ਮਾਂ-ਬੋਲੀ ਦਿਵਸ ਸਿਰਫ਼ ਮਨਾਉਣ ਨਾਲ ਨਹੀਂ ਸਰਨਾ...

ਜਸਪਾਲ ਸਿੰਘ ਹੇਰਾਂ
ਵਿਸ਼ੇਸ਼ ਦਿਹਾੜੇ ਆਉਂਦੇ ਹਨ, ਰਸਮੀ ਪ੍ਰੋਗਰਾਮ ਤੇ ਬਿਆਨ ਦਾਗੇ ਜਾਂਦੇ ਹਨ, ਫਿਰ ਸਭ ਕੁਝ ਭੁੱਲ-ਭੁਲਾ ਦਿੱਤਾ ਜਾਂਦਾ ਹੈ। ਪੰਜਾਬੀ ਸਾਡੀ ਮਾਂ-ਬੋਲੀ ਹੈ, ਹਰ ਪੰਜਾਬੀ ਕਹਿੰਦਾ, ਸੁਣਦਾ ਹੈ, ਪ੍ਰੰਤੂ ਮੰਨਣ ਵਾਲੇ ਕਿੰਨੇ ਹਨ, ਇਹ ਪੰਜਾਬੀ ਬੋਲੀ ਦੀ ਵਰਤਮਾਨ ਦਸ਼ਾ ਨੂੰ ਵੇਖ ਕੇ ਭਲੀ-ਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਹੈ। ਨਾ ਸਰਕਾਰਾਂ, ਨਾ ਰਾਜਸੀ ਧਿਰਾਂ ਅਤੇ ਨਾ ਹੀ ਪੰਜਾਬੀ ਬੋਲੀ ਦੇ ਵੱਡੇ ਠੇਕੇਦਾਰ ਬੁੱਧੀਜੀਵੀ ਪੰਜਾਬੀ, ਪੰਜਾਬ ਮਾਂ-ਬੋਲੀ ਦੀ ਦਿਨੋ ਦਿਨ ਨਿਘਰਦੀ ਦਸ਼ਾ ਨੂੰ ਸੁਧਾਰਨ ਲਈ ਕਦੇ ਯਤਨਸ਼ੀਲ ਹੋਏ ਅਤੇ ਨਾ ਹੀ ਗੰਭੀਰ। ਸਾਰੇ ਸਿਰਫ਼ ਰਸਮੀ ਕਾਰਵਾਈ ਪੂਰੀ ਕਰਦੇ ਹਨ, ਉਸ ਤੋਂ ਪੰਜਾਬੀ ਬੋਲੀਏ ਤੇਰਾ ਕੌਣ ਵਿਚਾਰਾ, ਵਾਲੀ ਗੱਲ ਬਾਕੀ ਰਹਿ ਜਾਂਦੀ ਹੈ। ਮਾਂ ਬੋਲੀ ਦਿਵਸ ਰਸਮੀ ਆਉਂਦਾ ਹੈ, ਮਨਾਇਆ ਜਾਂਦਾ ਹੈ, ਬਹੁਗਿਣਤੀ ਨੂੰ ਸ਼ਾਇਦ ਇਸ ਦਿਹਾੜੇ ਦਾ ਅਹਿਸਾਸ ਵੀ ਨਹੀਂ ਹੁੰਦਾ, ਰਸਮੀ ਕਾਰਵਾਈਆਂ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਕਿਸੇ ਪਾਸੇ ਤੋਂ ਇਸ ਤਰ੍ਹਾਂ ਦਾ ਤਹੱਈਆ ਕਰਨ ਦੀ ਭਿਣਕ ਨਹੀਂ ਆਉਂਦੀ, ਜਿੱਥੇ ਪੰਜਾਬੀ ਮਾਂ-ਬੋਲੀ ਨੂੰ ਸੱਚੇ ਅਰਥਾਂ 'ਚ 'ਪਟਰਾਣੀ' ਬਣਾਉਣ ਦਾ ਬੀੜਾ ਚੁੱਕਣ ਦਾ ਅਮਲੀ ਫੈਸਲਾ ਹੋਇਆ ਹੋਵੇ।

ਉਹ ਮਾਂ-ਬੋਲੀ ਜਿਸ ਦਾ ਖਜ਼ਾਨਾ ਦੁਨੀਆ ਦੀਆਂ ਸਾਰੀਆਂ ਬੋਲੀਆਂ ਤੋਂ ਅਮੀਰ ਹੈ ਅਤੇ ਮਨੁੱਖਤਾ ਦਾ ਸੱਭ ਤੋਂ ਮਹਾਨ ਜੀਵਨ ਫਲਸਫ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਮੌਜੂਦ ਹੈ, ਉਸ ਬੋਲੀ ਨੂੰ ਜੇ ਅਸੀਂ 'ਗਵਾਰਾਂ' ਦੀ ਬੋਲੀ ਮੰਨਣ ਲੱਗ ਪਏ ਹਾਂ ਤਾਂ ਸਾਡੇ ਤੋਂ ਵੱਡਾ ਅਕ੍ਰਿਤਘਣ ਤੇ ਕਪੂਤ ਹੋਰ ਕੌਣ ਹੋ ਸਕਦਾ ਹੈ। ਅਕਾਲੀ ਭਾਈ ਜਿਨ੍ਹਾਂ ਨੇ ਪੰਜਾਬੀ ਬੋਲੀ ਦੇ ਨਾਮ ਤੇ ਸੂਬਾ ਬਣਵਾ ਕੇ, ਦੋ ਦਹਾਕੇ ਤੋਂ ਵੱਧ ਇਸ ਸੂਬੇ ਤੇ ਰਾਜ ਵੀ ਕੀਤਾ ਹੈ। ਉਹ ਵੀ ਪੰਜਾਬੀ ਬੋਲੀ ਨੂੰ ਸੂਬੇ 'ਚ ਮਾਂ ਬੋਲੀ ਦਾ ਰੁਤਬਾ ਦਿਵਾਉਣ ਲਈ ਕਦੇ ਗੰਭੀਰ ਨਹੀਂ ਹੋਏ। ਅੱਖਾਂ ਪੂੰਝਣ ਲਈ ਕਾਨੂੰਨ ਬਣਾ ਦਿੱਤਾ ਗਿਆ, ਜ਼ਿਲਾ ਪੱਧਰੀ ਕਮੇਟੀਆਂ ਸਥਾਪਿਤ ਕਰ ਦਿੱਤੀਆਂ ਗਈਆਂ, ਪ੍ਰੰਤੂ ਹਕੀਕੀ ਰੂਪ 'ਚ ਕੁਝ ਨਹੀਂ ਹੋਇਆ। 2008 'ਚ ਸੋਧੇ ਰਾਜ ਭਾਸ਼ਾ ਕਾਨੂੰਨ ਦੀ ਅਫ਼ਸਰਸ਼ਾਹੀ ਵੱਲੋਂ ਖੁੱਲ੍ਹੀ ਉਲੰਘਣਾ ਕਰਕੇ, ਮਾਂ-ਬੋਲੀ ਦੀ ਖਿੱਲੀ ਉਡਾਈ ਜਾ ਰਹੀ ਹੈ, ਪ੍ਰੰਤੂ ਪੰਜਾਬੀ ਸੂਬੇ ਦੇ ਪਿਤਾਮਾ, ਅੱਖਾਂ ਤੇ ਕੰਨ ਮੀਚੀ ਬੈਠੇ ਹਨ। ਆਪਣੇ ਬੱਚਿਆਂ ਨੂੰ ਜ਼ਰੂਰ ਪੰਜਾਬੀ ਦੀ ਥਾਂ ਅੰਗਰੇਜ਼ੀ ਜਾਂ ਹਿੰਦੀ ਦਾ ਪੂਰਾ ਪਹਿਰਾਵਾ ਪੁਆ ਚੁੱਕੇ ਹਨ। 