਸਾਡੀਆਂ ਉਹ ਇਖਲਾਕੀ ਕਦਰਾਂ-ਕੀਮਤਾਂ ਜਿਹੜੀਆਂ ਸਾਡੀ ਕੌਮ ਨੇ ਸੰਘਰਸ਼ ਕਰਕੇ, ਨਿਖਾਰੀਆਂ ਸਨ, ਉਹ ਆਖ਼ਰ ਮੱਧਮ ਜਾਂ ਅਲੋਪ ਕਿਉਂ ਹੋ ਗਈਆਂ ਹਨ? ਪਦਾਰਥਵਾਦ ਦੀ ਦੌੜ ਨੇ ਸਾਡੇ ਸੱਭਿਆਚਾਰ ਨੂੰ ਗਿਰਾਵਟ ਵੱਲ ਧੱਕ ਦਿੱਤਾ, ਜਿਸ ਕਾਰਣ ਅਸੀਂ ਆਪਣੇ ਮੂਲ ਨਾਲੋਂ ਟੁੱਟ ਕੇ ਆਪਣੀ ਚਾਲ ਵੀ ਗੁਆ ਬੈਠੇ। ਅਸੀਂ ਚਾਹੁੰਦੇ ਹਾਂ ਕਿ ਜਦੋਂ ਲੋਹੜੀ ਦੀ ਧੂਣੀ 'ਚ ਤਿਲ ਸਾੜੇ ਜਾਂਦੇ ਹਨ ਤਾਂ ਆਪਣੇ ਪਾਪ ਸਾੜ੍ਹਨ ਦੀ ਸੋਚ ਦੀ ਥਾਂ, ਸਮਾਜਿਕ ਬੁਰਿਆਈਆਂ, ਜਿਹੜੀਆਂ ਸਾਡੇ ਸਮਾਜ ਨੂੰ ਘੁਣ ਵਾਗੂੰ ਖਾ ਰਹੀਆਂ ਹਨ ਅਤੇ ਖ਼ਾਸ ਕਰਕੇ ਭਰੂਣ ਹੱਤਿਆ, ਦਾਜ-ਦਹੇਜ, ਧੀਆਂ ਦਾ ਸਤਿਕਾਰ ਵਧਾਉਣ, ਵਿਆਹਾਂ ਤੇ ਵੱਧ ਰਹੇ ਆਡੰਬਰਵਾਦ ਵਿਰੁੱਧ, ਨਸ਼ਿਆਂ ਦੇ ਖਾਤਮੇ ਲਈ, ਕਿਰਤ ਸੱਭਿਆਚਾਰ ਦੀ ਸਥਾਪਤੀ, ਗਿਆਨ ਦੀ ਭੁੱਖ ਪੈਦਾ ਕਰਨ ਅਤੇ ਭ੍ਰਿਸ਼ਟ ਸਿਸਟਮ ਵਿਰੁੱਧ ਲੜ੍ਹਨ ਲਈ ਪ੍ਰਣ ਲਿਆ ਜਾਵੇ ਅਤੇ ਲੋਹੜੀ ਨੂੰ ਇਨ੍ਹਾਂ ਬੁਰਿਆਈਆਂ ਵਿਰੁੱਧ ਲੜ੍ਹਨ ਦੇ ਪ੍ਰਣ ਦਿਵਸ ਵਜੋਂ ਮਨਾਇਆ ਜਾਵੇ।
 

Editorial
Jaspal Singh Heran

International