ਮੋਦੀ ਦੀ ਨਾਂਹ, ਬਾਦਲਾਂ ਲਈ ਵੱਡਾ ਸਬਕ...

ਜਸਪਾਲ ਸਿੰਘ ਹੇਰਾਂ
ਅਸੀਂ ਇਸ ਗੱਲ ਦੇ, ਇਸ ਪਿਰਤ ਦੇ, ਇਸ ਪ੍ਰੰਪਰਾ ਦੇ ਕੱਟੜ ਮੁੱਦਈ ਹਾਂ ਕਿ ਸਿੱਖ ਦੇ ਇਤਿਹਾਸਕ ਦਿਹਾੜਿਆਂ ਨੂੰ ਰਾਜਸੀ ਰੰਗਤ ਨਾਂਹ ਦਿੱਤੀ ਜਾਵੇ, ਉਨਾਂ ਦਾ ਭਗਵਾਂ ਕਰਨ ਨਾਂਹ ਕੀਤਾ ਜਾਵੇ। ਉਹ ਇਤਿਹਾਸਕ ਦਿਹਾੜੇ ਜਿਹੜੇ ਨਿਰੋਲ ਖਾਲਸਾ ਪੰਥ ਦੇ ਇਤਿਹਾਸ ਨਾਲ ਸਬੰਧਿਤ ਹਨ, ਉਹ ਸਿਰਫ਼ ਤੇ ਸਿਰਫ਼ ਖਾਲਸਾਈ ਜਾਹੋ-ਜਲਾਲ ਨਾਲ ਮਨਾਏ ਜਾਣ ਤਾਂ ਕਿ ਉਨਾਂ ਦਾ ਖਾਲਸਾਈ ਪ੍ਰਭਾਵ ਦੁਨੀਆ ਤੱਕ ਪੁੱਜੇ। ਪ੍ਰੰਤੂ ਸਮੇਂ ਦੇ ਹਾਕਮ, ਜਿਹੜੇ ਆਪਣੇ-ਆਪ ਨੂੰ ਸਿੱਖ ਧਰਮ ਦੇ ਵੀ ਠੇਕੇਦਾਰ ਸਮਝਦੇ ਹਨ, ਉਹ ਹਰ ਇਤਿਹਾਸਕ ਘਟਨਾ, ਇਤਿਹਾਸਕ ਮੋੜ ਜਿਸ ਨਾਲ ਸਿੱਖ ਭਾਵਨਾਵਾਂ, ਜੁੜੀਆ ਹੋਈਆਂ ਹਨ, ਉਸ ਦਾ ਸਿਆਸੀ ਲਾਹਾ ਲੈਣ ਦੀ ਉਡੀਕ ਕਰਦੇ ਰਹਿੰਦੇ ਹਨ, ਹੁਣ ਜਦੋਂ ਬਾਦਲ ਕੇ ਸਿੱਖ ਪੰਥ ’ਚੋਂ ਆਪਣੀ ਭੱਲ ਤਾਂ ਗੁਆ ਹੀ ਚੁੱਕੇ ਹਨ, ਉਹ ਸਿੱਖ ਦੁਸ਼ਮਣ ਵਜੋਂ ਜਾਣੇ ਜਾਣ ਲੱਗ ਪਏ ਹਨ ਤਾਂ ਉਹ ਆਪਣਾ ਸਿੱਖ ਨਕਾਬ ਤੇ ਮਖੌਟਾ ਬਚਾਈ ਰੱਖਣ ਲਈ, ਸਿੱਖਾਂ ਦੀ ਹਮਦਰਦੀ ਬਟੋਰਨ ਲਈ ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਮੁੱਦੇ ਆਪਣੇ ਹੱਥਾਂ ’ਚ ਲੈਣ ਲੱਗ ਪਏ ਹਨ। ਸ੍ਰੀ ਆਨੰਦਪੁੁਰ ਸਾਹਿਬ ਦੀ ਸਥਾਪਨਾ ਦੀ 350ਵੀਂ ਅਰਧ-ਸ਼ਤਾਬਦੀ ਸਮਾਗਮ ਨੂੰ ਵੱਡੀ ਪੱਧਰ ਤੇ ਮਨਾ ਕੇ, ਜਿਥੇ ਸਿੱਖਾਂ ’ਚ ਸਿੱਖੀ ਦਰਦ, ਸਿੱਖੀ ਸ਼ਰਧਾ ਦਾ ਵਿਖਾਵਾ ਕੀਤਾ ਜਾਣਾ ਹੈ, ਉਥੇ ਆਪਣੇ ਭਗਵੇਂ ਆਕਿਆਂ ਨੂੰ ਇਹ ਦਰਸਾਉਣ ਦਾ ਯਤਨ ਵੀ ਕਰਨਾ ਸੀ, ਕਿ ਹਾਲੇਂ ਵੀ ਸਿੱਖਾਂ ’ਚ ਬਾਦਲਾਂ ਦੀ ਭੱਲ ਹੈ। ਸਿੱਖ ਹਾਲੇਂ ਵੀ ਬਾਦਲਾਂ ਨੂੰ ਆਪਣਾ ਆਗੂ ਮੰਨਦੇ ਹਨ। ਦਿੱਲੀ ਜਾ ਕੇ ਮੋਦੀ ਨੂੰ ਸਮਾਗਮਾਂ ’ਚ ਆਉਣ ਦਾ ਸੱਦਾ ਦੇ ਕੇ ਆਏ, ਬਾਦਲ ਸਾਬ, ਮੋਦੀਕਿਆਂ ਨੂੰ ਇਹ ਅਹਿਸਾਸ ਕਰਵਾਉਣਾ ਚਾਹੁੰਦੇ ਸਨ ਕਿ ਮੋਦੀ ਸਰਕਾਰ ਬਾਦਲਾਂ ਨੂੰ ਵਿਅਰਥ ਨਾਂਹ ਸਮਝੇ। ਬਾਦਲ ਸਰਕਾਰ ਨੇ ਇਨਾਂ ਸਮਾਗਮਾਂ ਲਈ ਚਾਂਈ-ਚਾਂਈ ਸਿੱਖਾਂ ਦਾ ਵੱਡਾ ਇਕੱਠ ਕਰਕੇ, ਆਪਣੇ ਸਿੱਖ ਆਗੂ ਵਜੋਂ ਹਾਲੇਂ ਤੱਕ ਸਥਾਪਤੀ ਵਿਖਾਉਣ ਦੇ ਯਤਨ, ਇਸੇ ਦਿਸ਼ਾ ’ਚ ਪੁੱਟੇ ਗਏ ਕਦਮ ਹਨ।

ਦੂਜੇ ਪਾਸੇ ਸ਼ੈਤਾਨ ਭਗਵਾਂ ਆਗੂ ਮੋਦੀ ਨੇ ਬਾਦਲਾਂ ਨੂੰ ਆਪਣੀ ਭਗਵਾਂ ਬਿ੍ਰਗੇਡ ਦੀ ਬਣਾਈ ਨੀਤੀ ਅਨੁਸਾਰ ਉਨਾਂ ਦੀ ਔਕਾਤ ਦਰਸਾਉਣ ਲਈ ਪਹਿਲਾ ਹਾਂ ਕਰਕੇ, ਆਖ਼ਰੀ ਵਕਤ ਨਾਂਹ ਕਰ ਦਿੱਤੀ। ਕੀ ਜਿਸ ਦਿਨ ਮੋਦੀ ਨੇ ਬਾਦਲਾਂ ਨੂੰ ਆਨੰਦਪੁਰ ਸਾਹਿਬ ਆਉਣ ਲਈ ਹੁੰਗਾਰਾ ਭਰਿਆ ਸੀ, ਉਸ ਦਿਨ ਉਸਨੂੰ ਤਨਜਾਨੀਆ ਦੇ ਰਾਸ਼ਟਰਪਤੀ ਦੇ ਦਿੱਲੀ ਆਉਣ ਦੇ ਪ੍ਰੋਗਰਾਮ ਦੀ ਜਾਣਕਾਰੀ ਨਹੀਂ ਸੀ? ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ, ਮੋਦੀਕਿਆਂ ਦੀ ਧੋਤੀ ਤੇ ਜਨੇੳੂ ਦੀ ਰਾਖ਼ੀ ਕਰਨ ਵਾਲੀ ਹੈ। ਜੇ ਇਸ ਧਰਤੀ ਦੇ ਦੇਣ ਨੂੰ ਮੋਦੀ ਵਰਗੇ ਟਿੱਚ ਸਮਝਦੇ ਹਨ ਤਾਂ ਬਾਦਲ ਕੇ, ਮੋਦੀਕਿਆਂ ਨੂੰ ਅਜਿਹੇ ਮਹਾਨ, ਪਵਿੱਤਰ ਇਤਿਹਾਸਕ ਸਮਾਗਮਾਂ ’ਚ ਸੱਦਾ ਦੇ ਕੇ, ਆਪਣਾ ਸਿਰ ਦਾ ਪਹਿਲਾ ਹੀ ਨੀਵਾਂ ਕਰਵਾ ਚੁੱਕੇ ਹਨ, ਹੁਣ ਕੌਮ ਦਾ ਸਿਰ ਨੀਵਾਂ ਕਿਉਂ ਕਰਵਾਉਂਦੇ ਹਨ? ਜਿਵੇਂ ਅਸੀਂ ਸ਼ੁਰੂ ’ਚ ਲਿਖਿਆ ਹੈ ਕਿ ਅਸੀਂ ਸਿੱਖ ਪੰਥ ਦੇ ਇਤਿਹਾਸਕ, ਪਵਿੱਤਰ ਦਿਹਾੜਿਆਂ ਦਾ ਰਾਜਸੀਕਰਨ ਰੋਕਣ ਦੇ ਕੱਟੜ ਮੁੱਦਈ ਹਾਂ। ਅਸੀਂ ਚਾਹੁੰਦੇ ਹਾਂ ਕਿ ਬਾਦਲ ਕੇ ਵੀ ਮੋਦੀ ਵੱਲੋਂ ਮਾਰੀ ਗਈ ਇਸ ਕਰਾਰੀ ਚਪੇੜ ਤੋਂ ਸਬਕ ਲੈਣ। ਸਿੱਖ ਧਰਮ ਦੀ ਇਸ ਦੇਸ਼ ਨੂੰ ਸਭ ਤੋਂ ਵੱਡੀ ਦੇਣ ਹੈ, ਸਾਨੂੰ ਉਸ ਦੇਣ ਤੇ ਮਾਣ ਕਰਦਿਆਂ, ਆਪਣੇ-ਆਪ ਨੂੰ ਉਸ ਪੱਧਰ ਤੇ ਸਥਾਪਿਤ ਵੀ ਕਰਨਾ ਚਾਹੀਦਾ ਹੈ। ਸਿੱਖੀ ਦੀ ਮਹਾਨਤਾ ਤੇ ਸਿੱਖ ਕੌਮ ਦੀ ਕੁਰਬਾਨੀ ਨੂੰ ਕਿਸੇ ਵੀ ਗਵਾਹੀ, ਵਡਿਆਈ ਜਾਂ ਤਸਦੀਕ ਦੀ ਕੋਈ ਲੋੜ ਨਹੀਂ ਹੈ। ਮੋਦੀ ਦੇ ਇਨਕਾਰ ਤੋਂ ਬਾਦਲਕਿਆਂ ਨੂੰ ਵੱਡਾ ਸਬਕ ਲੈਣਾ ਚਾਹੀਦਾ ਹੈ। ਬਾਦਲ ਦੀ ਹੋਂਦ, ਮਹੱਤਤਾ ਤੇ ਲੋੜ ਸਿਰਫ਼ ਉਦੋਂ ਤੱਕ ਹੈ, ਜਦੋਂ ਤੱਕ ਉਨਾਂ ਦੀ ਪਛਾਣ ਸਿੱਖਾਂ ਦੇ ਲੀਡਰ ਵਜੋਂ ਹੈ। ਜਿਸ ਦਿਨ ਇਸ ਪਛਾਣ ਨੂੰ ਖੋਰਾ ਲੱਗ ਗਿਆ, ਉਸ ਦਿਨ ਤੋਂ ਬਾਦਲਾਂ ਦੀ ਪੁੱਛ ਪ੍ਰਤੀਤ ਆਪਣੇ ਆਪ ਖ਼ਤਮ ਹੋ ਜਾਣੀ ਹੈ। ਇਕ ਮੁੱਖ ਮੰਤਰੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਹਕੂਮਤ ਅੱਗੇ ਭਲਾ ਕਿੰਨੀ ਕੁ ਔਕਾਤ ਹੋ ਸਕਦੀ ਹੈ? ਔਕਾਤ, ਉਸ ਕੌਮ ਦੀ ਹੁੰਦੀ ਹੈ, ਜਿਸ ਕੌਮ ਨੇ ਆਪਣੀ ਔਕਾਤ ਵਿਖਾਉਣ ਲਈ ਕੁਰਬਾਨੀ ਦੀ ਲੰਬੀ ਗਾਥਾ ਸਿਰਜੀ ਹੋਵੇ। ਚੰਗਾ ਹੋਵੇ ਜੇ ਮੋਦੀ ਵੱਲੋਂ ਪੜਾਏ ਗਏ ਇਸ ਪਾਠ ਦੇ ਸਬਕ ਨੂੰ ਬਾਦਲ ਪੱਲੇ ਬੰਨ ਲੈਣ ਅਤੇ ਗੈਰਾਂ ਦੀ ਗੁਲਾਮੀ ਛੱਡ ਕੇ ਕੌਮ ਦੇ ਵਿਹੜੇ ਵਾਪਸ ਆ ਜਾਣ।

International