ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਵੇਚ ਚੁੱਕੀ ਹੈ ਸ਼੍ਰੋਮਣੀ ਕਮੇਟੀ?

ਅੰਮ੍ਰਿਤਸਰ:12ਜਨਵਰੀ (ਪਹਿਰੇਦਾਰ ਬਿਊਰੋ) ਖੁਦ ਨੂੰ ਸਮੁਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਹੋਣ ਵਾਲੇ ਸ਼ਬਦ ਕੀਰਤਨ ਤੇ ਉਥੋਂ ਹਰ ਰੋਜ ਸਵੇਰੇ ਲਏ ਜਾਣ ਵਾਲੇ ਹੁਕਮਨਾਮੇ ਦੇ ਸਿੱਧੇ ਪ੍ਰਸਾਰਣ ਦੇ ਸਮੁਚੇ ਅਧਿਕਾਰ ਪੀ.ਟੀ.ਸੀ. ਨਾਮੀ ਚੈਨਲ ਨੂੰ ਸੌਪ ਚੁੱਕੀ ਹੈ ਤੇ ਇਸ ਚੈਨਲ ਰਾਹੀਂ ਰਿਕਾਰਡ ਕੀਤੀ ਗੁਰਬਾਣੀ ਉਪਰ ਹੁਣ ਸਧਾਰਣ ਨਾਨਕ ਨਾਮ ਲੇਵਾ ਸਿੱਖ ਦਾ ਕੋਈ ਅਧਿਕਾਰ ਨਹੀ ਰਿਹਾ।ਇਹ ਤਲਖ ਸੱਚ ਸਾਹਮਣੇ ਆਉਣ ਤੇ ਜਿਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਇਹ ਕਹਿਕੇ ਪੱਲਾ ਝਾੜ ਰਹੇ ਹਨ ਕਿ ਉਹ ਜਾਂਚ ਕਰਵਾਣਗੇ ਉਥੇ ਸ਼੍ਰੋਮਣੀ ਕਮੇਟੀ ਦੇ ਸਰਵੋਸਰਵਾ ਬਾਦਲ ਪ੍ਰੀਵਾਰ ਦੇ ਜੀਅ ਤੇ ਉਨ੍ਹਾਂ ਦੀ ਅਧੀਨਗੀ ਕਬੂਲ ਚੁੱਕੀਆਂ ਸਿਆਸੀ ਤੇ ਧਾਰਮਿਕ ਧਿਰਾਂ ਜੁਬਾਨ ਨੂੰ ਤਾਲੇ ਲਾਈ ਬੈਠੀਆਂ ਹਨ।ਆਮ ਸਿੱਖਾਂ ਦੀ ਹਾਲਤ ਉਸ ਸਵਾਣੀ  ਵਰਗੀ ਹੈ ਜੋ ਦੁੱਧ ਦੀ ਰਾਖੀ ਬਿੱਲੇ ਨੂੰ ਬਿਠਾਕੇ ਭੁੱਲ ਜਾਂਦੀ ਹੈ ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾ ਕਰਦਿਆਂ ਜਥੇਦਾਰ ਬਲਦੇਵ ਸਿੰਘ ਸਿਰਸਾ ਨੇ ਦਸਤਾਵੇਜਾਂ ਸਾਹਿਤ ਸਾਫ ਕੀਤਾ ਹੈ ਕਿ ਕਿਸਤਰ੍ਹਾਂ ਸ਼੍ਰੋਮਣੀ ਕਮੇਟੀ  ਨੇ ਸਾਲ 2000 ਵਿੱਚ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਦਿੰਦਿਆਂ ਪਹਿਲਾਂ ਈ.ਟੀ.ਸੀ. ਨਾਮੀ ਸੰਸਥਾ ਨੂੰ ਸਾਰੇ ਅਧਿਕਾਰ ਸੌਪ ਦਿੱਤੇ ਤੇ ਫਿਰ ਸਾਲ 2007 ਵਿੱਚ ਇਹ ਅਧਿਕਾਰ ਬਾਦਲ ਪ੍ਰੀਵਾਰ ਦੀ ਭਾਈਵਾਲੀ ਵਾਲੀ ਦੱਸੀ ਜਾਂਦੀ ਕੰਪਨੀ ਜੀ.ਨੈਕਸਟ ਨੁੰ ਸੌਪ ਦਿੱਤੇ ।ਪੱਤਰਕਾਰਾਂ ਨੂੰ ਦਸਤਾਵੇਜ ਵਿਖਾਉਂਦਿਆਂ ਜਥੇਦਾਰ ਸਿਰਸਾ ਨੇ ਦੱਸਿਆ ਕਿ ਸਾਲ 2000 ਵਿੱਚ ਈ.ਟੀ.ਸੀ. ਚੈਨਲ ਨਾਲ ਗੁਰਬਾਣੀ ਪ੍ਰਸਾਰਣ ਦਾ ਸਮਝੋਤਾ ਕਰਦਿਆਂ  ਸਤੰਬਰ 2000 ਵਿੱਚ ਸਾਫ ਲਿਖ ਦਿੱਤਾ ਸੀ ਕਿ ਚੈਨਲ ਨੂੰ ਸਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਕੀਰਤਨ ਰਿਕਾਰਡ ਕਰਨ,ਆਡੀਓ/ਵੀਡੀਓ ਬਨਾਉਣ ,ਬਰਾਡਕਾਸਟ ਕਰਨ, ਟੈਲੀਕਾਸਟ ਕਰਨ,ਵੈਬੱਕਾਸਟ ਕਰਨ ਦੇ ਸੰਸਾਰ ਭਰ ਲਈ ਅਧਿਕਾਰ ਹਨ।ਇਸ ਬਦਲੇ ਚੈਨਲ ਨੇ ਪ੍ਰਤੀ ਸਾਲ 50 ਲੱਖ ਰੁਪਏ ਸ੍ਰੀ ਦਰਬਾਰ ਸਾਹਿਬ ਨੂੰ ਆਪ ਦੇਣੇ ਮੰਨੇ ਸਨ ।ਇਸਦੇ ਨਾਲ ਹੀ ਇਹ ਵੀ ਸ਼ਰਤ ਸੀ ਕਿ ਚੈਨਲ ਗੁਰਬਾਣੀ ਪ੍ਰਸਾਰਣ ਤੋਂ ਪਹਿਲਾਂ ਤੇ ਬਾਅਦ ਵਿੱਚ ਚਲਾਏ ਜਾਣ ਵਾਲੇ ਇਸ਼ਤਿਹਾਰਾਂ ਤੋਂ ਹੋਣ ਵਾਲੀ ਕਮਾਈ ਦਾ 10 ਫੀਸਦੀ ਹਿੱਸਾ ਵੀ ਸ਼੍ਰੋਮਣੀ ਕਮੇਟੀ ਨੂੰ ਦੇਵੇਗਾ।

