ਝੱਟ ਮੰਗਣੀ, ਪੱਟ ਵਿਆਹ, ਉਧਰੋਂ ਅਸਤੀਫ਼ਾ ਦਿੱਤਾ ਨਾਲ ਹੀ ਟਿਕਟ ਪੱਕੀ ਹੋਈ

ਮੱਧ ਪ੍ਰਦੇਸ 'ਚ ਕਾਂਗਰਸ ਸਰਕਾਰ ਦਾ ਭੋਗ ਪਾਉਣ ਲਈ, ਭਾਜਪਾ ਨੇ ਸਿੰਧੀਆ ਨੂੰ ਦਿੱਤੀ ਰਾਜ ਸਭਾ ਮੈਂਬਰੀ ਦੀ ਰਿਸ਼ਵਤ

ਨਵੀਂ ਦਿੱਲੀ,  11 ਮਾਰਚ (ਏਜੰਸੀਆਂ) ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਜਿਓਤੀਰਾਦਿੱਤਿਆ ਸਿੰਧੀਆ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ। ਗ਼ੌਰ ਕਰਨ ਵਾਲੀ ਗੱਲ ਹੈ ਕਿ 18 ਸਾਲ ਤਕ ਕਾਂਗਰਸ 'ਚ ਰਹੇ ਜਿਓਤੀਰਾਦਿੱਤਿਆ ਸਿੰਧੀਆ ਅੱਜ ਹੀ ਬੁੱਧਵਾਰ ਨੂੰ ਭਾਜਪਾ 'ਚ ਸ਼ਾਮਲ ਹੋਏ ਹਨ। ਭਾਜਪਾ 'ਚ ਸ਼ਾਮਲ ਹੋਣ ਤੋਂ ਕੁਝ ਦੇਰ ਬਾਆਦ ਪਾਰਟੀ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਲਈ ਉਮੀਦਵਾਰ ਐਲਾਨ ਕਰ ਦਿੱਤਾ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿੰਧੀਆ ਨੂੰ ਭਾਜਪਾ ਵੱਲੋਂ ਰਾਜ ਸਭਾ ਉਮੀਦਵਾਰ ਬਣਾਏ ਜਾਣ 'ਤੇ ਵਧਾਈ ਦਿੱਤੀ ਹੈ। ਸਿੰਧੀਆ ਤੋਂ ਇਲਾਵਾ ਭਾਜਪਾ ਨੇ ਕਈ ਆਗੂਆਂ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ। ਅਸਾਮ ਤੋਂ ਸ੍ਰੀ ਭੁਵਨੇਸ਼ਵਰ ਕਾਲੀਤਾ, ਬਿਹਾਰ ਤੋਂ ਸ੍ਰੀ ਵਿਵੇਕ ਠਾਕੁਰ, ਗੁਜਰਾਤ ਤੋਂ ਸ੍ਰੀ ਅਭੈ ਭਾਰਦਵਾਜ ਅਤੇ ਰਮੀਲਾਬੇਨ ਬਾਰਾ, ਝਾਰਖੰਡ ਤੋਂ ਦੀਪਕ ਪ੍ਰਕਾਸ਼, ਮਣੀਪੁਰ ਤੋਂ ਲਿਏਸੇਂਬਾ ਮਹਾਰਾਜਾ, ਮਹਾਰਾਸ਼ਟਰ ਤੋਂ ਸ੍ਰੀਮੰਤ ਉਦਯਨਾ ਰਾਜੇ ਭੋਂਸਲੇ, ਰਾਜਸਥਾਨ ਤੋਂ ਰਾਜਿੰਦਰ ਗਹਿਲੋਤ ਭਾਜਪਾ ਦੇ ਰਾਜ ਸਭਾ ਉਮੀਦਵਾਰ ਹੋਣਗੇ।

