ਸੱਤਵੇਂ ਪਾਤਸ਼ਾਹ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਗੁਰੂ ਨਾਨਕ ਸਾਹਿਬ ਦੀ ਸੱਤਵੀਂ ਜੋਤ, ਸਿੱਖਾਂ ਦੇ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਪਵਿੱਤਰ ਅਵਤਾਰ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਮਨਾਇਆ ਜਾ ਰਿਹਾ ਹੈ ਖੈਰ! ਅੱਜ ਅਸੀਂ ਸੱਤਵੇਂ ਪਾਤਸ਼ਾਹ ਨੂੰ ਯਾਦ ਕਰ ਰਹੇ ਹਾਂ ਅਤੇ ਜਦੋਂ ਸਿੱਖ ਧਰਮ 'ਚ ਸ਼ਰਧਾ ਰੱਖਣ ਵਾਲਾ ਸਿੱਖ ਸੱਤਵੇਂ ਗੁਰੂ ਨੂੰ ਯਾਦ ਕਰਦਾ ਹੈ ਤਾਂ ਉਨ੍ਹਾਂ ਦੀ ਬਾਣੀ ਪ੍ਰਤੀ ਸ਼ਰਧਾ ਤੇ ਦ੍ਰਿੜਤਾ, ਮਨੁੱਖਤਾ ਤੇ ਵਾਤਾਵਰਣ ਪ੍ਰਤੀ ਪਿਆਰ, ਸ਼ਾਂਤੀ ਲਈ ਯੁੱਧ ਵਾਸਤੇ ਤਿਆਰ ਰਹਿਣ ਦੀ ਸੋਚ ਅਤੇ ਸੱਚਾਈ ਤੇ ਆਡੋਲਤਾ ਨਾਲ ਪਹਿਰਾ ਦੇਣ ਦੀ ਭਾਵਨਾ, ਨਾਲ ਗੁੜੱਚ ਰੂਹਾਨੀ ਸਖ਼ਸੀਅਤ ਨੂੰ ਆਪਣੇ ਸਾਹਮਣੇ ਸਾਖਸ਼ਾਤ ਵੇਖਦਾ ਹੈ। ਅੱਜ ਜਦੋਂ ਗੁਰਬਾਣੀ ਨੂੰ ਤਰੋੜਨ-ਮਰੋੜਨ ਤੇ ਸਿੱਖ ਇਤਿਹਾਸ 'ਚ ਰਲੇਵੇਂ ਦੇ ਯਤਨ ਹੋ ਰਹੇ ਹਨ ਤਾਂ ਹਰ ਸਿੱਖ ਸਾਹਮਣੇ ਸ੍ਰੀ ਗੁਰੂ ਹਰਿਰਾਇ ਸਾਹਿਬ ਦੀ ਦ੍ਰਿੜ੍ਹਤਾ ਭਰੀ ਉਦਾਹਰਣ ਰਹਿਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਵੱਡੇ ਪੁੱਤਰ ਵੱਲੋਂ, ਜਿਸਨੂੰ ਉਨ੍ਹਾਂ ਖੁਦ ਆਪਣੇ ਦੂਤ ਦੇ ਰੂਪ 'ਚ ਔਰਗਜ਼ੇਬ ਦੇ ਦਰਬਾਰ 'ਚ ਘੱਲਿਆ ਸੀ, ਸਿਰਫ਼ ਇੱਕ 'ਸ਼ਬਦ' ਨੂੰ ਬਦਲਣ ਦੇ ਦੋਸ਼ 'ਚ ਹਮੇਸ਼ਾ-ਹਮੇਸ਼ਾ ਲਈ ਸਿੱਖੀ ਅਤੇ ਆਪਣੇ ਜੀਵਨ 'ਚੋਂ ਖਾਰਜ ਕਰ ਦਿੱਤਾ ਸੀ।

