ਪੰਜਾਬ ਵਿਚ ਭੂਤਰੀ ਪੁਲਿਸ ਦਾ ਪ੍ਰੈਸ ਤੇ ਇਕ ਹੋਰ ਹਮਲਾ

ਮੋਹਾਲੀ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਕੀਤੀ ਨਾਜਾਇਜ਼ ਕੁੱਟਮਾਰ ਅਤੇ ਕਕਾਰਾਂ ਦੀ ਬੇਅਦਬੀ

ਜੇ ਸਰਕਾਰ ਨੇ ਥਾਣੇਦਾਰ ਨੂੰ ਮੁਅੱਤਲ ਨਾ ਕੀਤਾ ਤਾਂ ਪੱਤਰਕਾਰ ਭਾਈਚਾਰਾ ਸੰਘਰਸ਼ ਲਈ ਹੋਵੇਗਾ ਮਜ਼ਬੂਰ: ਹੇਰਾਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਮਈ ( ਮੰਗਤ ਸਿੰਘ ਸੈਦਪੁਰ/ਮਨਜੀਤ ਚਾਨਾ ) : ਸੀਨੀਅਰ ਪੱਤਰਕਾਰ ਮੇਜਰ ਸਿੰਘ ਨੂੰ ਪੁਲੀਸ ਮੁਲਾਜ਼ਮ ਓਮ ਪ੍ਰਕਾਸ਼ ਅਤੇ ਅਮਰਨਾਥ ਵੱਲੋਂ ਜਿਸ ਤਰ੍ਹਾਂ ਬੁੱਚੜਾਂ ਵਾਂਗੂੰ ਕੁੱਟਿਆ ਉਸ ਦੀ ਨਿਖੇਧੀ ਹਰ ਪਾਸਿਓਂ ਹੋ ਰਹੀ ਹੈ ਪੱਤਰਕਾਰ ਮੇਜਰ ਸਿੰਘ ਨੇ ਦੱਸਿਆ ਕਿ ਉਹ ਅੱਜ ਵਿਚਾਰ ਵਿਖੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਲਈ ਗਿਆ ਸੀ ਜਿੱਥੇ ਦੋ ਧਿਰਾਂ ਦਾ ਆਪਸ ਵਿੱਚ ਝਗੜਾ ਹੋ ਰਿਹਾ ਸੀ ਜਿਵੇਂ ਹੀ ਉਹ ਕਵਰੇਜ ਕਰਨ ਲੱਗਾ ਤਾਂ ਉੱਥੇ ਮੌਕੇ 'ਤੇ ਹੀ ਪੁਲੀਸ ਟੀਮ ਪਹੁੰਚ ਗਈ। ਜਿਸ ਦੀ ਅਗਵਾਈ ਐੱਸ ਆਈ ਓਮ ਪ੍ਰਕਾਸ਼ ਕਰ ਰਿਹਾ ਸੀ। ਪੁਲੀਸ ਵਾਲੇ ਨੇ ਉਸ ਨੂੰ ਫੜ੍ਹ ਲਿਆ ਅਤੇ ਉਸ ਤੇ ਇਲਜ਼ਾਮ ਲਾਇਆ ਕਿ ਜਿਸ ਵਿਅਕਤੀ ਜਸਪਾਲ ਸਿੰਘ ਨਾਲ ਝਗੜਾ ਸੀ ਉਸ ਨੂੰ ਤੂੰ ਭਜਾਇਆ ਹੈ ।ਮੇਜਰ ਸਿੰਘ 'ਤੇ ਇਹ ਇਲਜ਼ਾਮ ਲਾ ਕੇ ਪੁਲਿਸ ਵਾਲਿਆਂ ਨੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਗੱਡੀ ਵਿੱਚ ਸੁੱਟ ਕੇ ਥਾਣੇ ਲਿਆ ਕੇ ਉਸ ਦੀ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਕਾਰਾਂ ਦੀ ਵੀ ਬੇਅਦਬੀ ਕੀਤੀ ਤੇ ਦਸਤਾਰ ਵੀ ਲਾਹੀ ਗਈ। ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲੀਸ ਵਾਲੇ ਨੇ ਉਸ ਨੂੰ ਫੜ ਲਿਆ ਤੇ ਉਸ ਵੱਲੋਂ ਇਹ ਦੱਸਣ ਦੇ ਬਾਵਜੂਦ ਕਿ ਉਹ ਪੱਤਰਕਾਰ ਹੈ ਅਤੇ ਕਵਰੇਜ ਕਰ ਰਿਹਾ ਹੈ।ਪ੍ਰੰਤੂ ਉਸ ਨੂੰ ਜਬਰੀ ਗੱਡੀ ਵਿੱਚ ਸੁੱਟ ਲਿਆ ਜਿੱਥੇ ਏ ਐੱਸ ਆਈ ਓਮ ਪ੍ਰਕਾਸ਼ ਅਤੇ ਅਮਰਨਾਥ ਵੱਲੋਂ ਉਸ ਦੀ ਬੁਰੀ ਕੁੱਟਮਾਰ ਕੀਤੀ।

