ਵਾਹ ਨੀ ਸਰਕਾਰੇ! ਹੁਣ ਮਾਸਟਰ ਕਰਨਗੇ ਸ਼ਰਾਬ ਦੀ ਰਾਖੀ..?

ਰੌਲਾ ਪੈਣ ਤੇ ਹੁਕਮ ਵਾਪਸ

ਗੁਰਦਾਸਪੁਰ/ਚੰਡੀਗੜ੍ਹ 21 ਮਈ (ਗੁਰਬਚਨ ਸਿੰਘ ਪਵਾਰ/ਮਨਜੀਤ ਚਾਨਾ) : ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਕੋਰੋਨਾਵਾਇਰਸ ਦੀ ਰੋਕਥਾਮ ਲਈ ਜਾਰੀ ਤਾਲਾਬੰਦੀ ਦੌਰਾਨ ਹੁਣ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਹਿਸਾਬ-ਕਿਤਾਬ ਕਰਨਗੇ। ਇਹ ਹੁਕਮ ਗੁਰਦਾਸਪੁਰ ਦੇ ਡੀਸੀ ਨੇ ਜਾਰੀ ਕੀਤੇ ਹਨ ਤਾਂ ਜੋ ਸ਼ਰਾਬ ਫੈਕਟਰੀਆਂ ਵਿੱਚ ਹੋ ਰਹੀ ਧਾਂਦਲੀ ਰੋਕੀ ਜਾ ਸਕੇ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਸ਼ਫ਼ਾਕ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਅਧਿਆਪਕਾਂ ਨੂੰ ਫੈਕਟਰੀ ਵਿੱਚ ਬਣੀਆਂ ਸ਼ਰਾਬ ਦੀਆਂ ਬੋਤਲਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਗਿਆ ਹੈ।

ਆਦੇਸ਼ ਮੁਤਾਬਕ ਅਧਿਆਪਕ ਇਹ ਯਕੀਨੀ ਬਣਾਉਣਗੇ ਕਿ ਕਿੰਨੀਆਂ ਬੋਤਲਾਂ ਬਣੀਆਂ ਤੇ ਕਿੰਨੀਆਂ ਵਿਕੀਆਂ ਹਨ। ਡੀਸੀ ਦੇ ਇਸ ਹੁਕਮ ਨੂੰ ਅਧਿਆਪਕਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਅਧਿਆਪਕਾਂ ਨੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾ ਦਿੱਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਹੁਕਮ ਰੱਦ ਨਾ ਹੋਏ ਤਾਂ ਉਹ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਨਗੇ।

ਗੁਰਦਾਸਪੁਰ ਜ਼ਿਲੇ 'ਚ ਜਿਵੇਂ ਹੀ ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਸ਼ਰਾਬ ਦੀਆਂ ਫੈਕਟਰੀਆਂ 'ਚ ਸਪਲਾਈ ਮੌਨੀਟਰ ਕਰਨ ਲਈ ਡਿਊਟੀ ਮੈਜਿਸਟਰੇਟ ਵਜੋਂ ਲਗਾਉਣ ਦਾ ਮਾਮਲਾ ਭਖਿਆ, ਉਵੇਂ ਹੀ  ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਤੁਰੰਤ ਇਹ ਡਿਊਟੀਆਂ ਰੱਦ ਕਰਵਾ ਦਿੱਤੀਆਂ। ਕੈਬਨਿਟ ਮੰਤਰੀ ਨੇ ਹੋਰਨਾਂ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਸਿਵਾਏ ਐਮਰਜੈਂਸੀ ਕੋਵਿਡ ਡਿਊਟੀ ਤੋਂ, ਸਕੂਲਾਂ ਦੇ ਅਧਿਆਪਕਾਂ ਦੀਆਂ ਡਿਊਟੀਆਂ ਅਜਿਹੇ ਕਿਸੇ ਵੀ ਕੰਮ ਲਈ ਨਾ ਲਗਾਈਆਂ ਜਾਣ। ਉਨਾਂ ਕਿਹਾ ਕਿ ਹਾਲਾਂਕਿ ਸੂਬੇ 'ਚ ਸਕੂਲ ਨਹੀਂ ਖੁੱਲ ਰਹੇ ਪਰ ਫਿਰ ਵੀ ਅਧਿਆਪਕ ਵੱਖ-ਵੱਖ ਮਾਧਿਅਮਾਂ ਰਾਹੀਂ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲੈ ਰਹੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਸਿੱਖਿਆ ਵਿਭਾਗ ਦਾ ਹਰੇਕ ਅਧਿਕਾਰੀ ਤੇ ਕਰਮਚਾਰੀ ਵਧਾਈ ਦਾ ਪਾਤਰ ਹੈ।

Liquor
Teachers
Punjab Government

International