ਬੇਗਮਪੁਰੇ ਦੇ ਸਿਰਜਕ ਨੂੰ ਯਾਦ ਕਰਦਿਆਂ...

ਜਸਪਾਲ ਸਿੰਘ ਹੇਰਾਂ
ਅੱਜ ਅਸੀਂ ਉਸ ਮਹਾਨ ਰਹਿਬਰ ਦਾ ਪਵਿੱਤਰ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹੜਾ ਪ੍ਰਮਾਤਮਾ ਨਾਲ ਇਕ ਸੁਰ ਸੀ, ਸੱਚ ਦਾ ਮੁਦਈ ਸੀ, ਮਾਨਵਤਾ ਨਾਲ ਪ੍ਰੇਮ ਕਰਨ ਵਾਲਾ ਸੀ, ਅਗਿਆਨਤਾ, ਵਹਿਮ-ਭਰਮ ਤੇ ਕਰਮਕਾਂਡਾ ਦਾ ਕੱਟੜ ਵਿਰੋਧੀ ਸੀ, ਨਿਰਮਲ ਸੋਚ, ਸੁੱਚੇ ਕਰਮਾਂ ਦਾ ਧਾਰਨੀ, ਡੂੰਘੀ ਸੋਚਣੀ ਤੇ ਗੰਭੀਰ ਚਿੰਤਨ ਵਾਲਾ ਸੀ, ਉਹ ਦੱਬੇ ਕੁਚਲੇ ਲੋਕਾਂ ਲਈ ਹੱਕ-ਸੱਚ ਦੀ ਅਵਾਜ਼ ਬੁਲੰਦ ਕਰਨ ਵਾਲਾ ਸੀ, ਜਿਸਦਾ ਸੁਫਨਾ ਉਸ ਬੇਗਮਪੁਰੇ ਸ਼ਹਿਰ ਦਾ ਸੀ, ਜਿਥੇ ਹਰ ਮਨੁੱਖ ਨੂੰ ਪਿਆਰ-ਸਤਿਕਾਰ ਤੇ ਬਰਾਬਰੀ ਦਾ ਅਧਿਕਾਰ ਪ੍ਰਾਪਤ ਹੋਵੇ। ਜਦੋਂ ਕਿਸੇ ਸ਼ੂਦਰ ਲਈ ਰੱਬ ਦਾ ਨਾਮ ਸੁਣਨਾ ਵੀ ਪਾਪ ਮੰਨਿਆ ਜਾਂਦਾ ਸੀ ਅਤੇ ਉਨ੍ਹਾਂ ਦੇ ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਸੀ, ਉਸ ਸਮੇਂ ਬ੍ਰਾਹਮਣਵਾਦ ਨੂੰ ਖੁੱਲ੍ਹੀ ਚੁਣੌਤੀ ਦੇਣਾ ਅਤੇ ਬ੍ਰਹਾਮਣਵਾਦ ਦੇ ਹੰਕਾਰੀ ਸਿਰ ਨੂੰ ਨੀਵਾਂ ਕਰਨਾ, ਇੱਕ ਅਜਿਹੀ ਇਨਕਲਾਬੀ ਘਟਨਾ ਹੈ, ਜਿਸਨੇ ਸਮੇਂ ਦੇ 'ਵਹਿਣ' ਨੂੰ ਮੋੜਿਆ, ਪ੍ਰੰਤੂ ਅੱਜ ਜਦੋਂ ਅਸੀਂ ਉਸ ਕ੍ਰਾਂਤੀਕਾਰੀ ਰਹਿਬਰ ਦਾ 643ਵਾਂ ਜਨਮ ਦਿਹਾੜਾ ਮਨਾ ਰਹੇ ਹਾਂ ਤਾਂ ਸਾਨੂੰ ਇਹ ਜ਼ਰੂਰ ਸੋਚਣਾ ਪਵੇਗਾ ਕਿ ਜਿਸ ਰਹਿਬਰ ਨੇ ਸਮਾਜ 'ਚ ਬਰਾਬਰੀ ਦਾ ਸੁਨੇਹਾ ਦੇਣ ਲਈ, ਪਾਖੰਡਵਾਦ ਵਿਰੁੱਧ ਜੰਗ ਵਿੱਢੀ ਅਤੇ ਸਮੁੱਚੀ ਮਾਨਵਤਾ ਨੂੰ ਕਲਾਵੇ 'ਚ ਲੈਣ ਦਾ ਯਤਨ ਕੀਤਾ, ਅਸੀਂ ਉਸਨੂੰ ਇਕ ਭਾਈਚਾਰੇ, ਜਾਂ ਫ਼ਿਰਕੇ ਦੀਆਂ ਤੰਗ ਵਲਗਣਾਂ 'ਚ ਬੰਨ੍ਹਣ ਦਾ ਯਤਨ ਕਿਉਂ ਕਰ ਰਹੇ ਹਾਂ? ਜਿਸ ਪਾਖੰਡਵਾਦ ਵਿਰੁੱਧ ਉਨ੍ਹਾਂ ਅਵਾਜ਼ ਬੁਲੰਦ ਕੀਤੀ ਸੀ, ਉਸ ਪਾਖੰਡਵਾਦ ਨੂੰ ਮੁੜ ਤੋਂ ਆਪਣੇ ਸਿਰਾਂ ਤੇ ਕਿਉਂ ਲੱਦ ਰਹੇ ਹਾਂ?

