ਦਿੱਲੀ 'ਚ ਖ਼ਤਮ ਹੋਇਆ ਚੋਣ ਪ੍ਰਚਾਰ, ਵੋਟਾਂ ਭਲਕੇ

ਨਵੀਂ ਦਿੱਲੀ 6 ਫ਼ਰਵਰੀ (ਏਜੰਸੀਆਂ): ਦਿੱਲੀ ਵਿਧਾਨ ਸਭਾ ਚੋਣ ਪ੍ਰਚਾਰ ਵੀਰਵਾਰ ਸ਼ਾਮ 6 ਵਜੇ ਖਤਮ ਹੋ ਗਿਆ। ਹੁਣ 8 ਫਰਵਰੀ ਨੂੰ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪੈਣਗੀਆਂ, ਜਦਕਿ 11 ਫਰਵਰੀ ਨੂੰ ਵੋਟਾਂ ਦੀ ਗਿਣਤੀ ਕੀਤੀ ਜਾਏਗੀ। ਦਿੱਲੀ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਭਾਜਪਾ ਦੇ ਵਿਜੇਂਦਰ ਗੁਪਤਾ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਸਮੇਤ ਤਕਰੀਬਨ 668 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦਿੱਲੀ ਵਿੱਚ ਸਭ ਤੋਂ ਵੱਧ 28 ਉਮੀਦਵਾਰ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਹਨ, ਜਦਕਿ ਸਭ ਤੋਂ ਘੱਟ 4 ਉਮੀਦਵਾਰ ਪਟੇਲ ਨਗਰ ਸੀਟ ਤੋਂ ਚੋਣ ਲੜ ਰਹੇ ਹਨ। ਨਵੀਂ ਦਿੱਲੀ ਉਹ ਸੀਟ ਹੈ ਜਿੱਥੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਮੈਦਾਨ 'ਚ ਹਨ। ਪਿਛਲੀਆਂ ਚੋਣਾਂ 'ਚ ਅਰਵਿੰਦ ਕੇਜਰੀਵਾਲ ਨੇ ਇਹ ਸੀਟ ਜਿੱਤੀ ਸੀ। ਹੁਣ ਇੱਕ ਵਾਰ ਫਿਰ ਉਹ ਇਸ ਸੀਟ ਤੋਂ ਮੈਦਾਨ 'ਚ ਉੱਤਰੇ ਹਨ।

ਕੇਜਰੀਵਾਲ ਸਮੇਤ ਲਗਭਗ 200 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖਲ ਕਰਨ ਦੇ ਆਖਰੀ ਦਿਨ ਆਪਣੇ ਕਾਗਜ਼ ਦਾਖਲ ਕੀਤੇ ਸਨ। ਮੱਧ ਦਿੱਲੀ ਦੇ ਜਾਮਨਗਰ ਹਾਊਸ ਵਿਖੇ ਨਵੀਂ ਦਿੱਲੀ ਦੇ ਚੋਣ ਅਧਿਕਾਰੀ ਦੇ ਦਫ਼ਤਰ ਵਿੱਚ ਉਮੀਦਵਾਰਾਂ ਦੀ ਭਾਰੀ ਭੀੜ ਕਾਰਨ ਕੇਜਰੀਵਾਲ ਨੂੰ ਕਾਗਜ ਦਾਖਲ ਕਰਨ ਲਈ 6 ਘੰਟੇ ਤੋਂ ਵੱਧ ਦਾ ਇੰਤਜ਼ਾਰ ਕਰਨਾ ਪਿਆ ਸੀ।
ਜ਼ਿਕਰਯੋਗ ਹੈ ਕਿ ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ 70 ਵਿੱਚੋਂ 67 ਸੀਟਾਂ ਜਿੱਤ ਕੇ ਇਤਿਹਾਸ ਰਚਿਆ ਸੀ, ਜਦੋਂਕਿ ਭਾਰਤੀ ਜਨਤਾ ਪਾਰਟੀ ਨੇ ਸਿਰਫ਼ 3 ਸੀਟਾਂ ਜਿੱਤੀਆਂ ਸਨ। ਉਦੋਂ ਕਾਂਗਰਸ ਦੇ ਖਾਤੇ ਵਿੱਚ ਕੋਈ ਸੀਟ ਨਹੀਂ ਸੀ। 7 ਫਰਵਰੀ ਨੂੰ ਇੱਕੋ ਗੇੜ 'ਚ ਸਾਰੀਆਂ 70 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋਈ ਸੀ। ਵੋਟਿੰਗ ਤੋਂ ਤਿੰਨ ਦਿਨ ਬਾਅਦ 10 ਫਰਵਰੀ ਨੂੰ ਨਤੀਜੇ ਆਏ ਸਨ। ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਰਿਕਾਰਡ 67 ਵਿਧਾਨ ਸਭਾ ਸੀਟਾਂ ਜਿੱਤੀਆਂ ਸਨ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਸਨ।

Unusual
Election 2020
New Delhi
Politics

International