ਇੱਥੋਂ ਤੱਕ ਕਿ ਉਸਦੀ ਦਸਤਾਰ ਵੀ ਲੈ ਗਈ ਅਤੇ ਕੇਸ ਖੁੱਲ੍ਹ ਖੁੱਲ੍ਹਣ ਕਾਰਨ ਕੰਘਾ ਵੀ ਡਿੱਗ ਪਿਆ।ਪੱਤਰਕਾਰ ਮੇਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਕਾਰਾਂ ਦੀ ਬੇਕਦਰੀ ਨਾ ਕੀਤੀ ਜਾਵੇ ਬੇਸ਼ੱਕ ਜਿੰਨਾ ਮਰਜ਼ੀ ਕੁੱਟ ਲਿਆ ਜਾਵੇ ਪ੍ਰੰਤੂ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਪੁਲਸ ਵਾਲਿਆਂ ਨੂੰ ਮੁਅੱਤਲ ਕੀਤਾ ਜਾਵੇ। ਸ. ਜਸਪਾਲ ਸਿੰਘ ਜਿਸ ਨਾਲ ਗੁਰਦੁਆਰਾ ਸਾਹਿਬ ਝਗੜਾ ਹੋ ਰਿਹਾ ਸੀ ਦਾ ਕਹਿਣਾ ਹੈ ਕਿ ਜਦੋਂ ਉਹ ਗੁਰਦੁਆਰੇ ਵਿੱਚ ਸੀ ਤਾਂ ਕੁਝ ਵਿਅਕਤੀ ਰਾਗੀ ਸਿੰਘਾਂ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਜ਼ਬਰੀ ਕੱਢ ਰਹੇ ਸੀ। ਜਿਸਦਾ ਉਸਨੇ ਵਿਰੋਧ ਕੀਤਾ। ਪ੍ਰਧਾਨ ਨੇ ਤੁਰੰਤ ਪੁਲੀਸ ਸੱਦ ਲਈ ਪੱਤਰਕਾਰ ਮੇਜਰ ਸਿੰਘ ਵੱਲੋਂ ਆਪਣਾ ਸ਼ਨਾਖ਼ਤੀ ਕਾਰਡ ਦਿਖਾਉਣ ਦੇ ਬਾਵਜੂਦ ਵੀ ਉਸ ਨੂੰ ਥਾਣੇ ਲੈ ਗਿਆ ਸੀ। ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰੀ ਹਨ। ਜਦੋਂ ਵੀ ਲੋੜ ਪਵੇਗੀ ਥਾਣੇ ਹਾਜ਼ਰ ਹੋ ਜਾਣਗੇ। ਪ੍ਰੰਤੂ ਏ ਐੱਸ ਆਈ ਓਮ ਪ੍ਰਕਾਸ਼ ਨੇ ਮੇਜਰ ਸਿੰਘ 'ਤੇ ਇਲਜ਼ਾਮ ਲਾਇਆ ਕਿ ਜਸਪਾਲ ਸਿੰਘ ਨੂੰ ਉਸ ਨੇ ਫਰਾਰ ਹੋਣ ਲਈ ਕਿਹਾ ਹੈ ਜੋ ਕਿ ਬਿਲਕੁਲ ਝੂਠ ਹੈ। ਓਮ ਪ੍ਰਕਾਸ਼ ਆਪਣੀ ਜਾਨ ਛੁਡਾਉਣ ਲਈ ਝੂਠ ਬੋਲ ਰਿਹਾ ਹੈ।

ਇਸ ਦੌਰਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ ਚਾਰ ਦੇ ਪ੍ਰਧਾਨ ਜੀ.ਪੀ. ਸਿੰਘ ਦਾ ਕਹਿਣਾ ਹੈ ਕਿ ਗੁਰਦੁਆਰਾ ਦੇ ਇੱਕ ਰਾਗੀ ਖਰਾਬ ਖਿਲਾਫ ਰਹਿਤ ਮੁਰਿਆਦਾ ਵਿੱਚ ਨਾ ਰਹਿਣ ਦੇ ਇਲਜ਼ਾਮ ਲੱਗਣ 'ਤੇ ਕਮੇਟੀ ਵੱਲੋਂ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ। ਜਿਸ ਦਾ ਕੁਝ ਵਿਅਕਤੀ ਵਿਰੋਧ ਕਰ ਰਹੇ ਸਨ ਅਤੇ ਗੁਰਦੁਆਰੇ ਦਾ ਮਾਹੌਲ ਖਰਾਬ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਪੱਤਰਕਾਰ ਵੀ ਉਨ੍ਹਾਂ ਦਾ ਸਾਥ ਦੇ ਰਿਹਾ ਸੀ। ਜਿਸ ਦੇ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਸੀ।  ਏ ਐੱਸ ਆਈ ਓਮ ਪ੍ਰਕਾਸ਼ ਦਾ ਕਹਿਣਾ ਹੈ ਕਿ ਉਹ ਗੁਰਦੁਆਰਾ ਫੇਜ਼ ਚਾਰ ਦੇ ਵਿੱਚ ਹੋਏ ਝਗੜੇ ਸਬੰਧੀ ਉੱਥੇ ਗਿਆ ਸੀ ਤਾਂ ਮੇਜਰ ਸਿੰਘ ਨੇ ਉੱਥੇ ਝਗੜਾ ਕਰ ਰਹੇ ਜਸਪਾਲ ਸਿੰਘ ਨੂੰ ਮੌਕੇ ਤੋਂ ਭਜਾ ਦਿੱਤਾ। ਜਦੋਂ ਪੁਲਸ ਵਾਲੇ ਆਪਣੀ ਗੱਡੀ ਤੇ ਉਸ ਨੂੰ ਫੜ੍ਹਨ ਜਾ ਰਹੇ ਸੀ ਤਾਂ ਇਹ ਵਿਅਕਤੀ ਮੇਜਰ ਸਿੰਘ ਪੁਲਿਸ ਦੀ ਗੱਡੀ ਅੱਗੇ ਬਾਹਵਾਂ ਖਿਲਾਰ ਕੇ ਖੜ੍ਹਾ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ ਅਤੇ ਉਹ ਥਾਣੇ ਲਿਜਾ ਕੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਬੇਬੁਨਿਆਦ ਦੱਸਦਿਆਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਅਤੇ ਥਾਣੇ ਵਿੱਚ ਮੌਜੂਦ ਐੱਸ ਐੱਚ ਓ ਮਨਫੂਲ ਸਿੰਘ ਨੇ ਉਸ ਨੂੰ ਪਛਾਣ ਲਿਆ ਤੇ ਆਪਣੇ ਕੋਲ ਬਿਠਾ ਲਿਆ। ਪ੍ਰੰਤੂ ਪੁਲੀਸ ਵੱਲੋਂ ਦੱਸੀ ਕਹਾਣੀ ਬਿਲਕੁਲ ਝੂਠ ਹੈ ਕਿਉਂਕਿ ਮੇਜਰ ਸਿੰਘ ਦੇ ਜਿਸ ਤਰਾਂ ਸੱਟਾਂ ਲੱਗੀਆਂ ਹਨ ਉਸ ਤੋਂ ਇਹ ਗੱਲ ਬਿਲਕੁਲ ਸਾਹਮਣੇ ਆ ਚੁੱਕੀ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਮੇਜਰ ਸਿੰਘ ਦੀ ਕੁੱਟਮਾਰ ਬਹੁਤ ਜਿਆਦਾ ਕੀਤੀ ਹੈ ਅਤੇ ਕਕਾਰਾਂ ਦੀ ਬੇਅਦਬੀ ਕੀਤੀ ਹੈ ।

ਪੱਤਰਕਾਰ ਮੇਜਰ ਸਿੰਘ ਆਪਣੇ ਇਲਾਜ ਲਈ ਹੁਣ ਸਰਕਾਰੀ ਹਸਪਤਾਲ ਪੇਸ਼ੇ ਵਿਖੇ ਐਮਰਜੈਂਸੀ ਵਿੱਚ ਦਾਖਲ ਹੈ।  ਪਹਿਰੇਦਾਰ ਅਖ਼ਬਾਰ ਦੇ ਮੁੱਖ ਸੰਪਾਦਕ ਅਤੇ ਪੰਜਾਬ ਯੂਨੀਅਨ ਆਫ਼ ਜਰਨਲਿਸਟ ਦੇ ਸੂਬਾ ਪ੍ਰਧਾਨ ਜਸਪਾਲ ਸਿੰਘ ਹੇਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਪ੍ਰੈਸ ਦੀ ਅਜ਼ਾਦੀ ਤੇ ਹਮਲਾ ਦੱਸਿਆ ਹੈ ਤੇ ਐਲਾਨ ਕੀਤਾ ਹੈ ਕਿ ਜੇ ਸਰਕਾਰ ਨੇ ਥਾਣੇਦਾਰ ਓਮ ਪ੍ਰਕਾਸ਼ ਨੂੰ ਮੁਅੱਤਲ ਨਾ ਕੀਤਾ ਤਾਂ ਪੰਜਾਬ ਭਰ ਦਾ ਪੱਤਰਕਾਰ ਭਾਈਚਾਰਾ ਮੰਗਲਵਾਰ ਤੋਂ ਸੰਘਰਸ਼ ਲਈ ਮਜ਼ਬੂਰ ਹੋਵੇਗਾ।

Unusual
Media
Pehredar
Punjab Police

International