ਭਗਤ ਰਵਿਦਾਸ ਜੀ ਨੇ ਪਖੰਡਾਂ, ਸਰੀਰਾਂ ਦੀ ਪੂਜਾ-ਮਾਨਤਾ, ਲਫਜ਼ੀ ਸਤਿਕਾਰਾਂ ਅਤੇ ਹੋਰ ਆਡੰਬਰਾਂ ਤੋਂ ਬਾਹਰ ਨਿਕਲ ਕੇ ਸਹੀ ਜੀਵਨ ਜਾਂਚ ਦੇ ਗ੍ਰਹਿਣ ਤੇ ਜ਼ੋਰ ਦਿੱਤਾ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭਗਤ ਰਵਿਦਾਸ ਜੀ ਦੀ ਵਿਲੱਖਣਤਾ ਇਹ ਸੀ ਕਿ ਉਨ੍ਹਾਂ ਨੇ ਜਾਤ-ਪਾਤ ਅਧਾਰਤ ਸਮਾਜ ਦੀਆਂ ਵੰਡੀਆਂ ਤੇ ਵਿਤਕਰਿਆਂ ਦਾ ਡੱਟਵਾਂ ਵਿਰੋਧ ਕੀਤਾ ਅਤੇ ਆਪਣੇ ਜੱਦੀ ਪੁਸ਼ਤੀ ਕਿੱਤੇ, ਪਰਿਵਾਰਕ ਪਿਛੋਕੜ ਜਾਂ ਗਰੀਬੀ ਨੂੰ ਛੁਪਾਉਣ ਦੀ ਥਾਂ ਉਸਦਾ ਪੂਰੇ ਮਾਣ ਨਾਲ ਗੱਜ ਵੱਜ ਕੇ ਪ੍ਰਚਾਰ ਕੀਤਾ। ਉਨ੍ਹਾਂ ਇਹ ਸੁਨੇਹਾ ਦਿੱਤਾ ਕਿ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਕੀਤਾ ਕੋਈ ਕੰਮ ਛੋਟਾ ਨਹੀਂ ਹੁੰਦਾ। ਅੱਜ ਜਦੋਂ ਸਾਡੇ 'ਚੋਂ ਕਿਰਤ ਸੱਭਿਆਚਾਰ ਆਲੋਪ ਹੋ ਰਿਹਾ ਹੈ ਤਾਂ ਭਗਤ ਰਵਿਦਾਸ ਜੀ ਦੀ ਸੁੱਚੀ ਜੀਵਨ-ਸ਼ੈਲੀ ਅਤੇ ਉੱਚੀ ਵਿਚਾਰਧਾਰਾ ਨੂੰ ਪ੍ਰਚਾਰਨ ਦੀ ਵੱਡੀ ਲੋੜ ਹੈ। ਦੂਸਰਾ ਉਨ੍ਹਾਂ ਪਾਖੰਡਵਾਦ, ਆਡੰਬਰਵਾਦ ਵਿਰੁੱਧ ਜਿਹੜੀ ਲਹਿਰ ਆਰੰਭੀ ਸੀ, ਉਸਨੂੰ ਅੱਗੇ ਲੈ ਕੇ ਜਾਣਾ ਬਣਦਾ ਹੈ, ਪ੍ਰੰਤੂ ਅਸੀਂ ਜਾਣੇ-ਅਣਜਾਣੇ ਮੁੜ ਤੋਂ ਉਨ੍ਹਾਂ ਬ੍ਰਹਾਮਣੀ ਸ਼ਕਤੀਆਂ ਦਾ ਸ਼ਿਕਾਰ ਹੋ ਗਏ ਹਾਂ, ਜਿਹੜੀਆਂ ਧਰਮ ਨੂੰ ਵਪਾਰ ਸਮਝਦੀਆਂ ਹਨ।

