ਸਿੱਖ ਸੱਭਿਅਤਾ ਕਿਉਂ ਖ਼ਤਮ ਕੀਤੀ ਜਾ ਰਹੀ ਹੈ...?

ਜਸਪਾਲ ਸਿੰਘ ਹੇਰਾਂ
ਜਿਸ ਕੌਮ ਨੇ ਅਜ਼ਾਦ ਕੌਮ ਵਜੋਂ ਪ੍ਰਵਾਨ ਚੜ੍ਹਨਾ ਹੋਵੇ, ਉਸ ਕੌਮ ਦੀ ਆਪਣੀ ਸੱਭਿਅਤਾ ਹੋਣੀ ਅਤਿ ਜ਼ਰੂਰੀ ਹੈ। ਜਿਹੜੀਆਂ ਕੌਮਾਂ ਆਪਣੀ ਸੱਭਿਅਤਾ ਵਿਕਾਸ ਨਹੀਂ ਕਰ ਸਕੀਆਂ ਉਹ ਦੁਨੀਆਂ ਦੇ ਇਤਿਹਾਸ 'ਚੋਂ ਮਿਟ ਜਾਂਦੀਆਂ ਹਨ। ਸਿੱਖ ਧਰਮ ਦੁਨੀਆਂ ਦਾ ਨਿਆਰਾ-ਨਿਰਾਲਾ ਅਤੇ ਅਜ਼ਾਦ ਧਰਮ ਹੈ। ਸਿੱਖ ਕੌਮ ਦੇ ਮਾਨਵਤਾਵਾਦੀ ਸਿਧਾਂਤਾ ਅਤੇ ਇਸ ਦੀ ਨੀਂਹ ਨੂੰ ਪਕੇਰਾ ਕਰਨ ਲਈ ਹੋਈਆਂ ਸ਼ਹਾਦਤਾਂ ਨੇ ਇਸ ਧਰਮ ਦੀ ਹੋਂਦ ਨੂੰ ਦੁਨੀਆਂ 'ਚ ਅਜ਼ਾਦ ਧਰਮ ਵਜੋਂ ਪ੍ਰਵਾਨਗੀ ਦੁਆ ਦਿੱਤੀ ਹੈ। ਅਜ਼ਾਦ ਧਰਮ ਦੀ ਵਾਰਿਸ ਗੁਲਾਮ ਕੌਮ, ਇਹ ਧਰਮ ਤੇ ਕੌਮ ਦੋਵਾਂ ਦੀ ਹੋਂਦ ਲਈ ਬੇਹੱਦ ਖ਼ਤਰਨਾਕ ਹੈ। ਇਸ ਲਈ ਸਿੱਖ ਕੌਮ ਨੂੰ ਸਿੱਖ ਸੱਭਿਆਚਾਰ ਦੀ ਪ੍ਰਪੱਕਤਾ ਲਈ ਹਰ ਸੰਭਵ ਯਤਨ ਹਰ ਸਮੇਂ ਕਰਦੇ ਰਹਿਣਾ ਹੋਵੇਗਾ। ਸੱਭਿਆਚਾਰ, ਕਿਸੇ ਖਿੱਤੇ, ਧਰਮ ਜਾਂ ਕੌਮ ਦੇ ਲੋਕਾਂ ਦੀ ਜੀਵਨ ਸ਼ੈਲੀ, ਸੁਭਾਅ, ਆਦਤਾਂ, ਸਖ਼ਸੀ ਗੁਣ, ਬੋਲ-ਚਾਲ, ਖਾਣ-ਪੀਣ, ਰਹਿਣ-ਸਹਿਣ ਤੇ ਅਧਾਰਿਤ ਹੁੰਦਾ ਹੈ। ਅਸੀਂ ਹਮੇਸ਼ਾ ਹੋਕਾ ਦਿੱਤਾ ਹੈ ਕਿ ਸਿੱਖ ਦੁਸ਼ਮਣ ਤਾਕਤਾਂ, ਸਿੱਖੀ ਦੀ ਹੋਂਦ ਨੂੰ ਹੜੱਪਣਾ ਚਾਹੁੰਦੀਆਂ ਹਨ, ਇਸੇ ਲਈ ਇਸ ਦੇਸ਼ ਦੇ ਸੰਵਿਧਾਨ ਨੇ 70 ਸਾਲ ਬਾਅਦ ਤੱਕ ਵੀ ਸਿੱਖ ਧਰਮ ਨੂੰ ਵੱਖਰਾ ਅਜ਼ਾਦ ਧਰਮ ਪ੍ਰਵਾਨ ਨਹੀਂ ਕੀਤਾ। ਦੇਸ਼ ਦੇ ਸੰਵਿਧਾਨ ਦੀ ਧਾਰਾ 25 ਬੀ ਸਿੱਖਾਂ ਨੂੰ ਅੱਜ ਵੀ ਹਿੰਦੂ ਧਰਮ ਦਾ ਹਿੱਸਾ ਦੱਸਦੀ ਹੈ, ਮੰਨਦੀ ਹੈ। ਇਹੋ ਕਾਰਣ ਹੈ ਕਿ ਇੰਨ੍ਹਾਂ ਤਾਕਤਾਂ ਨੇ ਸਿੱਖ ਸੱਭਿਆਚਾਰ ਨੂੰ ਪ੍ਰਪੱਕ ਨਹੀਂ ਹੋਣ ਦਿੱਤਾ। ਸਿੱਖ ਤੇ ਪੰਜਾਬੀ ਨੂੰ ਰੱਲ-ਗੱਡ ਕਰਕੇ ਸਿੱਖ ਦਾ ਭੋਗ ਪਾਉਣ ਦਾ ਯਤਨ ਲਗਾਤਾਰ ਹੋ ਰਿਹਾ ਹੈ।

ਸਾਨੂੰ ਪਹਿਲ ਬਾਬਾ ਬੰਦਾ ਸਿੰਘ ਬਹਾਦਰ ਦਾ ਪਲੇਠਾ ਖ਼ਾਲਸਾ ਰਾਜ ਭੁਲਾਇਆ ਗਿਆ। ਕਿਸੇ ਸਿੱਖ ਨੂੰ ਪਲੇਠੇ ਖ਼ਾਲਸਾ ਰਾਜ ਦੀ ਪਲੇਠੀ ਰਾਜਧਾਨੀ ਲੋਹਗੜ੍ਹ ਯਾਦ ਹੀ ਨਹੀਂ ਆਉਂਦੀ। ਫ਼ਿਰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਨੂੰ ਪੰਜਾਬੀਆਂ ਦਾ ਸਾਂਝਾ ਰਾਜ ਵਜੋਂ ਪ੍ਰਚਾਰਿਆ ਗਿਆ। ਵਰਤਮਾਨ ਸਮੇਂ 'ਚ ਸਿੱਖ ਸ਼ਬਦ, ਸਿੱਖ ਸੋਚ, ਸਿੱਖ ਵਿਰਾਸਤ, ਸਿੱਖ ਇਤਿਹਾਸ ਦਾ ਭੋਗ ਭਗਵਿਆਂ ਨੇ ਆਪਣੇ ਗੁਲਾਮ ਬਾਦਲਕਿਆਂ ਰਾਂਹੀ ਪੁਆਉਣ ਦਾ ਕੋਝਾ ਯਤਨ ਸ਼ੁਰੂ ਕੀਤਾ, ਜਿਹੜਾ ਜ਼ੋਰ-ਸ਼ੋਰ ਨਾਲ ਜਾਰੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ 'ਚ ਬਦਲਿਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਐਸ.ਜੀ.ਪੀ.ਸੀ 'ਚ ਬਦਲ ਦਿੱਤਾ। ਜਦੋਂ ਅੰਗਰੇਜ਼ਾਂ ਨੇ ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਮੁਸਲਮਾਨਾਂ ਦੀ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ ਵਾਗੂੰ ਤੇ ਹਿੰਦੂਆਂ ਦੀ ਹਿੰਦੂ ਯੂਨਵਰਸਿਟੀ ਬਨਾਰਸ ਵਾਗੂੰ ਸਿੱਖ ਯੂਨੀਵਰਸਿਟੀ 'ਚ ਬਦਲਣ ਦਾ ਐਲਾਨ ਕੀਤਾ ਤਾਂ ਹਿੰਦੂਤਵੀ ਮਦਨ ਮੋਹਨ  ਮਾਲਵੀਆਂ ਵਰਗਿਆਂ ਦੇ ਬਹਿਕਾਵੇ 'ਚ ਆ ਕੇ ਸਿੱਖਾਂ ਨੇ ਅੰਗਰੇਜ਼ਾਂ ਨੂੰ ਅਜਿਹਾ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ। ਫ਼ਿਰ ਹੁਣ ਜਦੋਂ ਫ਼ਤਿਹਗੜ੍ਹ ਸਾਹਿਬ 'ਚ ਵਿਸ਼ਵ ਸਿੱਖ ਯੂਨੀਵਰਸਿਟੀ ਦਾ ਮਤਾ ਪਾਸ ਹੋਇਆ, ਪ੍ਰੰਤੂ ਅਖ਼ੀਰ 'ਚ ਉਸ ਯੂਨੀਵਰਸਿਟੀ ਨਾਲੋ ਵੀ ਸਿੱਖ ਸ਼ਬਦ ਆਲੋਪ ਕਰ ਦਿੱਤਾ। ਇਹ ਤਬਦੀਲੀ ਕਿਉਂ ਤੇ ਕਿਵੇਂ ਕੀਤੀ ਗਈ, ਆਮ ਸਿੱਖਾਂ ਨੂੰ ਹਾਲੇ ਤੱਕ ਪਤਾ ਨਹੀਂ। ਸਾਡੀਆਂ ਇਤਿਹਾਸਕ ਯਾਦਗਾਰਾਂ, ਕਾਰ ਸੇਵਾ ਦੇ ਨਾਮ ਤੇ ਸੰਗਮਰਮਰ ਥੱਲੇ ਦੱਬ ਦਿੱਤੀਆਂ ਗਈਆਂ। ਖੈਰ ! ਸਾਡਾ ਅੱਜ ਦਾ ਵਿਸ਼ਾ ਬੀਤੇ ਦਿਨ ਦਰਬਾਰ ਸਾਹਿਬ ਦੀ ਵਿਰਾਸਤੀ ਗਲੀ 'ਚ ਲਾਏ ਗਏ ਗਿੱਧੇ-ਭੰਗੜੇ ਦੇ ਬੁੱਤਾਂ ਨੂੰ ਤੋੜਨ ਦੀ ਸੰਕੇਤਕ ਕਾਰਵਾਈ ਬਾਰੇ ਹੈ। ਬਿਨ੍ਹਾਂ ਸ਼ੱਕ ਗਿੱਧਾ-ਭੰਗੜਾ ਪੰਜਾਬੀ ਸੱਭਿਆਚਾਰ ਦੇ ਸ਼ਿੰਗਾਰ ਹਨ। ਪ੍ਰੰਤੂ ਸਿੱਖ ਸੱਭਿਆਚਾਰ 'ਚ ਇੰਨ੍ਹਾਂ ਲਈ ਕੋਈ ਥਾਂ ਨਹੀਂ। ਗੱਤਕੇ ਦੇ ਰੂਪ ਸਾਨੂੰ ਸਰੀਰਕ ਕਸਰਤ, ਖੇਡ ਤੇ ਬਹਾਦਰੀ ਦੇ ਜੌਹਰ ਵਿਖਾਉਣ ਤੇ ਆਪਣੀ ਰੱਖਿਆ ਵਾਲੀ ਮਾਰਸ਼ਲ ਖੇਡ ਮਿਲੀ ਹੋਈ ਹੈ। ਇਸ ਤੋਂ ਪਹਿਲਾ ਵੀ ਬਾਦਲਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਖ਼ਾਲਸਾ ਹੈਰੀਟੇਜ 'ਚ ਹੀਰ-ਰਾਂਝਾ ਵਾੜਿਆ ਹੋÎਇਆ ਹੈ।

ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਧਾਰਮਿਕ ਕੇਂਦਰੀ ਧੁਰੇ ਵਾਲਾ ਪਵਿੱਤਰ ਸ਼ਹਿਰ ਹੈ। ਇਸ ਧਰਤੀ ਤੇ ਸਿੱਖਾਂ ਲਈ ਧਰਤੀ ਦਾ ਸੱਚਖੰਡ, ਭਗਤੀ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਸੁਸ਼ੋਭਿਤ ਹੈ, ਸਿੱਖਾਂ ਦੀਆਂ ਹਜ਼ਾਰਾਂ ਕੁਰਬਾਨੀਆਂ ਦੀ ਇਹ ਧਰਤੀ ਚਸ਼ਮਦੀਦ ਗਵਾਹ ਹੈ। ਅੱਠ ਗੁਰੂ ਸਾਹਿਬਾਨ ਦੇ ਪਵਿੱਤਰ ਚਰਨ ਕਮਲਾਂ ਦੀ ਇਸ ਧਰਤੀ ਨੂੰ ਛੂਹ ਪ੍ਰਾਪਤ ਹੈ। ਅਸਲ ਅਰਥਾਂ 'ਚ ਸਿੱਖ ਸੱਭਿਅਤਾ ਦਾ ਇਹ ਚਸ਼ਮਾ  ਹੈ, ਜਿਥੋਂ ਸਿੱਖ ਸੱਭਿਅਤਾ ਪ੍ਰਵਾਨ ਚੜ੍ਹੀ ਹੈ। ਫ਼ਿਰ ਦਰਬਾਰ ਸਾਹਿਬ  ਦੇ ਦਰਸ਼ਨ ਲਈ ਆਉਣ ਵਾਲੇ ਕਿਸੇ ਸ਼ਰਧਾਲੂ ਦੇ ਮਨਮਤਸਕ ਤੇ ਇੱਕ ਅਧਿਆਤਮਕਤਾ, ਰੂਹਾਨੀਅਤ ਵਾਲਾ ਵਲਵਲਾ, ਜਜ਼ਬਾ, ਅਹਿਸਾਸ ਭਾਰੂ ਹੋਇਆ ਹੁੰਦਾ ਹੈ। ਉਨ੍ਹਾਂ ਲਈ ਗਿੱਧੇ-ਭੰਗੜੇ ਜਾਂ ਹੋਰ ਦ੍ਰਿਸ਼ ਕੋਈ ਅਰਥ ਨਹੀਂ ਰੱਖਦੇ। ਉਨ੍ਹਾਂ ਨੂੰ ਰੱਬੀ ਰੰਗ ਵਾਲਾ ਮਾਹੌਲ ਚਾਰੇ-ਪਾਸੇ ਚਾਹੀਦਾ ਹੈ। ਇਸੇ ਲਈ ਅਸੀਂ ਹੋਕਾ ਦੇ ਰਹੇ ਹਾਂ ਕਿ ਜੇ ਸਿੱਖ ਧਰਮ ਤੇ ਸਿੱਖੀ ਦੀ ਹੋਂਦ ਨੂੰ ਬਚਾਅ ਕੇ ਰੱਖਣਾ ਹੈ ਤਾਂ ਸਿੱਖ ਸੱਭਿਅਤਾ ਦੀ ਰਾਖ਼ੀ ਜ਼ਰੂਰੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਸਮੇਂ ਦੇ ਹਾਣੀ ਨਹੀਂ ਬਣਨਾ ਚਾਹੀਦਾ, ਪ੍ਰੰਤੂ ਜੇ ਸਾਡੀ ਹੋਂਦ ਹੀ ਗੁਆਚ ਜਾਵੇ, ਹਸਤੀ ਹੀ ਮਿਟ ਜਾਵੇ, ਫ਼ਿਰ ਜੀਵਨ ਦੇ ਕੋਈ ਅਰਥ ਨਹੀਂ ਰਹਿੰਦੇ। ਅੱਜ ਵਿਸ਼ਵ 'ਚ ਸਿੱਖੀ ਸਿਧਾਂਤਾਂ ਤੇ ਸਿੱਖ ਧਰਮ ਦੀ ਮਾਨਵਤਾਵਾਦੀ ਸੋਚ ਨੂੰ ਲੈ ਕੇ ਮਾਹੌਲਾ ਪੈਦਾ ਹੋ ਰਿਹਾ ਹੈ। ਇਸ ਲਈ ਸਾਨੂੰ ਸਿੱਖੀ ਤੇ ਜਿੰਨ੍ਹਾਂ ਮਾਣ ਕਰ ਸਕੀਏ ਕਰਨਾ ਚਾਹੀਦਾ ਹੈ ਅਤੇ ਸਿੱਖ ਸੱਭਿਅਤਾ ਦੀ ਰਾਖ਼ੀ ਦੇ ਨਾਲ-ਨਾਲ ਉਸਦੀ ਪ੍ਰਫੁੱਲਤਾ 'ਚ ਵੱਡਾ ਯੋਗਦਾਨ ਪਾਉਣਾ ਚਾਹੀਦਾ ਹੈ। ਚੰਗਾ ਹੋਵੇ ਜੇ ਅਸੀਂ ਆਪਣੇ ਸਿੱਖ ਵਿਰਸੇ ਤੇ ਮਾਣ ਕਰਨ ਵਾਲੀ ਇੱਕ ਲਹਿਰ ਚਲਾਈਏ ਤਾਂ ਕਿ ਸਿੱਖ ਦੁਸ਼ਮਣ ਤਾਕਤਾਂ ,ਸਾਨੂੰ ਗਫ਼ਲਤ ਦੀ ਨੀਂਦ ਸੁੱਤੀ ਕੌਮ ਸਮਝਣ ਦੀ ਗਲ਼ਤੀ ਨਾ ਕਰਨ।

Editorial
Jaspal Singh Heran

International