ਸਹਿਯੋਗੀ ਪਾਰਟੀਆਂ ਦੇ ਜਿਨ੍ਹਾਂ ਦਿੱਗਜਾਂ ਨੂੰ ਭਾਜਪਾ ਨੇ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ, ਉਨ੍ਹਾਂ 'ਚ ਆਰਪੀਆਈ (ਏ) ਦੇ ਰਾਮਦਾਸ ਆਠਵਲੇ ਅਤੇ ਬੀਪੀਐੱਫ਼ ਦੇ ਬ੍ਰਹਿਸਵੀਜੀਤ ਡਾਇਮਰੀ ਸ਼ਾਮਲ ਹਨ। ਆਠਵਲੇ ਮਹਾਰਾਸ਼ਟਰ ਤੋਂ ਤਾਂ ਡਾਇਮਰੀ ਅਸਾਮ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਉਂਜ ਸਿੰਧੀਆ ਦੀ ਉਮੀਦਵਾਰੀ ਸਭ ਤੋਂ ਦਿਲਚਸਪ ਹੈ ਜੋ ਮੱਧ ਪ੍ਰਦੇਸ਼ 'ਚ ਕਾਫ਼ੀ ਪ੍ਰਭਾਵਸ਼ਾਲੀ ਨੇਤਾ ਮੰਨੇ ਜਾਂਦੇ ਹਨ। ਆਉਣ ਵਾਲੇ ਦਿਨਾਂ 'ਚ ਮੱਧ ਪ੍ਰਦੇਸ਼ ਤੋਂ ਤਿੰਨ ਰਾਜ ਸਭਾ ਸੀਟਾਂ ਲਈ ਪੋਲਿੰਗ ਹੋਣੀ ਹੈ। ਇਕ ਸੀਟ 'ਤੇ ਜਿੱਤ ਲਈ ਘੱਟੋ-ਘੱਟ 58 ਵਿਧਾਇਕਾਂ ਦੀ ਲੋੜ ਹੈ। 107 ਵਿਧਾਇਕਾਂ ਦੀ ਬਦੌਲਤ ਭਾਜਪਾ ਦੇ ਹਿੱਸੇ 'ਚ ਇਕ ਸੀਟ ਜਾਣੀ ਤੈਅ ਹੈ। ਤੀਜੀ ਸੀਟ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ। ਦੂਜੇ ਪਾਸੇ ਕਾਂਗਰਸ ਦੇ 22 ਵਿਧਾਇਕਾਂ ਦੇ ਬਾਗੀ ਰੁਖ਼ ਕਾਰਨ ਲੜਾਈ ਹੋਰ ਦਿਲਚਸਪ ਹੋ ਗਈ ਹੈ। ਇੰਨਾ ਹੀ ਨਹੀਂ, ਮੱਧ ਪ੍ਰਦੇਸ਼ ਦੀ ਕਾਂਗਰਸ ਸਰਕਾਰ ਵੀ ਕਥਿਤ ਤੌਰ 'ਤੇ ਮੁਸ਼ਕਿਲ 'ਚ ਆ ਸਕਦੀ ਹੈ।

ਫਿਲਹਾਲ ਸਦਨ ਦੀਆਂ ਕੁੱਲ ਸੀਟਾਂ 228 ਹਨ, ਜਿਸ ਦੇ ਹਿਸਾਬ ਨਾਲ ਬਹੁਮਤ ਦਾ ਅੰਕੜਾ 115 ਹੈ ਪਰ ਜੇਕਰ ਕਾਂਗਰਸ ਦੇ 20 ਬਾਗੀ ਵਿਧਾਇਕ ਵੀ ਅਸਤੀਫ਼ਾ ਦੇ ਦਿੰਦੇ ਹਨ ਤਾਂ ਸਦਨ ਦੀਆਂ ਕੁੱਲ ਸੀਟਾਂ 208 ਤਕ ਆ ਜਾਣਗੀਆਂ ਅਤੇ ਭਾਜਪਾ ਨੂੰ ਬਹੁਮਤ ਸਾਬਦ ਕਰਨ ਲਈ ਸਿਰਫ਼ 104 ਸੀਟਾਂ ਦੀ ਲੋੜ ਹੋਵੇਗੀ। ਉੱਥੇ, ਕਾਂਗਰਸ ਨੂੰ ਵਿਧਾਨ ਸਭਾ 'ਚ ਭਾਜਪਾ ਨੂੰ ਹਰਾਉਣ ਲਈ ਘੱਟੋ-ਘੱਟ 15 ਵਿਧਾਇਕਾਂ ਦੀ ਲੋੜ ਹੋਵੇਗੀ ਜਿਨ੍ਹਾਂ ਨੂੰ ਇਕੱਠੇ ਕਰਨਾ ਕਾਂਗਰਸੀ ਲਈ ਕਾਫ਼ੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ । ਅੰਕੜੇ ਭਾਜਪਾ ਦੇ ਪੱਖ 'ਚ ਦਿਸ ਰਹੇ ਹਨ, ਜਿਸ ਦੇ ਸਦਨ 'ਚ 107 ਵਿਧਾਇਕ ਹਨ।

Jyotiraditya Scindia
BJP
Unusual
Politics
Madhya Pradesh

International