16 ਮਾਰਚ 2010 ਨੂੰ ਚੰਡੀਗੜ੍ਹ 'ਚ ਵੀ ਪੰਜਾਬੀ ਨੂੰ ਪਹਿਲੀ ਭਾਸ਼ਾ ਦਿਵਾਉਣ ਦਾ ਮਤਾ ਪੰਜਾਬ ਰਾਜ ਭਾਸ਼ਾ ਸਲਾਹਕਾਰ ਬੋਰਡ ਨੇ ਪਾਸ ਕੀਤਾ ਸੀ, ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਨੇ ਇਸਨੂੰ ਚੰਡੀਗੜ੍ਹ 'ਚ ਲਾਗੂ ਕਰਵਾਉਣ ਲਈ ਭੋਰਾ-ਭਰ ਵੀ ਯਤਨ ਨਹੀਂ ਕੀਤਾ ਗਿਆ। ਜਿਸ  ਤੋਂ ਸਾਫ਼ ਹੈ ਕਿ ਅਸੀਂ ਮਨੋਂ ਆਪਣੀ ਮਾਂ-ਬੋਲੀ ਨਾਲ ਪਿਆਰ ਨਹੀਂ ਕਰਦੇ। ਇਸ ਲਈ ਉਸ ਵਾਸਤੇ ਕੁਝ ਵੀ ਕਰਨ 'ਚ ਸਾਡੀ ਕੋਈ ਦਿਲਚਸਪੀ ਨਹੀਂ ਹੈ।

ਮਾਂ-ਬੋਲੀ ਦਾ ਮੁਹਾਂਦਰਾ ਵਿਗਾੜਣ ਵਾਲੀ ਲਚਰੀ ਗਾਇਕੀ ਨੂੰ ਨੱਥ ਪਾਉਣ ਲਈ ਅਸੀਂ ਤੇ ਸਾਡੀ ਸਰਕਾਰ ਨੇ ਕੁਝ ਨਹੀਂ ਕੀਤਾ। ਪੰਜਾਬੀ 'ਚ ਨਰੋਏ ਸਾਹਿਤ ਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਕਦੇ ਕੋਈ ਕਦਮ ਨਹੀਂ ਚੁੱਕਿਆ ਗਿਆ। ਜਿਹੜੇ ਪੰਜਾਬੀ ਘਰਾਂ 'ਚੋਂ ਪੰਜਾਬੀ ਨੂੰ ਬਰੂਹਾਂ ਤੋਂ ਬਾਹਰ ਬਿਠਾ ਕੇ, ਘਰਾਂ 'ਚ ਹਿੰਦੀ-ਅੰਗਰੇਜ਼ੀ ਨੂੰ ਪ੍ਰਧਾਨਤਾ ਦਿੱਤੀ ਗਈ ਹੋਈ ਹੈ, ਉਨ੍ਹਾਂ ਨੂੰ ਕੋਈ ਫਿੱਟੇ ਮੂੰਹ ਕਹਿਣ ਦੀ ਜੁਰੱਅਤ ਨਹੀਂ ਕਰਦਾ। ਘਰ 'ਚ ਵਿਆਹ-ਸ਼ਾਦੀ ਦੇ ਮੌਕੇ, ਸਭ ਤੋਂ ਪਹਿਲਾ ਮਾਂ ਦਾ ਅਸ਼ੀਰਵਾਦ ਲਿਆ ਜਾਂਦਾ ਹੈ, ਪ੍ਰੰਤੂ ਅਸੀ ਆਪਣੀ ਮਾਂ ਦੇ ਮੂੰਹ ਤੇ ਉਸ ਸਮੇਂ ਕਰਾਰੀ ਚਪੇੜ ਮਾਰਦੇ ਹਾਂ, ਜਦੋਂ ਵਿਆਹ-ਸ਼ਾਦੀ ਜਾਂ ਹੋਰ ਕਿਸੇ ਸਮਾਗਮ ਦਾ ਕਾਰਡ ਮਾਂ-ਬੋਲੀ ਦੀ ਥਾਂ 'ਅੰਗਰੇਜ਼ੀ' 'ਚ ਛਪਵਾਉਣਾ ਆਪਣੀ 'ਟੌਹਰ' ਅਤੇ ਹੈਸੀਅਤ ਅਨੁਸਾਰ ਮੰਨਦੇ ਹਾਂ। ਸਾਡੇ ਬੁੱਧੀਜੀਵੀ ਵਰਗ ਨੇ ਪੰਜਾਬੀ ਮਾਂ-ਬੋਲੀ ਨੂੰ ਦੁਨੀਆ ਦੇ ਹਾਣ ਦਾ ਬਣਾਉਣ ਲਈ ਕਦੇ ਉਹ ਤਰੱਦਦ ਨਹੀਂ ਕੀਤਾ, ਜਿਹੜਾ ਦੂਜੀਆਂ ਬੋਲੀਆਂ ਦੇ ਦਾਨਿਸ਼ਵਰਾਂ ਵੱਲੋਂ ਕੀਤਾ ਗਿਆ ਹੈ। ਇਸ ਲਈ ਕਿੱਤਾ ਮੁਖੀ ਉਚ ਤਕਨੀਕੀ ਵਿੱਦਿਆ ਲਈ ਅਸੀਂ ਪੰਜਾਬੀ ਨੂੰ ਮਾਧਿਅਮ ਬਣਾਉਣ ਦੇ ਸਮਰੱਥ ਨਹੀਂ ਬਣਾ ਸਕੇ। ਕੰਪਿਊਟਰ ਅਤੇ ਤਕਨੀਕੀ ਸਦੀ 'ਚ ਪੰਜਾਬੀ ਬੋਲੀ ਇਨ੍ਹਾਂ ਦੇ ਹਾਣੀ ਨਹੀਂ ਹੋ ਸਕੀ। ਸਰਕਾਰਾਂ ਢਿੱਡੋਂ ਬੇਈਮਾਨ ਹਨ, ਉਚ ਅਫਸਰਸ਼ਾਹੀ ਪੰਜਾਬੀ ਨੂੰ ਨਫ਼ਰਤ ਕਰਦੀ ਹੈ। ਹਿੰਦੀ, ਪੰਜਾਬੀ ਨੂੰ ਹੜੱਪਣ ਲਈ ਉਤਾਵਲੀ ਹੈ, ਉਸ ਸਮੇਂ ਮਾਂ ਬੋਲੀ ਦਿਵਸ ਨੂੰ ਰਸਮੀ ਤੌਰ ਤੇ ਮਨਾਉਣ ਨਾਲ ਕੰਮ ਨਹੀਂ ਚੱਲਣਾ।

ਪੰਜਾਬੀ ਮਾਂ ਬੋਲੀ ਦੇ ਸਪੂਤਾਂ ਨੂੰ ਅੱਗੇ ਆ ਕੇ, ਆਪਣੀ ਮਾਂ ਦੇ ਸੱਚੇ ਸਪੂਤ ਹੋਣ ਦਾ ਪ੍ਰਮਾਣ ਦੇਣਾ ਹੋਵੇਗਾ, ਉਹ ਕਰਜ਼ ਜਿਹੜਾ ਪੁੱਤ-ਧੀਆਂ ਸਿਰ ਮਾਂ ਦਾ ਹੁੰਦਾ ਹੈ, ਉਸਨੂੰ ਚੁਕਾਉਣ ਲਈ ਮਾਂ ਦੀ ਸ਼ਾਨ ਦੀ ਬਹਾਲੀ ਕਰਨੀ ਹੋਵੇਗੀ। ਫਟੇ ਹਾਲ ਮਾਂ ਦਾ ਪੁੱਤ, ਨਾਢੂ ਖਾਂ ਬਣ ਕੇ ਵਿਚਰਦਾ ਕਦੇ ਕਿਸੇ ਨੂੰ ਸਪੂਤ ਨਹੀਂ ਲੱਗਿਆ, ਹਮੇਸ਼ਾ ਕਪੂਤ ਹੀ ਮੰਨਿਆ ਜਾਂਦਾ ਹੈ, ਇਸ ਲਈ ਹਰ ਪੰਜਾਬੀ ਨੂੰ ਆਪਣੀ ਆਤਮਾ ਤੋਂ ਇੱਕ ਵਾਰ ਖ਼ੁਦ ਹੀ ਪੁੱਛ ਲੈਣਾ ਚਾਹੀਦਾ ਹੈ ਕਿ ਉਹ ਸਪੂਤ ਹੈ ਜਾਂ ਕਪੂਤ?

Editorial
Jaspal Singh Heran

International