ਸ਼ਤਾਬਦੀਆਂ ਮਨਾਉਣ ਲਈ ਅਸੀਂ ਮੰਗਤੇ ਕਿਉਂ ਬਣ ਜਾਂਦੇ ਹਾਂ...?

ਜਸਪਾਲ ਸਿੰਘ ਹੇਰਾਂ
ਗੁਰੂ ਸਾਹਿਬਾਨ, ਸਿੱਖ ਕੌਮ ਦੇ ਬਾਨੀ ਹਨ, ਰਹਿਬਰ ਹਨ, ਮਾਰਗ ਦਰਸ਼ਕ ਹਨ,ਉਨ੍ਹਾਂ ਦਾ ਉਪਦੇਸ਼ ਭਾਵੇਂ ਸਮੁੱਚੀ ਮਾਨਵਤਾ ਲਈ ਹੈ, ਪ੍ਰੰਤੂ ਉਸ ਉਪਦੇਸ਼ ਨੂੰ ਦੁਨੀਆਂ ਤੱਕ ਲੈ ਕੇ ਜਾਣਾ, ਸਿੱਖ ਕੌਮ ਦਾ ਮੁੱਢਲਾ ਫਰਜ ਤੇ ਜ਼ਿੰਮੇਵਾਰੀ ਹੈ। ਸਿੱਖ ਧਰਮ ਕਿਉਂ ਦੁਨੀਆਂ ਦਾ ਸਰਵੋਤਮ ਧਰਮ ਹੈ? ਇਹ ਗੁਰੂ ਸਾਹਿਬਾਨ ਦੇ ਜੀਵਨ ਆਦਰਸ਼ ਅਤੇ ਉਨ੍ਹਾਂ ਵੱਲੋਂ ਸਮੁੱਚੀ ਲੋਕਾਈ ਨੂੰ ਦਿੱਤੇ ਸੁਨੇਹੇ ਤੋਂ ਹੀ ਪਤਾ ਲੱਗ ਸਕਦਾ ਹੈ। ਸਿੱਖ ਧਰਮ ਮਨੁੱਖੀ ਅਜ਼ਾਦੀ ਬਰਾਬਰੀ ਦੀ ਰਾਖ਼ੀ ਤੇ ਹਰ ਜ਼ੋਰ-ਜਬਰ ਧੱਕੇਸ਼ਾਹੀ ਤੇ ਬੇਇਨਸਾਫ਼ੀ ਦੇ  ਖ਼ਾਤਮੇ ਲਈ ਪੈਦਾ ਹੋਇਆ ਹੈ ਅਤੇ ਇਹੋ ਇਸਦੇ ਮੁੱਢਲੇ ਸਿਧਾਂਤ ਹਨ। ਜਿੰਨ੍ਹਾਂ ਦਾ ਹੋਕਾ ਗੁਰੂ ਸਾਹਿਬਾਨ ਨੇ ਦਿੱਤਾ। ਇਹੋ ਸਿੱਖਾਂ ਦੀ ਅਨਮੋਲ ਵਿਰਾਸਤ ਤੇ ਅਨਮੋਲ ਖ਼ਜਾਨਾ ਹੈ। ਇਸ ਲਈ ਜਦੋਂ ਗੁਰੂ ਸਾਹਿਬਾਨ ਤੇ ਹੋਰ ਮਹਾਨ ਸ਼ਹੀਦਾਂ ਤੇ ਕੌਮੀ ਨਾਇਕਾਂ ਦੇ ਦਿਹਾੜੇ ਆਉਂਦੇ ਹਨ ਤਾਂ ਉਨ੍ਹਾਂ ਦਿਹਾੜਿਆਂ ਤੇ ਸਿੱਖੀ ਸਿਧਾਂਤਾ ਦੀ ਰੋਸ਼ਨੀ ਨੂੰ ਦੁਨੀਆਂ ਤੱਕ ਪਹੁੰਚਾਉਣਾ, ਕੌਮ ਦਾ ਇੱਕੋ ਇੱਕ ਮੰਤਵ ਹੋਣਾ ਚਾਹੀਦਾ ਹੈ। ਅਸੀਂ ਸਿੱਖ ਪੰਥ ਦੇ ਬਾਨੀ, ਮਹਾਨ ਇਨਕਲਾਬੀ ਰਹਿਬਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸਾਢੇ ਪੰਜਵੀਂ ਸ਼ਤਾਬਦੀ ਮਨਾਈ। ਭਾਵੇਂ ਕਿਸੇ ਠੋਸ ਯੋਜਨਾਬੱਧੀ ਦੀ ਘਾਟ ਕਾਰਣ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਨੂੰ ਉਸ ਰੂਪ 'ਚ ਦੁਨੀਆਂ ਤੱਕ ਨਹੀਂ ਲੈ ਕੇ ਜਾ ਸਕੇ, ਜਿਸ ਰੂਪ 'ਚ ਲੈ ਕੇ ਜਾਣਾ ਚਾਹੀਦਾ ਸੀ।

