ਬੁੱਤ ਤੋੜਣ ਵਾਲੇ ਸਿੰਘਾਂ ਦੀ ਜੇਲ੍ਹ 'ਚੋਂ ਹੋਈ ਰਿਹਾਈ, ਸੰਗਤਾਂ ਨੇ ਕੀਤਾ ਨਿੱਘਾ ਸਵਾਗਤ

ਅੰਮ੍ਰਿਤਸਰ 3 ਫਰਵਰੀ ਚਰਨਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਦੇ ਰਾਹਾਂ ਵਿਚ ਲਗੇ ਨਚਾਰਾਂ ਦੇ ਬੁੱਤਾਂ ਨੂੰ ਹਟਾਉਂਣ ਲਈ 15 ਜਨਵਰੀ ਦੇਰ ਰਾਤ ਨੂੰ ਬੁੱਤਾਂ ਦੇ ਥੜੇ ਤੋੜਣ ਕਾਰਨ ਅੰਮ੍ਰਿਤਸਰ ਕੇਂਦਰੀ ਜੇਲ ਵਿਚ ਨਜਰਬੰਦ ਸਿੰਘਾਂ ਨੂੰ ਦੇਰ ਰਾਤ ਜਮਾਨਤ ਤੇ ਰਿਹਾਅ ਕਰ ਦਿੱਤਾ ਗਿਆ। ਜੈਕਾਰਿਆਂ ਦੀ ਗੂੰਜ ਵਿਚ ਫੁਲਾਂ ਦੀ ਵਰਖਾ ਕਰਕੇ ਹਾਜਰ ਜਥੇਬੰਦੀਆਂ ਦੇ ਸਿੰੰਘਾਂ ਨੇ ਇਨਾਂ ਨੋਜਵਾਨਾਂ ਨੂੰ ਜੀ ਆਇਆ ਕਿਹਾ। ਜਿਕਰਯੋਗ ਹੈ ਕਿ 15 ਜਨਵਰੀ ਦੀ ਰਾਤ ਨੂੰ ਕੁਝ ਜਜਬਾਤੀ ਨੋਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਰਾਹ ਵਿਚ ਲਗੇ ਨਚਾਰਾਂ ਦੇ ਬੁੱਤਾਂ ਨੂੰ ਸਥਾਪਿਤ ਕਰਨ ਲਈ ਤਿੰਨ ਥੜੇ ਉਸਾਰੇ ਗਏ ਸਨ। ਜਿੰਨਾਂ ਨੂੰ ਇਨਾਂ ਨੋਜਵਾਨਾਂ ਨੇ ਤੋੜਿਆ ਸੀ।

ਪੁਲੀਸ ਨੇ ਆਪਣੇ ਇਕ ਕਰਮਚਾਰੀ ਰਾਮ ਸਿੰਘ ਦੀ ਸ਼ਿਕਾਇਤ ਤੇ ਇਨਾਂ ਨੋਜਵਾਨਾਂ ਦੇ ਖਿਲਾਫ ਅੰਮ੍ਰਿਤਸਰ ਸਿਟੀ ਕੌਤਵਾਲੀ ਵਿਚ 8 ਨੋਜਵਾਨਾਂ ਅਮਰਜੀਤ ਸਿੰਘ ਪੁੱਤਰ ਜਤਿੰਦਰਜੀਤ ਸਿੰਘ ਵਾਸੀ ਖੂਹ ਭਾਈ ਮੰਝ ਰੋਡ ਅੰਮ੍ਰਿਤਸਰ, ਰਾਜਬੀਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਹਰਕੰਵਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਮੋਹਨੀ ਪਾਰਕ ਅੰਮ੍ਰਿਤਸਰ, ਰਵਿੰਦਰ ਸਿੰਘ ਬਲਾਚੌਰ, ਮਨਿੰਦਰ ਸਿੰਘ ਵਾਸੀ ਅਨੰਦਪੁਰ ਸਾਹਿਬ, ਹਰਵਿੰਦਰ ਸਿੰਘ ਅਨੰਦਪੁਰ ਸਾਹਿਬ, ਗੁਰਸੇਵਕ ਸਿੰਘ ਬਟਾਲਾ, ਰਣਜੀਤ ਸਿੰਘ ਸੋਹਲ ਤੇ ਮਾਮਲਾ ਦਰਜ ਕਰ ਲਿਆ ਸੀ। ਪੁਲੀਸ ਨੇ ਇਨਾਂ ਨੋਜਵਾਨਾਂ ਤੇ ਧਾਰਾ 307,434,186,353,148 ਅਤੇ 149 ਦੇ ਤਹਿਤ ਮੁਕਦਮਾ ਨੰਬਰ 5 ਦਰਜ ਕੀਤਾ ਸੀ।

22 ਜਨਵਰੀ ਨੂੰ ਵਖ ਵਖ ਪੰਥਕ ਜਥੇਂਬਦੀਆਂ ਨੇ ਇਨਾਂ ਬੁੱਤਾਂ ਨੂੰ ਹਟਾਉਂਣ ਅਤੇ ਨੋਜਵਾਨਾਂ ਤੇ ਲਗੀ ਧਾਰਾ 307 ਖਾਰਜ ਕਰਨ ਲਈ ਬੁੱਤਾਂ ਦੇ ਅਗੇ ਹੀ ਅਣਮਿੱਥੇ ਸਮੇ ਲਈ ਧਰਨਾ ਸ਼ੁਰੂ ਕਰ ਦਿੱਤਾ ਸੀ। 29 ਜਨਵਰੀ ਜਿਲਾ ਪ੍ਰਸ਼ਾਸ਼ਨ ਨੇ ਸਿੱਖ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਹ ਬੁੱਤ ਹਟਾ ਦਿੱਤੇ ਜਾਣਗੇ ਤੇ  ਇਨਾਂ ਨੋਜਵਾਨਾਂ ਦੀ ਰਿਹਾਈ ਲਈ ਰਾਹ ਪੱਧਰਾ ਕਰਨ ਲਈ ਲੋੜੀਦੀ ਕਾਰਵਾਈ ਕੀਤੀ ਜਾਵੇਗੀ। ਜਿਲਾ ਪੁਲੀਸ ਨੇ ਧਾਰਾ 307 ਵੀ ਹਟਾ ਦਿੱਤੀ ਸੀ।  ਅੱਜ ਇਨਾ ਨੋਜਵਾਨਾਂ ਨੂੰ ਅੰਮ੍ਰਿਤਸਰ ਕੇਦਰੀ ਜੇਲ ਤੋ ਰਿਹਾਅ ਕਰ ਦਿੱਤਾ ਗਿਆ।

Unusual
Sikhs
Amritsar
Harmandir Sahib

International