ਗੁਰੂ ਹਰਿਰਾਇ ਸਾਹਿਬ ਨੇ ਗੁਰਬਾਣੀ ਬਾਰੇ ''ਧੁਰ ਕੀ ਬਾਣੀ'' ਦੇ ਦਰਜੇ ਦੀ ਮਹਾਨਤਾ ਨੂੰ ਪ੍ਰਪੱਕ ਕਰਵਾਉਣ ਲਈ ਹੀ ਇਹ ਉਦਾਹਰਣ ਪੈਦਾ ਕੀਤੀ ਸੀ ਕਿ ਇਸ ਮਾਮਲੇ ਵਿੱਚ ਕਿਸੇ ਵਿਅਕਤੀ ਨੂੰ ਭਾਵੇਂ ਉਹ ਗੁਰੂ-ਪੁੱਤਰ ਹੀ ਕਿਉਂ ਨਾ ਹੋਵੇ, ਕਿਸੇ ਤਰ੍ਹਾਂ ਦੀ ਹੇਰ-ਫੇਰ ਕਰਨ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਇਸ ਲਈ ਗੁਰਬਾਣੀ ਸਬੰਧੀ ਜੇ ਕੋਈ ਬਿਖੇੜਾ ਖੜ੍ਹਾ ਕਰਨ ਦਾ ਯਤਨ ਕਰਦਾ ਹੈ, ਤਾਂ ਉਸ ਨਾਲ ਸੱਤਵੇਂ ਪਾਤਸ਼ਾਹ ਵੱਲੋਂ ਵਿਖਾਈ ਰੋਸ਼ਨੀ ਦੇ ਚਾਨਣ 'ਚ ਸਮੁੱਚੀ ਕੌਮ ਨੂੰ ਨਿਜੱਠਣਾ ਚਾਹੀਦਾ ਹੈ। ਦੂਸਰਾ ਸ੍ਰੀ ਗੁਰੂ ਹਰ ਰਾਇ ਸਾਹਿਬ ਵੱਲੋਂ ਆਪਣੇ ਪੂਰਵਜ਼ ਗੁਰੂ ਸਾਹਿਬਾਨ ਵਾਗੂੰ ਗੁਰਬਾਣੀ ਪ੍ਰਤੀ ਵਿਖਾਈ ਅਥਾਹ ਸ਼ਰਧਾ ਨੂੰ ਹੋਰ ਦ੍ਰਿੜ ਕਰਵਾਉਂਦਿਆਂ, ਸ਼ਬਦ ਦੀ ਅਵਾਜ਼ ਕੰਨ੍ਹੀ ਪੈਣ ਤੇ ਤੁਰੰਤ ਮੰਜੇ ਤੋਂ ਉੱਠ ਖੜ੍ਹਨਾ ਅਤੇ ਕਾਹਲੀ 'ਚ ਲੱਗੀ ਸੱਟ ਦੀ ਪ੍ਰਵਾਹ ਕੀਤੇ ਬਿਨਾਂ ਥੱਲੇ ਆ ਕੇ 'ਸ਼ਬਦ' ਦੇ ਸਤਿਕਾਰ 'ਚ ਖੜ੍ਹੇ ਹੋ ਜਾਣਾ, ਸਿੱਖਾਂ ਨੂੰ ਬਾਣੀ ਪ੍ਰਤੀ ਅਥਾਹ ਸ਼ਰਧਾ ਦੇ ਪਾਠ ਨੂੰ ਪੱਕਾ ਕਰਵਾਉਣਾ ਹੈ। ਅੱਜ ਜਦੋਂ ਅਸੀਂ ਵਾਤਾਵਰਣ ਦੇ ਦਿਨੋ-ਦਿਨ ਗੰਧਲੇ ਹੋਣ ਤੇ ਚਿੰਤਤ ਹਾਂ ਤਾਂ ਸਾਨੂੰ ਸੱਤਵੀਂ ਜੋਤ ਵੱਲੋਂ ਵਿਖਾਈ ਰੋਸ਼ਨੀ ਦੇ ਮਾਰਗ ਤੇ ਚੱਲਣ ਦੀ ਲੋੜ ਹੈ।