ਦਸਤਾਵੇਜਾਂ ਅਨੁਸਾਰ ਸਾਲ 2007 ਵਿੱਚ ਅਚਨਚੇਤ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਦਸਤਖਤਾਂ ਹੇਠ ਜਾਰੀ ਇੱਕ ਪੱਤਰ ਰਾਹੀਂ ਨਵੀਂ ਕੰਪਨੀ ਜੀ.ਨੈਕਸਟ ਦੀ ਅਗਾਉਂ ਮੰਗ ਮੰਨਦਿਆਂ ਸਾਲ 2000 ਵਿੱਚ ਕੀਤੀ ਸਮਝੋਤੇ ਦੀ ਮੱਦ ਨੰਬਰ 10 ਖਤਮ ਕਰ ਦਿੱਤੀ ਗਈ ।ਇਹ ਮੱਦ ਸਾਫ ਕਰਦੀ ਸੀ ਕਿ ਜੇਕਰ ਚੈਨਲ ਨੇ ਇਸ ਪ੍ਰਸਾਰਣ ਦਾ ਅਧਿਕਾਰ ਕਿਸੇ ਹੋਰ ਨੂੰ ਦੇਣਾ ਹੋਵੇ ਤਾਂ ਫੈਸਲਾ ਸ਼੍ਰੋਮਣੀ ਕਮੇਟੀ ਕਰੇਗੀ ।ਪ੍ਰੰਤੂ ਇਹ ਮੱਦ ਵੀ ਖਤਮ ਕਰ ਦਿੱਤੀ ਗਈ ਤੇ ਅਜੇਹੇ ਅਧਿਕਾਰ ਵੀ ਨਵੀਂ ਧਿਰ ਨੂੰ ਦੇ ਦਿੱਤੇ ਗਏ ।ਸਾਲ 2007 ਵਿੱਚ ਇਹ ਅਧਿਕਾਰ ਤਾਂ ਕੰਪਨੀ ਨੂੰ ਇੱਕ ਨਵੰਬਰ 2007 ਵਾਲੀ ਪੱਤਰਕਾ ਵਿੱਚ ਦਿੱਤੇ ਗਏ ਲੇਕਿਨ ਤਦ ਤੀਕ ਨਵੀਂ ਕੰਪਨੀ ਯੂ.ਕੇ.ਤੇ ਯੂ.ਐਸ.ਏ ਦੇ ਪ੍ਰਸਾਰਣ ਅਧਿਕਾਰ ਸਵਾ ਕਰੋੜ ਰੁਪਏ ਵਿੱਚ ਦੇ ਚੁੱਕੀ ਸੀ ਤੇ ਆਪ ਸਮਝੋਤਾ ਰਕਮ ਡੇਢ ਕਰੋੜ ਦੇ ਰਹੀ ਸੀ।ਹੁਣ ਸਾਲ 2012 ਵਿੱਚ ਮੁੜ ਜੀ.ਨੈਕਸਟ ਕੰਪਨੀ ਨਾਲ ਸਮਝੋਤਾ ਨਵਿਆ ਦਿੱਤਾ ਗਿਆ ਪ੍ਰੰਤੂ ਇਸ ਵਾਰ ਇਸ਼ਤਿਹਾਰਾਂ ਦੀ 10 ਫੀਸਦੀ ਰਕਮ ਦਾ ਕਿਧਰੇ ਵੀ ਜਿਕਰ ਨਹੀ ਸੀ ।