ਅਸੀਂ ਨਗਰ ਕੀਰਤਨਾਂ ਕੀਰਤਨ ਦਰਬਾਰਾਂ ਤੇ ਲੰਗਰਾਂ ਤੋਂ ਅੱਗੇ ਨਹੀਂ ਜਾ ਸਕੇ। ਪ੍ਰੰਤੂ ਫ਼ਿਰ ਵੀ ਗੁਰੂ ਨਾਨਕ ਪਾਤਸ਼ਾਹ ਦੀ ਇਨਕਲਾਬੀ ਸੋਚ ਦਾ ਝਲਕਾਰਾ ਦੁਨੀਆਂ ਨੇ ਜ਼ਰੂਰ ਵੇਖਿਆ। ਸਿੱਖ ਫ਼ਲਸਫ਼ੇ ਤੇ ਸਿੱਖੀ ਵਿਚਾਰਧਾਰਾਂ ਦੀ ਉਚਾਈ ਦੀ ਚਰਚਾ, ਸੰਸਾਰ ਭਰ 'ਚ ਕਿਤੇ ਨਾ ਕਿਤੇ ਜ਼ਰੂਰ ਹੋਣ ਲੱਗ ਪਈ। ਹੁਣ ਵਿਸ਼ਵ ਦੇ ਮਨੁੱਖੀ ਅਧਿਕਾਰ ਦੇ ਸੱਭ ਤੋਂ ਵੱਡੇ ਰਾਖ਼ੇ, ਹਰ ਮਨੁੱਖ ਦੇ ਧਰਮ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪ੍ਰੈਲ 2021 'ਚ ਚੌਥੀ ਪ੍ਰਕਾਸ਼ ਸ਼ਤਾਬਦੀ ਆ ਰਹੀ ਹੈ। ਗੁਰੂ ਤੇਗ ਬਹਾਦਰ ਦੀ ਸਖ਼ਸੀਅਤ ਅਤੇ ਮਨੁੱਖੀ ਅਧਿਕਾਰਾਂ ਤੇ ਧਰਮ ਦੀ ਅਜ਼ਾਦੀ ਲਈ ਦਿੱਤੀ ਕੁਰਬਾਨੀ ਦਾ ਵਿਸ਼ਵ ਭਰ 'ਚ ਕੋਈ ਸਾਨੀ ਨਹੀਂ। ਉਸ ਲਾਸਾਨੀ ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਦੀ ਚੌਥੀ ਸ਼ਤਾਬਦੀ ਕਿਵੇਂ ਮਨਾਉਣੀ ਚਾਹੀਦੀ ਹੈ ਤਾਂ ਕਿ ਗੁਰੂ ਸਾਹਿਬ ਦੀ ਲਾਸਾਨੀ ਕੁਰਬਾਨੀ ਤੇ ਸੋਚ ਤੋਂ ਦੁਨੀਆਂ ਦੇ ਹਰ ਸਖ਼ਸ ਨੂੰ ਜਾਣੂ ਕਰਵਾਇਆ ਜਾਵੇ। ਇਹ ਸਿਰਫ਼ ਤੇ ਸਿਰਫ਼ ਸਿੱਖ ਕੌਮ ਦੀ ਜ਼ਿੰਮੇਵਾਰੀ ਹੈ। ਗੁਰੂ ਸਾਹਿਬ ਦੀ ਵਿਚਾਰਧਾਰਾ, ਦੇਣ ਤੇ ਸ਼ਹਾਦਤ ਨੂੰ ਦੁਨੀਆਂ ਤੱਕ, ਉਸਦੇ ਵਾਰਿਸ ਹੀ ਲੈ ਕੇ ਜਾ ਸਕਦੇ ਹਨ। ਆਪਣੇ ਬਾਪ ਬਾਰੇ ਜੋ ਕੁਝ ਪੁੱਤ ਬਿਆਨ ਕਰ ਸਕਦਾ , ਉਹ ਹੋਰ ਕੋਈ ਨਹੀਂ। ਗੁਰੂ ਸਾਹਿਬ ਦੀ ਅਸਮਾਨੋ ਉੱਚੀ ਸੋਚ ਤੇ ਸ਼ਹਾਦਤ ਤੋਂ ਦੂਜੇ ਕਿਸੇ ਧਰਮ ਨੂੰ ਸਾੜਾ ਵੀ ਹੋ ਸਕਦਾ ਹੈ। ਪ੍ਰੰਤੂ ਹਰ ਸਿੱਖ  ਲਈ ਗੁਰੂ ਤੇਗ ਬਹਾਦਰ '' ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂੰ ਆਨਿ'' ਹਨ।

ਉਨ੍ਹਾਂ ਜਿਹਾ ਦੁਨੀਆਂ 'ਚ ਹੋਰ ਕੋਈ ਨਹੀਂ। ਸਾਡੀ ਕੌਮ ਦੀ ਤ੍ਰਾਸਦੀ ਇਹ ਰਹੀ ਹੈ ਕਿ ਕੌਮ ਦੇ ਧਾਰਮਿਕ ਆਗੂ, ਕੌਮ ਦੇ ਰਾਜਸੀ ਆਗੂਆਂ ਦੇ ਗੁਲਾਮ ਹੋ ਗਏ ਤੇ ਰਾਜਸੀ ਆਗੂ ਸਿੱਖ ਦੁਸ਼ਮਣ ਤਾਕਤਾਂ ਦੇ ਹੱਥ ਠੋਕੇ ਬਣ ਗਏ। ਪਿਛਲੇ ਪੰਜ ਦਹਾਕਿਆਂ ਤੋਂ ਜਦੋਂ ਤੋਂ ਬਾਦਲ, ਸਿੱਖ ਸਿਆਸਤ ਤੇ ਭਾਰੂ ਹੋਇਆ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਸਿਆਸਤ ਦਾ ਕੁੰਡਾ, ਸਿੱਖ ਦੁਸ਼ਮਣ ਤਾਕਤਾਂ ਦੇ ਹੱਥ ਫੜ੍ਹਾ ਦਿੱਤਾ ਗਿਆ। ਜਿਸ ਆਗੂ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ੍ਹਿਆਂ ਵਰਗੇ ਨੇ ਇਸ ਗੁਲਾਮੀ ਦਾ ਸੰਗਲ ਕੌਮ ਦੇ ਗਲਂੋ ਲਾਹੁਣ ਦਾ ਯਤਨ ਕੀਤਾ ਤਾਂ ਉਸ ਦੇ ਖ਼ਾਤਮੇ ਲਈ ਇਹ ਸਾਰੀਆਂ ਧਿਰਾਂ ਇੱਕਜੁੱਟ ਹੋ ਗਈਆਂ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਤੋਂ ਲੈ ਕੇ ਸਾਢੇ ਪੰਜਵੀਂ ਸ਼ਤਾਬਦੀ ਤੱਕ ਅਸੀਂ ਗੈਰਾਂ ਦੀ ਗੁਲਾਮੀ 'ਚ ਹੀ ਸਾਰੀਆਂ ਸ਼ਤਾਬਦੀਆਂ ਮਨਾਈਆਂ ਹਨ। ਜਿਸ ਕਾਰਣ ਕਿਸੇ ਸ਼ਤਾਬਦੀ ਦਾ ਸਹੀ ਸੁਨੇਹਾ ਦੁਨੀਆਂ ਤੱਕ ਨਹੀਂ ਪਹੁੰਚਾਇਆ ਜਾ ਸਕਿਆ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਦੀ ਚੌਥੀ ਸ਼ਤਾਬਦੀ ਨੂੰ ਸਿੱਖ ਦੁਸ਼ਮਣਾਂ ਦੇ ਹਵਾਲੇ ਕਰਨ ਦੀ ਕਾਹਲੀ ਵਿਖਾਈ ਜਾ ਰਹੀ ਹੈ। ਸਿੱਖ ਕੌਮ ਅੱਡਰੀ, ਵੱਖਰੀ, ਨਿਆਰੀ, ਨਿਰਾਲੀ, ਅਜ਼ਾਦ ਤੇ ਸਮਰੱਥ ਕੌਮ ਹੈ, ਫ਼ਿਰ ਆਪਣੇ ਗੁਰੂ ਸਾਹਿਬਾਨ ਦੀਆਂ ਸ਼ਤਾਬਦੀ ਮਨਾਉਣ ਲਈ ਅਸੀਂ ਭਿਖਾਰੀ ਕਿਉਂ ਬਣ ਜਾਂਦੇ ਹਾਂ?

ਇਸ ਦੇਸ਼ ਦੀ ਜੇ ਅੱਜ ਹੋਂਦ ਹੈ ਤਾਂ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਰਕੇ ਹੈ। ਜੇ ਦੇਸ਼ ਦੇ ਹਾਕਮਾਂ ਨੂੰ ਇਹ ਯਾਦ ਨਹੀਂ ਤਾਂ ਅਸੀਂ ਉਨ੍ਹਾਂ ਅੱਗੇ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਣ ਦੇ ਹਾੜੇ ਕਿਉਂ ਕੱਢ ਰਹੇ ਹਾਂ। ਸਗੋਂ ਗੱਜ-ਵੱਜ ਕੇ ਦੁਨੀਆਂ ਨੂੰ ਇਸ ਸੋਚ ਤੋਂ, ਇਹ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇ। ਮਨੁੱਖੀ ਅਧਿਕਾਰਾਂ ਦੀ, ਧਰਮ ਦੀ ਅਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦੁਨੀਆਂ 'ਚ ਕੋਈ ਮੁਕਾਬਲਾ ਨਹੀਂ, ਫ਼ਿਰ ਅਸੀਂ ਉਨ੍ਹਾਂ ਦੇ ਵਿਰਸੇ ਦੇ ਵਾਰਿਸ ਉਸ ਵਿਰਸੇ ਦੀ ਗਾਥਾ ਦੁਨੀਆਂ ਨੂੰ ਆਪਣੇ ਤੌਰ ਤੇ ਸੁਣਾਉਣ ਤੋਂ ਕਿਉਂ ਝਿਜਕ ਰਹੇ ਹਾਂ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਨਾਲ ਸਬੰਧਿਤ ਹੋਰ ਸਾਰੀਆਂ ਧਾਰਮਿਕ ਜੱਥੇਬੰਦੀਆਂ, ਸਿਰਜੋੜ ਕੇ ਬੈਠਣ ਅਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਗਮਨ ਦੀ ਚੌਥੀ ਸ਼ਤਾਬਦੀ ਕਿਵੇਂ ਮਨਾਉਣੀ ਹੈ? ਰੂਪ-ਰੇਖਾ ਉਲੀਕੀ ਜਾਵੇ। ਸ਼੍ਰੋਮਣੀ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਯੂਨੀਵਰਸਿਟੀ, 4 ਕਾਲਜ, 4 ਸਕੂਲ ਤੇ 4 ਹਸਪਤਾਲ ਖੋਲਣ ਦਾ ਐਲਾਨ ਕਰੇ, 400 ਗਰੀਬਾਂ ਦੇ ਹੋਣਹਾਰ ਬੱਚਿਆਂ ਨੂੰ ਗੋਦ ਲੈ ਕੇ ਪ੍ਰਾਇਮਰੀ ਸਿੱਖਿਆ ਤੋਂ ਉੱਚ ਪੱਧਰੀ ਸਿੱਖਿਆ ਦਿੱਤੀ ਜਾਵੇ।

ਵਿਸ਼ਵ ਪੱਧਰੀ ਸਿੱਖਾਂ ਦੀ ਇੱਕ ਸ਼ਤਾਬਦੀ ਕਮੇਟੀ ਬਣਾਈ ਜਾਵੇ। ਹਰ ਦੇਸ਼ ਦੀ ਰਾਜਧਾਨੀ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਬਾਰੇ ਸੈਮੀਨਾਰ ਕੀਤੇ ਜਾਣ। ਰਾਸਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਕਿਸੇ ਬਨਾਉਟੀ ਭਾਸ਼ਣ ਦੀ ਸਾਨੂੰ ਲੋੜ ਨਹੀਂ। ਇਹ ਸਿੱਖ ਦੁਸ਼ਮਣ ਤਾਕਤਾਂ ਤਾਂ ਸ਼ਤਾਬਦੀ ਸਮਾਗਮਾਂ ਸਮੇਂ ਵੀ ਸਾਡੇ ਨਾਲ ਸਿਰਫ਼ ਮਾਖੌਲ ਕਰਦੀਆਂ ਹਨ, ਵਾਅਦੇ ਕਰਕੇ ਫ਼ਿਰ ਮੁਕਰਿਆ ਜਾਂਦਾ ਹੈ।  ਅਸੀਂ ਸਮਝਦੇ ਹਾਂ ਕਿ ਕੌਮ ਕੋਲ ਹਾਲੇ ਤਿਆਰੀਆਂ ਲਈ 1 ਸਾਲ ਬਾਕੀ ਹੈ। ਇਸ ਲਈ ਇਹ ਸ਼ਤਾਬਦੀ ਕੌਮ ਆਪਣੇ ਪੱਧਰ ਤੇ ਮਨਾਉਣ ਦਾ ਫੈਸਲਾ ਲਵੇ। ਦੂਜਿਆਂ ਦੇ ਗੁਲਾਮਾਂ ਤੋਂ ਮਨੁੱਖੀ ਅਧਿਕਾਰਾਂ ਦੀ ਰਾਖ਼ੀ ਤੇ ਧਰਮ ਦੀ ਅਜ਼ਾਦੀ ਦਾ ਨਾਹਰਾ ਬੁਲੰਦ ਕਰਨ ਦੀ ਨਾ ਤਾਂ ਆਸ ਕੀਤੀ ਜਾਣੀ ਚਾਹੀਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਹੁਣ ਅਜਿਹਾ ਕੋਈ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਕਿ ਉਹ ਕੌਮ ਦੇ ਇਤਿਹਾਸਕ ਦਿਹਾੜਿਆਂ ਨੂੰ ਕੌਮ ਦੁਸ਼ਮਣ ਤਾਕਤਾਂ ਦੀ ਝੋਲੀ ਪਾ ਦੇਣ।

Editorial
Jaspal Singh Heran

International