ਮਾਫ਼ੀ ਮੰਗੂਆਂ ਪ੍ਰਤੀ ਕੌਮ ਦੇ ਵਤੀਰੇ ਦਾ ਦਿਨ

ਜਸਪਾਲ ਸਿੰਘ ਹੇਰਾਂ
ਪਹਿਰੇਦਾਰ ਹਰ ਚੜਦੇ ਸੂਰਜ ਸਿੱਖ ਪੰਥ ਨੂੰ ਪੁਰਾਤਨ ਵਿਰਸੇ ਤੋਂ ਅਤੇ ਪੁਰਾਤਨ ਸਿੱਖਾਂ ਦੇ ਮਹਾਨ ਕਿਰਦਾਰ ਤੋਂ ਜਾਣੂ ਕਰਵਾਉਣ ਲਈ ਇਤਿਹਾਸ ਦੇ ਪੁਰਾਣੇ ਪੰਨੇ ਜ਼ਰੂਰ ਫਰੋਲਦਾ ਹੈ। ਹਿੰਦੂਤਵੀ ਭਗਵਿਆਂ ਨੇ ਅਕਾਲੀਆਂ ਦੀ ਪਿੱਠ ‘ਚ ਲੱਤ ਮਾਰੀ । ਉਨਾਂ ਨੂੰ ਬੇਇੱਜ਼ਤ ਕਰਕੇ, ਗੱਠਜੋੜ ‘ਚ ਬਾਹਰ ਹੋਣ ਲਈ ਮਜ਼ਬੂਰ ਕੀਤਾ। ਪ੍ਰੰਤੂ ਜਿਹੜੇ ਬਾਦਲਕਿਆਂ ਨੇ ਕਦੇ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇ ਕੇ ਕੌਮ ਦਾ ਵਿਰੋਧ ਸਹੇੜਿਆ ਸੀ, ਉਨਾਂ ਬਾਦਲਕਿਆਂ ਨੇ ਇੱਕ ਵਾਰ ਫ਼ਿਰ ਭਾਜਪਾ ਨੂੰ ਦਿੱਲੀ ‘ਚ ਬਿਨ ਮੰਗਿਆਂ ਸਮਰੱਥਨ  ਦੇ ਕੇ ਸਿੱਖੀ ਦੇ ਸਵੈਮਾਣ ਨੂੰ ਭਗਵਿਆਂ ਦੇ ਪੈਰਾਂ ‘ਚ ਰੋਲ ਦਿੱਤਾ। ਕੌਮ ਬਾਦਲਕਿਆਂ ਦੇ ਇਸ ਬੇਗੈਰਤ ਹਰਕਤ ਨੂੰ ਕਿਵੇਂ ਲੈਂਦੀ ਹੈ। ਇਹ ਸ਼ੋ੍ਰਮਣੀ ਕਮੇਟੀ  ਜਾਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਦੱਸਣਗੇ। ਪ੍ਰੰਤੂ ਅੱਜ ਦਾ ਇਤਿਹਾਸ ਬਾਦਲਕਿਆਂ ਦੀ ਇਸ ਬੁਜ਼ਦਿਲਾਂ ਵਾਲੀ ਕਾਰਵਾਈ ਤੇ ਕੀ ਲਾਹਨਤਾਂ ਪਾਉਂਦਾ ਹੈ। ਉਹ ਅਸੀਂ ਇਸ ਸੰਪਾਦਕੀ ਰਾਂਹੀ ਕੌਮ ਨਾਲ ਜ਼ਰੂਰ ਸਾਂਝਾ ਕਰਾਂਗੇ।