ਜਥੇਦਾਰ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰੇ ਦਸਤਾਵੇਜ ਤੇ ਜਾਣਕਾਰੀ ਸੂਚਨਾ ਦੇ ਅਧਿਕਾਰ ਤਹਿਤ ਸ਼੍ਰੋਮਣੀ ਕਮੇਟੀ ਪਾਸੋਂ ਹਾਸਲ ਕੀਤੇ ਹਨ ।ਜੋ ਸਬੰਧਤ ਗੁਰਬਾਣੀ ਪ੍ਰਸਾਰਣ ਕੰਪਨੀਆਂ ਵਲੋਂ ਵਿੱਤੀ ਸਾਲ 2015 ਤੀਕ ਜਮਾਂ ਕਰਵਾਈ ਰਾਸ਼ੀ ਹੀ ਦਸਦੀਆਂ ਹਨ।ਜਥੇਦਾਰ ਸਿਰਸਾ ਨੇ ਸਵਾਲ ਉਠਾਇਆ ਹੈ ਕਿ ਆਖਿਰ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਪ੍ਰਸਾਰਣ ਦੇ ਏਕਾ ਅਧਿਕਾਰ ਵੇਚਣ ਦਾ ਹੱਕ ਕਿਸਨੇ ਦਿੱਤਾ ਹੈ ?ਉਨ੍ਹਾਂ ਸਾਫ ਕਿਹਾ ਹੈ ਕਿ ਇਹ ਮਾਮਲਾ ਗੁਰਬਾਣੀ ਦੀ ਬੇਅਦਬੀ ਹੈ ਕਿ ਆਮ ਸਿੱਖਾਂ ਪਾਸੋਂ ਇਲਾਹੀ ਬਾਣੀ ਸਰਵਣ ਕਰਨ ਦਾ ਹੱਕ ਵੀ ਖੋਹ ਲਿਆ ਗਿਆ ਹੈ ਤੇ ਦਾਅਵੇ ਸਿੱਖੀ ਦੇ ਪ੍ਰਚਾਰ ਦੇ ਹਨ ।ਉਨ੍ਹਾਂ ਕਿਹਾ ਕਿ ਹੁਣ ਕੋਈ ਹੋਰ ਰਸਤਾ ਨਹੀ ਹੈ ਸਵਾਏ ਇਸਦੇ ਕਿ ਸ਼੍ਰੋਮਣੀ ਕਮੇਟੀ ਵਲੋਂ ਅਜੇਹੇ ਸਮਝੋਤੇ ਕਰਨ ਵਾਲੇ ਕਮੇਟੀ ਪ੍ਰਧਾਨਾਂ,ਅਹੁਦੇਦਾਰਾਂ ਤੇ ਮੈਂਬਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏ ।

ਸਬੰਧਤ ਚੈਨਲ ਤੇ ਇਸਦੇ ਸਰਪ੍ਰਸਤਾਂ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਖੜਾ ਕੀਤਾ ਜਾਏ।ਉਨ੍ਹਾਂ ਕਿਹਾ ਕਿ ਤਖਤਾਂ ਦੇ ਜਥੇਦਾਰਾਂ ਦੀ ਇਸ ਮਾਮਲੇ ਵਿੱਚ ਖਾਮੋਸ਼ੀ ਸ਼ੱਕ ਦੇ ਘੇਰੇ ਵਿੱਚ ਹੈ ਲੇਕਿਨ ਦੋਸ਼ੀ ਅਸੀਂ ਸਿੱਖ ਜਿਆਦਾ ਹਾਂ ਕਿ ਸ਼੍ਰੋਮਣੀ ਕਮੇਟੀ ਤੇ ਇਸਦੇ ਸਿਆਸੀ ਮਾਲਕਾਂ ਦੀਆਂ ਆਪ ਹੁਦਰੀਆਂ ਪ੍ਰਤੀ ਅੱਖਾਂ ਮੀਟੀ ਬੈਠੇ ਹਾਂ।ਇਸ ਮੌਕੇ ਜਲਵਿੰਦਰ ਸਿੰਘ ਜੱਜ,ਦਲਜੀਤ ਸਿੰਘ ਖਾਲਸਾ,ਅਜੀਤ ਸਿੰਘ ਬਾਠ,ਜਸਪਾਲ ਸਿੰਘ ਚਮਿਆਰੀ ਤੇ ਮਹਿਤਾਬ ਸਿੰਘ ਸਿਰਸਾ ਮੌਜੂਦ ਸਨ।

Unusual
SGPC
Jathedar
Harmandir Sahib
Golden Temple

International