ਕਾਂਗਰਸ ਨੂੰ ਭੰਡਣ ਲਈ ਮੋਦੀ 'ਚ ਜਾਗਿਆ ਸਿੱਖ ਕਤਲੇਆਮ ਦਾ ਦਰਦ

ਲੋਕ ਸਭਾ 'ਚ ਸਿੱਖ ਕਤਲੇਆਮ ਤੇ ਕਰਤਾਰਪੁਰ ਸਾਹਿਬ ਨੂੰ ਭਾਰਤ 'ਚ ਨਾ ਰੱਖਣ ਨੂੰ ਲੈ ਕੇ ਕਾਂਗਰਸ ਨੂੰ ਲਾਏ ਰਗੜੇ

ਨਵੀਂ ਦਿੱਲੀ 6 ਫ਼ਰਵਰੀ (ਏਜੰਸੀਆਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ 'ਚ ਆਪਣੇ ਭਾਸ਼ਣ 'ਚ ਵਿਰੋਧੀ ਧਿਰ ਨੂੰ ਨਿਸ਼ਾਨੇ 'ਤੇ ਲਿਆ। ਮੋਦੀ ਨੇ ਭਾਸ਼ਣ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ ਕਿਹਾ ਕਿ ਕੀ ਕਾਂਗਰਸ ਨੂੰ ਸਿੱਖ ਵਿਰੋਧੀ ਦੰਗੇ ਯਾਦ ਨਹੀਂ ਹਨ। ਕਾਂਗਰਸ ਘੱਟ ਗਿਣਤੀ ਦੇ ਨਾਂ 'ਤੇ ਆਪਣੀਆਂ ਰੋਟੀਆਂ ਸੇਕਦੀ ਰਹਿੰਦੀ ਸੀ। ਪੀ. ਐੱਮ. ਨੇ ਪੁੱਛਿਆ ਕਿ ਕੀ ਸਿੱਖ ਘੱਟ ਗਿਣਤੀ ਨਹੀਂ ਸਨ, ਉਦੋਂ ਸਿੱਖਾਂ ਦੇ ਗਲੇ 'ਚ ਟਾਇਰ ਬੰਨ੍ਹ ਕੇ ਸਾੜ ਦਿੱਤਾ ਗਿਆ ਸੀ। ਇੱਥੋਂ ਤਕ ਕਿ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਜੇਲ 'ਚ ਵੀ ਨਹੀਂ ਭੇਜਿਆ ਗਿਆ, ਜਿਨ੍ਹਾਂ 'ਤੇ ਸਿੱਖ ਦੰਗਿਆਂ ਨੂੰ ਭੜਕਾਉਣ ਦਾ ਦੋਸ਼ ਹੈ, ਉਨ੍ਹਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ। ਮੋਦੀ ਇੱਥੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਬਾਰੇ ਗੱਲ ਕਰ ਰਹੇ ਸਨ।

ਮੋਦੀ ਨੇ ਅੱਗੇ ਕਿਹਾ ਕਿ ਦੇਸ਼ ਨੂੰ ਕਾਂਗਰਸ ਤੋਂ ਜ਼ਿੰਮੇਵਾਰ ਵਿਰੋਧੀ ਧਿਰ ਦੀ ਉਮੀਦ ਸੀ ਪਰ ਉਹ ਗਲਤ ਰਸਤੇ 'ਤੇ ਚੱਲ ਪਿਆ ਹੈ, ਇਹ ਰਾਹ ਦੇਸ਼ ਨੂੰ ਦੁੱਖ 'ਚ ਪਾਉਣ ਵਾਲਾ ਹੈ। ਦੱਸਣਯੋਗ ਹੈ ਕਿ 31 ਅਕਤੂਬਰ 1984 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸੁਰੱਖਿਆ ਗਾਰਡ ਵਲੋਂ ਮਾਰ ਦਿੱਤਾ ਗਿਆ ਸੀ। ਜਿਸ ਤੋਂ ਅਗਲੇ ਦਿਨ ਯਾਨੀ ਕਿ 1-2 ਨਵੰਬਰ ਨੂੰ ਸਿੱਖ ਵਿਰੋਧੀ ਦੰਗੇ ਭੜਕੇ ਸਨ। ਇਨ੍ਹਾਂ ਦੰਗਿਆਂ ਦਾ ਸੇਕ ਇਕੱਲੇ ਦਿੱਲੀ 'ਚ ਹੀ ਨਹੀਂ ਸਗੋਂ ਕਿ ਕਾਨਪੁਰ ਅਤੇ ਹੋਰ ਸੂਬਿਆਂ ਵਿਚ ਦੇਖਣ ਨੂੰ ਮਿਲਿਆ ਸੀ। ਦੰਗਿਆਂ ਦੇ 35 ਸਾਲ ਬੀਤ ਜਾਣ ਮਗਰੋਂ ਵੀ ਪੀੜਤ ਪਰਿਵਾਰਾਂ ਨੂੰ ਅਧੂਰਾ ਇਨਸਾਫ ਮਿਲਿਆ ਹੈ। ਕਈ ਦੋਸ਼ੀ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ, ਜਿਨ੍ਹਾਂ ਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਸੀ।

