ਸਿੱਖ ਦਿੱਲੀ ਦਾ ਮੰਗਤਾ ਨਹੀਂ ਹੋ ਸਕਦਾ...

ਜਸਪਾਲ ਸਿੰਘ ਹੇਰਾਂ
ਆਪਣੇ ਆਪ ਨੂੰ ਸਿੱਖ ਆਗੂ ਅਖਵਾਉਂਦੇ ਟਕਸਾਲੀ ਤੇ ਪਤਾ ਨੀ ਕਿਹੜੇ-ਕਿਹੜੇ ਅਕਾਲੀ ਅਖਵਾਉਂਦੇ ਨੇਤਾਵਾਂ ਵੱਲੋਂ ਦਿੱਲੀ ਦਾ ਤੇ ਦਿੱਲੀ ਤੇ ਕਾਬਜ਼ ਸਿੱਖ ਦੁਸ਼ਮਣ ਭਗਵਿਆਂ ਦੇ ਸਹਾਰੇ ਵੱਲੋਂ ਤੱਕਣਾ, ਇਹ ਸਿੱਧ ਕਰਦਾ ਹੈ ਕਿ ਹੁਣ ਇੰਨਾਂ ਆਗੂਆਂ ਦਾ ਸਿੱਖੀ ਦਾ ਜਜ਼ਬਾ ਪੂਰੀ ਤਰਾਂ ਖ਼ਤਮ ਹੋ ਚੁੱਕਾ ਹੈ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦਿੱਲੀ ਨਾਲ ਹਮੇਸ਼ਾ ਟੱਕਰ ਰਹੀ ਹੈ। ਇੱਕ ਸੱਚ ਦਾ ਤਖ਼ਤ ਹੈ ਤੇ ਦੂਜਾ ਝੂਠ ਤੇ ਮਕਾਰੀ ਦਾ। ਸਿੱਖਾਂ ਨੇ ਤਾਂ ਦਿੱਲੀ ਦੇ ਲਾਲ ਕਿਲੇ• ਨੂੰ ਫ਼ਤਿਹ ਕਰਕੇ ਉਸਨੂੰ ਆਪਣੀ ਗੁਲਾਮੀ 'ਚ ਰੱਖਣ ਦੀ ਸਾਂਝ ਤੱਕ ਨਹੀਂ ਪਾਈ ਸੀ। ਪ੍ਰੰਤੂ ਅੱਜ ਦੇ ਸਿੱਖ ਆਗੂ, ਦਿੱਲੀ ਦੀ ਗੁਲਾਮੀ ਤੋਂ ਬਿਨਾਂ ਆਪਣੀ ਤਾਕਤ ਹੀ ਨਹੀਂ ਸਮਝਦੇ। ਬਾਦਲਾਂ ਦੀ ਭਗਵਿਆਂ ਨਾਲ ਯਾਰੀ ਦੇ ਇਤਿਹਾਸ ਦਾ ਇੱਕ ਇੱਕ ਸ਼ਬਦ ਚੀਕ-ਚੀਕ ਕੇ ਸੱਚ ਬਿਆਨ ਕਰ ਰਿਹਾ ਹੈ ਕਿ ਉਨਾਂ ਨੇ ਸਿੱਖੀ ਤੇ ਸਿੱਖ ਸਿਧਾਤਾਂ ਦੇ ਘਾਣ ਲਈ ਹੀ ਅਕਾਲੀ ਅਖਵਾਉਂਦੇ ਮਰੀ ਜ਼ਮੀਰ ਵਾਲੇ ਤੇ ਸਿੱਖੀ ਸਰੂਪ ਵਾਲੇ ਆਗੂਆਂ ਨੂੰ ਵਰਤਿਆ ਹੈ। 72 ਸਾਲ ਦੇ ਹਿੰਦੂਤਵੀਆਂ ਦੇ ਰਾਜ-ਭਾਗ 'ਚ ਵੀ ਜੇ ਸਿੱਖ ਅਖ਼ਵਾਉਂਦੇ ਆਗੂਆਂ ਨੂੰ ਇਹ ਸਮਝ ਨਹੀਂ ਆਈ ਕਿ ਹਿੰਦੂਤਵੀ, ਚਾਹੇ ਕਿਸੇ ਵੀ ਰੰਗ ਦਾ ਹੈ, ਉਹ ਧੁਰ ਮਨੋ ਸਿੱਖ ਵਿਰੋਧੀ ਹੈ।

 ਸਿੱਖਾਂ ਨੂੰ ਲੈ ਕੇ ਉਸਦੇ ਮਨ 'ਚ ਸਾੜਾ ਵੀ ਹੈ, ਨਫ਼ਰਤ ਵੀ ਹੈ ਅਤੇ ਈਰਖਾ ਵੀ ਹੈ। ਨਿੱਕੀ ਜਿਹੀ ਕੌਮ ਨੇ ਪਹਿਲਾ 800 ਸਾਲ ਤੋ ਜੰਮੀ ਮੁਗਲ  ਹਕੂਮਤ ਨੂੰ ਜੜੋ ਪੁੱਟ ਕੇ  ਵਗਾਹ ਮਾਰਿਆ। ਫ਼ਿਰ ਆਪਣੇ ਜਨਮ ਦੇ ਪਹਿਲੇ ਦਹਾਕੇ 'ਚ ਪਲੇਠਾ ਖ਼ਾਲਸਾ ਰਾਜ ਸਥਾਪਿਤ ਕੀਤਾ ਅਤੇ 100 ਕੁ ਸਾਲ ਬਾਅਦ ਦੁਨੀਆਂ 'ਚ ਅਜਿਹਾ ਸਿੱਖ ਰਾਜ ਕਾਇਮ ਕੀਤਾ, ਜਿਸਨੂੰ ਦੁਨੀਆਂ 5 ਸਦੀਆਂ ਦਾ ਸਭ ਤੋਂ ਵਧੀਆਂ ਰਾਜ ਪ੍ਰਵਾਨ ਕਰ ਰਹੀ ਹੈ ਅਤੇ ਸਿੱਖ ਅੱਜ ਵੀ ਸਵੇਰੇ-ਸ਼ਾਮ ਜਦੋਂ ਵੀ ਅਰਦਾਸ ਕਰਦਾ ਹੈ '' ਰਾਜ ਕਰੇਗਾ ਖ਼ਾਲਸਾ'' ਦੀ ਦ੍ਰਿੜਤਾ ਦੁਹਰਾਉਂਦਾ ਹੈ। ਜਿਹੜੇ ਸਿੱਖੀ ਸਰੂਪ ਵਾਲੇ ਆਗੂ, ਭਗਵਿਆਂ ਦੇ ਥਾਪੜੇ ਲਈ ਤਰਸਦੇ ਹਨ, ਕਾਹਲੇ ਹਨ, ਉਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਗਵੇਂ ਉਨਾਂ ਨੂੰ ਉਨਾਂ ਚਿਰ ਹੀ ਤੇ ਉਨਾਂ ਕੁ ਥਾਪੜਾ ਹੀ ਦੇਣਗੇ, ਜਿੰਨੇ ਦੀ ਉਨਾਂ ਨੂੰ ਲੋੜ ਹੈ। ਉਨਾਂ ਦਾ ਨਿਸ਼ਾਨਾ, ਮੰਤਵ, ਗੋਲ, ਸਿੱਖੀ ਨੂੰ ਹੜੱਪਣਾ ਹੈ। ਇਹ ਹਰ ਸਿੱਖ ਨੂੰ ਹਰ ਸਮੇਂ ਯਾਦ ਰੱਖਣਾ ਚਾਹੀਦਾ ਹੈ। ਅੱਜ ਮੋਦੀ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਭਾਵੇਂ ਕਰਤਾਰਪੁਰ ਸਾਹਿਬ ਨੂੰ ਇਸ ਦੇਸ਼ 'ਚ ਰੱਖਣ ਦੀ ਵਕਾਲਤ ਕਰਦਾ ਹੈ, ਲਾਂਘਾ ਖੋਲਣ ਦੀ ਗੱਲ ਤੋਰਦਾ ਹੈ, ਪ੍ਰੰਤੂ ਉਹ ਇਹ ਕਿਉਂ ਭੁੱਲ ਜਾਂਦਾ ਹੈ ਕਿ ਸਿੱਖਾਂ ਨੇ ਆਪਣੇ ਗੁਰਧਾਮਾਂ ਤੇ ਰਾਜ, ਇੰਨਾਂ  ਹਿੰਦੂਆਂ ਦੇ ਭਰੋਸੇ ਤੇ ਹੀ ਗੁਆਇਆ ਹੈ। ਸਿੱਖਾਂ ਇੰਨਾਂ ਦੇ ਝੂਠੇ ਲਾਰਿਆਂ, ਵਾਅਦਿਆਂ ਤੇ ਵਿਸ਼ਵਾਸ ਕਰਕੇ ਅਨੇਕਾਂ ਵਾਰ ਧੋਖਾ ਖਾਹ ਚੁੱਕੇ ਹਨ। ਪ੍ਰੰਤੂ ਫ਼ਿਰ ਵੀ ਵਾਰ-ਵਾਰ ਇੰਨਾਂ ਵੱਲ ਹੀ ਕਿਉਂ ਤੱਕਿਆ ਜਾ ਰਿਹਾ ਹੈ।

