ਅਜੇ ਮੈਂ ਜਵਾਨ ਹਾਂ, ਬੁੱਢਾ ਨਹੀਂ ਹੋਇਆ…

ਅਗਲੀਆਂ ਚੋਣਾਂ ਵੀ ਜ਼ਰੂਰ ਲੜਾਂਗਾ : ਕੈਪਟਨ ਅਮਰਿੰਦਰ

ਚੰਡੀਗੜ੍ਹ, 16 ਮਾਰਚ, (ਮਨਜੀਤ ਸਿੰਘ ਚਾਨਾ/ਹਰੀਸ਼ ਚੰਦਰਬਾਂਗਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀ ਤੀਜੀ ਵਰ੍ਹੇਗੰਢ ਮੌਕੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਅੱਜ ਸਾਰੀਆਂ ਕਿਆਸਰਾਈਆਂ ਨੂੰ ਦਰਕਿਨਾਰ ਕਰਦਿਆਂ ਕਿਹਾ ਹੈ ਕਿ ਉਹ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਜ਼ਰੂਰ ਲੜਨਗੇ। ਇਕ ਸਵਾਲ ਦੇ ਜਵਾਬ ਦਿੰਦਿਆਂ ਕੈਪਟਨ ਨੇ ਹਲਕੇ ਜਿਹੇ ਲਹਿਜ਼ੇ ਵਿਚ ਕਿਹਾ, 'ਮੈਂ ਅਜੇ ਵੀ ਪੂਰਾ ਜਵਾਨ ਹਾਂ। ਕੀ ਤੁਸੀਂ ਸੋਚਦੇ ਹੋ ਕਿ ਚੋਣਾਂ ਲੜਨ ਲਈ ਮੈਂ ਬੁੱਢਾ ਹੋ ਗਿਆ?'

ਇਸ ਦੌਰਾਨ ਪਾਰਟੀ ਲੰਮੇ ਅਰਸੇ ਤੋਂ ਨਰਾਜ਼ ਚੱਲ ਰਹੇ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਭੂਮਿਕਾ ਤੇ ਪੁਜ਼ੀਸ਼ਨ ਬਾਰੇ ਪੁੱਛੇ ਗਏ ਇਕ ਸਵਾਲ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਸਿੱਧੂ, ਕਾਂਗਰਸ ਪਾਰਟੀ ਅਤੇ ਟੀਮ ਦਾ ਹਿੱਸਾ ਹਨ ਅਤੇ ਕਿਸੇ ਵੀ ਫੈਸਲੇ 'ਤੇ ਅਸੀਂ ਉਸ ਦੀਆਂ ਇੱਛਾਵਾਂ 'ਤੇ ਵਿਚਾਰ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿੱਧੂ ਨੂੰ ਉਨ੍ਹਾਂ ਦੇ ਬਚਪਨ ਤੋਂ ਜਾਣਦੇ ਹਨ ਅਤੇ ਉਨ੍ਹਾਂ ਦਾ ਸਿੱਧੂ ਨਾਲ ਕੋਈ ਨਿੱਜੀ ਮਸਲਾ ਨਹੀਂ ਹੈ। ਸ੍ਰੀ ਸਿੱਧੂ ਵੱਲੋਂ ਪੰਜਾਬ ਨਾਲ ਸਬੰਧਤ ਮਸਲੇ ਸੂਬਾਈ ਲੀਡਰਸ਼ਿਪ ਕੋਲ ਉਠਾਉਣ ਦੀ ਬਜਾਏ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲ ਉਠਾਉਣ ਬਾਰੇ ਸਵਾਲ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਿੱਚ ਕਿਸੇ ਨਾਲ ਕੋਈ ਵੀ ਮੁੱਦਾ ਵਿਚਾਰਨ ਦਾ ਸਵਾਗਤ ਕਰਦੇ ਹਨ।

Unusual
Capt Amarinder Singh
Punjab Politics
Punjab Congress

International