ਮੋਦੀ ਨੇ ਰਾਹੁਲ ਨੂੰ ਕਿਹਾ 'ਟਿਊਬ ਲਾਈਟ' ਦੇਰੀ ਨਾਲ ਪਹੁੰਚਦਾ ਹੈ ਕਰੰਟ

ਨਵੀਂ ਦਿੱਲੀ 6 ਫ਼ਰਵਰੀ (ਏਜੰਸੀਆਂ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਲਿਆਏ ਗਏ ਧੰਨਵਾਦ ਮਤੇ 'ਤੇ ਆਪਣੇ ਸੰਬੋਧਨ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਦੌਰਾਨ ਇੱਕ ਸਮਾਂ ਅਜਿਹਾ ਆਇਆ ਜਦੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੌਰਾਨ ਖੜੇ ਹੋ ਕੇ ਕੁਝ ਕਹਿਣਾ ਚਾਹੁੰਦੇ ਸਨ। ਇਸ ਦੇ ਜਵਾਬ 'ਚ ਪੀਐਮ ਮੋਦੀ ਨੇ ਕਿਹਾ ਕਿ ਮੈਂ ਪਿਛਲੇ 30-40 ਮਿੰਟਾਂ ਤੋਂ ਬੋਲ ਰਿਹਾ ਹਾਂ ਪਰ ਕਰੰਟ ਹੁਣ ਪਹੁੰਚਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ 30-40 ਮਿੰਟਾਂ ਤੋਂ ਬੋਲ ਰਿਹਾ ਸੀ ਪਰ ਕਰੰਟ ਪਹੁੰਚਦੇ-ਪਹੁੰਚਦੇ ਇੰਨੀ ਦੇਰ ਲੱਗੀ। ਬਹੁਤ ਸਾਰੀਆਂ ਟਿਊਬਲਾਈਟਾਂ ਇਹੋ ਜਿਹੀਆਂ ਹੁੰਦੀਆਂ ਹਨ।“

ਪ੍ਰਧਾਨ ਮੰਤਰੀ ਮੋਦੀ ਦੇ ਇਹ ਕਹਿਣ ਤੋਂ ਬਾਅਦ ਪੂਰਾ ਸਦਨ ਹਾਸੇ ਨਾਲ ਗੂੰਜ ਉੱਠਿਆ। ਪੀਐਮ ਮੋਦੀ ਨੇ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੂੰ ਵੀ ਕਰੜੇ ਹੱਥੀਂ ਲਿਆ। ਜਦੋਂ ਪ੍ਰਧਾਨ ਮੰਤਰੀ ਬੋਲ ਰਹੇ ਸਨ ਤਾਂ ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਨੂੰ ਰੋਕਿਆ। ਇਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ, “ਅਧੀਰ ਰੰਜਨ ਚੌਧਰੀ ਭਾਰਤ ਸਰਕਾਰ ਦੀ ਫਿਟ ਇੰਡੀਆ ਸਕੀਮ ਨੂੰ ਪ੍ਰਮੋਟ ਕਰਦੇ ਹਨ। ਉਹ ਭਾਸ਼ਣ ਵੀ ਦਿੰਦੇ ਹਨ ਅਤੇ ਜਿੰਮ ਵੀ ਕਰਦੇ ਹਨ।“ ਇਹ ਸੁਣਦੇ ਹੀ ਸਦਨ 'ਚ ਬੈਠੇ ਆਗੂ ਹੱਸਣ ਲੱਗੇ। ਜਦੋਂ ਪ੍ਰਧਾਨ ਮੰਤਰੀ ਮੋਦੀ ਬੋਲ ਰਹੇ ਸਨ ਉਦੋਂ ਵਿਰੋਧੀ ਧਿਰ ਦੇ ਨੇਤਾ 'ਮਹਾਤਮਾ ਗਾਂਧੀ ਅਮਰ ਰਹੇ' ਦੇ ਨਾਅਰੇ ਲਗਾ ਰਹੇ ਸਨ। ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਫਿਲਹਾਲ ਇਹ ਟ੍ਰੇਲਰ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ, “ਮਹਾਤਮਾ ਗਾਂਧੀ ਤੁਹਾਡੇ ਲਈ ਟ੍ਰੇਲਰ ਹੋ ਸਕਦੇ ਹਨ, ਪਰ ਸਾਡੇ ਲਈ ਗਾਂਧੀ ਜੀ ਜ਼ਿੰਦਗੀ ਹਨ।“

Unusual
pm narendra modi
Parliament
Lok Sabha

International