ਮੰਗਵੀਂ ਤਾਕਤ ਸਹਾਰੇ ਕਦੇ ਕੋਈ ਜੇਂਤੂ ਪਹਿਲਵਾਨ ਨਹੀ ਬਣਿਆ। ਅੱਜ ਬਾਦਲਕੇ ਜੱਗੋਂ ਤੇਰਵੀ ਕਰਵਾ ਕੇ ਵੀ ਦਿੱਲੀ ਦੀਆਂ ਮਿੰਨਤਾਂ-ਤਰਲੇ ਕਰ ਰਹੇ ਹਨ। ਬਾਦਲਾਂ ਨੂੰ ਕੌਮ ਦੇ ਗਲੋਂ ਲਾਹੁਣ ਦਾ ਦਾਅਵਾ ਕਰਨ ਵਾਲੇ ਵੀ ਭਾਜਪਾ ਦੇ ਗੋਡੀ ਹੱਥ ਲਾਉੁਂਦੇ ਫ਼ਿਰ ਰਹੇ ਹਨ, ਫ਼ਿਰ ਸਿੱਖ ਕਿਸ ਦੀ ਚੋਣ ਕਰਨ? ਜਿਵੇਂ ਸਿੱਖਾਂ ਲਈ ਭਾਜਪਾ ਤੇ ਕਾਂਗਰਸ, ਸੱਪ ਨਾਥ ਤੇ ਨਾਗਨਾਥ ਹਨ, ਉਵੇ ਹੀ ਭਾਜਪਾ ਦੇ ਥੱਲੇ ਲੱਗਕੇ, ਰਾਜਸੀ ਤਾਕਤ ਹਸਾਲ ਕਰਨ ਦੇ ਚਾਹਵਾਨ ਹਨ। ਇਹ ਕੰਧ ਤੇ ਲਿਖਿਆ ਸੱਚ ਹੈ ਕਿ ਭਾਜਪਾ ਦੇ ਥੱਲੇ ਲੱਗਕੇ ਚੱਲਣ ਵਾਲੀ ਧਿਰ ਸਿੱਖੀ ਸਿਧਾਂਤਾ ਦੀ ਰਾਖ਼ੀ ਨਹੀਂ ਕਰ ਸਕੇਗੀ। ਉਹ '' ਸਿੱਖ ਵੱਖਰੀ ਕੌਮ ਹਨ'' ਦਾ ਨਾਅਰਾ ਬੁਲੰਦ ਕਰਨਾ ਤਾਂ ਦੂਰ ਉਸ ਬਾਰੇ ਸੁਫ਼ਨੇ 'ਚ ਵੀ ਸੋਚਣ ਤੋਂ ਦੂਰ ਭੱਜੇਗੀ। ਇਹ ਠੀਕ ਹੈ ਕਿ ਅੱਜ ਸਿੱਖ ਕੌਮ ਖੱਖੜੀਆਂ-ਕਰੇਲੇ ਹੈ। ਪੰਥਕ ਸਿਆਸਤ ਦਾ ਵਿਹੜਾ ਖ਼ਾਲੀ ਹੈ। ਪ੍ਰੰਤੂ ਇਸ ਦਾ ਅਰਥ ਇਹ ਵੀ ਨਹੀਂ ਲਿਆ ਜਾਣਾ ਚਾਹੀਦਾ ਹੈ ਕਿ ਹਰ ਸਿੱਖ ਦੀ ਜ਼ਮੀਰ ਮਰ ਗਈ ਹੈ। ਸਾਨੂੰ ਉਹ ਸਿੱਖ ਜਰਨੈਲ ਕਿਉਂ ਯਾਦ ਨਹੀਂ ਆਉਂਦੇ ਜਿੰਨਾਂ ਨੇ  ਨਵਾਬੀਆਂ ਨੂੰ ਇਸ ਕਾਰਣ ਠੋਕਰਾਂ ਮਾਰੀਆਂ ਸਨ, ਕਿਉਂਕਿ ਉਹ ਖੈਰਾਤ 'ਚ ਦਿੱਤੀਆਂ ਜਾ ਰਹੀਆਂ ਸਨ। ਦਿੱਲੀ ਦਾ ਥਾਂ ਅਕਾਲ ਤਖ਼ਤ  ਸਾਹਿਬ ਵੱਲ ਮੂੰਹ ਕਰੋ।

