ਸਾਕਾ ਦਰਬਾਰ ਸਾਹਿਬ ਦਾ ਸੱਚੋ-ਸੱਚ ਆਵੇ ਸਾਹਮਣੇ...

ਜਸਪਾਲ ਸਿੰਘ ਹੇਰਾਂ
ਸਿੱਖ ਕੌਮ ਨੇ ਸਾਕਾ ਦਰਬਾਰ ਸਾਹਿਬ, ਜਿਹੜਾ ਸਿੱਖਾਂ ਲਈ ਤੀਜਾ ਘੱਲੂਘਾਰਾ ਵੀ ਹੈ, ਉਸਦੀ 31ਵੀਂ ਵਰੇਗੰਢ ਮਨਾਈ ਹੈ। ਦੇਸ਼-ਵਿਦੇਸ਼ ’ਚ ਇਸ ਸਮੇਂ ਜਿਥੇ ਪਹਿਲਾ ਨਾਲੋਂ ਵੱਧ ਸਮਾਗਮ ਹੋਏ ਹਨ, ਉਥੇ ਸਾਕਾ ਦਰਬਾਰ ਸਾਹਿਬ ਬਾਰੇ ਵੱਖ-ਵੱਖ ਨਜ਼ਰੀਆਂ ਤੋਂ ਚਰਚਾ ਵੀ ਛਿੜੀ ਹੈ। ਨਵੀਂ ਪੀੜੀ ਲਈ ਅੱਜ ਦੇ ਦਿਨ ’ਚ ਸਾਕਾ ਦਰਬਾਰ ਸਾਹਿਬ ਬਾਰੇ ਦਿੱਤੀ ਜਾਂਦੀ ਜਾਣਕਾਰੀ ਅਤੇ ਕੀਤੀ ਜਾਂਦੀ ਚਰਚਾ ਜਿਥੇ ਅਤਿ ਜ਼ਰੂਰੀ ਹੈ, ਉਥੇ ਕੌਮ ਲਈ ਉਸ ਤੋਂ ਵੀ ਜ਼ਰੂਰੀ ਹੈ ਕਿ ਉਨਾਂ ਨੂੰ ਸਹੀ ਤੇ ਸੱਚੀ ਜਾਣਕਾਰੀ ਦਿੱਤੀ ਜਾਵੇ, ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕਰਕੇ, ਉਨਾਂ ਦੇ ਮਨਾਂ ’ਤੇ ਗ਼ਲਤ ਛਾਪ ਨਾ ਛੱਡੀ ਜਾਵੇ। ਸਿੱਖ ਵਿਰੋਧੀ ਮੀਡੀਏ ਤੇ ਧਿਰਾਂ ਵੱਲੋਂ ਇਨਾਂ ਦਿਨਾਂ ’ਚ ਇੱਕੋ ਸਾਰ ਅੰਸ਼ ਪੇਸ਼ ਕੀਤਾ ਗਿਆ ਹੈ ਕਿ ਸਿੱਖਾਂ ਅਤੇ ਖ਼ਾਸ ਕਰਕੇ ਸੰਤ ਭਿੰਡਰਾਂਵਾਲਿਆਂ ਨੇ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਜ਼ਬੂਰ ਕਰ ਦਿੱਤਾ ਸੀ। ਸਿੱਖਾਂ ਨੂੰ ਅਤੇ ਸੰਤ ਭਿੰਡਰਾਂਵਾਲਿਆਂ ਨੂੰ ਦੋਸ਼ੀਆਂ ਦੀ ਕਤਾਰ ’ਚ ਖੜਾ ਕਰਨ ਦਾ ਕੋਝਾ ਯਤਨ ਕੀਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਫੌਜ ਦਾ ਹਮਲਾ ਜਾਇਜ਼ ਸੀ? ਇਹ ਸੁਆਲ ਪੁੱਛਣ ਦੀ ਥਾਂ ਸਾਡੇ ਸਿੱਖ ਵੀ ਇਹ ਸੁਆਲ ਪੁੱਛਣ ਲੱਗ ਪੈਂਦੇ ਹਨ ਕਿ, ‘‘ਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਥਿਆਰ ਇਕੱਠੇ ਕਰਨਾ ਜਾਇਜ਼ ਸੀ?’’ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਿਉਂ ਕੀਤੀ ਗਈ? ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਦਾ ਸਿਧਾਂਤ ਕੌਮ ਨੂੰ ਕਿਉਂ ਦਿੱਤਾ ਅਤੇ ਖ਼ੁਦ ਦੋ ਤਲਵਾਰਾਂ ਕਿਉਂ ਪਹਿਨੀਆਂ, ਸਿੱਖਾਂ ਨੂੰ ਚੰਗੇ ਹਥਿਆਰ ਤੇ ਘੋੜੇ ਭੇਂਟ ਕਰਨ ਦੇ ਆਦੇਸ਼ ਕਿਉਂ ਦਿੱਤੇ? ਸਾਡੀ ਕੌਮ ਦਾ ਇਤਿਹਾਸਕ ਪਿਛੋਕੜ ਕੀ ਹੈ ਅਤੇ ਸਿੱਖ ਕੌਮ ਦੀ ਸਿਰਜਣਾ ਕਿਉਂ ਹੋਈ? ਇਹ ਸਾਰੇ ਸੁਆਲ ਜਿਹੜੇ ਹਮਲੇ ਦਾ ਪਿਛੋਕੜ ਹਨ, ਉਨਾਂ ਨੂੰ ਲਾਂਭੇ ਛੱਡ ਕੇ, ਸਾਕਾ ਦਰਬਾਰ ਸਾਹਿਬ ਨੂੰ ਇੰਦਰਾ ਗਾਂਧੀ ਦੀ ਮਜ਼ਬੂਰੀ ਦੱਸਣਾ, ਸੱਚ ਨਾਲ ਖਿਲਵਾੜ ਹੈ, ਸਿੱਖ ਕੌਮ ਨਾਲ ਦੁਸ਼ਮਣੀ ਵਰਗਾ ਹੈ।

ਹਿੰਦੂ ਧਰਮ ਦੀ ਰਾਖੀ ਤੋਂ ਲੈ ਕੇ ਦੇਸ਼ ਦੀ ਅਜ਼ਾਦੀ ਤੱਕ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਅਤੇ ਬਦਲੇ ’ਚ ਸਿੱਖਾਂ ਨਾਲ ਹੋਈ ਵਿਤਕਰੇਬਾਜ਼ੀ, ਬੇਇਨਸਾਫ਼ੀ, ਧੱਕੇਸ਼ਾਹੀ ਤੇ ਹੋਏ ਜ਼ੋਰ-ਜਬਰ ਦਾ ਹਿਸਾਬ ਕਿਉਂ ਨਹੀਂ ਕੀਤਾ ਜਾਂਦਾ? ਆਖ਼ਰ ਜਿਸ ਦੇਸ਼ ਨੂੰ ਸਿੱਖਾਂ ਨੇ ਆਜ਼ਾਦੀ ਲੈ ਕੇ ਦਿੱਤੀ, ਉਸ ਦੇਸ਼ ਨੇ ਸਿੱਖਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕਿਉਂ ਅਪਨਾਇਆ? ਸਾਕਾ ਦਰਬਾਰ ਸਾਹਿਬ ਸੰਤ ਭਿੰਡਰਾਂਵਾਲਿਆਂ ਅਤੇ ਉਸਦੇ ਸਾਥੀਆਂ ਨੂੰ ਦਰਬਾਰ ਸਾਹਿਬ ਕੰਪਲੈਕਸ ’ਚੋਂ ਬਾਹਰ ਕੱਢਣ ਲਈ ਵਰਤਾਇਆ ਗਿਆ ਸੀ ਤਾਂ ਫਿਰ 4 ਦਰਜਨ ਹੋਰ ਗੁਰਧਾਮਾਂ ਤੇ ਗੁਰਦੁਆਰਿਆਂ ਉਤੇ ਫੌਜੀ ਹਮਲਾ ਕਿਉਂ ਹੋਇਆ? ਸੰਤ ਭਿੰਡਰਾਂਵਾਲਿਆਂ ਤੇ ਉਨਾਂ ਦੇ ਸਿਰਲੱਥ ਸੂਰਮੇ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਫੌਜ ਨੇ ਪੰਜਾਬ ’ਚ ਤਿੰਨ ਮਹੀਨੇ ਦਾ ਅਪਰੇਸ਼ਨ ਵੁੱਡਰੋਜ਼ ਕਿਉਂ ਕੀਤਾ? ਇਸ ਅਪਰੇਸ਼ਨ ਦੌਰਾਨ ਕਿੰਨੇ ਸਿੱਖਾਂ ਨੂੰ ਤਸੀਹੇ ਦਿੱਤੇ ਅਤੇ ਕਿੰਨਿਆਂ ਦਾ ਕਤਲੇਆਮ ਹੋਇਆ? ਇਹ ਤੱਥ ਕਿਉਂ ਸਾਹਮਣੇ ਨਹੀਂਂ ਲਿਆਂਦੇ ਜਾਂਦੇ? ਕੀ ਅਜ਼ਾਦ ਦੇਸ਼ ਦੀ ਇਕ ਘੱਟਗਿਣਤੀ ਨੂੰ ਆਪਣੇ ਨਾਲ ਹੋ ਰਹੇ ਜ਼ੁਲਮ ਵਿਰੁੱਧ, ਅਵਾਜ਼ ਕੱਢਣ ਦਾ ਹੱਕ ਨਹੀਂ ਹੈ? ਦਰਬਾਰ ਸਾਹਿਬ ਸਾਕਾ, ਸੰਤ ਭਿੰਡਰਾਵਾਲਿਆਂ ਨੂੰ ਫੜਨ ਜਾਂ ਸ਼ਹੀਦ ਕਰਨ ਲਈ ਨਹੀਂ ਹੋਇਆ? ਇਹ ਦਿਨ ਦੇ ਚਿੱਟੇ ਚਾਨਣ ਵਾਗੂੰ ਸੱਚ ਹੈ, ਇਹ ਸਾਕਾ ਸਿੱਖਾਂ ’ਚ ਸਿੱਖੀ ਸਵੈਮਾਣ, ਅਣਖ਼, ਗੈਰਤ ਅਤੇ ਮਨਾਂ ’ਚ ਅਜ਼ਾਦੀ ਅਤੇ ਕੌਮੀ ਘਰ ਲਈ ਜੱਗਦੀ ਚਿਣਗ ਨੂੰ ਸਦਾ-ਸਦਾ ਲਈ ਖ਼ਤਮ ਕਰਨ ਲਈ ਵਰਤਾਇਆ ਗਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੀ ਅਜ਼ਾਦ ਪ੍ਰਭੂ ਸੱਤਾ ਦਾ ਪ੍ਰਤੀਕ ਹੈ, ਇਸ ਤਖ਼ਤ ਦੀ ਬੁਨਿਆਦ ਹੀ ਜ਼ਾਲਮੀ ਦੁਨਿਆਵੀ ਤਖ਼ਤਾਂ ਨੂੰ ਚੁਣੌਤੀ, ਟੱਕਰ ਦੇਣ ਲਈ ਰੱਖੀ ਗਈ ਸੀ। ਉਸੇ ਮੰਤਵ ਦੀ ਪੂਰਤੀ ਲਈ ਸੰਤ ਭਿੰਡਰਾਂਵਾਲਿਆਂ ਨੇ ਇਸ ਮਹਾਨ ਤਖ਼ਤ ਦੀ ਵਰਤੋਂ ਕੀਤੀ, ਫਿਰ ਇਸ ਬਾਰੇ ਕਿੰਤੂ-ਪ੍ਰੰਤੂ ਕਿਉਂ? ਅਸਲ ’ਚ ਉਹ ਤਾਕਤਾਂ ਜਿਹੜੀਆਂ ਸਾਨੂੰ ਇਸ ਸਾਕੇ ਤੇ ਸਿੱਖ ਕਤਲੇਆਮ ਨੂੰ ਭੁੱਲ ਜਾਣ ਦੀਆਂ ਨਸੀਹਤਾਂ ਦਿੰਦੀਆਂ ਹਨ, ਉਹ ਸਿੱਖ ਦੁਸ਼ਮਣ ਤਾਕਤਾਂ ਹੀ ਅੱਜ ਦਰਬਾਰ ਸਾਹਿਬ ਸਾਕੇ ਨੂੰ ‘ਇੰਦਰਾ ਗਾਂਧੀ’ ਵੱਲੋਂ ਮਜ਼ਬੂਰੀ ’ਚ ਚੁੱਕਿਆ ਗਿਆ ਕਦਮ ਸਾਬਤ ਕਰਨ ਲੱਗੀਆਂ ਹੋਈਆਂ ਹਨ ਅਤੇ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਸਿੱਖ ਵੀ ਅਜਿਹੀ ਝੂਠੀ ਮਨਘੜਤ ਅਤੇ ਕੌਮ ਵਿਰੋਧੀ ਸਾਜ਼ਿਸ ਨੂੰ ਸੁਣ ਰਹੇ ਹਨ ਅਤੇ ਇਸਦਾ ਠੋਕਵਾ ਜਵਾਬ ਨਹੀਂ ਦਿੱਤਾ ਜਾ ਰਿਹਾ। ਦੁਸ਼ਮਣ ਦੀਆਂ ਗੁੱਝੀਆਂ ਚਾਲਾਂ ਨੂੰ ਸਮਝਣਾ, ਬੇਹੱਦ ਜ਼ਰੂਰੀ ਹੈ ਅਤੇ ਸਿੱਖ ਇਤਿਹਾਸ ’ਚ ਵਾਪਰੀਆਂ ਉਹ ਘਟਨਾਵਾਂ, ਜਿਹੜੀਆਂ ਇਤਹਿਾਸਕ ਮੋੜ ਸਾਬਤ ਹੋਈਆਂ ਹਨ, ਉਨਾਂ ਦਾ ਪੂਰਾ ਸੱਚ ਸਾਹਮਣੇ ਲਿਆਉਣਾ ਅਤੇ ਇਸ ਸੱਚ ਦੀ ਪਹਿਰੇਦਾਰੀ ਕਰਨੀ ਜ਼ਰੂਰੀ ਹੈ। ਇਤਿਹਾਸਕ ਤੱਥਾਂ ਨੂੰ ਤਰੋੜ-ਮਰੋੜ ਕੇ ਕੌਮ ਨੂੰ ਸ਼ਕਤੀਹੀਣ ਤੇ ਦਿਸ਼ਾਹੀਣ ਕਰਨ ਦੀਆਂ ਦੁਸ਼ਮਣ ਦੀਆਂ ਚਾਲਾਂ ਦਾ ਜਵਾਬ ਦੇਣਾ ਜ਼ਰੂਰੀ ਹੈ ਅਤੇ ਜੇ ਕੌਮ ਦੇ ਬੁੱਧੀ ਜੀਵੀ ਅਤੇ ਧਾਰਮਿਕ ਆਗੂ ਅੱਜ ਵੀ ਸੁੱਤੇ ਰਹੇ ਤਾਂ ਕੌਮ ਦਾ ਇਤਿਹਾਸਕ ਖਜ਼ਾਨਾ ਲੁੱਟਿਆ ਜਾਣਾ ਯਕੀਨੀ ਹੈ। 

International