ਹਾਫਿਜ਼ ਸਈਦ ਨੂੰ ਟੈਰਰ ਫੰਡਿੰਗ ਮਾਮਲੇ 'ਚ ਸਾਢੇ ਪੰਜ ਸਾਲਾਂ ਦੀ ਕੈਦ

ਲਾਹੌਰ 12 ਫ਼ਰਵਰੀ (ਏਜੰਸੀਆਂ): ਪਾਕਿਸਤਾਨੀ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਟੈਰਰ ਫੰਡਿੰਗ ਕੇਸ ਵਿੱਚ ਸੱਢੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 11 ਦਸੰਬਰ ਨੂੰ ਹਾਫਿਜ਼ ਸਈਦ ਅਤੇ ਹੋਰਾਂ ਖਿਲਾਫ ਟੈਰਰ ਫੰਡਿੰਗ ਮਾਮਲੇ ਵਿੱਚ ਦੋਸ਼ ਤੈਅ ਕੀਤੇ ਸਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਬਾਨੀ ਅਤੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐੱਸਸੀ) ਨੇ 2008 ਦੇ ਮੁੰਬਈ ਹਮਲੇ ਤੋਂ ਬਾਅਦ ਪਾਬੰਦੀ ਲਾ ਦਿੱਤੀ ਸੀ, ਜਿਸ ਵਿੱਚ 166 ਲੋਕ ਮਾਰੇ ਗਏ ਸਨ। ਹਾਫਿਜ਼ ਸਈਦ ਉੱਤੇ ਪਾਕਿਸਤਾਨ ਵਿੱਚ ਅੱਤਵਾਦ ਦੇ 23 ਕੇਸ ਦਰਜ ਹਨ। ਭਾਰਤ ਵੱਲੋਂ ਉਸਦੇ ਖਿਲਾਫ ਅੱਤਵਾਦੀ ਕੇਸਾਂ ਦੀ ਸੁਣਵਾਈ ਦੇ ਬਾਵਜੂਦ ਉਸਨੂੰ ਪਾਕਿਸਤਾਨ ਵਿੱਚ ਖੁੱਲ੍ਹ ਕੇ ਘੁੰਮਣ ਦੀ ਅਤੇ ਭਾਰਤ ਵਿਰੋਧੀ ਰੈਲੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਬੋਧਿਤ ਕਰਨ ਦੀ ਆਗਿਆ ਸੀ।

ਪਾਕਿਸਤਾਨ ਨੇ ਲਗਾਤਾਰ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਹਾਫਿਜ਼ ਸਈਦ ਖਿਲਾਫ ਅੱਤਵਾਦੀ ਦੋਸ਼ ਲਗਾਏ ਹਨ। ਉਸਦੇ ਖਿਲਾਫ ਪਾਕਿਸਤਾਨ ਪੰਜਾਬ ਪੁਲਿਸ ਦੇ ਕਾਉਂਟਰ ਟੈਰੋਰਿਜ਼ਮ ਡਿਪਾਰਟਮੈਂਟ ਵੱਲੋਂ ਟੈਰਰ ਫੰਡਿੰਗ ਅਤੇ ਮਨੀ ਲਾਂਡਰਿੰਗ ਦੇ ਵੱਖ ਵੱਖ ਜੁਰਮਾਂ ਦੇ ਤਹਿਤ ਐਫਆਈਆਰ ਦਰਜ ਸਨ। 2017 ਵਿੱਚ, ਹਾਫਿਜ਼ ਸਈਦ ਅਤੇ ਉਸਦੇ ਚਾਰ ਸਾਥੀਆਂ ਨੂੰ ਪਾਕਿਸਤਾਨ ਸਰਕਾਰ ਨੇ ਅੱਤਵਾਦੀ ਕਾਨੂੰਨਾਂ ਤਹਿਤ ਹਿਰਾਸਤ ਵਿੱਚ ਲਿਆ ਸੀ, ਪਰ ਲੱਗਭਗ 11 ਮਹੀਨਿਆਂ ਬਾਅਦ ਰਿਹਾ ਕੀਤਾ ਗਿਆ ਸੀ ਜਦੋਂ ਪੰਜਾਬ ਜੁਡੀਸ਼ਲ ਰੀਵਿਉ ਬੋਰਡ ਨੇ ਉਸ ਦੀ ਕੈਦ ਹੋਰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ।

Unusual
Hafiz Saeed
Mumbai
Terror Attack
pakistan

International