9 ਜੁਲਾਈ 1925 ਨੂੰ ਪੰਜਾਬ ਦੇ ਅੰਗਰੇਜ਼ ਗਵਰਨਰ ਹੇਲੀ ਨੇ ਐਲਾਨ ਕੀਤਾ ਕਿ ਜਿਹੜਾ ਬੰਦੀ ਅਕਾਲੀ, ਗੁਰਦੁਆਰਾ ਬਿੱਲ, ਜਿਹੜਾ ਅੰਗਰੇਜ਼ਾਂ ਨੇ ਆਪਣੀ ਮਰਜ਼ੀ ਨਾਲ ਪਾਸ ਕੀਤਾ ਸੀ, ਨੂੰ ਪ੍ਰਵਾਨ ਕਰ ਲਵੇਗਾ, ਉਸਨੂੰ ਰਿਹਾ ਕਰ ਦਿੱਤਾ ਜਾਵੇਗਾ, ਜਿਹੜਾ ਪ੍ਰਵਾਨ ਨਹੀਂ ਕਰੇਗਾ, ਉਹ ਜ਼ੇਲ ‘ਚ ਹੀ ਸੜੇਗਾ। ਮਹਿਤਾਬ ਸਿੰਘ ਦਾ ਧੜਾ ਮਾਫ਼ੀ ਮੰਗ ਕੇ ਬਾਹਰ ਆ ਗਿਆ। ਜਦੋਂ ਕਿ ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਸਮੇਤ 15 ਅਕਾਲੀ ਆਗੂਆਂ ਨੇ ਮਾਫ਼ੀ ਮੰਗਣ ਤੋਂ ਜਵਾਬ ਦੇ ਦਿੱਤਾ। ਸ਼ਰਤਾਂ ਮੰਨਕੇ ਬਾਹਰ ਆਏ ਅਕਾਲੀ ਆਗੂਆਂ ਨੇ ਸ਼ੋ੍ਰਮਣੀ ਕਮੇਟੀ ਦੀ ਪ੍ਰਧਾਨਗੀ ਦੀ ਚੋਣ ਕਰਵਾ ਕੇ ਮਹਿਤਾਬ ਸਿੰਘ ਨੂੰ ਪ੍ਰਧਾਨ ਜਿਤਾ ਲਿਆ।  ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ੳੂਧਮ ਸਿੰਘ ਨਾਗੋਕੇ ਨੇ ‘‘ਮਾਫ਼ੀ ਮੰਗੂ ਪ੍ਰਧਾਨ’’ ਚੁਣੇ ਜਾਣ ‘ਤੇ ਅਸਤੀਫਾ ਦੇ ਦਿੱਤਾ ਸੀ। ਕੌਮ ਨੇ ਕਦੇ ਵੀ ਸਰਕਾਰਾਂ ਤੋਂ ਮਾਫ਼ੀ ਮੰਗਣ ਵਾਲਿਆਂ ਨੂੰ ਮਾਫ਼ ਨਹੀਂ ਕੀਤਾ ਤੇ ਨਹੀਂ ਹੀ ਪ੍ਰਵਾਨ ਕੀਤਾ ਹੈ।  ਹੁਣ ਅਕਾਲੀ ਦਲ ਦਾ ਪ੍ਰਧਾਨ ਅਖਵਾਉਂਦਾ ਸੁਖਬੀਰ ਬਾਦਲ ਥੁੱਕ ਕੇ ਚੱਟਦਾ ਹੈ, ਭਾਜਪਾ ਤੋਂ ਬਿਨਾਂ ਬੋਲੇ ਮਾਫ਼ੀ ਮੰਗਦਾ ਹੈ, ਉਸਨੂੰ  ਜੱਥੇਦਾਰ ਅਕਾਲ ਤਖ਼ਤ ਸਾਹਿਬ ਤਲਬ ਕਰ ਸਕਦੇ ਹਨ?

ਸਿੱਖੀ ਸਵੈਮਾਣ ਨੂੰ ਰੋਲਣ ਤੇ ਝਿੜਕ ਸਕਦੇ ਹਨ? ਜਾਂ ਬੇਵੱਸ ਹੋਣ ਕਾਰਣ ਅਸਤੀਫ਼ਾ ਦੇ ਸਕਦੇ ਹਨ? ਕੁਝ ਵੀ ਨਹੀਂ ਕਰਨਗੇ। ਆਖ਼ਰ ਸਿੱਖਾਂ ਤੇ ਸਿੱਖ ਆਗੂ ਦੇ ਕਿਰਦਾਰ ‘ਚ ਐਨੀ ਗਿਰਾਵਟ ਕਿਉਂ ਆ ਗਈ? ਭਗਵਿਆਂ ਵੱਲੋਂ ਸਿੱਖੀ ਤੇ ਸਿੱਖ ਸਿਧਾਤਾਂ ਤੇ ਹਮਲੇ ਕਿਸੇ ਤੋਂ ਗੁੱਝੇ ਜਾਂ ਲੁੱਕੇ ਹੋਏ ਨਹੀਂ, ਫ਼ਿਰ ਵੀ ਜੇ ਬਾਦਲ ਦਲ ਵਾਲੇ ਜਾਂ ਹੋਰ ਅਕਾਲੀ ਅਖਵਾਉਂਦੇ ਧੜੇ ਉਨਾਂ ਦੇ ਪੈਰਾਂ ਥੱਲੇ ਸਿੱਖਾਂ ਦਾ ਸਵੈਮਾਣ ਰੋਲਦੇ ਹਨ ਤਾਂ ਕੀ ਉਹ ਦੋਸ਼ੀ ਨਹੀਂ ਹਨ? ਅਸੀਂ ਭਾਵੇਂ ਇਸ ਮੁੱਦੇ ਤੇ ਪਹਿਲਾ ਵੀ ਹੋਕਾ ਦੇ ਚੁੱਕੇ ਹਾਂ, ਪ੍ਰੰਤੂ ਅੱਜ ਦਾ ਸੁਨੇਹਾ ਜਿਸ ਦਿਨ ਜੱਥੇਦਾਰ ੳੂਧਮ ਸਿੰਘ ਨਾਗੋਕੇ ਨੇ ਇੱਕ ‘‘ ਮਾਫ਼ੀ ਮੰਗੂ’’ ਦੇ ਸ਼ੋ੍ਰਮਣੀ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੇ ਅਸਤੀਫ਼ਾ ਦੇ ਕੇ ਦਿੱਤਾ ਸੀ ਕਿ ਕੌਮ ਸਿੱਖ ਸਵੈਮਾਣ ਰੋਲਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰਦੀ। ਉਹ ਸਿੱਖ ਪੰਥ ਨਾਲ ਜ਼ਰੂਰ ਸਾਂਝਾ ਕਰਨਾ ਸੀ।

Editorial
Jaspal Singh Heran

International