ਲੋੜ ਹੈ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਿਰਫ਼ ਫੋਕੀ ਜੈ-ਜੈਕਾਰ ਨਾਲ ਕਦੇ ਕੁਝ ਨਹੀਂ ਬਣਿਆ, ਨਿਬੇੜੇ ਅਮਲਾਂ ਨਾਲ ਹੁੰਦੇ ਹਨ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਧਰਮ ਦੇ ਠੇਕੇਦਾਰ ਨੂੰ ਚੁਣੌਤੀ ਦੇ ਕੇ, ਉਨ੍ਹਾਂ ਵੱਲੋਂ ਧਰਮ ਦੇ ਨਾਮ ਤੇ ਕੀਤੇ ਜਾਂਦੇ ਮਾਨਸਿਕ ਤੇ ਆਰਥਿਕ ਸ਼ੋਸ਼ਣ ਨੂੰ ਚੁਣੌਤੀ ਦਿੱਤੀ, ਉਹ ਸਥਿੱਤੀ ਅੱਜ ਵੀ ਬਦਲਵੇਂ ਰੂਪ 'ਚ ਡੱਟੀ ਖੜ੍ਹੀ ਹੈ, ਪ੍ਰੰਤੂ ਕਿਉਂਕਿ ਅਸੀਂ ਉਸ ਮਹਾਨ ਕ੍ਰਾਂਤੀਕਾਰੀ ਰਹਿਬਰ ਦੀ ਸਿੱਖਿਆ ਨੂੰ ਭੁੱਲ ਕੇ, ਸਿਰਫ਼ ਤੇ ਸਿਰਫ਼ ਉਨ੍ਹਾਂ ਦੇ ਨਾਮ ਧਰੀਕ, ਸ਼ਰਧਾਵਾਨ ਬਣ ਗਏ ਹਾਂ, ਇਸ ਲਈ ਪ੍ਰਾਪਤੀਆਂ ਦੀ ਥਾਂ, ਘਾਟੇ ਦਾ ਰਾਹ ਪੈ ਗਏ ਹਾਂ। ਅੱਜ ਉਨ੍ਹਾਂ ਨੂੰ ਭਗਤ, ਗੁਰੂ ਜਾਂ ਸਤਿਗੁਰੂ ਕਹਿਣ ਦਾ ਬਿਖੇੜਾ ਸ਼ੁਰੂ ਕਰ ਲਿਆ ਗਿਆ ਹੈ, ਜਦੋਂ ਕਿ ਉਨ੍ਹਾਂ ਖੁਦ ਲਿਖਿਆ ਹੈ ਕਿ ''ਭਗਤ ਬਰਾਬਰਿ ਅਉਰੁ ਨ ਕੋਇ'', ਅਤੇ ਜਿਸ ਗੁਰੂ, ਰਹਿਬਰ, ਭਗਤ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਸ਼ਭਾਇਮਾਨ ਹੋ ਕੇ ਗੁਰਬਾਣੀ ਬਣ ਗਈ, ਫ਼ਿਰ ਉਨ੍ਹਾਂ ਬਾਰੇ ਗੁਰੂ ਹੋਣ ਜਾਂ ਨਾ ਹੋਣ ਦਾ ਬਿਖੇੜਾ, ਖੜ੍ਹਾ ਕਰਨਾ, ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਮਹਾਨ ਸੋਚ ਤੇ ਸਮੁੱਚੀ ਮਨੁੱਖਤਾ ਦੀ ਅਗਵਾਈ ਵਾਲੇ ਸਿਧਾਤਾਂ ਨੂੰ ਛੁਟਿਆਉਣ ਅਤੇ ਸਮਾਜ 'ਚ ਨਵੀਆਂ ਵੰਡੀਆਂ ਖੜ੍ਹੀਆਂ ਕਰਨ ਦੀ ਸਾਜਿਸ਼ ਹੀ ਆਖੀ ਜਾਵੇਗੀ। ਸਿੱਖੀ, ਇੱਕ ਮਾਰਗ ਹੈ ਅਤੇ ਗੁਰਬਾਣੀ ਇਸ ਮਾਰਗ ਨੂੰ ਰੁਸ਼ਨਾਉਣ ਵਾਲਾ ਚਾਨਣ ਮੁਨਾਰਾ ਹੈ, ਚਾਨਣ ਮੁਨਾਰੇ ਨੂੰ ਵੰਡਿਆ ਨਹੀਂ ਜਾ ਸਕਦਾ।

