ਭਲੇ ਅਮਰਦਾਸ ਗੁਣ ਤੇਰੇ...

ਜਸਪਾਲ ਸਿੰਘ ਹੇਰਾਂ
ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਥਾਵਿਆਂ ਦੇ ਥਾਂਵ ਤੇ ਨਿਓਟਿਆ ਦੀ ਓਟ, ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਦਾਸ ਜੀ ਦਾ  ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਅਵਤਾਰ ਦਿਹਾੜਾ ਹੈ।  ਇਹ  ਕੌਮ ਦੀ ਸਭ ਤੋਂ ਵੱਡੀ ਤਰਾਸਦੀ ਆਖੀ ਜਾਵੇਗੀ ਕਿ ਅਸੀਂ ਗੁਰੂ ਸਾਹਿਬਾਨ ਦੇ ਗੁਰਪੁਰਬ ਦੀ ਮਿਲਜੁਲ ਕੇ ਇੱਕ ਦਿਨ ਮਨਾਉਣ ਲਈ ਤਿਆਰ ਨਹੀਂ ਹਾਂ। ਗੰਦੀ ਸਿਆਸਤ ਨੇ ਕੌਮ ਦੇ ਵਿੱਚ ਅਜਿਹੀਆਂ ਵੱਡੀਆਂ ਪਾ ਦਿੱਤੀਆਂ ਹਨ। ਜਿੰਨ੍ਹਾਂ ਕਾਰਣ ਅਸੀਂ ਗੁਰੂ ਸਾਹਿਬਾਨ ਤੋਂ ਵੀ ਅਸੀਂ ਇੱਕ ਤਰ੍ਹਾਂ ਬੇਮੁੱਖ ਹੋ ਗਏ ਹਾਂ। ਅੱਜ ਉਸ ਮਹਾਨ ਰਹਿਬਰ, ਜਿਸਨੇ ਸਿੱਖ ਧਰਮ ਦੀ ਅਧਿਆਤਮਕ ਰੌਸ਼ਨੀ ਨੂੰ ਚਹੁੰ ਕੂੰਟਾਂ 'ਚ ਪਹੁੰਚਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ, ਉਨ੍ਹਾਂ ਵੱਲੋਂ ਚੁੱਕ ਗਏ ਇਨਕਲਾਬੀ ਕਦਮਾਂ ਨੂੰ ਯਾਦ ਕਰਨ ਦਾ ਸਮਾਂ ਹੈ, ਜਿਨ੍ਹਾਂ ਨੇ ਸਿੱਖ ਧਰਮ ਦੀ ਵਿਲੱਖਣਤਾ ਦੇ ਰੰਗ ਨੂੰ ਹੋਰ ਗੂੜ੍ਹਾ ਕੀਤਾ ਸੀ। ਜਗਤ ਬਾਬਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਮਹਾਨ ਇਨਕਲਾਬ ਦੀ, ਜਿਹੜਾ ਮਨੁੱਖਤਾ 'ਚ ਬਰਾਬਰੀ ਪੈਦਾ ਕਰਨ ਤੇ ਹਰ ਤਰ੍ਹਾਂ ਦੇ ਸ਼ੋਸ਼ਣ ਦਾ ਟਾਕਰਾ ਕਰਨ ਲਈ ਆਰੰਭਿਆ ਸੀ, ਗੁਰੂ ਅਮਰਦਾਸ ਜੀ ਨੇ ਉਸ ਨੀਂਹ ਨੂੰ ਹੋਰ ਪਕੇਰਾ ਕੀਤਾ। ਪ੍ਰੰਤੂ ਅੱਜ ਅਸੀਂ ਇਹ ਵੀ ਸੋਚਣਾ ਹੈ ਕਿ ਉਨ੍ਹਾਂ ਬੁਨਿਆਦੀ ਸਿਧਾਂਤਾਂ ਦੀ ਸਾਡੀ ਕੌਮ ਕਿੰਨੀ ਕੁ ਪਾਲਣਾ ਕਰਦੀ ਹੈ? ਗੁਰੂ ਅਮਰਦਾਸ ਜੀ ਨੇ ਮਨੁੱਖ ਦੀ ਭਟਕਣਾ ਨੂੰ ਮਿਟਾਉਣ ਲਈ ਸਦੀਵੀ ਨੁਸਖ਼ਾ, ''ਮਨ ਤੂੰ ਜੋਤਿ ਸਰੂਪ ਹੈ, ਆਪਣਾ ਮੂਲ ਪਛਾਣ'', ਦੇ ਰੂਪ 'ਚ ਦਿੱਤਾ, ਆਪਣੇ ਮੂਲ ਨੂੰ ਪਛਾਣ ਕੇ, ਉਸ ਨਾਲ ਸਦੀਵੀ ਰੂਪ 'ਚ ਜੁੜ ਕੇ ਕੋਈ ਵੀ ਆਤਮਾ, ਪ੍ਰਮਾਤਮਾ ਦਾ ਰੂਪ ਬਣ ਜਾਂਦੀ ਹੈ, ਪ੍ਰੰਤੂ ਅਸੀਂ ਅੱਜ ਮੂਲ ਤੋਂ ਟੁੱਟ ਕੇ, ਭਟਕਣ ਦਾ ਸ਼ਿਕਾਰ ਹੋ ਗਏ ਹਾਂ।

ਗੁਰੂ ਤੇ ਗੁਰਬਾਣੀ ਦਾ ਪੱਲ੍ਹਾ ਛੱਡ ਕੇ ਮੁੜ ਤੋਂ ਬ੍ਰਾਹਮਣਵਾਦੀ ਵਹਿਮਾਂ-ਭਰਮਾਂ, ਪਾਖੰਡਾਂ ਤੇ ਆਡੰਬਰ ਦਾ ਸ਼ਿਕਾਰ ਬਣ ਗਏ ਹਾਂ। ਸਿੱਖਾਂ 'ਚ ਚੇਤਨਤਾ ਪੈਦਾ ਕਰਨ ਲਈ ਸਿੱਖੀ ਦੇ ਪ੍ਰਚਾਰ ਲਈ ਜਿਹੜੀਆਂ 22 ਮੰਜੀਆਂ ਦੀ ਪ੍ਰੰਪਰਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ, ਉਨ੍ਹਾਂ ਮੰਜੀਆਂ ਦਾ ਆਧੁਨਿਕ ਰੂਪ ਵੀ ਬਿਖ਼ਰ ਗਿਆ ਹੈ ਅਤੇ ਅਸੀਂ ਗੁਰੂ ਘਰਾਂ ਨੂੰ ਗਿਆਨ ਦੀ ਥਾਂ ਅਗਿਆਨ ਦਾ ਕੇਂਦਰ ਬਣਾਉਣ ਦੇ ਰਾਹ ਤੁਰ ਪਏ ਹਾਂ। ਸਾਡੇ ਧਾਰਮਿਕ ਆਗੂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾਲ ਗ੍ਰੱਸੇ ਗਏ ਹਨ ਅਤੇ ਉਨ੍ਹਾਂ ਆਪਣੇ ਸੁਆਰਥ ਲਈ ਗੁਰਮਤਿ ਦੀ ਥਾਂ, ਮਨਮੱਤ ਫੈਲਾਉਣੀ ਸ਼ੁਰੂ ਕਰ ਦਿੱਤੀ ਹੈ। ਗੁਰੂ ਅਮਰਦਾਸ ਜੀ ਨੇ ਜਾਤ-ਪਾਤ, ਛੂਆ-ਛਾਤ ਵਿਰੁੱਧ ਪ੍ਰਚਾਰ ਹੀ ਨਹੀਂ ਸਗੋਂ ਇਸਨੂੰ ਅਮਲੀ ਰੂਪ 'ਚ ਲਾਗੂ ਕਰਨ ਲਈ ਸਖ਼ਤ ਤੇ ਮਹਾਨ ਰਵਾਇਤ ਆਰੰਭੀ ਸੀ। ਪੰਗਤ 'ਚ ਬੈਠ ਕੇ, ਲੰਗਰ ਛਕੇ ਤੋਂ ਬਿਨਾਂ, ਉਨ੍ਹਾਂ ਦੇਸ਼ ਦੇ ਹਾਕਮ, ਅਕਬਰ ਵਰਗੇ ਮਹਾਨ ਬਾਦਸ਼ਾਹ ਨੂੰ ਵੀ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਅੱਜ ਗੁਰੂ ਦੇ ਲੰਗਰਾਂ 'ਚ ਸੰਗਤ ਤੇ ਪੰਗਤ ਦੀ ਮਹਾਨ ਪ੍ਰੰਪਰਾ ਨਾਲ ਵੀ ਖਿਲਵਾੜ ਸ਼ੁਰੂ ਹੋ ਗਿਆ ਹੈ। ਖ਼ਾਸ ਲੋਕਾਂ ਲਈ ਖਾਸ ਲੰਗਰ, ਖ਼ਾਸ ਕਮਰੇ, ਵੱਡੇ ਲੋਕ, ਸੰਗਤ ਤੇ ਪੰਗਤ ਤੋਂ ਕੋਹਾਂ ਦੂਰ ਚਲੇ ਗਏ ਹਨ। ਗੋਇਦਵਾਲ ਸਾਹਿਬ ਦੀ ਬਾਉਲੀ ਸੁੱਚ-ਭਿੱਟ ਤੇ ਛੂਆ-ਛਾਤ ਨੂੰ ਮਿਟਾਉਣ ਦਾ ਅਮਲੀ ਰਾਹ ਸੀ। ਸਮਾਜ 'ਚ ਫੈਲੀਆਂ ਕੁਰਤੀਆਂ ਨੂੰ ਦੂਰ ਕਰਨ ਲਈ ਵੀ ਉਨ੍ਹਾਂ ਜ਼ੁਬਾਨੀ ਉਪਦੇਸ਼ ਨਹੀਂ ਦਿੱਤੇ, ਸਗੋਂ ਹਕੀਕੀ ਰੂਪ 'ਚ ਲਾਗੂ ਕੀਤੇ ਅਤੇ ਕਰਵਾਏ।

ਸਤੀ ਹੋਣ ਦੀ ਰਸਮ ਨੂੰ ਬੰਦ ਕਰਵਾਉਣਾ, ਉਸ ਸਮੇਂ ਦੇ ਮੰਨੂਵਾਦੀ ਸਮਾਜ 'ਚ ਸੰਭਵ ਨਹੀਂ ਸੀ, ਪ੍ਰੰਤੂ ਗੁਰੂ ਸਾਹਿਬ ਨੇ ਇਹ ਕਰਕੇ ਵਿਖਾਇਆ ਤੇ ਵਿਧਵਾ  ਵਿਆਹ ਦੀ ਪਿਰਤ ਵੀ ਆਰੰਭੀ, ਸੂਤਕ ਦੇ ਵਹਿਮ ਨੂੰ ਤੋੜ੍ਹਿਆ, ਗੁਰੂ ਸਾਹਿਬ ਦੇ ਇਨ੍ਹਾਂ ਇਨਕਲਾਬੀ ਕਦਮਾਂ ਨਾਲ, ਭਾਰਤ 'ਚ ਪਸ਼ੂਆਂ ਤੋਂ ਵੀ ਮਾੜਾ ਜੀਵਨ ਜਿਊ ਰਹੀ ਔਰਤ ਨੂੰ ਅਜ਼ਾਦੀ ਤੇ ਵੱਡੀ ਰਾਹਤ ਮਿਲੀ। ਗੁਰੂ ਸਾਹਿਬ ਨੇ ਸਮਾਜ 'ਚ ਪ੍ਰਚਲਿਤ ਕੁਰੀਤੀਆਂ ਤੇ ਭੈੜੇ ਰਸਮਾਂ ਰਿਵਾਜਾਂ ਨੂੰ ਸਖ਼ਤੀ ਨਾਲ ਤੋੜ੍ਹਿਆ, ਪ੍ਰੰਤੂ ਅੱਜ ਸਿੱਖਾਂ 'ਚ ਮੁੜ ਤੋਂ ਪਾਖੰਡ ਤੇ ਵਿਖਾਵੇ ਦੀਆਂ ਰਸਮਾਂ ਸਿਖ਼ਰਾਂ ਤੇ ਹਨ। ਮਰਨੇ-ਪਰਨੇ ਵਿਆਹ-ਸ਼ਾਦੀਆਂ ਤੱਕ ਨੂੰ ਅਸੀਂ ਆਡੰਬਰ 'ਚ ਬਦਲ ਦਿੱਤਾ ਹੈ, ਜਦੋਂ ਕਿ ਗੁਰੂ ਸਾਹਿਬ ਨੇ 'ਆਨੰਦ ਸਾਹਿਬ' ਤੇ 'ਕੀਰਤਨ ਕਰਿਉ ਨਿਰਬਾਣੁ ਜੀਉ£' ਦਾ ਸੰਦੇਸ਼ ਦੇ ਕੇ ''ਦੁੱਖ-ਸੁੱਖ'' 'ਚ ਮਾਨਸਿਕ ਅਵਸਥਾ ਨੂੰ ਅਡੋਲ ਬਣਾਉਣ ਦਾ ਨੁਸ਼ਖਾ ਦਿੱਤਾ ਹੋਇਆ ਹੈ। 73 ਸਾਲ ਦੀ ਉਮਰ ਤੋਂ ਲੈ ਕੇ 95 ਸਾਲ ਦੀ ਉਮਰ ਤੱਕ, ਜਿਸ ਸ਼ਕਤੀ ਨਾਲ ਗੁਰੂ ਸਾਹਿਬ ਨੇ ਸਿੱਖ ਇਨਕਲਾਬ ਨੂੰ ਪਕੇਰਾ ਕਰਨ ਲਈ ਘਾਲਣਾ ਘਾਲ਼ੀ, ਉਹ ਮਨੁੱਖ ਦੀ ਸਰੀਰਕ ਸ਼ਕਤੀ ਨੂੰ ਬਣਾਈ ਰੱਖਣ ਲਈ ਆਤਮਿਕ ਸ਼ਕਤੀ ਦਾ ਪ੍ਰਤੱਖ ਪ੍ਰਮਾਣ ਹੈ।

ਗੁਰੂ ਸਾਹਿਬ ਵੱਲੋਂ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਅਤੇ ਅੰਮ੍ਰਿਤਸਰ ਵਿਖੇ ਸਿੱਖਾਂ ਦੀ ਰਾਜਧਾਨੀ, ਉਸਾਰਨ ਲਈ ਸ੍ਰੀ ਗੁਰੂ ਰਮਦਾਸ ਸਾਹਿਬ ਨੂੰ ਦਿੱਤੇ ਆਦੇਸ਼ ਨੇ, ਸਿੱਖੀ ਦੀਆਂ ਜੜ੍ਹਾਂ ਨੂੰ ਸਦੀਵੀ ਕਾਲ ਤੱਕ ਮਜ਼ਬੂਤੀ ਬਖ਼ਸੀ ਅਤੇ ਗੋਇੰਦਵਾਲ 'ਚ ਵਿਸਾਖੀ ਦੇ ਮੇਲੇ ਨੂੰ ਕੌਮੀ ਤਿਉਹਾਰ ਵਜੋਂ ਮਨਾਉਣ ਦੀ ਪਿਰਤ ਨੇ ਵਿਸਾਖੀ ਵਾਲੇ ਦਿਨ ਸਿੱਖ ਇਨਕਲਾਬ ਦੀ ਸੰਪੂਰਨਤਾ ਦਾ ਮੁੱਢ 135 ਵਰ੍ਹੇ ਪਹਿਲਾ ਹੀ ਬੰਨ੍ਹ ਦਿੱਤਾ ਸੀ। ਪ੍ਰੰਤੂ ਅੱਜ ਸਿੱਖ ਕੇਂਦਰ ਤੇ ਸਿੱਖ ਧੁਰੇ ਤਾਂ ਮੌਜੂਦ ਹਨ, ਪ੍ਰੰਤੂ ਸਿੱਖ ਵਿਖ਼ਰ ਗਏ ਹਨ। ਉਹ ਸਿੱਖੀ ਸਿਧਾਂਤਾਂ ਦੇ ਨਾਲ-ਨਾਲ ਕੌਮੀ ਨਿਸ਼ਾਨੇ, ਕੌਮੀ ਵਿਧਾਨ, ਕੌਮੀ ਨਿਸ਼ਾਨ ਤੇ ਕੌਮੀ ਤਿਉਹਾਰ ਵੀ ਭੁੱਲ ਕੇ, ਵਿਪਰਨ ਦੀ ਰੀਤ ਤੁਰ ਪਏ ਹਨ। ਕੌਮ 'ਚ ਫੁੱਟ, ਧੜੇਬੰਦੀਆਂ, ਨਿੱਜਵਾਦ, ਹਊਮੈ, ਈਰਖਾ ਤੇ ਲੋਭ-ਲਾਲਚ ਕਾਰਨ, ਸਿੱਖ ਦਾ ਮੂੰਹ ਸਰੀਰਕ ਰੂਪ 'ਚ ਤਾਂ ਭਾਵੇਂ ਇਨ੍ਹਾਂ ਧੁਰਿਆ ਤੇ ਕੇਂਦਰਾਂ ਵੱਲ ਹੈ, ਪ੍ਰੰਤੂ ਮਾਨਸਿਕ ਰੂਪ 'ਚ ਉਹ ਬੇ-ਮੁੱਖ ਹੋ ਗਏ ਹਨ। ਗੁਰੂ ਅਮਰਦਾਸ ਸਾਹਿਬ ਨੇ ਜਿਸ ਕੌਮ ਨੂੰ ਨਿਆਸਰਿਆਂ ਦਾ ਆਸਰਾ ਤੇ ਨਿਓਟਿਆਂ ਦੀ ਓਟ ਦੀ ਬਲ-ਬੁੱਧੀ ਬਖ਼ਸੀ ਸੀ, ਉਹ ਕੌਮ ਖ਼ੁਦ ਬਿਗਾਨਿਆਂ ਦੇ ਆਸਰੇ-ਸਹਾਰੇ ਜਿਊਣ ਲੱਗ ਪਈ ਹੈ।

ਗੁਰੂ ਸਾਹਿਬਾਨ ਦੇ ਗੁਰਪੁਰਬ ਨੂੰ ਸਿਰਫ਼ ਗੁਰੂਘਰ ਜਾ ਕੇ ਮੱਥਾ ਟੇਕਣ ਤੇ ਲੰਗਰ ਛੱਕਣ ਤੱਕ ਸੀਮਤ ਕਰਕੇ ਅਸੀਂ ਕੌਮ ਦੇ 'ਕਰਮਯੋਗੀ' ਵਾਲੇ ਗੁਣ ਦਾ ਕਤਲ ਕਰਕੇ, ਉਸਨੂੰ 'ਕਰਮਕਾਂਡੀ' ਬਣਾ ਛੱਡਿਆ ਹੈ। ਇਸ ਲਈ ਹੀ ਅੱਜ 'ਗੁਰਦੁਆਰੇ ਪੱਕੇ ਤੇ ਸਿੱਖ ਕੱਚੇ' ਦੀ ਚਰਚਾ ਸੁਣਨ ਲੱਗ ਪਈ ਹੈ। ਅਜਿਹੇ ਮਹਾਨ ਦਿਹਾੜੇ, ਸਾਨੂੰ ਜਗਾਉਣ ਅਤੇ ਪੁੱਠੇ ਰਾਹ ਤੋਂ ਵਾਪਸ ਮੋੜ੍ਹਨ ਲਈ ਝੰਜੋੜਨ ਵਾਲੇ ਹੁੰਦੇ ਹਨ, ਇਸ ਲਈ ਉਸ ਮਹਾਨ ਗੁਰੂ ਨੂੰ ਸਿਜਦਾ ਕਰਨ ਦੇ ਨਾਲ-ਨਾਲ ਇੱਕ ਵਾਰ ਉਸ ਗੁਰਮਤਿ ਗਾਡੀ ਰਾਹ, ਜਿਹੜਾ ਗੁਰੂ ਨੇ ਸਾਨੂੰ ਵਿਖਾਇਆ ਸੀ ਅਤੇ ਉਸ ਪਦਾਰਥ ਤੇ ਸੁਆਰਥ ਦੇ ਰਾਹ, ਜਿਸਤੇ ਅਸੀਂ ਬਹੁਤ ਅੱਗੇ ਲੰਘ ਆਏ ਹਾਂ, ਦੋਵਾਂ ਬਾਰੇ ਇੱਕ ਵਾਰ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਹੈ।  

Editorial
Jaspal Singh Heran

International