ਤਰਨਤਾਰਨ ਨੇੜੇ ਨਗਰ ਕੀਰਤਨ 'ਚ ਹੋਇਆ ਪਟਾਕਿਆਂ ਕਾਰਨ ਵੱਡਾ ਧਮਕਾ

ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਜ਼ਖ਼ਮੀ , ਮੌਤਾਂ ਦੀ ਗਿਣਤੀ ਬਾਰੇ ਭੰਬਲ ਭੂਸਾ

ਤਰਨਤਾਰਨ, 8 ਫਰਵਰੀ ( ਸਰਬਜੋਤ ਸਿੰਘ ਸੰਧਾ ) ਤਰਨਤਾਰਨ ਨੇੜਲੇ ਪਿੰਡ ਡਾਲੇਕੇ ਕੋਲੋਂ ਗੁਜਰ ਰਹੇ ਨਗਰ ਕੀਰਤਨ ਵਿਚਲੀ ਇਕ ਟਰਾਲੀ ਚ ਜਬਰਦਸਤ ਧਮਾਕਾ ਹੋਣ ਨਾਲ ਇਕ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਆਨੁਸਾਰ ਪਿੰਡ ਪਹੁਵਿੰਡ ਤੋਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ  ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਅਰੰਭ ਹੋਇਆ ਅਤੇ ਇਹ ਨਗਰ ਕੀਰਤਨ ਤਰਨਤਾਰਨ ਦੇ ਵੱਖ  ਵੱਖ ਪਿੰਡਾ ਤੋਂ ਹੁੰਦਾ ਹੋਇਆ ਜਦੋਂ ਤਰਨਤਾਰਨ ਦੇ ਨਜਦੀਕੀ ਪਿੰਡ ਡਾਲੇਕੇ ਲਾਗੇ ਪੁੱਜਾ ਤਾਂ ਵੱਡਾ ਧਮਾਕਾ ਹੋ ਗਿਆ।

ਦੱਸਿਆ ਜਾਦਾ ਹੈ ਕਿ ਧਮਾਕਾ ਇੰਨਾ ਕੁ ਜਿਆਦਾ ਭਿਆਨਕ ਸੀ ਕਿ ਲੋਕਾਂ ਵਿਚ ਅਫ਼ਵਾਹ ਫੈਲ ਗਈ ਕਿ ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਦੇ ਕਰੀਬ ਲੋਕ ਗੰਭੀਰ ਜਖਮੀ ਹੋ ਗਏ। ਹਾਦਸੇ ਵਾਲੀ ਜਗ੍ਹਾ ਤੇ ਤਰਨ ਤਾਰਨ ਦੇ ਐਸ.ਐਸ.ਪੀ ਧਰੁੱਵ ਦਹੀਆਂ, ਐਸਪੀ ਡੀ ਜਗਜੀਤ ਸਿੰਘ ਵਾਲੀਆਂ, ਡੀ.ਐਸ.ਪੀ ਪਵੇਸ਼ ਚੋਪੜਾ, ਐਸ.ਐਚ.ਓ ਸਦਰ ਮਨੋਜ ਕੁਮਾਰ, ਐਸ.ਐਚ.ਓ ਸਿਟੀ ਤੁਸ਼ਾਰ ਗੁੱਪਤਾ ਆਪਣੀ ਪੁਲਿਸ ਪਾਰਟੀ ਸਮੇਤ ਪੁੱਜੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਧਰੁੱਵ ਦਹੀਆਂ ਨੇ ਦੱਸਿਆਂ ਕਿ ਇਹ ਨਗਰ ਕੀਰਤਨ  ਜਿਲ੍ਹਾ ਤਰਨ ਤਾਰਨ ਦੇ ਪਿੰਡ ਪਹੁਵਿੰਡ ਤੋਂ ਆਰੰਭ ਹੋਇਆ ਸੀ ਅਤੇ ਦੇਰ ਸ਼ਾਮ ਗੁਰਦੁਆਰਾ ਟਾਹਲਾ ਸਾਹਿਬ ਅੰਮ੍ਰਿਤਸਰ ਵਿਖੇ ਸਮਾਪਤ ਹੋਂਣਾ ਸੀ ਅਤੇ ਜਦੋਂ ਇਹ ਨਗਰ ਕੀਰਤਨ ਪਿੰਡ ਡਾਲੇਕੇ ਕੋਲ ਪੁੱਜਾ ਤਾਂ ਇੱਕ ਵੱਡਾ ਧਮਾਕਾ ਹੋ ਗਿਆ ਅਤੇ ਧਮਾਕੇ ਵਿੱਚ ਇੱਕ ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਦੇ ਕਰੀਬ ਲੋਕ ਜਖਮੀ ਹੋ ਗਏ ਹਨ।

ਉਹਨਾਂ ਦੱਸਿਆਂ ਕਿ ਧਮਾਕੇ ਦਾ ਕਾਰਨ ਆਤਿਸ਼ਬਾਜੀ ਵਿੱਚ ਪਾਈ ਜਾਣ ਵਾਲੀ ਪਟਾਸ਼ ਹੈ, ਕਿਉਕਿ ਨਗਰ ਕੀਰਤਨ ਵਿੱਚ ਕੁਝ ਨੌਜਵਾਨ ਆਤਿਸ਼ਬਾਜੀ ਚਲਾ ਰਹੇ ਸਨ ਅਤੇ ਆਤਿਸ਼ਬਾਜੀ ਕਾਰਨ ਅੱਗ ਟਰਾਲੀ ਵਿੱਚ ਰੱਖੀ ਪਟਾਸ਼ ਨੂੰ ਜਾਂ ਆਤਿਸ਼ਬਾਜੀ ਵਾਲ਼ੇ ਥੈਲੇ ਨੂੰ ਲੱਗ ਗਈ ਜਿਸ ਕਾਰਨ ਵੱਡਾ ਧਮਾਕਾ ਹੋ ਗਿਆ।

          ਜਦ ਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਇੰਨ੍ਹਾਂ ਕੁ ਜਿਆਦਾ ਭਿਆਨਕ ਸੀ ਕਿ ਲੋਕਾਂ ਦੇ ਘਰ ਤੱਕ ਹਿੱਲ ਗਏ ਅਤੇ ਧਮਾਕੇ ਦੀ ਅਵਾਜ ਬੰਬ ਬਲਾਸਟ ਵਰਗੀ ਸੀ।ਉਹਨਾਂ ਦੱਸਿਆਂ ਕਿ ਧਮਾਕੇ ਵਾਲੀ ਟਰਾਲੀ ਦੇ ਪਰਖੱਚੇ ਉੱਡ ਗਏ । ਇਸ ਭਿਆਨਕ ਹਾਦਸੇ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ।

ਸ਼੍ਰੋਮਣੀ ਕਮੇਟੀ ਕਰੇਗੀ ਮੁਫ਼ਤ ਇਲਾਜ਼  

ਅੰਮ੍ਰਿਤਸਰ, 8 ਫਰਵਰੀ-ਚਰਨਜੀਤ ਸਿੰਘ : ਤਰਨ ਤਾਰਨ ਜ਼ਿਲ੍ਹੇ ਵਿਚ ਪਿੰਡ ਪਹੂਵਿੰਡ ਤੋਂ ਸਜਾਏ ਜਾ ਰਹੇ ਨਗਰ ਕੀਰਤਨ ਦੌਰਾਨ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਵਾਪਰੇ ਹਾਦਸੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਗਹਿਰਾ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜ਼ਖਮੀਆਂ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਭਾਈ ਲੌਂਗੋਵਾਲ ਨੇ ਕਿਹਾ ਕਿ ਹਾਦਸਾ ਬੇਹੱਦ ਦੁਖਦਾਈ ਹੈ ਅਤੇ ਇਸ ਦੁੱਖ ਦੀ ਘੜੀ ਵਿਚ ਸ਼੍ਰੋਮਣੀ ਕਮੇਟੀ ਪ੍ਰਭਾਵਿਤਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜ਼ਖਮੀਆਂ ਦਾ ਬਿਲਕੁਲ ਮੁਫਤ ਇਲਾਜ ਕਰੇਗੀ। ਇਸ ਸਬੰਧੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

Unusual
accident
PUNJAB

International