ਆਖ਼ਰ ਮੋਦੀ ਸਰਕਾਰ ਨੇ ਕਰੋਨਾ ਵਾਇਰਸ ਦੇ ਬਹਾਨੇ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ

ਵਿਰਾਸਤ-ਏ-ਖ਼ਾਲਸਾ ਵੀ ਹੋਇਆ ਬੰਦ

ਅੰਮ੍ਰਿਤਸਰ, 15 ਮਾਰਚ (ਚਰਨਜੀਤ ਸਿੰਘ) ਸਿੱਖ ਜਗਤ ਵਿਚ ਇਹ ਖ਼ਬਰ ਦੁਖ ਨਾਲ ਪੜੀ ਜਾਵੇਗੀ ਕਿ ਮੋਦੀ ਸਰਕਾਰ ਨੇ ਕਰੋਨਾ ਵਾਇਰਸ ਦ ਬਹਾਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਫ਼ਿਲਹਾਲ ਅਸਥਾਈ ਰੂਪ ਵਿਚ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਭਾਵੇਂਕਿ ਬੀਤੇ ਦਿਨ ਪਾਕਿਸਤਾਨ ਵਲੋਂ ਆਪਣੇ ਨਾਗਰਿਕਾਂ ਤੇ ਕਰਤਾਰਪੁਰ ਸਾਹਿਬ ਆਉਣ ਤੇ ਪਾਬੰਦੀ ਲਾ ਦਿੱਤੀ ਸੀ ਪ੍ਰੰਤੂ ਫ਼ਿਰ ਵੀ ਮੋਦੀ ਸਰਕਾਰ ਵਲੋਂ ਇਧਰਲੇ ਸਿੱਖਾਂ ਲਈ ਲਾਂਘਾ ਬੰਦ ਕਰਨਾ ਸਮਝ ਤੋਂ ਬਾਹਰਾ ਹੈ। ਕਰੋਨਾ ਵਾਇਰਸ ਦਾ ਅਸਰ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਤੇ ਵੀ ਪਿਆ ਹੈ।

ਬੀਤੇ ਕਲ ਪਾਕਿਸਤਾਨ ਸਰਕਾਰ ਨੇ ਆਪਣੇ ਦੇਸ਼ ਦੇ ਵਾਸੀਆਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਾ ਜਾਣ ਲਈ ਕਿਹਾ ਸੀ, ਅੱਜ ਭਾਰਤ ਸਰਕਾਰ ਨੇ ਵੀ ਅਗਲੇ ਹੁਕਮਾਂ ਤਕ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਨ ਕਰਨ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਰੋਕਿਆ ਹੈ। ਜਾਣਕਾਰੀ ਮੁਤਾਬਿਕ  ਦੋਹਾਂ ਸਰਕਾਰਾਂ ਨੇ ਆਪੋ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸਿਹਤ ਸੰਬਧੀ ਸੁਰਖਿਆ ਨੂੰ ਧਿਆਨ ਵਿਚ ਰਖ ਕੇ ਇਹ ਫੈਸਲਾ ਲਿਆ ਹੈ। ਇਥੇ ਇਹ ਵੀ ਦਸਣਯੋਗ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁਲਣ ਤੋ ਪਹਿਲਾਂ ਸੰਗਤਾਂ ਭਾਰਤ ਵਾਲੇ ਪਾਸੇ ਧੂਸੀ ਤੇ ਖੜ ਕੇ ਦੂਰਬੀਨ ਰਾਹੀ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸਨ ਕਰਦੀਆਂ ਸਨ। ਸ੍ਰੀ ਕਰਤਾਰਪੁਰ ਸਾਹਿਬ ਲਾਂਘਾ 9 ਨਵੰਬਰ 2019 ਨੂੰ ਖੋਹਲਿਆ ਗਿਆ ਸੀ ਤੇ ਇਹ ਸਿੱਖਾਂ ਦੀਆਂ 70 ਸਾਲ ਦੀਆਂ ਅਰਦਾਸਾਂ ਨੂੰ ਬੂਰ ਪਿਆ ਸੀ।

ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਵਿਰਾਸਤ-ਏ-ਖਾਲਸਾ ਬੰਦ

ਸ੍ਰੀ ਅਨੰਦਪੁਰ ਸਾਹਿਬ 15 ਮਾਰਚ (ਪ.ਬ.): ਭਾਰਤ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਐਤਵਾਰ ਨੂੰ ਪਾਜੀਟਿਵ ਮਰੀਜ਼ਾਂ ਦਾ ਅੰਕੜਾ ਵੱਧ ਕੇ 107 ਹੋ ਗਿਆ ਹੈ। ਦੇਸ਼ ਭਰ 'ਚ ਸਕੂਲ, ਕਾਲਜ, ਸੈਰ-ਸਪਾਟਾ ਕੇਂਦਰ, ਮੀਟਿੰਗਾਂ, ਇਕੱਠ, ਰੈਲੀਆਂ, ਖੇਡ ਮੁਕਾਬਲੇ ਰੱਦ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਨੇ ਵੀ ਕੋਰੋਨਾ ਤੋਂ ਬਚਾਅ ਲਈ ਕਈ ਅਹਿਮ ਕਦਮ ਚੁੱਕੇ ਹਨ। ਅੱਜ ਕੈਪਟਨ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਗਲੇ ਹੁਕਮਾਂ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿੱਤ ਵਿਰਾਸਤ-ਏ-ਖਾਲਸਾ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ।

ਰਿਪੋਰਟ ਮੁਤਾਬਿਕ ਸੂਬਾ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦੇ ਅਨੁਸਾਰ ਪੰਜਾਬ ਦੇ ਸੱਭਿਆਚਾਰਕ ਤੇ ਸੈਰ-ਸਪਾਟਾ ਵਿਭਾਗ ਅਧੀਨ ਆਉਂਦੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਨੂੰ ਅਗਲੇ ਹੁਕਮਾਂ ਤੱਕ ਸੈਲਾਨੀਆਂ ਲਈ ਬੰਦ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤ-ਏ-ਖਾਲਸਾ ਵੇਖਣ ਆਉਣ ਵਾਲੇ ਸੈਲਾਨੀਆਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਾ ਪ੍ਰੋਗਰਾਮ ਬਣਾਉਣ ਤੋਂ ਪਹਿਲਾਂ ਵਿਰਾਸਤ-ਏ-ਖਾਲਸਾ ਦੇ ਖੁੱਲ੍ਹੇ ਹੋਣ ਬਾਰੇ ਜਾਣਕਾਰੀ ਹਾਸਲ ਕਰ ਲੈਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਰਪੇਸ਼ ਨਾ ਆਵੇ। ਇਹ ਜਾਣਕਾਰੀ ਵਿਰਾਸਤ-ਏ-ਖਾਲਸਾ ਦੇ ਬੁਲਾਰੇ ਵੱਲੋਂ ਦਿੱਤੀ ਗਈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੇ ਸ੍ਰੀ ਹਰਿਮੰਦਰ ਸਾਹਿਬ ਪਲਾਜ਼ਾ ਦੀ ਬੇਸਮੈਂਟ 'ਚ ਸ਼ਰਧਾਲੂਆਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਸੀ। ਉੱਧਰ ਬੀਤੀ ਦਿਨੀਂ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਸਿਨੇਮਾ ਹਾਲ, ਸ਼ੌਪਿੰਗ ਮਾਲ, ਰੈਸਟੋਰੈਂਟ ਅਤੇ ਜਿੰਮ ਆਦਿ ਬੰਦ ਕਰਨ ਦੇ ਹੁਕਮ ਦਿੱਤੇ ਸਨ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਸੂਬੇ ਦੇ ਸਾਰੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ 31 ਮਾਰਚ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਉੱਧਰ ਭਾਰਤ ਦੇ ਗ੍ਰਹਿ ਮੰਤਰਾਲੇ ਨੇ 16 ਮਾਰਚ ਤੋਂ ਕਰਤਾਰਪੁਰ ਸਾਹਿਬ ਦੀ ਯਾਤਰਾ ਉੱਤੇ ਅਗਲੇ ਹੁਕਮ ਤੱਕ ਰੋਕ ਲਗਾ ਦਿੱਤੀ ਹੈ। ਪਿਛਲੇ ਸਾਲ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ।

Unusual
Kartarpur Corridor
Virasat-e-Khalsa
pm narendra modi
Center Government

International