ਦਰਬਾਰ ਸਾਹਿਬ ਦੀ ਸਥਾਪਨਾ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਦਰਬਾਰ ਸਾਹਿਬ, ਜਿਸਨੂੰ ਹਰਿਮੰਦਰ ਸਾਹਿਬ ਵੀ ਪ੍ਰਵਾਨ ਕੀਤਾ ਜਾਂਦਾ ਹੈ। ਇਸ ਧਰਤੀ 'ਤੇ ਰੱਬ ਦਾ ਘਰ ਹੈ। ਭਾਵੇਂ ਕਿ ਪਦਾਰਥਵਾਦੀ ਸੋਚ ਨੇ ਰੱਬ ਦੇ ਇਸ ਘਰ ਨੂੰ ਸੋਨੇ ਨਾਲ ਜੋੜ ਕੇ ਇਸਨੂੰ 'ਗੋਲਡਨ ਟੈਂਪਲ' ਬਣਾ ਦਿਤਾ। ਪੰ੍ਰਤੂ ਇਹ ਵਾਹਿਗੁਰੂ ਦਾ ਘਰ ਹੈ। ਸਮੁੱਚੀ ਮਾਨਵਤਾ ਲਈ ਅਧਿਆਤਮਕ ਦਾ ਚਾਨਣ ਮੁਨਾਰਾ ਹੈ। ਇਸੇ ਕਾਰਣ ਇਸ ਪਵਿੱਤਰ ਅਸਥਾਨ 'ਤੇ ਆਉਣ ਵਾਲਿਆਂ ਨੂੰ ਰੂਹਾਨੀ, ਅਗੰਮੀ ਆਤਮਿਕ ਆਨੰਦ ਮਿਲਦਾ ਹੈ। ਮਨੁੱਖਤਾ ਨਾਲ ਮੋਹ ਵਿਗਸਦਾ ਹੈ, ਸੇਵਾ ਦੀ ਭਾਵਨਾ ਠਾਠਾਂ ਮਾਰਦੀ ਹੈ, ਮੇਰ-ਤੇਰ ਮੁੱਕ ਜਾਂਦੀ ਹੈ। ਸ਼ਰਧਾਲੂ ਸਿਰਫ਼ ਤੇ ਸਿਰਫ਼ ''ਤੇਰਾ ਹੀ ਤੇਰਾ'' ਹੋ ਕੇ ਰਹਿ ਜਾਂਦਾ ਹੈ। ਭਾਵੇਂ ਕਿ ਸਿੱਖੀ 'ਚ ਪੁਰਾਤਨ ਪਿਰਤ, ਹਿੰਦੂਤਵੀ ਸੋਚ, ਵਹਿਮਾਂ-ਭਰਮਾਂ ਤੇ ਕਰਮ-ਕਾਡਾਂ ਲਈ ਕੋਈ ਥਾਂ ਨਹੀਂ, ਪੰ੍ਰਤੂ ਇਸਦੇ ਬਾਵਜੂਦ ਬਾਣੀ ਦੇ ਬੋਹਿਥ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੀਆਂ ਰਮਜਾਂ ਧਰਤੀ ਦੇ ਇਸ ਸੱਚਖੰਡ ਨਾਲ ਜੋੜ ਦਿੱਤੀਆਂ। ਜਿਨ੍ਹਾਂ ਰਮਜਾਂ ਨੂੰ ਸਮਝ ਕੇ ਆਮ ਮਨੁੱਖ ਦੀ ਹੈਰਤ ਗੁੰਮ ਹੋ ਜਾਂਦੀ ਹੈ। ਪੰਜਵੇਂ ਪਾਤਸ਼ਾਹ ਨੇ ਦਰਬਾਰ ਸਾਹਿਬ ਦੀ ਉਸਾਰੀ 67 ਫੁੱਟ ਲੰਬੇ 67 ਫੁੱਟ ਚੌੜੇ ਥੜ੍ਹੇ 'ਤੇ ਕਰਵਾਈ ਤੇ ਉਪਰ ਦਰਬਾਰ ਸਾਹਿਬ ਦੀ ਸਥਾਪਨਾ ਹੋਈ ਤਾਂ ਕਿ 68 ਤੀਰਥਾਂ ਦੇ ਜਗਿਆਸੂ ਦੀ ਉਹ ਜਗਿਆਸਾ ਵੀ ਦਰਬਾਰ ਸਾਹਿਬ ਆ ਕੇ ਪੂਰੀ ਹੋ ਜਾਵੇ ਅਤੇ ਉਸਦੀ ਥਾਂ-ਥਾਂ ਦੀ ਭਟਕਣ, ਜਿਹੜੀ ਸਿਰਫ਼ ਭਟਕਣ ਹੈ, ਉਹ ਮੁੱਕ ਜਾਵੇ।

ਅਧਿਆਤਮਕ ਸਫ਼ਰ ਦਾ ਦਰਬਾਰ ਸਾਹਿਬ ਆਖ਼ਰੀ ਪੜਾਅ ਹੈ। ਇਥੇ ਆ ਕੇ ਹਰ ਜਗਿਆਸੂ ਦੀ ਜਗਿਆਸਾ ਪੂਰੀ ਹੋ ਜਾਂਦੀ ਹੈ, ਮਿੱਟ ਜਾਂਦੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦਰਸ਼ਨੀ ਡਿਉਢੀ ਤੋਂ ਦਰਬਾਰ ਸਾਹਿਬ ਤੱਕ 84 ਕਦਮ ਦਾ ਰਸਤਾ ਹਿੰਦੂਤਵੀ ਬਾਹਮਣੀ ਤਾਕਤਾਂ ਦੇ 84 ਦੇ ਗੇੜ ਨੂੰ ਕੱਟਦਾ ਹੈ। ਅੰਮ੍ਰਿਤ ਸਰੋਵਰ ਦੀ ਡੂੰਘਾਈ 16 ਕਲਾਂ ਸੰਪੂਰਨ ਵਾਲੇ ਹਿੰਦੂਤਵੀ ''ਭਗਵਾਨੀ'' ਆਡੰਬਰ ਨੂੰ 17 ਫੁੱਟ ਨਾਲ ਧੋਅ ਦਿੰਦੀ ਹੈ। ਇਸੇ ਤਰ੍ਹਾਂ ਦਰਬਾਰ ਸਾਹਿਬ ਤੇ ਬਣੀਆਂ ਗੁੰਮਟੀਆਂ ਦੀ ਗਿਣਤੀ ਰਹੱਸਮਈ ਰਮਜਾਂ ਨੂੰ ਆਪਣੇ 'ਚ ਸਮੋਈ ਬੈਠੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਦੀ ਸੋਚ, ਸਰਬੱਤ ਦਾ ਭਲਾ, 'ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਾਬੋ'' ਉਪਦੇਸ਼ ਚਹੁ ਵਰਨਾ ਨੂੰ ਸਾਂਝਾ, ਸਿੱਖੀ ਦੇ ਨਿਆਰੇ-ਨਿਰਾਲੇਪਣ ਅਤੇ ਮਾਨਵਤਾਵਾਦੀ ਧਰਮ, ਜਿਹੜਾ ਬਰਾਬਰੀ ਦਾ ਪਹਿਰੇਦਾਰ ਹੈ, ਉਸ ਦਾ ਸੁਨੇਹਾ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਦੁਨੀਆਂ ਨੂੰ ਦਿੰਦੇ ਹਨ। ਭੇਦ-ਭਾਵ, ਛੂਆ-ਛੂਤ, ਊਚ-ਨੀਚ, ਅਮੀਰ-ਗਰੀਬ, ਔਰਤ-ਮਰਦ, ਹਾਕਮ-ਪਰਜਾ, ਇਹ ਭੇਦ-ਭਾਵ ਦਾ ਖ਼ਾਤਮਾ ਦੁਨੀਆਂ 'ਚ ਦਰਬਾਰ ਸਾਹਿਬ ਦੀ ਸਥਾਪਨਾ ਨਾਲ ਪੱਕੇ ਰੂਪ 'ਚ ਕੀਤਾ ਗਿਆ।