ਗੁਰੂ ਸਾਹਿਬ ਵੱਲੋਂ ਵਾਤਾਵਰਣ ਪ੍ਰਤੀ ਅਥਾਹ ਪਿਆਰ, ਦੁੱਖੀਆਂ ਦੀ ਸੇਵਾ ਅਤੇ ਖ਼ਾਸ ਕਰਕੇ ਰੋਗੀਆਂ ਦੀ ਸੰਭਾਲ ਲਈ ਆਪਣੀ ਹੱਥੀਂ ਕੀਤੀ ਸੇਵਾ ਨੂੰ, ਸਿੱਖ ਸੰਗਤਾਂ 'ਚ ਦ੍ਰਿੜ ਕਰਵਾਉਣ ਦੀ ਅੱਜ ਵੱਡੀ ਲੋੜ ਹੈ। ਅੱਜ ਸਿੱਖਾਂ 'ਚ ਵੱਡੀ ਗਿਣਤੀ ਖੁਸ਼ਹਾਲ ਵੀ ਹੈ ਅਤੇ ਸਾਧਨਾਂ ਨਾਲ ਭਰਪੂਰ ਵੀ ਹੈ, ਫ਼ਿਰ ਵੀ ਸਿੱਖਾਂ ਵੱਲੋਂ ਸਥਾਪਿਤ ਚੈਂਰੀਟੇਬਲ ਹਸਪਤਾਲ ਕਿਸੇ ਗਰੀਬ ਸਿੱਖ ਦਾ ਮੁਫ਼ਤ 'ਚ ਇਲਾਜ ਕਰਨ ਦੇ ਸਮਰੱਥ ਨਹੀਂ ਹਨ, ਜਦੋਂ ਕਿ ਗੁਰੂ ਹਰਿਰਾਇ ਸਾਹਿਬ ਨੇ ਉਸ ਸਮੇਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਦੇਸ਼ੀ ਦਵਾਖਾਨੇ ਦੀ ਲਹਿਰ ਆਰੰਭੀ ਸੀ, ਜਿਥੇ ਕੀਮਤੀ ਜੜ੍ਹੀ-ਬੂਟੀਆਂ ਦੇ ਨਾਲ ਮੁਫ਼ਤ ਇਲਾਜ ਹੁੰਦੇ ਸਨ। ਲੰਗਰ 'ਚ ਹੱਥੀਂ ਸੇਵਾ ਕਰਕੇ, ਜਾਨਵਰਾਂ ਦੀ ਆਪਣੇ ਕਰ ਕਮਲਾਂ ਨਾਲ ਪਾਲਣਾ ਕਰਕੇ, ਗੁਰੂ ਸਾਹਿਬ ਨੇ ਸਿੱਖੀ 'ਚ ਕਿਰਤ, ਸੱਭਿਆਚਾਰ ਦੀ ਮਹਾਨਤਾ ਨੂੰ ਅੱਗੇ ਤੋਰਿਆ ਅਤੇ ਸਿੱਖ ਸੰਗਤਾਂ ਨੂੰ ਪ੍ਰਪੱਕ ਕਰਵਾਉਣ ਦਾ ਯਤਨ ਕੀਤਾ।

ਪੀਰੀ-ਮੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਮੀਰੀ-ਪੀਰੀ ਦੀਆਂ ਧਾਰਣ ਕੀਤੀਆਂ ਦੋ ਤਲਵਾਰਾਂ ਦੇ ਸਿਧਾਂਤ ਨੂੰ ਸੱਤਵੇਂ ਪਾਤਸ਼ਾਹ ਨੇ ਹੋਰ ਅੱਗੇ ਲੈ ਕੇ ਜਾਂਦਿਆ, ਇਸ ਸਿਧਾਂਤ ਨੂੰ ਪਕੇਰਾ ਕੀਤਾ ਕਿ ਜੇ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਜੰਗ ਲਈ ਤਿਆਰ ਰਹੋ। ਉਨ੍ਹਾਂ 2200 ਘੋੜ ਸਵਾਰਾਂ ਦੀ ਫੌਜ ਅਤੇ ਕਿਲ੍ਹਿਆਂ ਦਾ ਨਿਰਮਾਣ ਇਸੇ ਸੋਚ ਦੀ ਪ੍ਰਪੱਕਤਾ ਲਈ ਕਰਵਾਇਆ। ਸਿੱਖਾਂ ਦੀ ਵਰਤਮਾਨ ਬੇਵੱਸੀ, ਲਾਚਾਰੀ ਤੇ ਬਲਹੀਣਤਾ ਇਸ ਸਿਧਾਂਤ ਤੋਂ ਥਿੜਕ ਜਾਣ ਕਾਰਣ ਹੀ ਹੈ। ਸਿੱਖ ਰਾਜਨੀਤੀ ਨੂੰ ਸੇਧ ਦੇਣ ਅਤੇ ਵਿਸ਼ਵ ਭਰ ਦੇ ਆਗੂਆਂ ਨੂੰ ਚੰਗੇ ਆਗੂ ਬਣਨ ਲਈ ਗੁਰੂ ਸਾਹਿਬ ਨੇ ਜਿਹੜਾ ਇੱਕੋ-ਇੱਕ 'ਮੰਤਰ' ਦੱਸਿਆ, ਉਹ ਇਹੋ ਸੀ, ਕਿ ਜਦੋਂ ਤੁਹਾਡੇ ਪਾਸ ਤਾਕਤ ਤੇ ਜੁੰਮੇਵਾਰੀ ਆ ਜਾਂਦੀ ਹੈ ਤਾਂ ਉਸਨੂੰ ਵਰਤਣ ਤੇ ਨਿਭਾਉਣ ਦੀ ਜਾਂਚ ਸੱਭ ਤੋਂ ਪਹਿਲਾਂ ਸਿੱਖੋ। ਅੱਜ ਜਦੋਂ ਅਸੀਂ ਗੁਰੂ ਸਾਹਿਬ ਦਾ ਪਵਿੱਤਰ, ਅਵਤਾਰ ਦਿਹਾੜਾ ਮਨਾ ਰਹੇ ਹਾਂ ਤਾਂ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਸਿਖਾਏ ਸਿਧਾਂਤਾਂ ਤੇ ਨਜ਼ਰ ਮਾਰਨੀ ਵੀ ਹਰ ਸਿੱਖ ਦਾ ਮੁੱਢਲਾ ਫਰਜ਼ ਹੈ।

ਸਾਡੇ ਵਰਤਮਾਨ ਆਗੂ ਜੇ 'ਆਗੂ' ਦੇ ਉਹ ਗੁਣ, ਜਿਨ੍ਹਾਂ ਦੀ ਗੁਰੂ ਸਾਹਿਬ ਨੇ ਗੁੜ੍ਹਤੀ ਦਿੱਤੀ ਸੀ, ਨੂੰ ਵਿਰਸੇ 'ਚੋਂ ਲੈ ਲੈਂਦੇ ਤਾਂ ਅੱਜ ਜਿਸ ਸਥਿੱਤੀ 'ਚ ਸਾਡੀ ਕੌਮ ਪੁੱਜ ਚੁੱਕੀ ਹੈ, ਉਹ ਸਥਿੱਤੀ ਕਦੇ ਨਾ ਆਉਂਦੀ। ਇਸ ਲਈ ਗੁਰੂ ਸਾਹਿਬਾਨ ਦੇ ਪਵਿੱਤਰ ਦਿਹਾੜਿਆਂ ਮੌਕੇ, ਉਸ ਸੇਧ ਦਾ ਜਿਹੜੀ ਗੁਰੂ ਸਾਹਿਬਾਨ ਸਾਨੂੰ ਦੇ ਕੇ ਗਏ ਹਨ, ਜ਼ਿਕਰ ਕਰਨਾ ਅਤੇ ਅਸੀਂ ਕਿਥੇ ਖੜ੍ਹੇ ਹਾਂ? ਬਾਰੇ ਆਤਮ ਚਿੰਤਨ ਕਰਨਾ ਬੇਹੱਦ ਜ਼ਰੂਰੀ ਹੋਣਾ ਚਾਹੀਦਾ ਹੈ। ਤਦ ਹੀ ਅਸੀਂ ਉਸ ਫੁੱਲਵਾੜੀ ਦੀ ਸੁਗੰਧੀ, ਜਿਸਦੇ ਫੁੱਲ ਹੋਣ ਦਾ ਸਾਨੂੰ ਮਾਣ ਹਾਸਲ ਹੋਇਆ ਹੈ, ਨੂੰ ਦੁਨੀਆਂ ਭਰ 'ਚ ਲੈ ਕੇ ਜਾਣ ਦੇ ਸਮਰੱਥ ਹੋਵਾਂਗੇ, ਨਹੀਂ ਤਾਂ ਉਲਟਾ ਉਸ ਫੁੱਲਵਾੜੀ ਦੀ ਸੁੰਦਰਤਾ ਤੇ ਸੁੰਗਧੀ ਦੋਵਾਂ ਨੂੰ ਵਿਗਾੜਨ ਦੇ ਦੋਸ਼ੀ ਬਣਾਂਗੇ।

Editorial
Jaspal Singh Heran

International