ਇਸ ਲਈ ਗੁਰੂ ਸਾਹਿਬਾਨ ਅਤੇ ਉਨ੍ਹਾਂ ਭਗਤਾਂ ਨੂੰ ਜਿਨ੍ਹਾਂ ਦੀ ਪਵਿੱਤਰ ਬਾਣੀ, ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਵੱਖ-ਵੱਖ ਜਾਂ ਦਰਜਾਵਾਰ ਨਹੀਂ ਕੀਤਾ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹਰ ਸਿਰ, ਭਗਤ ਰਵਿਦਾਸ ਜੀ ਮਹਾਰਾਜ ਅੱਗੇ ਵੀ ਉਸੇ ਸ਼ਰਧਾ ਨਾਲ ਖੁਦ-ਬ-ਖੁਦ ਝੁਕਦਾ ਹੈ। ਸਾਨੂੰ ਲੋੜ ਹੈ ਕਿ ਅਸੀਂ ਗੁਰਬਾਣੀ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ, ਜਾਤ-ਪਾਤ ਦੀ ਵੰਡੀਆਂ ਖ਼ਤਮ ਕਰਨ ਵੱਲ ਤੁਰੀਏ ਅਤੇ ਉਸ ਬੇਗਮਪੁਰੇ ਦੀ ਸਥਾਪਨਾ ਦਾ ਮੁੱਢ ਬੰਨ੍ਹੀਏ, ਜਿਸ ਦੀ ਸਥਾਪਤੀ ਦਾ ਹੋਕਾ ਭਗਤ ਰਵਿਦਾਸ ਜੇ ਨੇ ਦਿੱਤਾ ਸੀ। ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਿਰਫ਼ ਰਵਿਦਾਸੀਏ ਭਾਈਚਾਰੇ ਦੇ ਗੁਰਦੁਆਰਿਆਂ ਜਾਂ ਮੰਦਿਰਾਂ ਤੱਕ ਹੀ ਸੀਮਤ ਨਾ ਕਰੀਏ, ਸਗੋਂ ਸਮੁੱਚਾ ਸਮਾਜ ਤੇ ਖ਼ਾਸ ਕਰਕੇ ਦੱਬੇ ਕੁਚਲਿਆਂ ਅਤੇ ਸ਼ੋਸ਼ਣ ਦਾ ਸ਼ਿਕਾਰ ਗਰੀਬ ਵਰਗ, ਪੂਰੀ ਸ਼ਿੱਦਤ ਨਾਲ ਮਨਾਵੇ ਤਾਂ ਕਿ ਸਮਾਜ 'ਚ ਹਾਲੇਂ ਤੱਕ ਖੜ੍ਹੀਆਂ ਧਾਰਮਿਕ, ਆਰਥਿਕਤ ਤੇ ਸਮਾਜਕ ਵੰਡੀਆਂ ਨੂੰ ਖ਼ਤਮ ਕਰਕੇ ਹਰ ਕਿਸੇ ਨੂੰ ਬੇਗਮਪੁਰੇ ਦੀ ਸਿਰਜਣਾ ਕਰਕੇ ਉਸ ਦੇ ਵਾਸੀ ਹੋਣ ਦਾ ਅਹਿਸਾਸ ਪੈਦਾ ਹੋਵੇ।

Editorial
Jaspal Singh Heran

International