ਦਿੱਲੀ ਦੀ ਸਿੱਖ ਜਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਤਿਹਾੜ ਜੇਲ੍ਹ ਮੂਹਰੇ ਧਰਨਾ

ਨਵੀਂ ਦਿੱਲੀ, 21 ਮਈ (ਮਨਪ੍ਰੀਤ ਸਿੰਘ ਖ਼ਾਲਸਾ) : ਜਥਾ ਸ੍ਰੀ ਅਕਾਲ ਤਖਤ ਸਾਹਿਬ (ਦਿੱਲੀ ਯੂਨਿਟ), ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ, ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਤਿਹਾੜ ਜੇਲ ਦੇ ਸਾਹਮਣੇ ਰਾਜਸੀ ਬੰਦੀ ਸਿੰਘਾਂ ਦੀ ਪੈਰੋਲ ਤੇ ਰਿਹਾਈ ਲਈ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਜਥੇ ਦੇ ਆਗੂ ਦਲਜੀਤ ਸਿੰਘ ਅਤੇ ਗੁਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਸਿੱਖ ਬੰਦੀ ਸਿੰਘਾਂ ਜਿਨ੍ਹਾਂ ਵਿੱਚ ਭਾਈ ਦਿਆ ਸਿੰਘ ਲਹੌਰੀਆ, ਸਰਬੱਤ ਖਾਲਸਾ ਵੱਲੋਂ ਨਾਮਜ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਮਾਣਮੱਤਾ ਇਤਿਹਾਸ ਸਿਰਜਣ ਵਾਲੇ ਸਿੰਘਾਂ ਨੂੰ ਮਹਾਂਮਾਰੀ ਦੌਰਾਨ ਪੈਰੋਲ ਤੇ ਰਿਹਾਅ ਕਰਨ ਤੇ ਵਿਤਕਰਾ ਕਰ ਰਹੀ ਹੈ।

ਦਿੱਲੀ ਸਰਕਾਰ ਨੇ 3500 ਤੋਂ ਵੱਧ ਕੈਦੀ ਮਹਾਂਮਾਰੀ ਦੌਰਾਨ ਪੈਰੋਲ ਤੇ ਛੱਡੇ ਹਨ ਜਿਨ੍ਹਾਂ ਤੇ ਨਸ਼ੇ, ਬਲਾਤਕਾਰ, ਡਾਕੇ, ਚੋਰੀ, ਕਤਲਾਂ ਆਦਿ ਗੰਭੀਰ ਦੋਸ਼ ਹਨ। ਅੱਜ ਦੇ ਧਰਨੇ ਦੀ ਆਰੰਭਤਾ ਸਵੇਰੇ 11:00 ਵਜੇ ਗੁਰਪਾਲ ਸਿੰਘ ਵੱਲੋਂ ਅਰਦਾਸ ਕਰਕੇ ਆਰੰਭ ਕੀਤੀ ਗਈ ਜਿਸ ਵਿੱਚ 70 ਤੋਂ ਵੱਧ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਰੋਸ ਧਰਨਾ ਦੁਪਹਿਰ ਤਿੰਨ ਵਜੇ ਤੱਕ ਚੱਲਿਆ। ਧਰਨਾਕਾਰੀਆਂ ਨੇ ਆਪਣੀ ਭਾਵਨਾ ਅਤੇ ਪਿਆਰ ਜਿਤਾਉਂਦੇ ਹੋਏ ਕਿਹਾ ਕਿ ਉਹ ਆਪਣੇ ਹਰਮਨ ਪਿਆਰੇ ਬੰਦੀ ਸਿੰਘਾਂ ਨੂੰ ਪੈਰੋਲ ਤੇ ਰਿਹਾਅ ਕਰਵਾਉਣ ਲਈ ਉਨ੍ਹਾਂ ਦੇ ਬਦਲੇ ਖੁਦ ਜੇਲ ਜਾਣ ਨੂੰ ਤਿਆਰ ਹਨ।

ਇਸ ਧਰਨੇ ਵਿਚ ਜਾਗੋ ਪਾਰਟੀ ਤੋਂ ਚਮਨ ਸਿੰਘ, ਸਾਬਕਾ ਐਮ. ਐਲ. ਏ ਅਵਤਾਰ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਇਕਬਾਲ ਸਿੰਘ, ਹਰਮੀਤ ਸਿੰਘ ਪਿੰਕਾ, ਦਲਜੀਤ ਸਿੰਘ, ਗੁਰਪਾਲ ਸਿੰਘ, ਜਗਪਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਮਨ ਸਿੰਘ, ਬਲਵਿੰਦਰ ਸਿੰਘ, ਅਤਰ ਸਿੰਘ, ਚਰਨਜੀਤ ਸਿੰਘ ਆਦਿ ਸ਼ਾਮਲ ਸਨ।

Unusual
Sikhs
New Delhi
Jail

International