ਹਰਿਮੰਦਰ ਸਾਹਿਬ ਧਰਤੀ 'ਤੇ ਰੱਬ ਦਾ ਘਰ ਹੈ। ਪੰ੍ਰਤੂ ਜਰਵਾਣੀਆਂ ਧਿਰਾਂ ਇਸ ਮਹਾਨ ਸੱਚ ਨੂੰ ਬਰਦਾਸ਼ਤ ਨਹੀਂ ਕਰ ਸਕੀਆਂ ਤੇ ਉਨ੍ਹਾਂ ਇਸ ਧਰਤੀ ਤੋਂ ਦਰਬਾਰ ਸਾਹਿਬ ਦੀ ਹੋਂਦ ਨੂੰ ਖ਼ਤਮ ਕਰਨ ਦੇ ਨਾਪਾਕ ਯਤਨ ਕੀਤੇ। ਪੰ੍ਰਤੂ ਇਹ ਕੁਦਰਤ ਦਾ ਫੈਸਲਾ ਹੈ ਕਿ ਰੱਬ ਦੇ ਇਸ ਘਰ ਦੀ ਹੋਂਦ 'ਤੇ ਹਮਲਾ ਕਰਨ ਵਾਲਾ ਖ਼ੁਦ ਮਿਟ ਗਿਆ ਤੇ ਇਸ ਰੂਹਾਨੀ ਚਾਨਣ ਮੁਨਾਰੇ ਦਾ ਪ੍ਰਕਾਸ਼ ਹੋਰ ਜਗਮਗਾਇਆ ਹੈ। ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਇੰਦਰਾ ਗਾਂਧੀ ਤੱਕ ਜਿਨ੍ਹਾਂ ਜਰਵਾਣਿਆਂ ਨੇ ਅਜਿਹਾ ਪਾਪ ਕੀਤਾ, ਉਨ੍ਹਾਂ ਦੀ ਹਸਤੀ ਨਹੀਂ ਰਹੀ। ਜਿਹੜਾ ਇਸ ਗੱਲ੍ਹ ਦਾ ਵੱਡਾ ਸਬੂਤ ਹੈ ਕਿ ਦਰਬਾਰ ਸਾਹਿਬ ਧਰਤੀ 'ਤੇ ਰੱਬ ਦਾ ਘਰ ਹੈ। ਪ੍ਰੰਤੂ ਤ੍ਰਾਸਦੀ ਇਹ ਹੈ ਕਿ ਇਸ ਸੱਚ ਨੂੰ ਸਿੱਖੀ ਦੇ ਠੇਕੇਦਾਰ ਅਖਵਾਉਣ ਵਾਲੇ ਅੱਜ ਤੱਕ ਸਮਝ ਨਹੀਂ ਸਕੇ। ਉਨ੍ਹਾਂ ਲਈ ਦਰਬਾਰ ਸਾਹਿਬ ਦੀ ਗੋਲਕ, ਲੁੱਟ ਦਾ ਸਾਧਨ ਬਣੀ ਹੋਈ ਹੈ। ਦਰਬਾਰ ਸਾਹਿਬ ਪ੍ਰਤੀ ਆਮ ਸਿੱਖਾਂ ਦੀ ਆਸਥਾ ਨੂੰ, ਭਾਵਨਾ ਨੂੰ, ਸ਼ਰਧਾ ਨੂੰ ਬ੍ਰਾਹਮਣਵਾਦੀ ਰੰਗਤ ਦੇ ਕੇ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਰੱਬ ਦੇ ਘਰ ਦੀ ਆਪਣੇ ਨਿੱਜੀ ਸਿਆਸੀ ਮਨੋਰਥਾਂ ਲਈ ਵਰਤੋਂ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।

ਅਸੀਂ ਅੱਜ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਸਥਾਪਨਾ ਸਮਂੇ ਇੱਕ ਮੁਸਲਮਾਨ ਸੂਫ਼ੀ ਫ਼ਕੀਰ ਸਾਂਈ ਮੀਆ ਮੀਰ ਵੱਲੋਂ ਰੱਖੀ ਨੀਂਹ ਦੀ ਵਰ੍ਹੇ-ਗੰਢ ਮਨਾ ਰਹੇ ਤਾਂ ਸਾਨੂੰ ਆਪਣੇ ਚੇਤਿਆਂ 'ਚ ਯਾਦ ਕਰਨਾ ਪਵੇਗਾ ਕਿ ਤੀਜੇ, ਚੌਥੇ ਤੇ ਪੰਜਵੇਂ ਪਾਤਸ਼ਾਹ ਵੱਲੋਂ ਅਗੰਮੀ ਸੁਨੇਹਿਆਂ ਦੀ ਬਦੌਲਤ ਧਰਤੀ 'ਤੇ ਰੱਬ ਦੇ ਇਸ ਘਰ ਦੀ ਸਿਰਜਣਾ, ਸਿੱਖੀ ਦੇ ਮਾਨਵਤਾਵਾਦੀ ਸਿਧਾਂਤਾਂ ਨੂੰ ਸਦੀਵੀਂ ਬਣਾਉਣ, ਮਨੱਖ ਦੀ ਰੂਹਾਨੀ ਪਿਆਸ ਨੂੰ ਮਿਟਾਉਣ ਲਈ ਕੀਤੀ ਸੀ। ਰੱਬ ਦਾ ਘਰ, ਹਰ ਸ਼ਰਧਾਲੂ ਦੀ ਝੋਲੀ ਰੂਹਾਨੀ ਅਮੀਰੀ ਨਾਲ ਭਰਦਾ ਹੈ, ਪੰ੍ਰਤੂ ਉਹ ਰੂਹਾਨੀ ਅਮੀਰੀ ਸਾਡੀ ਝੋਲੀ 'ਚੋਂ ਕਿਰ ਕਿਉਂ ਜਾਂਦੀ ਹੈ? ਇਸ ਸੁਆਲ ਦਾ ਜਵਾਬ ਲੱਭਣ ਅਤੇ ਰੱਬ ਦੇ ਘਰ ਨੂੰ ਬ੍ਰਹਾਮਣਵਾਦੀ ਰੰਗਤ ਚੜਾਉਣ ਦੀਆਂ ਸਾਜਿਸ਼ਾਂ ਰਚਨ ਵਾਲਿਆਂ ਨੂੰ ਪਾਪੀਆਂ ਦੇ ਕਟਿਹਰੇ 'ਚ ਖੜ੍ਹਾ ਕਰਨਾ ਲਈ ਅੱਜ ਦੇ ਇਹ ਪ੍ਰਣ ਲੈਣਾ ਚਾਹੀਦਾ ਹੈ।

Editorial
Jaspal Singh Heran

International