ਡੇਰੇ ਕਦੋਂ ਤੱਕ ਪੰਜਾਬ ਨੂੰ ਤਬਾਹ ਕਰਦੇ ਰਹਿਣਗੇ...?

ਪੰਜਾਬ ਦੀ ਬਰਬਾਦੀ ਦੀ ਕਹਾਣੀ ਲਿਖਣ ’ਚ ਜਿੱਥੇ ਲਾਲਚੀ, ਸੁਆਰਥੀ ਤੇ ਭਿ੍ਰਸ਼ਟ ਆਗੂਆਂ ਦਾ ਵੱਡਾ ਹੱਥ ਹੈ, ਉਥੇ ਪੰਜਾਬ ’ਚ ਟਿੱਡੀ ਦਲ ਵਾਗੂੰ ਛਾਏ ਡੇਰੇਵਾਦ ਨੇ ਵੀ ਇਸ ਤਬਾਹੀ ਤੇ ਬਰਬਾਦੀ ਦੀ ਕਹਾਣੀ ਨੂੰ ਲਿਖਣ ਤੇ ਭਿਆਨਕ ਬਣਾਉਣ ’ਚ ਅਹਿਮ ਯੋਗਦਾਨ ਪਾਇਆ ਹੈ। ਪੰਜਾਬ ਦੀ ਜੁਆਨੀ ਨੂੰ ਬਰਬਾਦੀ ਦੀ ਖੱਡ ’ਚ ਸੁੱਟਣ ਲਈ ਥਾਂ-ਥਾਂ ਸਥਾਪਿਤ ਡੇਰੇ ਫਰਜ਼ੀ ਪੀਰਾਂ ਦੀਆਂ ਮਜਾਰਾਂ ਤੇ ਵਹਿਮੀ ਲੋਕਾਂ ਨੂੰ ਡਰਾਉਣ ਵਾਲੇ ਦੇਵੀ-ਦੇਵਤਿਆਂ ਦੇ ਨਾਂ ਤੇ ਖੁੱਲੇ ਮੰਦਿਰ ਜਿੱਥੇ ਪਾਖੰਡਵਾਦ ਦਾ ਕੇਂਦਰੀ ਥਾਂ ਹਨ, ਉਥੇ ਨਸ਼ਿਆਂ ਦੀ ਵਰਤੋਂ ਤੇ ਵਪਾਰ ਦੇ ਅੱਡੇ ਬਣ ਗਏ ਹਨ। ਬੀਤੇ ਦਿਨ ਪੁਲਿਸ ਵੱਲੋਂ ਫੜੇ ਇਕ ਨਸ਼ਿਆਂ ਦੇ ਸਮਗਲਰ ਨੇ ਇਸ ਗੁੱਝੇ ਭੇਦ ਤੋਂ ਪਰਦਾ ਵੀ ਹਟਾਇਆ ਅਤੇ ਉਸ ਦੀ ਜਾਣਕਾਰੀ ਨੇ ਸਾਫ਼ ਕਰ ਦਿੱਤਾ ਹੈ ਕਿ ਥਾਂ-ਥਾਂ ਸਥਾਪਿਤ ਹੋਏ ਇਹ ਬਹੁਗਿਣਤੀ ਡੇਰੇ ਨਸ਼ੇ ਦੇ ਵਪਾਰ ਕੇਂਦਰ ਹਨ। ਹਰ ਗਲੀ, ਮੁਹੱਲੇ, ਪਿੰਡ, ਕਸਬੇ, ਨਹਿਰਾਂ ਦੇ ਪੁੱਲ, ਪੱਟੜੀਆਂ ਤੇ ਉਸਰੇ ਇਨਾਂ ਡੇਰਿਆਂ ਦੀ ਕਹਾਣੀ ਨੂੰ ਨਾਂ ਤਾਂ ਪੰਜਾਬ ਦੀ ਸਰਕਾਰ ਨੇ ਅਤੇ ਨਾਂ ਹੀ ਪੰਜਾਬ ਦਰਦੀ, ਬੁੱਧਜੀਵੀਆਂ ਨੇ ਜਾਣਨ, ਘੋਖਣ ਅਤੇ ਰੋਕਣ ਦੀ ਕੋਸ਼ਿਸ ਕੀਤੀ ਹੈ, ਜਿਸ ਕਾਰਨ ਥੋੜੇ ਜਿਹੇ ਸਮੇਂ ’ਚ ਹੀ ਇਹ ਡੇਰੇ, ਮਜ਼ਾਰਾਂ ਖੁੰਭਾਂ ਵਾਗੂੰ ਪੰਜਾਬ ਦੀ ਧਰਤੀ ਤੇ ਉੱਗ ਆਏ ਅਤੇ ਅੱਜ ਐਨੇ ਸ਼ਕਤੀਸ਼ਾਲੀ ਹੋ ਚੁੱਕੇ ਹਨ ਕਿ ਪੰਜਾਬ ਦੇ ਸਿਆਸਤਦਾਨਾਂ ਨੂੰ ‘ਵੋਟ ਪਟੇ’ ਨਾਲ ਆਪਣੇ ਮੰਜੇ ਦੇ ਪਾਵੇ ਨਾਲ ਬੰਨੀ ਬੈਠੇ ਹਨ। ਵੋਟ ਰਾਜਨੀਤੀ ਦੇ ਗੁਲਾਮ, ਸਿਆਸੀ ਆਗੂ, ਇਨਾਂ ਡੇਰਿਆਂ ਦੇ ਇੱਕ ਤਰਾਂ ਬੰਧੂਆਂ ਗੁਲਾਮ ਬਣ ਕੇ ਰਹਿ ਗਏ ਹਨ, ਜਿਸ ਸਦਕਾ ਇਹ ਡੇਰੇ ਮਨਮਰਜ਼ੀ ਕਰਨ ਲਈ ਪੂਰੀ ਤਰਾਂ ਅਜ਼ਾਦ ਹਨ, ਪੰਜਾਬ ’ਚ ਨਿਰੰਕਾਰੀ, ਰਾਧਾ ਸੁਆਮੀ, ਭਨਿਆਰੇ ਵਾਲੇ, ਨੂਰਮਹਿਲੀਏ, ਸੌਦਾ ਸਾਧ ਆਦਿ ਵਰਗੇ ਵੱਡੇ ਡੇਰਿਆਂ ਤੋਂ ਇਲਾਵਾ ਜਿਹੜੇ ਛੋਟੇ-ਛੋਟੇ ਡੇਰੇ ਵੱਖ-ਵੱਖ ਧਰਮਾਂ ਦੇ ਲਿਬਾਸ ਥੱਲੇ ਸਥਾਪਿਤ ਹੋਏ ਹਨ, ਉਨਾਂ ਨੇ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੀ ਅਜਿਹੀ ਬੁਰੀ ਲੱਤ ਲਾਈ ਹੈ ਕਿ ਉਹ ਕਿਰਤ ਸੱਭਿਆਚਾਰ ਤੋਂ ਦੂਰ ਹੋ ਕੇ, ਵਿਹਲੜ ਤੇ ਨਸ਼ੇੜੀਆਂ ਦੀ ਫੌਜ ਬਣਕੇ ਰਹਿ ਗਏ ਹਨ। ਜਿਹੜੇ ਸਿਰਫ਼ ਤੇ ਸਿਰਫ਼ ਆਪਣੇ ਮਾਪਿਆਂ ਤੇ ਸਮਾਜ ਉੱਤੇ ਬੋਝ ਹਨ। ਪੰਜਾਬ ਦੀ ਜੁਆਨੀ ਨੂੰ ਕੁਰਾਹੇ ਪਾਉਣ ਅਤੇ ਆਮ ਲੋਕਾਂ ਨੂੰ ਵਹਿਮ-ਭਰਮਾਂ ਦੇ ਜਾਲ ’ਚ ਫ਼ਸਾ ਕੇ ਇਨਾਂ ਡੇਰਿਆਂ ਨੇ ਜਿੱਥੇ ਜੁਆਨੀ ਦਾ ਸਤਿਆਨਾਸ ਕੀਤਾ ਹੈ, ਉਥੇ ਆਮ ਲੋਕਾਂ ਨੂੰ ਮਾਨਸਿਕ ਰੂਪ ’ਚ ਬਿਮਾਰ ਕਰਕੇ ਰੱਖ ਦਿੱਤਾ ਹੈ। ਜਿਸ ਕਾਰਨ ਉਹ ਵਿਹਲੜ ਸਾਧਾਂ ਦੇ ਪਾਖੰਡ ਦਾ ਸ਼ਿਕਾਰ ਹੋ ਕੇ ਸਰੀਰਕ ਅਤੇ ਆਰਥਿਕ ਰੂਪ ’ਚ ਗੰਭੀਰ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਆਖ਼ਰ ਕਿਸੇ ਸਰਕਾਰ ਨੇ ਹੁਣ ਤੱਕ ਇਹ ਸਿੱਟਾ ਕੱਢਣ ਦੀ ਕੋਸ਼ਿਸ ਕਦੇ ਕਿਉਂ ਨਹੀਂ ਕੀਤੀ ਕਿ ਇੱਕ ਵਿਲਹੜ ਮਲੰਗ ਸਾਧ, ਚੰਦ ਦਿਨਾਂ ’ਚ ਵੱਡੀਆਂ-ਵੱਡੀਆਂ ਕਾਰਾਂ ਦੇ ਝੂਟੇ ਕਿਵੇਂ ਲੈਣ ਲੱਗ ਪੈਂਦਾ ਹੈ ਅਤੇ ਕਰੋੜਾਂ-ਅਰਬਾਂ ਰੁਪਏ ਦੀ ਜਾਇਦਾਦ ਕਿੱਥੋਂ ਆ ਜਾਂਦੀ ਹੈ ਅਤੇ ਉਸਦੇ ਡੇਰੇ ਦਾ ਸ਼ਾਹੀ ਖ਼ਰਚ ਕਿੱਥੋਂ ਆਉਂਦਾ ਹੈ? ਮਨੁੱਖ ਨੂੰ ਧਰਮੀ ਬਣਾਉਣ ਦੇ ਨਾਂ ਥੱਲੇ ਖੁੱਲੇ ਇਹ ਡੇਰੇ ਅਕਸਰ ਅਧਰਮ ਫੈਲਾਉਂਦੇ ਹਨ ਅਤੇ ਧਰਮ ਦੇ ਨਾਂ ਤੇ ਵਹਿਮ-ਭਰਮਾਂ ਦੀ ਅਫ਼ੀਮ ਵੰਡਦੇ ਹਨ। ਹਰ ਨਹਿਰ ਦੇ ਪੁੱਲ ਨੇੜੇ ਸਥਾਪਿਤ ਪੀਰ ਦੀ ਮਜ਼ਾਰ ਅਤੇ ਪੰਜਾਬ ਦੇ ਨੌਜਵਾਨ ਮੁੰਡਿਆਂ ਲਈ ਪੀਰਾਂ ਦੀਆਂ ਮਜ਼ਾਰਾਂ ‘‘ਚੁੰਬਕੀ’’ ਖਿੱਚ ਬਣਨਾ, ਬਿਨਾਂ ਕਿਸੇ ਗਹਿਰੀ ਸਾਜ਼ਿਸ਼ ਦੇ ਅਚਨਚੇਤ ਵਾਪਰਿਆ ਵਰਤਾਰਾ ਨਹੀਂ ਹੈ।

ਸਿਗਰਟ ਦੇ ਸੂਟੇ, ਸੁਲਫ਼ੇ ਤੇ ਭੰਗ ਤੋਂ ਬਾਅਦ ਸਮੈਕ ਚਰਸ, ਇਨਾਂ ਡੇਰਿਆਂ ’ਚ ਆਮ ਵਰਤੀ ਜਾਂਦੀ ਹੈ। ਯੂ. ਪੀ., ਬਿਹਾਰ ਤੋਂ ਆਉਂਦੇ ‘ਦੇਸੀ ਕੱਟੇ’ ਇਨਾਂ ਡੇਰੇਦਾਰਾਂ ਪਾਸ ਰੁਲਦੇ ਵੇਖੇ ਜਾ ਸਕਦੇ ਹਨ, ਫਿਰ ਵੀ ਜੇ ਸਰਕਾਰ ਸੁੱਤੀ ਪਈ ਹੈ ਤਾਂ ਮਿਲੀਭੁਗਤ ਦੀ ਸ਼ੰਕਾ ਪੈਦਾ ਹੋਣੀ ਕੁਦਰਤੀ ਹੈ। ਪੰਜਾਬ ਦੀ ਜੁਆਨੀ ਨੂੰ ਸਿੱਖੀ ਤੋਂ ਦੂਰ ਕਰਨ ਅਤੇ ਉਸਨੂੰ ਨਸ਼ਿਆਂ ਦੀ ਗੁਲਾਮ ਬਣਾਉਣ ਦੀ ਇਸ ਸਾਜ਼ਿਸ਼ ਦੀ ਤੰਦ-ਤਾਣੀ ਆਖ਼ਰ ਕੌਣ ਲੱਭੇਗਾ? ਦਲਿਤ ਭਾਈਚਾਰੇ ਦੇ ਵੱਡੇ ਹਿੱਸੇ ਨੂੰ ਸਿੱਖੀ ਨਾਲੋਂ ਤੋੜ ਕੇ ਡੇਰੇਦਾਰਾਂ ਦੇ ਲੜ ਲਾਉਣ, ਜਗਰਾਤਿਆਂ ਤੇ ਪੀਰਾਂ ਦੀਆਂ ਚੌਕੀਆਂ ਭਰਨ ਲਈ ਤੋਰਨ ਪਿੱਛੇ ਕਿਹੜੀਆਂ, ਸ਼ਕਤੀਆਂ ਹਨ? ਬਿਨਾਂ ਅੱਗ ਤੋਂ ਕਦੇ ਧੂੰਆ ਨਹੀਂ ਨਿਕਲਦਾ, ਪ੍ਰੰਤੂ ਅਫ਼ਸੋਸ ਇਹੋ ਹੈ ਕਿ ਅਸੀਂ ਬਾਰੂਦ ਦੇ ਢੇਰ ਤੇ ਗਫ਼ਲਤ ਦੀ ਨੀਂਦ ਸੁੱਤੇ ਪਏ ਹਾਂ। ਅਜਿਹੇ ਡੇਰੇਦਾਰਾਂ ਦੀਆਂ ਕਰਤੂਤਾਂ ਦੇ ਕਾਲੇ ਨੰਗੇ ਚਿੱਠੇ ਰੋਜ਼ ਸਾਡੇ ਸਾਹਮਣੇ ਆ ਰਹੇ ਹਨ, ਪ੍ਰੰਤੂ ਉਸਦੇ ਬਾਵਜੂਦ ਇਨਾਂ ਪਾਖੰਡੀ ਸਾਧਾਂ, ਪੁਜਾਰੀਆਂ, ਪੀਰਾਂ ਤੇ ਬਾਬਿਆਂ ਵਿਰੁੱਧ ਕਿਧਰੇ ਵਿਰੋਧ ਦੀ ਆਵਾਜ਼ ਉੱਠਦੀ ਵਿਖਾਈ ਨਹੀਂ ਦਿੰਦੀ। ਜੇ ਕੋਈ ਇੱਕੜ-ਦੁੱਕੜ ਅਵਾਜ਼ਾਂ ਉੱਠਦੀਆਂ ਵੀ ਹਨ ਤਾਂ ਉਨਾਂ ਨੂੰ ਡਰਾ-ਧਮਕਾ ਕੇ ਜਾ, ਸ਼ਰਧਾ ’ਚ ਅੰਨੇ ਹੋਏ ਸ਼ਰਧਾਲੂਆਂ ਨੂੰ ਮਗਰ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਲੋੜ ਹੈ ਜਾਗਰੂਕ ਲੋਕ, ਇਕੱਠੇ ਹੋ ਕੇ ਇਸ ਕਾਲੀ ਸਾਜ਼ਿਸ ਦਾ ਪਰਦਾ ਫਾਸ਼ ਕਰਨ ਲਈ ਮੈਦਾਨ ’ਚ ਨਿੱਤਰਣ ਅਤੇ ਇਨਾਂ ਪਾਖੰਡੀ ਡੇਰੇਦਾਰ ਬਾਬਿਆਂ ਦੀ ਪੋਲ ਲੋਕਾਂ ਸਾਹਮਣੇ ਸ਼ਰੇਆਮ ਖੋਲੀ ਜਾਵੇ, ਸਰਕਾਰ ਨੂੰ ਮਜ਼ਬੂਰ ਕੀਤਾ ਜਾਵੇ ਕਿ ਉਹ ਪੰਜਾਬ ਦੀ ਬਰਬਾਦੀ ਦੇ ਇਨਾਂ ਅੱਡਿਆਂ ਨੂੰ ਤੁਰੰਤ ਬੰਦ ਕਰਵਾਉਣ ਲਈ ਕਦਮ ਚੁੱਕੇ, ਨਹੀਂ ਤਾਂ ਡੇਰਿਆਂ ਦਾ ਇਹ ਘੁਣ ਪੰਜਾਬ ਤੇ ਪੰਜਾਬ ਦੀ ਜੁਆਨੀ ਨੂੰ ਚੱਟਮ ਕਰ ਜਾਵੇਗਾ। ਇਸ ’ਚ ਕਿਸੇ ਨੂੰ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ। 

International