ਪ੍ਰਤਾਪ ਬਾਜਵਾ ਵਿਰੁੱਧ ਕਾਰਵਾਈ ਲਈ ਕੈਬਨਿਟ ਵਲੋਂ ਮਤਾ ਪਾਸ

ਚੰਡੀਗੜ੍ਹ 14 ਜਨਵਰੀ (ਏਜੰਸੀਆਂ) : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਅਨੁਸ਼ਾਸਨਹੀਣਤਾ ਦੇ ਚੱਲਦੇ ਕਾਰਵਾਈ ਕਰਨ ਲਈ ਪੰਜਾਬ ਕੈਬਨਿਟ ਨੇ ਮਤਾ ਪਾਸ ਕਰ ਦਿੱਤਾ ਹੈ। ਮੰਗਲਵਾਰ ਨੂੰ ਕੈਬਨਿਟ ਦੀ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਾਰੇ ਮੰਤਰੀਆਂ ਨੇ ਮਤਾ ਪਾਸ ਕੀਤਾ ਕਿ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਖਿਲਾਫ ਅਨੁਸ਼ਾਸਨਹੀਣਤਾ ਦੇ ਚੱਲਦੇ ਕਾਰਵਾਈ ਕੀਤੀ ਜਾਵੇ। ਮੰਤਰੀਆਂ ਦਾ ਆਖਣਾ ਹੈ ਕਿ ਬਾਜਵਾ ਵਲੋਂ ਦਿੱਤੇ ਜਾ ਰਹੇ ਬਿਆਨਾਂ ਨਾਲ ਪਾਰਟੀ ਦੇ ਅਕਸ ਨੂੰ ਢਾਹ ਲੱਗ ਰਹੇ ਹੈ ਅਤੇ ਇਨ੍ਹਾਂ ਬਿਆਨਾਂ ਨਾਲ ਕਾਂਗਰਸ ਨੂੰ ਨੁਕਸਾਨ ਅਤੇ ਵਿਰੋਧੀਆਂ ਨੂੰ ਫਾਇਦਾ ਹੋ ਰਿਹਾ ਹੈ, ਲਿਹਾਜ਼ਾ ਬਾਜਵਾ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਦੱਸਣਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਅਕਸਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਿਆਨ ਦਾਗੇ ਜਾਂਦੇ ਰਹੇ ਹਨ। ਹਾਲ ਹੀ ਵਿਚ ਇਕ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿਚ ਵੀ ਉਨ੍ਹਾਂ ਕੈਪਟਨ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਉਨ੍ਹਾਂ ਨੂੰ ਲਾਂਭੇ ਕਰਨ ਦੀ ਗੱਲ ਆਖੀ ਸੀ। ਇਸ ਤੋਂ ਪਹਿਲਾਂ ਬਾਜਵਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦੇ ਹੋਏ ਆਖਦੇ ਹਨ ਕਿ ਤਿੰਨ ਸਾਲ ਦੇ ਵਕਫੇ ਦੌਰਾਨ ਵੀ ਸਰਕਾਰ ਵਲੋਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਗਏ ਹਨ।

ਬਾਜਵਾ ਨੇ ਕੈਪਟਨ ਨੂੰ ਕੀਤਾ ਖੁੱਲ੍ਹਾ ਚੈਲੰਜ

ਜਲੰਧਰ 14 ਜਨਵਰੀ (ਏਜੰਸੀਆਂ) : ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹਾ ਚੈਲੰਜ ਕੀਤਾ ਗਿਆ ਹੈ। ਬਾਜਵਾ ਖਿਲਾਫ ਅਨੁਸ਼ਾਸਨਹੀਣਤਾ ਦੇ ਚੱਲਦੇ ਕਾਰਵਾਈ ਕਰਨ ਲਈ ਪੰਜਾਬ ਕੈਬਨਿਟ ਵਲੋਂ ਮਤਾ ਪਾਸ ਕੀਤਾ ਗਿਆ ਸੀ, ਜਿਸ ਦੇ ਬਾਅਦ ਬਾਜਵਾ ਨੇ ਕੈਪਟਨ ਨੂੰ ਸ਼ੇਅਰੋ-ਸ਼ਾਇਰੀ ਰਾਹੀਂ ਵੰਗਾਰਦਿਆਂ ਕਿਹਾ '' ਤੂੰ ਇਧਰ-ਉਧਰ ਕੀ ਬਾਤ ਨਾ ਕਰ ਯੇ ਬਤਾ ਕਿ ਕਾਫਿਲਾ ਕਿਉਂ ਲੁਟਾ, ਮੁਝੇ ਰਹਿਜਨੋ ਸੇ ਗਿਲਾ ਨਹੀਂ, ਤੇਰੀ ਰਹਿਬਰੀ ਪੇ ਸਵਾਲ ਹੈ।''

ਬਾਜਵਾ ਨੇ ਕੈਪਟਨ ਨੂੰ ਜਵਾਬ ਦਿੰਦਿਆ ਕਿਹਾ ਕਿ ਮੇਰੀ ਜਵਾਬਦੇਹੀ ਪੰਜਾਬ ਦੇ ਲੋਕਾਂ ਪ੍ਰਤੀ ਹੈ ਅਤੇ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੀਆਂ ਚਾਲਾਂ ਝੁਕਾ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ ਮੈਂ ਖੁੱਲ੍ਹੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦਾ ਹਾਂ ਕਿ ਮੇਰੇ ਵਲੋਂ ਉਠਾਏ ਮੁੱਦਿਆਂ 'ਤੇ ਉਹ ਮੇਰੇ ਨਾਲ ਜਨਤਕ ਬਹਿਸ ਕਰਨ ਅਤੇ ਜਨਤਾ ਨੂੰ ਫੈਂਸਲਾ ਕਰਨ ਦਿੱਤਾ ਜਾਵੇ।

ਜ਼ਿਕਰਯੋਗ ਹੈ ਕਿ ਬਾਜਵਾ ਨੇ ਬੀਤੇ ਦਿਨੀਂ ਸ਼ਰੇਆਮ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਅੱਜ ਬਾਜਵਾ ਖਿਲਾਫ ਅਨੁਸ਼ਾਸਨਹੀਣਾ ਦੇ ਚੱਲਦੇ ਕਾਰਵਾਈ ਕਰਨ ਲਈ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ। ਜਿਸ 'ਚ ਕੈਪਟਨ ਦੀ ਅਗਵਾਈ 'ਚ ਸਾਰੇ ਮੰਤਰੀਆਂ ਨੇ ਬਾਜਵਾ ਖਿਲਾਫ ਅਨੁਸ਼ਾਸਨਹੀਣਾ ਦੇ ਚੱਲਦੇ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ।

Unusual
Punjab Politics
Capt Amarinder Singh
Punjab Congress
Partap Singh Bajwa

International