ਸਾਰਕ ਦੇਸ਼ਾਂ ਨੂੰ ਮੋਦੀ ਨੇ ਦਿੱਤਾ ਮੰਤਰ - ਘਬਰਾਉਣ ਦੀ ਨਹੀਂ ਸਾਵਧਾਨ ਰਹਿਣ ਦੀ ਲੋੜ

ਮਹਾਂਮਾਰੀ ਫੰਡ ਲਈ ਦਿੱਤੇ 10 ਮਿਲੀਅਨ ਡਾਲਰ

ਨਵੀਂ ਦਿੱਲੀ 15 ਮਾਰਚ (ਏਜੰਸੀਆਂ) ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਵਾਇਰਸ ਦੇ ਵਿਸ਼ਵ ਪੱਧਰੀ ਪ੍ਰਭਾਵ ਨੂੰ ਵੇਖਦਿਆਂ ਸਾਰਕ ਦੇਸ਼ਾਂ ਦੇ ਮੈਂਬਰਾਂ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਭਾਰਤ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇੱਕ ਐਮਰਜੈਂਸੀ ਫੰਡ ਦਾ ਸੁਝਾਅ ਦਿੱਤਾ ਹੈ। ਮੋਦੀ ਨੇ ਸਾਰਕ ਦੇਸ਼ਾਂ ਲਈ 74 ਕਰੋੜ ਰੁਪਏ ਦੇ ਫੰਡ ਦਾ ਪ੍ਰਸਤਾਵ ਰੱਖਿਆ ਹੈ। ਫੰਡ ਦਾ ਨਾਮ ਕੋਵਿਡ19 ਐਮਰਜੈਂਸੀ ਫੰਡ ਹੋਵੇਗਾ। ਭਾਰਤ ਸ਼ੁਰੂ 'ਚ ਇਸ ਫੰਡ 'ਚ 10 ਮਿਲੀਅਨ ਡਾਲਰ ਮਤਲਬ ਲਗਭਗ 74 ਕਰੋੜ ਰੁਪਏ ਫੰਡ ਨੂੰ ਦੇਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਰਕ ਦੇਸ਼ਾਂ ਦੇ ਨੇਤਾਵਾਂ ਅਤੇ ਸਾਰਕ ਦੇਸ਼ਾਂ ਦੇ ਨੁਮਾਇੰਦਿਆਂ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਰਣਨੀਤੀ ਬਣਾਉਣ ਲਈ ਵੀਡੀਓ ਕਾਨਫ਼ਰੰਸਿੰਗ 'ਚ ਹਿੱਸਾ ਲਿਆ।

ਇਸ ਦੌਰਾਨ ਪੀਐਮ ਮੋਦੀ ਨੇ ਕਿਹਾ, “ਸਾਰਕ ਖੇਤਰ ਵਿੱਚ ਕੋਰੋਨਾ ਵਾਇਰਸ ਦੇ ਤਕਰੀਬਨ 150 ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਤਿਆਰ ਰਹੋ ਪਰ ਘਬਰਾਓ ਨਾ... ਇਹੀ ਸਾਡਾ ਮੰਤਰ ਹੈ। ਵਿਕਾਸਸ਼ੀਲ ਦੇਸ਼ਾਂ ਲਈ ਇਹ ਵੱਡੀ ਚੁਣੌਤੀ ਹੈ। ਅਸੀਂ ਇਸ ਨਾਲ ਨਜਿੱਠਣ ਲਈ ਸਮੇਂ ਸਿਰ ਕਦਮ ਚੁੱਕੇ ਹਨ।“ ਦਰਅਸਲ, ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਸਾਰਕ ਦੇਸ਼ਾਂ ਦੇ ਮੈਂਬਰਾਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਰਣਨੀਤੀ ਤਿਆਰ ਕਰਨ ਅਤੇ ਵਿਚਾਰ-ਵਟਾਂਦਰੇ ਲਈ ਪ੍ਰਸਤਾਵ ਦਿੱਤਾ ਸੀ। ਸਾਰਕ ਦੇਸ਼ਾਂ ਦੀ ਵੀਡੀਓ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਮੈਂ ਇਸ ਵਿਸ਼ੇਸ਼ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸਾਡੇ ਮਿੱਤਰ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਜੋ ਆਪਣੀ ਤਾਜ਼ਾ ਸਰਜਰੀ ਤੋਂ ਤੁਰੰਤ ਬਾਅਦ ਸਾਡੇ ਨਾਲ ਗੱਲਬਾਤ 'ਚ ਸ਼ਾਮਲ ਹੋਏ ਹਨ।

ਮੈਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।“ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਜਿਵੇਂ ਕਿ ਅਸੀਂ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਮੈਂ ਇਸ ਵਾਇਰਸ ਨਾਲ ਨਜਿੱਠਣ ਲਈ ਭਾਰਤ ਦੇ ਤਜ਼ਰਬੇ ਨੂੰ ਸੰਖੇਪ ਵਿੱਚ ਸਾਂਝਾ ਕਰਨਾ ਚਾਹਾਂਗਾ। ਸਾਡਾ ਮਾਰਗ ਦਰਸ਼ਕ ਮੰਤਰ ਹੈ - 'ਤਿਆਰ ਰਹੋ, ਪਰ ਘਬਰਾਓ ਨਾ'। ਅਸੀਂ ਕੋਰੋਨਾ ਵਾਇਰਸ ਦੇ ਫੈਲਣ ਦੇ ਮੱਦੇਨਜ਼ਰ ਮੱਧ ਜਨਵਰੀ ਤੋਂ ਭਾਰਤ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਹੌਲੀ-ਹੌਲੀ ਯਾਤਰਾ ਪਾਬੰਦੀ ਵਧਾਈ। 1400 ਨਾਗਰਿਕਾਂ ਨੂੰ ਵੱਖ-ਵੱਖ ਦੇਸ਼ਾਂ ਤੋਂ ਭਾਰਤ ਵਾਪਸ ਲਿਆਂਦਾ ਗਿਆ ਹੈ। ਭਾਰਤ 'ਚ ਕੋਰੋਨਾ ਦੀ ਜਾਂਚ ਲਈ 66 ਲੈਬਾਂ ਬਣਾਈਆਂ ਗਈਆਂ ਹਨ। ਡਬਲਿਊ.ਐਚ.ਓ. ਨੇ ਇਸ ਨੂੰ ਮਹਾਂਮਾਰੀ ਐਲਾਨਿਆ ਹੈ। ਸਾਰਕ ਦੇਸ਼ਾਂ ਨੂੰ ਇਕੱਠੇ ਹੋ ਕੇ ਕਦਮ ਚੁੱਕਣ ਦੀ ਲੋੜ ਹੈ।“

Unusual
COVID-19
India
SAARC

International