ਕੌਮ ਅੱਗੇ ਹੱਥ ਜੋੜੋ ਕਿ ਕੌਮ ਦੇ ਦੁਸ਼ਮਣਾਂ ਨੂੰ ਭਜਾਉਣ ਲਈ ਸਾਡਾ ਸਾਥ ਦਿਓ। ਫ਼ਿਰ ਦੇਖਿਓ, ਕੌਮ ਤੁਹਾਨੂੰ ਕਿਵੇਂ ਸਿਰ ਮੱਥੇ ਬਿਠਾਉਂਦੀ ਹੈ। ਸਿੱਖੀ ਦਾ 550 ਵਰਿਆਂ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਕਦੇ ਮੰਗਤਾ ਨਹੀਂ ਬਣਿਆ। ਫ਼ਿਰ ਹੁਣ ਸੱਤਾ ਲਾਲਸਾ ਐਨੀ ਸਿਰ ਕਿਉਂ ਚੜ• ਗਈ ਹੈ ਕਿ ਅਸੀਂ ਦੁਸ਼ਮਣ ਦੇ ਦਰ ਦੇ ਮੰਗਤੇ ਬਣਨ ਲਈ ਇੱਕ ਦੂਜੇ ਤੋਂ ਮੂਹਰੇ ਭੱਜੇ ਜਾ ਰਹੇ ਹਾਂ। ਗੱਲ•ਤਾਂ ਆਪਣਾ ਮੂਲ ਪਛਾਣਨ ਦੀ ਹੈ। ਆਪਣੇ ਮੂਲ ਨਾਲੋ ਟੁੱਟਿਆ ਦਾ ਜੋ ਹਸ਼ਰ ਹੁੰਦਾ ਹੈ, ਉਹ ਅਸੀਂ ਦਰੁੱਖਤ ਦੀ ਟਾਹਣੀ ਨਾਲੋਂ ਟੁੱਟੇ ਪੱਤੇ ਦੇ ਰੂਪ 'ਚ ਰੋਜ਼ਾਨਾ ਵੇਖਦੇ ਹਾਂ। ਅਸੀ ਤਾਂ ਅੱਜ ਉਸ ਸੱਚ ਨੂੰ ਭੁੱਲ ਚੁੱਕੇ ਹਾਂ ਕਿ ਜੇ ਇਸ ਦੇਸ਼ ਦੀ ਜਾਂ ਉਸ ਧਰਮ ਵਾਲਿਆਂ ਦੀ ਜਿੰਨਾਂ ਅੱਗੇ ਅੱਜ ਨੱਕ ਰਗੜੇ ਜਾ ਰਹੇ ਹਨ, ਹੋਂਦ ਹੈ ਤਾਂ ਉਹ ਗੁਰੂ  ਸਾਹਿਬਾਨ ਸਦਕਾ ਹੀ ਹੈ। ਐਨੇ ਨਿਤਾਣੇ ਨਾ ਬਣੋ, ਨਿਤਾਣਾ ਸਿਰਫ਼ ਗੁਲਾਮ ਹੋ ਸਕਦਾ ਹੈ। ਸਿੱਖ ਕਦੇ ਵੀ ਨਿਤਾਣਾ ਤੇ ਗੁਲਾਮ ਨਹੀਂ ਹੁੰਦਾ। ਇਸ ਲਈ ਪਹਿਰੇਦਾਰ, ਬਿਗਾਨਿਆਂ ਦੇ ਮੋਢੇ ਚੜਨ ਲਈ ਕਾਹਲੇ ਸਿੱਖੀ ਸਰੂਪ ਵਾਲੇ ਸਾਰੇ ਆਗੂਆਂ ਨੂੰ ਇੱਕ ਵਾਰ ਫ਼ਿਰ ਦਿੱਲੀ ਤਖ਼ਤ ਦੀ ਥਾਂ ਸ੍ਰੀ ਅਕਾਲ ਤਖ਼ਤ ਵੱਲ ਮੂੰਹ ਕਰਨ ਲਈ ਹੋਕਾ ਜ਼ਰੂਰ ਦੇਵੇਗਾ। ਕੌਮ ਦੀ ਤਾਕਤ, ਇੱਥੋਂ ਹੀ ਮਿਲਣੀ ਹੈ ਅਤੇ ਕੌਮੀ ਤਾਕਤ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਣਾ, ਇਹ ਨਿਚੋੜ ਹੈ। ਸਮਝਣਾ ਨਾ ਸਮਝਣਾ ਤੁਹਾਡੀ ਮਰਜ਼ੀ।

Editorial
Jaspal Singh Heran

International